image caption:

'ਜਿਹਾਦੀ' ਹਮਲੇ ਤੋਂ ਬਾਅਦ ਅਫ਼ਗ਼ਾਨੀ ਸਿੱਖ ਦਹਿਸ਼ਤ 'ਚ


ਵਿਸ਼ੇਸ਼ ਰਿਪੋਰਟ
ਪ੍ਰੋ. ਬਲਵਿੰਦਰਪਾਲ ਸਿੰਘ
ਮੋਬ. 9815700916

ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬਲ ਵਿਚ ਰਹਿੰਦੇ ਸਿੱਖ ਭਾਈਚਾਰੇ ਨੇ ਕਿਹਾ ਕਿ ਉਨ੍ਹਾਂ ਦੀ ਅਫ਼ਗ਼ਾਨਿਸਤਾਨ ਵਿਚ ਸਾਰ ਲੈਣ ਵਾਲਾ ਕੋਈ ਨਹੀਂ ਹੈ ਤੇ ਅੱਤਵਾਦੀਆਂ ਹੱਥੋਂ ਉਨ੍ਹਾਂ ਸਭ ਦੇ ਮਾਰੇ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ। ਅਫ਼ਗ਼ਾਨ ਸਿੱਖ ਸੰਗਤ ਦੇ ਆਗੂ ਸੁਰਜੀਤ ਸਿੰਘ ਖ਼ਾਲਸਾ ਨੇ ਅਫ਼ਗ਼ਾਨਿਸਤਾਨ ਵਿਚ ਘੱਟ-ਗਿਣਤੀ ਸਿੱਖ ਭਾਈਚਾਰੇ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਉਥੇ ਲਗਾਤਾਰ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ 'ਤੇ ਜਲਦੀ ਇਕ ਹੋਰ ਵੱਡਾ ਆਤਮਘਾਤੀ ਹਮਲਾ ਹੋ ਸਕਦਾ ਹੈ ਤੇ ਉਸ ਤੋਂ ਪਹਿਲਾਂ-ਪਹਿਲਾਂ ਉਨ੍ਹਾਂ ਨੂੰ ਅਫ਼ਗ਼ਾਨਿਸਤਾਨ ਤੋਂ ਸੁਰੱਖਿਅਤ ਬਾਹਰ ਕੱਢਿਆ ਜਾਵੇ। ਸ: ਸੁਰਜੀਤ ਸਿੰਘ ਖ਼ਾਲਸਾ ਨੇ ਕੈਨੇਡਾ ਸਰਕਾਰ ਪਾਸੋਂ ਅਫ਼ਗਾਨੀ ਸਿੱਖ ਭਾਈਚਾਰੇ ਨੂੰ ਸ਼ਰਨ ਦਿੱਤੇ ਜਾਣ ਦੀ ਮੰਗ ਕੀਤੀ।
ਦੱਸਣਯੋਗ ਹੈ ਕਿ 25 ਮਾਰਚ ਨੂੰ ਕਾਬਲ ਦੇ ਗੁਰਦੁਆਰਾ ਹਰਿਰਾਇ ਸਾਹਿਬ ਵਿਚ ਸਿੱਖਾਂ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਵੀ ਉਥੇ ਰਹਿੰਦੇ ਸਿੱਖ ਭਾਈਚਾਰੇ ਨੂੰ ਲਗਾਤਾਰ ਅੱਤਵਾਦੀ ਸੰਗਠਨਾਂ ਵਲੋਂ ਧਮਕੀਆਂ ਮਿਲ ਰਹੀਆਂ ਹਨ ਅਤੇ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਆਉਂਦੇ 10 ਦਿਨਾਂ ਦੇ ਅੰਦਰ ਉਹ ਕਾਬਲ ਛੱਡ ਕੇ ਨਾ ਗਏ ਤਾਂ ਉਥੇ ਰਹਿ ਰਿਹਾ ਇਕ ਵੀ ਸਿੱਖ ਪਰਿਵਾਰ ਜਿਊਂਦਾ ਨਹੀਂ ਬਚੇਗਾ। 
ਯਾਦ ਰਹੇ ਕਿ ਕਾਬੁਲ ਦੇ ਗੁਰਦਵਾਰੇ 'ਤੇ ਬੁੱਧਵਾਰ ਹਮਲਾ ਕਰਕੇ 27 ਸਿੱਖ ਸ਼ਰਧਾਲੂਆਂ ਨੂੰ ਮਾਰਨ ਵਾਲੇ ਇਸਲਾਮਿਕ ਸਟੇਟ ਦੇ ਤਿੰਨ ਆਤਮਘਾਤੀ ਹਮਲਾਵਰਾਂ ਵਿਚ ਇਕ ਕੇਰਲਾ ਦੇ ਕਨੂੰਰ ਇਲਾਕੇ ਦਾ ਸੀ। ਭਾਰਤੀ ਖੁਫੀਆ ਏਜੰਸੀਆਂ ਨੇ ਉਸ ਦੀ ਪਛਾਣ ਮੁਹੰਮਦ ਮੋਹਸਿਨ ਵਜੋਂ ਕੀਤੀ ਹੈ। ਆਈ ਐੱਸਦੇ ਮੈਗਜ਼ੀਨ ਅਲ ਨਬਾ ਨੇ ਬੀਤੇ ਸ਼ੁੱਕਰਵਾਰ ਹਮਲਾਵਰਾਂ ਦੀਆਂ ਤਸਵੀਰਾਂ ਛਾਪੀਆਂ। ਇਨ੍ਹਾਂ ਵਿਚੋਂ ਇਕ ਤਸਵੀਰ ਅਬੂ ਖਾਲਿਦ ਅਲ-ਹਿੰਦੀ ਦੀ ਦੱਸੀ ਗਈ ਹੈ। ਪਰਿਵਾਰ ਨੇ ਤਸਵੀਰ ਦੇਖ ਕੇ ਦੱਸਿਆ ਕਿ ਇਹ ਉਨ੍ਹਾ ਦਾ ਬੇਟਾ ਮੋਹਸਿਨ ਹੈ। ਮੋਹਸਿਨ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਰ ਰਾਹੀਂ ਇਕ ਸੁਨੇਹਾ ਮਿਲਿਆ ਕਿ ਤੁਹਾਡੇ ਬੇਟੇ ਨੇ ਕਾਬੁਲ ਹਮਲੇ ਦੌਰਾਨ ਮਾਰਿਆ ਗਿਆ ਹੈ।

ਮਾਰੇ ਗਏ ਸਿੱਖਾਂ ਦੀਆਂ ਦੇਹਾਂ ਭਾਰਤ 'ਚ
ਪਿਛਲੇ ਦਿਨੀਂ ਅਫ਼ਗਾਨਿਸਤਾਨ ਵਿਚ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਸਿੱਖਾਂ ਵਿੱਚੋਂ ਤਿੰਨ ਦੀਆਂ ਦੇਹਾਂ ਨੂੰ ਭਾਰਤ ਲਿਆਂਦਾ ਗਿਆ। ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਤਿਨਯਾ ਸਿੰਘ, ਪੰਜਾਬ ਵਾਲੀ ਸ਼ੰਕਰ ਸਿੰਘ ਅਤੇ ਵਿਸ਼ਣੂ ਸਿੰਘ ਦੀ ਦੇਹ ਬੀਤੇ ਦਿਨੀਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜੀ। ਇਨ੍ਹਾਂ ਦੇਹਾਂ ਨੂੰ ਪ੍ਰਾਪਤ ਕਰਨ ਲਈ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਜਗ ਆਸਰਾ ਗੁਰੂ ਓਟ (ਜਾਗੋ) ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵੀ ਮੌਜੂਦ ਸਨ। ਤਿਨਯਾ ਸਿੰਘ ਗ੍ਰੇਟਰ ਕੈਲਾਸ਼ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਲੋਧੀ ਕਾਲੋਨੀ ਸਥਿਤ ਸ਼ਮਸ਼ਾਨਘਾਟ ਵਿਚ ਸਸਕਾਰ ਕੀਤਾ ਗਿਆ। ਅੰਤਿਮ ਸਸਕਾਰ ਵਿਚ ਕੇਂਦਰੀ ਸ਼ਹਿਰੀ ਵਿਕਾਸ ਰਾਜ ਮੰਤਰੀ ਵੀ ਸ਼ਾਮਲ ਹੋਏ। ਮ੍ਰਿਤਕ ਮੂਲ ਰੂਪ ਤੋਂ ਅਫ਼ਗਾਨਿਸਤਾਨ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦਾ ਪਰਿਵਾਰ ਪੰਜਾਬ ਵਿਚ ਰਹਿੰਦਾ ਹੈ।

ਅਫਗਾਨੀ ਸਿੱਖ ਕੈਨੇਡਾ ਜਾਣ ਦੇ ਚਾਹਵਾਨ
ਭਾਵੇਂ ਕਿ ਪਿਸ਼ਾਵਰੀ ਸਿੱਖਾਂ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਫ਼ਗ਼ਾਨਿਸਤਾਨ ਦੇ ਸਿੱਖਾਂ ਨੂੰ ਪਾਕਿਸਤਾਨ ਆਉਣ ਦੀ ਖੁੱਲ੍ਹੇ ਤੌਰ 'ਤੇ ਪੇਸ਼ਕਸ਼ ਕੀਤੀ ਗਈ ਹੈ, ਜਦ ਕਿ ਅਫ਼ਗ਼ਾਨੀ ਸਿੱਖ ਪਰਿਵਾਰ ਭਾਰਤ ਅਤੇ ਕੈਨੇਡਾ ਆਬਾਦ ਹੋਣ ਦੇ ਇੱਛੁਕ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੇਕਰ ਅਫ਼ਗਾਨਿਸਤਾਨ ਦੇ ਸਿੱਖ ਭਾਰਤ ਆਉਂਦੇ ਹਨ ਤਾਂ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਦੇ ਵਸੇਬੇ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਯੋਗਤਾ ਅਨੁਸਾਰ ਰੁਜ਼ਗਾਰ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਾਬਲ ਦੇ ਗੁਰਦੁਆਰਾ ਵਿਖੇ ਹੋਏ ਹਮਲੇ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਕ-ਇਕ ਲੱਖ ਰੁਪਏ ਤੇ ਜ਼ਖ਼ਮੀਆਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਦੇਣ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਹ ਮਾਮਲਾ ਸੰਯੁਕਤ ਰਾਸ਼ਟਰ ਕੋਲ ਵੀ ਉਠਾਉਣਾ ਚਾਹੀਦਾ ਹੈ। 
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਦੀ ਸਥਿਤੀ ਖ਼ਤਮ ਹੋਣ ਬਾਅਦ ਅਮਰੀਕਾ, ਇੰਗਲੈਂਡ ਅਤੇ ਦਿੱਲੀ ਸਮੇਤ ਵਿਦੇਸ਼ਾਂ ਵਿਚ ਰਹਿ ਰਹੇ ਅਫ਼ਗਾਨ ਸਿੱਖ ਆਗੂਆਂ ਨਾਲ ਮਸ਼ਵਰਾ ਕਰ ਕੇ ਅਫ਼ਗਾਨਿਸਤਾਨ ਵਿਚ ਵਸਦੇ ਸਿੱਖ ਪਰਿਵਾਰਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਵਸਾਉਣ ਦਾ ਯਤਨ ਕੀਤਾ ਜਾਵੇਗਾ ਤੇ ਸੰਯੁਕਤ ਰਾਸ਼ਟਰ ਤੱਕ ਵੀ ਪਹੁੰਚ ਕੀਤੀ ਜਾਵੇਗੀ। 
ਦੂਸਰੇ ਪਾਸੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ ਕਿ ਕਾਬੁਲ ਸਥਿਤ ਭਾਰਤੀ ਸਫ਼ਾਰਤਖਾਨੇ ਨੇ ਕਾਬੁਲ ਵਿਚ ਇਕ ਗੁਰਦੁਆਰੇ 'ਤੇ ਹੋਏ ਫ਼ਿਦਾਈਨ ਹਮਲੇ ਵਿੱਚ ਮਾਰੇ ਗਏ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਬਣਾਇਆ ਹੋਇਆ ਹੈ।

ਯੂਐਨਓ ਵਲੋਂ ਨਿਖੇਧੀ
ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਨੇ ਫਿਦਾਈਨ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਅਫ਼ਗ਼ਾਨ ਸਰਕਾਰ ਤੇ ਪੀੜਤ ਸਿੱਖਾਂ ਨਾਲ ਖੜ੍ਹਾ ਹੈ। 
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਵੀ ਗੁਰਦੁਆਰੇ 'ਤੇ ਕੀਤੇ ਫਿਦਾਈਨ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। 

ਕੌਣ ਹਨ ਕਾਬੁਲ ਦੇ ਸਿੱਖ
ਅਫਗਾਨਿਸਤਾਨ ਵਿਚ ਸਿੱਖ ਭਾਈਚਾਰੇ ਦੀ ਵਸੋਂ 60,000 ਤੋਂ ਘੱਟ ਕੇ ਸਿਰਫ਼ 1,000 ਰਹਿ ਗਈ ਹੈ। ਤਹਿਸ-ਨਹਿਸ਼ ਹੋਏ ਇਸ ਮੁਲਕ ਵਿੱਚ ਅਮਰੀਕੀ ਅਤੇ ਹੋਰ ਵਿਦੇਸ਼ੀ ਫ਼ੌਜੀ ਮੁੱਖ ਸਰਕਾਰੀ ਮੰਤਰਾਲਿਆਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੇ ਦਫ਼ਤਰਾਂ ਦੀ ਰੱਖਿਆ ਲਈ ਮੌਜੂਦ ਹਨ। ਹਰ ਪ੍ਰਮੁੱਖ ਇਮਾਰਤ 'ਤੇ ਕੰਡਿਆਲੀ ਤਾਰ ਅਤੇ ਗੇਟ 'ਤੇ ਏ.ਕੇ.-47 ਚੁੱਕੀ ਨਿੱਜੀ ਸੁਰੱਖਿਆ ਕਰਮਚਾਰੀ ਦਿਖਣਾ ਆਮ ਗੱਲ ਹੈ। ਉੱਨੀਵੀਂ ਸਦੀ ਦੌਰਾਨ ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਖਿੱਤੇ ਵਿੱਚ ਵਪਾਰ ਲਈ ਭੇਜੇ ਮਿਸ਼ਨਾਂ ਨਾਲ 1820 ਦੌਰਾਨ ਅਫ਼ਗ਼ਾਨਿਸਤਾਨ ਗਏ ਸਨ ਤੇ ਉੱਥੇ ਜਾ ਵਸੇ ਸਨ। ਕਾਬੁਲ ਵਿੱਚ ਸਿੱਖਾਂ ਦੇ ਆਉਣ ਨਾਲ ਜਲਾਲਾਬਾਦ ਅਤੇ ਗ਼ਜ਼ਨੀ ਵਰਗੇ ਸ਼ਹਿਰਾਂ ਵਿੱਚ ਵੀ ਵੱਡੀ ਗਿਣਤੀ ਸਿੱਖ ਅਤੇ ਹਿੰਦੂ ਰਹਿਣ ਲੱਗ ਪਏ ਸਨ। ਇਤਿਹਾਸ ਗਵਾਹ ਹੈ ਕਿ ਸੋਲ੍ਹਵੀਂ ਸਦੀ ਦੇ ਸ਼ੁਰੂ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਬਗ਼ਦਾਦ ਅਤੇ ਮੱਕੇ ਤੋਂ ਭਾਰਤ ਮੁੜਦੇ ਹੋਏ ਅਫ਼ਗ਼ਾਨਿਸਤਾਨ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਸੀ। ਜਲਾਲਾਬਾਦ ਸ਼ਹਿਰ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਸੁਲਤਾਨਪੁਰ ਵਿੱਚ ਗੁਰੂ ਨਾਨਕ ਦੇਵ ਜੀ ਤਕਰੀਬਨ ਡੇਢ ਮਹੀਨਾ ਠਹਿਰੇ ਸਨ। ਇੱਥੇ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਚਿਸਮਾ ਸਾਹਿਬ ਸੰਗਤਾਂ ਦੁਆਰਾ ਬਣਾਇਆ ਗਿਆ ਸੀ। ਸਿੱਖਾਂ ਤੋਂ ਇਲਾਵਾ ਅਫਗਾਨੀ ਵੀ ਗੁਰੂ ਨਾਨਕ ਵਿਚ ਸ਼ਰਧਾ ਰੱਖਦੇ ਹਨ ਤੇ ਉੱਥੇ ਸਿਜਦਾ ਕਰਨ ਆਉਂਦੇ ਹਨ। ਹੁਣ ਉਥੇ ਸਿਰਫ਼ ਥੋੜ੍ਹੇ ਜਿਹੇ ਸਿੱਖ ਪਰਿਵਾਰ ਰਹਿੰਦੇ ਹਨ।  ਸੰਨ 1991 ਤੋਂ ਪਹਿਲਾਂ ਰਾਸ਼ਟਰਪਤੀ ਨਜੀਬਉੱਲਾ ਦੇ ਰਾਜਕਾਲ ਸਮੇਂ ਅਫ਼ਗ਼ਾਨਿਸਤਾਨ ਵਿੱਚ ਤਕਰੀਬਨ 1,60,000 ਸਿੱਖ ਰਹਿੰਦੇ ਸਨ। ਕਿਹਾ ਜਾਂਦਾ ਹੈ ਕਿ ਇਕੱਲੇ ਕਾਬੁਲ ਵਿੱਚ ਹੀ 60,000 ਵਪਾਰੀ ਅਮੀਰ ਸਿੱਖ ਰਹਿੰਦੇ ਸਨ। ਅਫਗਾਨਿਸਤਾਨ ਦੀ ਆਰਥਿਕਤਾ ਵਿੱਚ ਸਿੱਖਾਂ ਦਾ ਵੱਡਾ ਯੋਗਦਾਨ ਹੈ। ਅਫ਼ਗ਼ਾਨਿਸਤਾਨ ਦੇ ਰਸਮ-ਰਿਵਾਜ਼ਾਂ ਅਤੇ ਭਾਸ਼ਾ ਨੂੰ ਅਪਣਾ ਕੇ ਸਿੱਖ ਉਥੋਂ ਦੇ ਸੱਭਿਆਚਾਰ ਨੂੰ ਅਪਨਾ ਲਿਆ ਸੀ। ਉਹ ਟਰਾਂਸਪੋਰਟ, ਕੱਪੜਾ, ਜਿਣਸ, ਆੜ੍ਹਤ ਅਤੇ ਹੋਰ ਮੁੱਖ ਧੰਦਿਆਂ ਨਾਲ ਜੁੜ ਗਏ ਸਨ। ਸੰਨ 