image caption:

ਕੋਰੋਨਾ ਦਾ ਭੈਅ: ਸ਼੍ਰੋਮਣੀ ਕਮੇਟੀ ਨੇ ਬਜਟ ਇਜਲਾਸ ਤਿੰਨ ਮਹੀਨੇ ਟਾਲਿਆ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਸਬੰਧੀ ਜਨਰਲ ਇਜਲਾਸ ਤਿੰਨ ਮਹੀਨੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਕੋਰੋਨਾਵਾਇਰਸ ਕਾਰਨ ਸ਼੍ਰੋਮਣੀ ਕਮੇਟੀ ਨੇ ਇਹ ਫੈਸਲਾ ਅੰਮ੍ਰਿਤਸਰ ਵਿੱਚ ਅੱਜ ਹੋਈ ਅੰਤਰਿਮ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਹੈ। ਇਹ ਬਜਟ ਇਜਲਾਸ 28 ਮਾਰਚ ਵਿੱਚ ਹੋਣਾ ਸੀ, ਇਸ ਨੂੰ ਤਿੰਨ ਮਹੀਨੇ ਲਈ ਮੁਲਤਵੀ ਕਰਕੇ ਨੱਬੇ ਦਿਨਾਂ ਦੇ ਖਰਚਿਆਂ ਦੀ ਪ੍ਰਵਾਨਗੀ ਦੇ ਦਿੱਤੀ ਗਈ।
ਅੰਮ੍ਰਿਤਸਰ ਦੇ ਗੁਰੂ ਰਾਮਦਾਸ ਮੈਡੀਕਲ ਕਾਲਜ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਹੋਈ ਮੀਟਿੰਗ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਨੇ ਸਮੂਹ ਮੈਂਬਰਾਂ ਨਾਲ ਮੀਟਿੰਗ ਉਪਰੰਤ ਇਹ ਫੈਸਲਾ ਲਿਆ ਕਿ ਐਸਜੀਪੀਸੀ ਦੇ ਬਜਟ ਇਜਲਾਸ ਲਈ ਨਵੀਂ ਤਰੀਕ ਕਰੋਨਾ ਵਾਇਰਸ ਤੋਂ ਹਾਲਾਤ ਅਨੁਕੂਲ ਹੋਣ ਤੋਂ ਬਾਅਦ ਲਵੀ ਜਾਏਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਸਬੰਧੀ ਜਨਰਲ ਇਜਲਾਸ 28 ਮਾਰਚ ਨੂੰ ਹੋਣਾ ਸੀ ਪਰ ਕਰੋਨਾਵਾਇਰਸ ਕਰਕੇ ਜਿੱਥੇ ਪੂਰਾ ਪੰਜਾਬ ਕਰਫਿਊ ਦੀ ਮਾਰ ਝੱਲ ਰਿਹਾ ਹੈ ਤਾਂ ਅਜਿਹੇ ਵਿੱਚ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਮੁਲਤਵੀ ਕਰਨਾ ਹੀ ਠੀਕ ਸਮਝਿਆ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਬੁਲ ਵਿੱਚ ਗੁਰਦੁਆਰਾ ਸਾਹਿਬ ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਫ਼ਗਾਨਿਸਤਾਨ ਸਰਕਾਰ ਨਾਲ ਗੱਲ ਕਰਕੇ ਉਥੇ ਰਹਿ ਰਹੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕਰੋਨਾਵਾਇਰਸ ਦੇ ਖਿਲਾਫ ਲੜੀ ਜਾ ਰਹੀ ਜੰਗ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਲਈ ਤਿਆਰ ਹੈ ਅਤੇ ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਸੇਵਾਵਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ।