image caption: ਤਸਵੀਰ-ਜਥੇਦਾਰ ਗੁਰਚਰਨ ਸਿੰਘ ਟੌਹੜਾ

ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਘਰ ਦੇ ਮਾਲਕ ਨੂੰ ਹੀ ਉਸਦੇ ਘਰ ਵਿਚੋਂ ਬਾਹਰ ਕੱਢਿਆ - ਬਰਸੀ ਤੇ ਵਿਸ਼ੇਸ

   ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਿੱਖ ਸਿਆਸਤ ਦੇ ਰੌਸ਼ਨ ਦਿਮਾਗ ਅਤੇ ਬੇਦਾਗ ਸਿਆਸਤਦਾਨ ਦੇ ਤੌਰ ਤੇ ਜਾਣੇ ਜਾਂਦੇ ਹਨ। ਅੱਧੀ ਸਦੀ ਉਹ ਸਿੱਖ ਸਿਆਸਤ ਵਿਚ ਧਰੂ ਤਾਰੇ ਦੀ ਤਰ੍ਹਾਂ ਚਮਕਦੇ ਰਹੇ ਪ੍ਰੰਤੂ ਉਨ੍ਹਾਂ ਦੀ ਜੱਦੀ ਜਾਇਦਾਦ ਵਿਚ ਇਕ ਧੇਲੇ ਦਾ ਵੀ ਵਾਧਾ ਨਹੀਂ ਹੋਇਆ। ਕਾਰ, ਕੋਠੀ ਅਤੇ ਐਸ਼ਪ੍ਰਸਤੀ ਦਾ ਚਸਕਾ ਉਨ੍ਹਾਂ ਦੇ ਨੇੜੇ ਤੇੜੇ ਵੀ ਨਹੀਂ ਲੰਘਿਆ। ਫਿਰ ਵੀ ਉਹ ਆਪਣੇ ਸਿਆਸੀ ਅਤੇ ਧਾਰਮਿਕ ਜੀਵਨ ਵਿਚ ਹਮੇਸ਼ਾ ਹੀ ਕਿਸੇ ਨਾ ਕਿਸੇ ਵਾਦ ਵਿਵਾਦ ਵਿਚ ਉਲਝੇ ਰਹੇ ਹਨ। ਅਸੂਲ ਪ੍ਰਸਤ ਹੋਣ ਕਰਕੇ ਵਿਵਾਦਾਂ ਨੇ ਉਨ੍ਹਾਂ ਦਾ ਆਖ਼ਰੀ ਸਮੇਂ ਤੱਕ ਪਿਛਾ ਨਹੀਂ ਛੱੱਡਿਆ। ਉਹ ਇਮਾਨਦਾਰ, ਦਬੰਗ, ਮਿਹਨਤੀ, ਸਿਰੜ੍ਹੀ, ਦ੍ਰਿੜ੍ਹ ਇਰਾਦੇ ਵਾਲੇ ਅਤੇ ਬੇਬਾਕ ਸਿਆਸਤਦਾਨ ਸਨ, ਜਿਹੜੇ ਕਿਸੇ ਵੀ ਵੱਡੇ ਤੋਂ ਵੱਡੇ ਵਿਅਕਤੀ ਦੇ ਸਾਹਮਣੇ ਸੱਚੀ ਗੱਲ ਕਹਿਣ ਦੀ ਜ਼ੁਅਰਤ ਰੱਖਦੇ ਸਨ। ਉਹ 27 ਸਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਕੋਈ ਉਨ੍ਹਾਂ ਦੀ ਇਮਾਨਦਾਰੀ ਤੇ ਉਂਗਲ ਨਹੀਂ ਉਠਾ ਸਕਿਆ। ਉਨ੍ਹਾਂ ਸਾਦਗੀ ਵਾਲਾ ਬੇਦਾਗ਼ ਸਿਆਸੀ ਜੀਵਨ ਜੀਵਿਆ। ਜਦੋਂ ਪੰਜਾਬ ਵਿਚ ਸੁਖਾਵੇਂ ਹਾਲਾਤ ਨਹੀਂ ਸਨ ਤਾਂ ਵੀ ਉਹ ਹਰ ਫੈਸਲਾ ਨਿਡਰ ਹੋ ਕੇ ਦਲੇਰੀ ਨਾਲ ਲੈਂਦੇ ਸਨ। ਉਨ੍ਹਾਂ ਦੀ ਪ੍ਰਧਾਨਗੀ ਦੇ ਸਮੇਂ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਰਹਿਣ ਲੱਗੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਆਪ ਹੀ ਉਨ੍ਹਾਂ ਨੂੰ ਉਥੇ ਰਹਿਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਦੇ ਸਮੇਂ ਹੀ ਬਲਿਊ ਸਟਾਰ ਅਪ੍ਰੇਸ਼ਨ ਹੋਇਆ, ਸ੍ਰੀ ਅਕਾਲ ਤਖ਼ਤ ਢਾਹਿਆ ਅਤੇ ਮੁੜ ਸਰਕਾਰ ਨੇ ਉਸਾਰਿਆ, ਸਰਕਾਰ ਵੱਲੋਂ ਉਸਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੁੜ ਢਾਹ ਕੇ ਬਣਾਇਆ ਗਿਆ। ਭਾਈ ਰਣਜੀਤ ਸਿੰਘ ਨੂੰ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਇਆ ਜਦੋਂ ਕਿ ਸਿਆਸੀ ਅਤੇ ਧਾਰਮਿਕ ਹਲਕਿਆਂ ਵਿਚ ਇਸ ਫੈਸਲੇ 'ਤੇ ਕਿੰਤੂ ਪ੍ਰੰਤੂ ਸੀ।

   ਧਰਮ ਨਿਰਪੱਖ ਸ਼ਕਤੀਆਂ ਵੱਲੋਂ ਉਨ੍ਹਾਂ ਦੇ ਇਸ ਫੈਸਲੇ ਨੂੰ ਅੱਗ ਨਾਲ ਖੇਡਣ ਵਰਗਾ ਕਦਮ ਕਿਹਾ ਗਿਆ। ਉਨ੍ਹਾਂ ਨੂੰ ਕਦੀਂ ਕਾਮਰੇਡ ਅਤੇ ਕਦੀਂ ਕੱਟੜਵਾਦੀ ਕਿਹਾ ਗਿਆ। ਉਨ੍ਹਾਂ ਉਪਰ ਲੁਧਿਆਣਾ ਨੇੜੇ ਅਤਵਾਦੀ ਹਮਲਾ ਵੀ ਹੋਇਆ, ਜਿਸ ਵਿਚ ਉਨ੍ਹਾਂ ਦਾ ਸਾਥੀ ਵਿਧਾਨਕਾਰ ਹਰਦਿਆਲ ਸਿੰਘ ਰਾਜਲਾ ਮਾਰਿਆ ਗਿਆ ਅਤੇ ਉਹ ਵਾਲ ਵਾਲ ਬਚ ਗਏ। ਉਹੀ ਗੱਲ ਹੋਈ ਜਥੇਦਾਰ ਰਣਜੀਤ ਸਿੰਘ ਨਾਲ ਵੀ ਉਨ੍ਹਾਂ ਦਾ ਕਿਸੇ ਧਾਰਮਿਕ ਨੁਕਤੇ ਤੇ ਵਾਦਵਿਵਾਦ ਖੜ੍ਹਾ ਹੋ ਗਿਆ ਸੀ। ਉਸ ਵਾਦਵਿਵਾਦ ਨੂੰ ਵੀ ਉਨ੍ਹਾਂ ਆਪਣੀ ਲਿਆਕਤ ਨਾਲ ਬਿਨਾ ਕਿਸੇ ਤਲਖ਼ ਕਲਾਮੀ ਦੇ ਸੁਲਝਾ ਲਿਆ। ਉਸ ਸਮੇਂ ਦੀ ਉਨ੍ਹਾਂ ਦੀ ਦਲੇਰੀ ਦੀ ਇਕ ਉਦਾਹਰਣ ਦੇਣਾ ਚਾਹੁੰਦਾ ਹਾਂ ਕਿ ਜਦੋਂ ਭਾਈ ਰਣਜੀਤ ਸਿੰਘ ਨਾਲ ਵਾਦਵਿਵਾਦ ਹੋਇਆ ਤਾਂ ਮੇਰੇ ਲੋਕ ਸੰਪਰਕ ਵਿਭਾਗ ਦਾ ਇਕ ਸੀਨੀਅਰ ਅਧਿਕਾਰੀ ਪਟਿਆਲੇ ਮੇਰੇ ਘਰ ਸਵੇਰੇ ਹੀ ਆਇਆ ਤੇ ਮੈਨੂੰ ਇਹ ਕਹਿਕੇ ਨਾਲ ਲੈ ਗਿਆ ਕਿ ਜਥੇਦਾਰ ਟੌਹੜਾ ਤੁਹਾਨੂੰ ਯਾਦ ਕਰ ਰਹੇ ਹਨ। ਮੇਰੇ ਵੀ ਟੌਹੜਾ ਸਾਹਿਬ ਨਾਲ ਸੰਤ ਹਜ਼ਾਰਾ ਸਿੰਘ ਦੋਰਾਹਾ/ਸਨੌਰ ਵਾਲੇ ਦੇ ਲੜਕੇ ਅਮਰੀਕ ਸਿੰਘ ਛੀਨਾ ਅਤੇ ਜਸਦੇਵ ਸਿੰਘ ਸੰਧੂ ਕਰਕੇ ਨਿੱਘੇ ਸੰਬੰਧ ਸਨ ਪ੍ਰੰਤੂ ਮੈਂ ਕਦੀਂ ਉਨ੍ਹਾਂ ਦੇ ਆਲੇ ਦੁਆਲੇ ਬਿਨਾ ਵਜਾਹ ਚੱਕਰ ਨਹੀਂ ਮਾਰਦਾ ਸੀ। ਲੋੜ ਮੁਤਾਬਕ ਹੀ ਜਾਂਦਾ ਸੀ। ਇਸ ਕਰਕੇ ਮੈਂ ਉਸ ਵਿਅਕਤੀ ਨੂੰ ਜਵਾਬ ਨਾ ਦੇ ਸਕਿਆ ਅਤੇ ਤੁਰੰਤ ਉਨ੍ਹਾਂ  ਨਾਲ ਚਲਾ ਗਿਆ। ਮੈਂ ਸਮਝਿਆ ਸੀ ਕਿ ਉਹ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਸਰਕਟ ਹਾਊਸ, ਉਨ੍ਹਾਂ ਦੇ ਪਿੰਡ ਟੌਹੜਾ ਜਾਂ ਜਥੇਦਾਰ ਸਰਦਾਰਾ ਸਿੰਘ ਕੋਹਲੀ ਦੇ ਘਰ ਹੋਣਗੇ। ਅਕਸਰ ਉਹ ਜਦੋਂ ਪਟਿਆਲਾ ਹੁੰਦੇ ਸਨ ਤਾਂ ਇਨ੍ਹਾਂ ਥਾਵਾਂ ਵਿਚੋਂ ਇਕ ਵਿਚ ਹੀ ਲੋਕਾਂ ਨੂੰ ਮਿਲਦੇ ਸਨ ਪ੍ਰੰਤੂ ਉਹ ਅਧਿਕਾਰੀ ਮੈਨੂੰ ਪਟਿਆਲਾ ਤੋਂ ਬਾਹਰ ਕਿਸੇ ਹੋਰ ਸ਼ਹਿਰ ਲੈ ਗਿਆ। ਜਦੋਂ ਮੈਂ ਉਨ੍ਹਾਂ ਨੂੰ ਮਿਲਿਆ ਤਾਂ ਉਹ ਕਿਸੇ ਆਲੀਸ਼ਾਨ ਇਮਾਰਤ ਵਾਲੇ ਵੱਡੇ ਘਰ ਦੇ ਇਕ ਛੋਟੇ ਜਿਹੇ ਕਮਰੇ ਵਿਚ ਸੋਫੇ ਤੇ ਬੈਠੇ ਸਨ। ਮੈਨੂੰ ਇਹ ਵੀ ਪਤਾ ਨਹੀਂ ਸੀ ਕਿ ਉਹ ਘਰ ਕਿਸ ਵਿਅਕਤੀ ਦਾ ਹੈ। ਇਹ ਵੀ ਨਹੀਂ ਪਤਾ ਸੀ ਕਿ ਟੌਹੜਾ ਸਾਹਿਬ ਨੇ ਮੈਨੂੰ ਬੁਲਾਇਆ ਸੀ ਜਾਂ ਉਹ ਅਧਿਕਾਰੀ ਟੌਹੜਾ ਸਾਹਿਬ ਦੀ ਚਮਚਾਗਿਰੀ ਕਰਨ ਕਰਕੇ ਮੈਨੂੰ ਉਥੇ ਲੈ ਗਿਆ ਸੀ। ਆਮ ਦੀ ਤਰ੍ਹਾਂ ਉਨ੍ਹਾਂ ਸਫੈਦ ਕੁੜਤਾ ਪਜਾਮਾ, ਟੌਹੜਾ ਰੰਗ ਦੀ ਨੀਲੀ ਦਸਤਾਰ ਅਤੇ ਪੈਰਾਂ ਵਿਚ ਕਢਾਈ ਵਾਲੀ ਜੁੱਤੀ ਪਾਈ ਹੋਈ ਸੀ। ਉਹ ਹਮੇਸ਼ਾ ਸਾਫ ਸੁਥਰੇ ਪ੍ਰੰਤੂ ਬਣ ਠਣਕੇ ਰਹਿੰਦੇ ਸਨ। ਉਹ ਸ਼ਾਂਤਚਿਤ ਬੈਠੇ ਦਰਵੇਸ਼ ਲੱਗ ਰਹੇ ਸਨ, ਜਿਵੇਂ ਭਗਤੀ ਵਿਚ ਲੀਨ ਹੋਣ। ਮੈਂ ਉਨ੍ਹਾਂ ਨੂੰ ਫਤਿਹ ਬੁਲਾਈ ਤਾਂ ਉਨ੍ਹਾਂ ਮੈਨੂੰ ਸਾਹਮਣੇ ਤਖ਼ਤਪੋਸ਼ ਤੇ ਬੈਠਣ ਲਈ ਕਿਹਾ। ਮੈਨੂੰ ਹੈਰਾਨੀ ਹੋਈ ਜਦੋਂ ਉਨ੍ਹਾਂ ਮੈਨੂੰ ਲੈ ਕੇ ਗਏ ਅਧਿਕਾਰੀ ਨੂੰ ਵੀ ਕਮਰੇ ਤੋਂ ਬਾਹਰ ਬੈਠਣ ਲਈ ਕਹਿ ਦਿੱਤਾ। ਮੇਰੇ ਨਾਲ ਉਨ੍ਹਾਂ ਕਿਸੇ ਧਾਰਮਿਕ ਮੁੱਦੇ ਤੇ ਗੱਲਬਾਤ ਕਰਦਿਆਂ ਪ੍ਰੈਸ ਨੂੰ ਬਿਆਨ ਦੇਣ ਬਾਰੇ ਵਿਚਾਰ ਵਟਾਂਦਰਾ ਕੀਤਾ।

     ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤਾਂ ਇਕ ਮਾਮੂਲੀ ਜਿਹਾ ਆਦਮੀ ਹਾਂ ਅਤੇ ਧਾਰਮਿਕ ਪੱਖੋਂ ਤੁਹਾਡੇ ਨਾਲ ਵਿਚਾਰ  ਵਟਾਂਦਰਾ ਕਰਨ ਦੇ ਸਮਰੱਥ ਨਹੀਂ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਤੂੰ ਕੀ ਹੈਂ ਪ੍ਰੰਤੂ ਪ੍ਰੈਸ ਦੇ ਨੁਕਤੇ ਤੇ ਵੀ ਤੇਰੇ ਨਾਲ ਗੱਲ ਕਰਨੀ ਜ਼ਰੂਰੀ ਹੈ। ਅਜੇ ਅਸੀਂ ਵਿਚਾਰ ਚਰਚਾ ਸ਼ੁਰੂ ਹੀ ਕੀਤੀ ਸੀ ਕਿ ਇੱਕ ਉਚਾ ਲੰਮਾ ਸੁੰਦਰ ਪਹਿਰਾਵੇ ਵਾਲਾ ਵਿਅਕਤੀ ਕਮਰੇ ਵਿਚ ਆ ਟਪਕਿਆ। ਟੌਹੜਾ ਸਾਹਿਬ ਲੱਤ ਉਪਰ ਲੱਤ ਰੱਖੀ ਗੰਭੀਰ ਮੁਦਰਾ ਵਿਚ ਬੈਠੇ ਸਨ। ਉਸ ਆਦਮੀ ਨੇ ਆਉਂਦਿਆਂ ਹੀ ਮੱਥਾ ਟੇਕਣ ਲਈ ਆਪਣਾ ਸਿਰ ਉਨ੍ਹਾਂ ਦੇ ਪੈਰ ਤੇ ਰੱਖ ਦਿੱਤਾ। ਉਹ ਵਿਅਕਤੀ ਮੈਨੂੰ ਵੇਖਦਿਆਂ ਹੀ ਅੱਗ ਬਬੂਲਾ ਹੋ ਗਿਆ ਤੇ ਕਹਿਣ ਲੱਗਾ ਕਿ ਇਸਨੂੰ ਤੁਸੀਂ ਇਥੇ ਕਿਉਂ ਬਿਠਾਇਆ ਹੈ ਕਿ ਇਹ ਤਾਂ ਤੁਹਾਡੇ ਸਿਆਸੀ ਵਿਰੋਧੀ ਦਾ ਖਾਸਮਖਾਸ ਹੈ। ਟੌਹੜਾ ਸਾਹਿਬ ਨੇ ਉਸ ਵਿਅਕਤੀ ਵਲ ਕੈਰੀ ਅੱਖ ਨਾਲ ਵੇਖਦਿਆਂ ਕਿਹਾ ਕਿ ਇਹ ਮੇਰਾ ਵੀ ਨਿੱਜੀ ਹੈ। ਨਾਲੇ ਸਿਆਸੀ ਲੋਕਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੁੰਦੀ। ਉਹ ਸਿਆਸੀ ਵਿਅਕਤੀ ਜਿਸ ਬਾਰੇ ਤੁਸੀਂ ਕਹਿ ਰਹੇ ਹੋ ਉਹ ਤਾਂ ਮੇਰਾ ਦੋਸਤ ਹੈ। ਇਸ ਰਾਹੀਂ ਉਸ ਨਾਲ ਸੰਪਰਕ ਹੁੰਦਾ ਰਹਿੰਦਾ ਹੈ। ਤੁਸੀਂ ਇਸ ਗੱਲ ਤੋਂ ਕੀ ਲੈਣਾ ਦੇਣਾ ਹੈ ਪ੍ਰੰਤੂ ਉਸ ਵਿਅਕਤੀ ਵਿਚ ਗੁੱਸਾ ਇਤਨਾ ਸੀ ਕਿ ਉਹ ਮੇਰੇ ਵਿਰੁਧ ਬੁਰਾ ਭਲਾ ਜ਼ਰਾ ਕੁਝ ਜ਼ਿਆਦਾ ਹੀ ਬੁਖਲਾਹਟ ਵਿਚ ਆ ਕੇ ਕਹਿ ਗਿਆ ਕਿਉਂਕਿ ਉਹ ਆਪਣੇ ਘਰ ਵਿਚ ਮੈਨੂੰ ਬੈਠਿਆਂ ਵੇਖਕੇ ਬਰਦਾਸ਼ਤ ਨਹੀਂ ਕਰ ਰਿਹਾ ਸੀ। ਮੈਂ ਉਸ ਸਿਆਸਤਦਾਨ ਨੂੰ ਜਾਣਦਾ ਜ਼ਰੂਰ ਸੀ ਪ੍ਰੰਤੂ ਪਹਿਲਾਂ ਕਦੀ ਮਿਲਿਆ ਵੀ ਨਹੀਂ ਸੀ। ਜਥੇਦਾਰ ਟੌਹੜਾ ਸਾਹਿਬ ਜੋ ਗੰਭੀਰ ਸਮੱਸਿਆ ਤੇ ਵਿਚਾਰ ਵਟਾਂਦਰਾ ਕਰ ਰਹੇ ਸਨ ਅਚਾਨਕ ਗੁੱਸੇ ਵਿਚ ਆ ਗਏ ਤੇ ਘਰ ਦੇ ਮਾਲਕ ਨੂੰ ਕਮਰੇ ਵਿਚੋਂ ਬਾਹਰ ਜਾਣ ਲਈ ਸਖ਼ਤ ਸ਼ਬਦਾਂ ਵਿਚ ਕਹਿ ਦਿੱਤਾ ਕਿ ਤੁਹਾਨੂੰ ਸਿਸ਼ਟਾਚਾਰ ਵੀ ਨਹੀਂ ਆਉਂਦਾ, ਜੇ ਦੁਸ਼ਮਣ ਵੀ ਤੁਹਾਡੇ ਘਰ ਆ ਜਾਵੇ ਤਾਂ ਵੀ ਉਸ ਨਾਲ ਚੰਗਾ ਵਿਵਹਾਰ ਕਰੀਦਾ ਹੈ। ਤੁਸੀਂ ਸਿਅਸਤਦਾਨ ਕਾਹਦੇ ਹੋ ਜੇ ਤੁਹਾਨੂੰ ਇਤਨੀ ਵੀ ਸਮਝ ਨਹੀਂ। ਮੈਂ ਇਸ ਤੋਂ ਪਹਿਲਾਂ ਟੌਹੜਾ ਸਾਹਿਬ ਨੂੰ ਇਤਨੇ ਗੁੱਸੇ ਵਿਚ ਕਦੀ ਵੀ ਨਹੀਂ ਵੇਖਿਆ ਸੀ। ਟੌਹੜਾ ਸਾਹਿਬ ਦਾ ਵਿਅਕਤੀਤਿਵ ਇਤਨਾ ਸਾਫਗੋਈ ਅਤੇ ਦਬਦਬੇ ਵਾਲਾ ਸੀ ਕਿ ਉਨ੍ਹਾਂ ਸਾਹਮਣੇ ਕੋਈ ਚੂੰ ਤੱਕ ਨਹੀਂ ਕਹਿੰਦਾ ਸੀ। ਉਹ ਵਿਅਕਤੀ ਨਿਮੋਝੂਣਾ ਜਿਹਾ ਹੋ ਕੇ ਕਮਰੇ ਵਿਚੋਂ ਬਾਹਰ ਚਲਾ ਗਿਆ। ਮੈਂ ਟੌਹੜਾ ਸਾਹਿਬ ਨੂੰ ਬੇਨਤੀ ਕੀਤੀ ਕਿ ਇਸ ਵਿਅਕਤੀ ਨਾਲ ਤੁਹਾਨੂੰ ਮੇਰੇ ਕਰਕੇ ਅਜਿਹਾ ਸਲੂਕ ਨਹੀਂ ਕਰਨਾ ਚਾਹਦਾ ਸੀ। ਉਨ੍ਹਾਂ ਕਿਹਾ ਕਿ ਤੁਹਾਨੂੰ ਮੈਂ ਬੁਲਾਇਆ ਹੈ। ਤੁਹਾਡੀ ਨਿਰਾਦਰੀ ਮੇਰੀ ਨਿਰਾਦਰੀ ਹੈ। ਮੇਰਾ ਫਰਜ ਹੈ ਕਿ ਮੈਂ ਤੁਹਾਡੇ ਨਾਲ ਖੜਾਂ। ਮੈਂ ਕਿਹਾ ਕਿ ਮੈਨੂੰ ਤਾਂ ਪਤਾ ਵੀ ਨਹੀਂ ਇਹ ਵਿਅਕਤੀ ਮੇਰੇ ਬਾਰੇ ਅਜਿਹਾ ਕਿਉਂ ਸੋਚ ਰਿਹਾ ਹੈ। ਮੈਨੂੰ ਮਗਰੋਂ ਪਤਾ ਲੱਗਾ ਕਿ ਉਹ ਆਦਮੀ ਇਸ ਘਰ ਦਾ ਮਾਲਕ ਸੀ। ਥੋੜ੍ਹਾ ਸੰਭਲਕੇ ਉਨ੍ਹਾਂ ਵਿਚਾਰ ਵਟਾਂਦਰਾ ਦੁਆਰਾ ਸ਼ੁਰੂ ਕੀਤਾ ਅਤੇ ਇਹ ਹੁਕਮ ਕਰ ਦਿੱਤੇ ਕਿ ਜਿਤਨੀ ਦੇਰ ਅਸੀਂ ਗੱਲਬਾਤ ਕਰ ਰਹੇ ਹਾਂ ਕਿਸੇ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ। ਵਿਚਾਰ ਵਟਾਂਦਰੇ ਤੋਂ ਬਾਅਦ ਉਨ੍ਹਾਂ ਬਾਹਰ ਬੈਠੇ ਇਕ ਹੋਰ ਵਿਅਕਤੀ ਨੂੰ ਬੁਲਾਕੇ ਮੇਰੇ ਕੋਲੋਂ ਡਿਕਟੇਸ਼ਨ ਲੈਣ ਲਈ ਕਿਹਾ। ਮੈਂ ਆਪਣਾ ਕੰਮ ਮੁਕਾਕੇ ਉਸ ਅਧਿਕਾਰੀ ਨਾਲ ਵਾਪਸ ਆ ਗਿਆ ਪ੍ਰੰਤੂ ਉਸਨੂੰ ਇਸ ਘਟਨਾ ਬਾਰੇ ਨਾ ਦੱਸਿਆ। ਟੌਹੜਾ ਸਾਹਿਬ ਜਦੋਂ ਸਵੇਰੇ ਆਪਣੇ ਪਿੰਡ ਤੋਂ ਅੰਮ੍ਰਿਤਸਰ, ਦਮਦਮਾ ਸਾਹਿਬ ਅਤੇ ਆਨੰਦਪੁਰ ਸਾਹਿਬ ਲਈ ਚਲਦੇ ਸਨ ਤਾਂ ਰਸਤੇ ਵਿਚ ਉਨ੍ਹਾਂ ਦੇ ਕੁਝ ਪੱਕੇ ਠਿਕਾਣੇ ਹੁੰਦੇ ਸਨ, ਜਿਥੇ ਉਹ ਹਰ ਹਾਲਤ ਵਿਚ ਖੜ੍ਹਕੇ ਜਾਂਦੇ ਸਨ। ਇਹ ਵੀ ਉਨ੍ਹਾਂ ਠਿਕਾਣਿਆਂ ਵਿਚੋਂ ਇਕ ਸੀ। ਜਥੇਦਾਰ ਟੌਹੜਾ ਜਦੋਂ ਵੀ ਉਸ ਸ਼ਹਿਰ ਵਿਚੋਂ ਲੰਘਦੇ ਸਨ ਤਾਂ ਉਸ ਸਿਆਸਤਦਾਨ ਦੇ ਘਰ ਹੀ ਆ ਕੇ ਲੋਕਾਂ ਨੂੰ ਮਿਲਦੇ ਸਨ। ਫਿਰ ਮੈਨੂੰ ਪਤਾ ਲਗਾ ਕਿ ਟੌਹੜਾ ਸਾਹਿਬ ਮੁੜਕੇ ਉਸਦੇ ਘਰ ਜਾਣ ਤੋਂ ਗੁਰੇਜ ਕਰਨ ਲੱਗ ਗਏ ਸਨ। ਟੌਹੜਾ ਸਾਹਿਬ ਦੇ ਸਵਰਗ ਸਿਧਾਰਨ ਤੋਂ ਬਾਅਦ ਵਿਚ ਉਹ ਸਿਆਸਤਦਾਨ ਆਪਣੀ ਵਫ਼ਾਦਾਰੀ ਟੌਹੜਾ ਧੜੇ ਨਾਲੋਂ ਬਦਲਕੇ ਕਿਸੇ ਹੋਰ ਸੀਨੀਅਰ ਅਕਾਲੀ ਨੇਤਾ ਦੀ ਸ਼ਰਨ ਵਿਚ ਚਲਾ ਗਿਆ ਸੀ। ਕਈ ਵਾਰ ਉਹ ਚੋਣਾਂ ਲੜਿਆ ਪ੍ਰੰਤੂ ਜਿੱਤ ਨਹੀਂ ਸਕਿਆ ਫਿਰ ਵੀ ਸਿਆਸੀ ਤਾਕਤ ਦਾ ਆਨੰਦ ਮਾਣਦਾ ਰਿਹਾ।