1991 ਤੋਂ ਬਾਅਦ ਉਨ੍ਹਾਂ ਦੀ ਵਿਲੱਖਣ ਹੋਂਦ ਤੇ ਰੋਜ਼ੀ-ਰੋਟੀ 'ਤੇ ਖਤਰਾ ਮੰਡਰਾਉਣ ਲੱਗਿਆ ਤੇ ਉੱਥੇ ਕੱਟੜਵਾਦ ਭਾਰੀ ਹੋ ਗਿਆ। ਸੰਨ 1991 ਦੌਰਾਨ ਤਾਲਿਬਾਨ ਨੇ ਰਾਸ਼ਟਰਪਤੀ ਨਜੀਬਉੱਲਾ ਦੀ ਸਰਕਾਰ ਦਾ ਤਖ਼ਤਾ ਪਲਟ ਕੇ ਸੱਤਾ 'ਤੇ ਕਬਜ਼ਾ ਕਰ ਲਿਆ। ਨਜੀਬਉੱਲਾ ਖ਼ੁਦ ਚਾਰ ਸਾਲ ਸੰਯੁਕਤ ਰਾਸ਼ਟਰ ਦੀ ਸ਼ਰਨ ਵਿੱਚ ਰਿਹਾ। ਇਸ ਮਗਰੋਂ ਤਾਲਿਬਾਨ ਫ਼ੌਜ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸੰਨ 1996 ਵਿੱਚ ਉਸ ਨੂੰ ਫਾਂਸੀ ਦੇ ਦਿੱਤੀ। ਇਸ ਦੌਰਾਨ ਬਹੁਤ ਸਾਰੇ ਸਿੱਖਾਂ ਅਤੇ ਹਿੰਦੂਆਂ ਨੇ ਆਪਣੀ ਜਾਇਦਾਦ ਵੇਚਣ ਜਾਂ ਇਸ ਨੂੰ ਛੱਡ ਕੇ ਗੁਆਂਢੀ ਮੁਲਕਾਂ ਪਾਕਿਸਤਾਨ ਅਤੇ ਭਾਰਤ ਭੱਜ ਜਾਣ ਦਾ ਫ਼ੈਸਲਾ ਕੀਤਾ। ਵੱਡੀ ਗਿਣਤੀ ਸਿੱਖ ਰਫਿਊਜ਼ੀ ਖ਼ੈਬਰ ਦੱਰੇ ਵਾਲਾ ਬਿਖੜਾ ਪੈਂਡਾ ਤੈਅ ਕਰਕੇ ਪਿਸ਼ਾਵਰ ਜਾਣ ਲੱਗੇ। ਵੱਡੀ ਗਿਣਤੀ ਸਿੱਖ ਇੰਗਲੈਂਡ ਪਰਵਾਸ ਕਰ ਗਏ। ਸਾਊਥਾਲ ਵਿੱਚ ਉਹ ਵਪਾਰੀ ਬਣ ਗਏ ਹਨ। ਅਫ਼ਗ਼ਾਨ ਸਿੱਖ ਕੈਨੇਡਾ, ਆਸਟਰੇਲੀਆ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਵਿੱਚ ਵੀ ਜਾ ਵਸੇ ਹਨ। 
ਸੰਨ 1991 ਤੋਂ ਪਹਿਲਾਂ ਕਾਬੁਲ ਵਿੱਚ 11 ਗੁਰਦੁਆਰੇ ਅਤੇ ਤਿੰਨ ਮੰਦਰ ਸਨ। ਇਨ੍ਹਾਂ ਵਿੱਚੋਂ ਹੁਣ ਸਿਰਫ਼ ਚਾਰ ਗੁਰਦੁਆਰੇ ਰਹਿ ਗਏ ਹਨ ਅਤੇ ਦੋ ਗੁਰਦੁਆਰੇ ਧਾਰਮਿਕ ਕੇਂਦਰਾਂ ਵਜੋਂ ਭੂਮਿਕਾ ਨਿਭਾਅ ਰਹੇ ਹਨ। ਸਿੱਖ ਭਾਈਚਾਰੇ ਵੱਲੋਂ ਛੱਡੇ ਜ਼ਿਆਦਾਤਰ ਗੁਰਦੁਆਰਿਆਂ 'ਤੇ ਸਥਾਨਕ ਪ੍ਰਸ਼ਾਸਨ ਨੇ ਅਸਲਾ ਰੱਖਣ ਲਈ ਜਬਰੀ ਕਬਜ਼ਾ ਜਮਾਇਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਸੰਨ 1991 ਵਿੱਚ ਅਫ਼ਗ਼ਾਨਿਸਤਾਨ ਵਿੱਚ 65 ਗੁਰਦੁਆਰੇ ਅਤੇ 21 ਮੰਦਰ ਸਨ। ਕਾਬੁਲ ਦੇ ਸ਼ੋਰ ਬਾਜ਼ਾਰ ਸਥਿਤ 400 ਸਾਲ ਤੋਂ ਵੱਧ ਪੁਰਾਣੇ ਗੁਰਦੁਆਰਾ ਹਰਿਰਾਏ ਸਾਹਿਬ ਵਿੱਚ ਤਕਰੀਬਨ 40 ਸਿੱਖ ਪਰਿਵਾਰ ਰਹਿੰਦੇ ਹਨ। 90 ਦੇ ਦਹਾਕੇ ਵਿੱਚ ਖਾਨਾਜੰਗੀ ਸ਼ੁਰੂ ਹੋਣ ਕਾਰਨ ਇਹ ਗੁਰਦੁਆਰਾ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਸੀ। ਇੱਥੋਂ ਤਕ ਕਿ ਇਸ ਦਾ ਅਗਲਾ ਹਿੱਸਾ ਸਿੱਖਾਂ ਦੇ ਇਤਿਹਾਸਕ ਧਾਰਮਿਕ ਅਸਥਾਨ ਵਰਗਾ ਨਹੀਂ ਜਾਪਦਾ। ਇਸ ਦੀਆਂ ਬਾਹਰਲੀਆਂ ਕੰਧਾਂ 'ਤੇ ਗੋਲੀਆਂ ਅਤੇ ਤੋਪਾਂ ਦੇ ਗੋਲਿਆਂ ਦੇ ਨਿਸ਼ਾਨ ਦਿਖਾਈ ਦਿੰਦੇ ਹਨ। ਜ਼ਿਆਦਾਤਰ ਅਮੀਰ ਪਰਿਵਾਰ ਮੁਲਕ ਛੱਡ ਗਏ ਹਨ। ਹੁਣ ਸਿਰਫ਼ ਗ਼ਰੀਬ ਸਿੱਖ ਹੀ ਗੁਰਦੁਆਰਾ ਕੰਪਲੈਕਸ ਵਿੱਚ ਰਹਿੰਦੇ ਹਨ ਕਿਉਂਕਿ ਉਹ ਆਪਣੇ ਘਰ ਬਣਾਉਣ ਦੀ ਸਮਰੱਥਾ ਨਹੀਂ ਰੱਖਦੇ। ਬੱਚਿਆਂ ਲਈ ਸਕੂਲ ਨਹੀਂ ਹਨ ਅਤੇ ਨਾ ਹੀ ਅਧਿਆਪਕ/ਬੱਚੇ ਆਪਣਾ ਜ਼ਿਆਦਾ ਸਮਾਂ ਵਿਹਲੇ ਗੁਜ਼ਾਰਦੇ ਹਨ ਅਤੇ ਸਿੱਖਿਆ ਤੋਂ ਵਾਂਝੇ ਹਨ। ਪਤਾ ਲੱਗਾ ਹੈ ਕਿ ਸਥਾਨਕ ਅਫ਼ਗ਼ਾਨ ਪ੍ਰਸ਼ਾਸ਼ਣ ਨਹੀਂ ਚਾਹੁੰਦਾ ਕਿ ਸਿੱਖ ਉੱਥੇ ਰਹਿਣ। ਸ਼ੋਰ ਬਾਜ਼ਾਰ ਵਿੱਚ ਪਹਿਲਾਂ 80 ਫ਼ੀਸਦੀ ਦੁਕਾਨਾਂ ਸਿੱਖਾਂ ਦੀਆਂ ਸਨ ਪਰ ਹੁਣ ਸਥਾਨਕ ਲੋਕਾਂ ਦਾ ਕਬਜ਼ਾ ਹੋ ਚੁੱਕਾ ਹੈ। ਯਾਦ ਰਹੇ ਕਿ ਅਫ਼ਗ਼ਾਨਿਸਤਾਨ ਵਿਚ ਸਿੱਖ ਭਾਈਚਾਰਾ ਕਾਫ਼ੀ ਖੁਸ਼ਹਾਲ ਸੀ ਅਤੇ ਤਿੰਨ ਦਹਾਕੇ ਪਹਿਲਾਂ ਲਗਭਗ 5 ਲੱਖ ਸਿੱਖ ਅਫ਼ਗ਼ਾਨਿਸਤਾਨ ਵਿਚ ਰਹਿੰਦੇ ਸਨ। ਉਨ੍ਹਾਂ ਵਿਚੋਂ ਜ਼ਿਆਦਾ ਦੀ ਰਿਹਾਇਸ਼ ਕਾਬੁਲ ਵਿਚ ਸੀ। ਤਾਲਿਬਾਨਾਂ ਨੇ ਆਪਣੀ ਚੜ੍ਹਤ ਦੇ ਵੇਲ਼ੇ ਸਿੱਖਾਂ 'ਤੇ ਹਮਲੇ ਕਰਨੇ ਸ਼ੁਰੂ ਕੀਤੇ ਅਤੇ ਭਾਈਚਾਰੇ ਦੇ ਬਹੁਤ ਸਾਰੇ ਲੋਕ ਅਫ਼ਗ਼ਾਨਿਸਤਾਨ ਛੱਡ ਕੇ ਭਾਰਤ ਅਤੇ ਹੋਰ ਦੇਸ਼ਾਂ ਵਿਚ ਚਲੇ ਗਏ। ਹੁਣ ਸਿਰਫ਼ 300 ਸਿੱਖ ਪਰਿਵਾਰ ਅਫ਼ਗ਼ਾਨਿਸਤਾਨ ਵਿਚ ਰਹਿੰਦੇ ਦੱਸੇ ਜਾਂਦੇ ਹਨ।