         ਅੱਜ ਪਹਿਲੀ ਅਪ੍ਰੈਲ ਨੂੰ ਉਨ੍ਹਾਂ ਦੀ ਸੋਲਵੀਂ ਬਰਸੀ ਹੈ। ਟੌਹੜਾ ਸਾਹਿਬ ਆਪਣੇ ਧਰਮ ਵਿਚ ਪਰਪੱਕ ਸਨ। ਉਨ੍ਹਾਂ ਦੀ ਮੌਤ ਵੀ ਸ੍ਰੀ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਵਿਚ ਹਿੱਸਾ ਲੈਂਦਿਆਂ ਬਿਮਾਰ ਹੋਣ ਤੋਂ ਬਾਅਦ ਹੋਈ ਸੀ। ਉਹ ਹਰ ਵਿਅਕਤੀ ਨੂੰ ਆਪੋ ਆਪਣੇ ਧਰਮ ਵਿਚ ਪਰਪੱਕ ਰਹਿਣ ਲਈ ਕਹਿੰਦੇ ਸਨ। ਕਰੋਨਾ ਵਾਇਰਸ ਕਰਕੇ ਇਸ ਵਾਰ ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਨਹੀਂ ਹੋਣਗੇ ਪ੍ਰੰਤੂ ਉਨ੍ਹਾਂ ਦਾ ਪਰਿਵਾਰ ਅਤੇ ਪਿੰਡ ਦੇ ਲੋਕ ਜ਼ਰੂਰ ਆਪੋ ਆਪਣੇ ਘਰਾਂ ਵਿਚ ਪਾਠ ਕਰਕੇ ਉਨ੍ਹਾਂ ਨੂੰ ਯਾਦ ਕਰਨਗੇ। ਭਾਵੇਂ ਟੌਹੜਾ ਸਾਹਿਬ ਦਾ ਧੜਾ ਖੇਰੂੰ ਖੇਰੂੰ ਹੋ ਚੁੱਕਾ ਹੈ ਪ੍ਰੰਤੂ ਉਸਦੇ ਸ਼ਾਗਿਰਦ ਦੇਸ ਵਿਦੇਸ ਭਾਵੇਂ ਕਿਸੇ ਵੀ ਪਿੰਡ ਜਾਂ ਸ਼ਹਿਰ ਵਿਚ ਬੈਠੇ ਹਨ, ਉਹ ਉਨ੍ਹਾਂ ਨੂੰ ਯਾਦ ਕਰਦੇ ਰਹਿੰਦੇ ਹਨ ਅਤੇ ਸੱਥਾਂ ਵਿਚ ਬੈਠਕੇ ਉਨ੍ਹਾਂ ਦੇ ਗੁਣਗਾਨ ਕਰਦੇ ਨਹੀਂ ਥੱਕਦੇ ਕਿਉਂਕਿ ਅੱਜ ਦੇ ਪਦਾਰਥਵਾਦੀ ਸਮੇਂ ਵਿਚ ਉਨ੍ਹਾਂ ਵਰਗਾ ਜ਼ਮੀਨ ਨਾਲ ਜੁੜਿਆ ਹੋਇਆ ਬੇਦਾਗ਼ ਸਿਆਸਤਦਾਨ ਲੱਭਣਾ ਬਹੁਤ ਮੁਸ਼ਕਲ ਹੈ। ਸ਼ਾਲਾ ਅਜੋਕੇ ਸਿਆਸਤਦਾਨ ਅਤੇ ਧਾਰਮਿਕ ਨੇਤਾ ਉਨ੍ਹਾਂ ਦੀ ਸਾਦਗੀ ਤੋਂ ਕੁਝ ਸਿੱਖਣ ਦੀ ਹਿੰਮਤ ਕਰਨ ਤਾਂ ਜੋ ਸਿਆਸਤ ਵਿਚ ਸੁਧਾਰ ਆ ਸਕੇ। 


    ਉਜਾਗਰ ਸਿੰਘ
    ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
      ਮੋਬਾਈਲ-94178 13072
     ujagarsingh੪੮0yahoo.com