image caption:

ਸਬਕ ਸਿਖਾਉਣ ਵਾਲੀ ਮਹਾਮਾਰੀ ਕੋਰੋਨਾ


-ਡਾ. ਅਸ਼ਵਨੀ ਕੁਮਾਰ

ਜਦ ਮੌਜੂਦਾ ਸਮੇਂ ਪੂਰੀ ਮਨੁੱਖਤਾ ਇਕ ਆਫ਼ਤ ਨਾਲ ਜੂਝ ਰਹੀ ਹੈ ਉਦੋਂ ਉਸ ਨਾਲ ਜੁੜੇ ਸਬਕ ਕਲਮਬੱਧ ਕਰਵਾਉਣ ਦੀ ਕੋਸ਼ਿਸ਼ ਵਿਚ ਮੇਰਾ ਧਿਆਨ ਪਹਿਲਾਂ ਕੁਦਰਤ ਦੇ ਅੱਗੇ ਮਨੁੱਖ ਦੇ ਤੁੱਛ ਹੋਣ ਵੱਲ ਜਾਂਦਾ ਹੈ। ਜਦ ਮਨੁੱਖ ਨੇ ਧਰਤੀ 'ਤੇ ਆਪਣੀ ਪੈਠ ਬਣਾਉਣ ਦਾ ਦਾਅਵਾ ਕੀਤਾ ਉਦੋਂ ਕੁਦਰਤ ਨੇ ਦਖ਼ਲਅੰਦਾਜ਼ੀ ਕਰ ਕੇ ਉਸ ਨੂੰ ਉਸ ਦੀ ਹੈਸੀਅਤ ਦਿਖਾ ਦਿੱਤੀ। ਕੋਰੋਨਾ ਵਾਇਰਸ ਵਿਰੁੱਧ ਸਾਡੀ ਸਮੂਹਿਕ ਅਸਮਰੱਥਾ ਨੇ ਵੀ ਮਨੁੱਖੀ ਸਮਰੱਥਾਵਾਂ ਦੀਆਂ ਹੱਦਾਂ ਨੂੰ ਲੈ ਕੇ ਵੱਡੀਆਂ-ਵੱਡੀਆਂ ਦੰਭੀ ਧਾਰਨਾਵਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਕੋਰੋਨਾ ਵਾਇਰਸ ਤੋਂ ਉਪਜੀ ਕੋਵਿਡ-19 ਮਹਾਮਾਰੀ ਨੂੰ ਲੈ ਕੇ ਸਭ ਤੋਂ ਵੱਡਾ ਸਬਕ ਇਹੀ ਹੈ ਕਿ ਕੁਦਰਤ ਦੇ ਅੱਗੇ ਮਨੁੱਖ ਲਾਚਾਰ ਹੈ ਅਤੇ ਜਦ ਕੁਦਰਤ ਸਬਕ ਸਿਖਾਉਂਦੀ ਹੈ ਤਾਂ ਉਸ ਵਿਚ ਮਨੁੱਖ ਜਾਤੀ ਲਈ ਇਕ ਸਬਕ ਹੁੰਦਾ ਹੈ। ਸੁਰੱਖਿਆ ਅਤੇ ਤਰੱਕੀ ਵਾਸਤੇ ਜਿਸ ਸਥਿਰ ਸਮਾਜ ਅਤੇ ਭਵਿੱਖ ਬਾਰੇ ਬੇਫਿਕਰੀ ਇਕ ਜ਼ਰੂਰੀ ਸ਼ਰਤ ਹੁੰਦੀ ਹੈ, ਉਸ ਦੇ ਲਈ ਵੀ ਕੋਵਿਡ-19 ਇਕ ਹੋਰ ਵੱਡਾ ਸਬਕ ਹੈ।

ਇਸ ਮਹਾਮਾਰੀ ਕਾਰਨ ਜਿਸ ਰਫ਼ਤਾਰ ਨਾਲ ਵਿਸ਼ਵ ਪੱਧਰ 'ਤੇ ਅੜਿੱਕਾ ਖੜ੍ਹਾ ਹੋਇਆ ਹੈ ਉਸ ਨੇ ਵਿਸ਼ਵ ਪੱਧਰੀ ਵਿਵਸਥਾ ਦੀ ਬੁਨਿਆਦ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਕੁਦਰਤ ਦੀ ਵਿਵਸਥਾ ਵਿਚ ਪੌਣ-ਪਾਣੀ ਸੰਤੁਲਨ ਦੀਆਂ ਉਨ੍ਹਾਂ ਲਾਜ਼ਮੀਅਤਾਂ ਨੂੰ ਯਾਦ ਕਰ ਕੇ ਹਿੱਲ ਜਾਂਦੇ ਹਾਂ ਜਿਨ੍ਹਾਂ 'ਤੇ ਕੋਈ ਅਪੀਲ-ਦਲੀਲ ਨਹੀਂ ਹੋ ਸਕਦੀ। ਕੋਰੋਨਾ ਵਾਇਰਸ ਯਾਦ ਕਰਵਾਉਂਦਾ ਹੈ ਕਿ ਮਨੁੱਖੀ ਪੀੜਾ ਨੂੰ ਵੰਡਿਆ ਨਹੀਂ ਜਾ ਸਕਦਾ। ਇਹ ਸਾਰਿਆਂ 'ਤੇ ਅਸਰ ਦਿਖਾਉਂਦੀ ਹੈ ਅਤੇ ਇਸ ਨਾਲ ਸਿਰਫ਼ ਅਸੀਂ ਇਕੱਲੇ ਹੀ ਜੁੜੇ ਹੋਏ ਨਹੀਂ ਹਾਂ। ਜਿਵੇਂ ਗ਼ਰੀਬੀ ਅਤੇ ਮਾਣ-ਸਨਮਾਨ ਦਾ ਸਬੰਧ ਹੈ, ਉਸੇ ਤਰ੍ਹਾਂ ਨਿਆਂ ਅਤੇ ਸੰਵੇਦਨਾ ਵੀ ਕਿਸੇ ਸਮਾਜ ਦੀ ਗੁਣਵੱਤਾ ਨੂੰ ਦਰਸਾਉਂਦੇ ਹਨ। ਅਸੀਂ ਇਹ ਗੱਲ ਫਿਰ ਤੋਂ ਸਿੱਖੀ ਹੈ ਕਿ ਭਾਈਚਾਰਾ, ਮਨੁੱਖੀ ਨੇੜਤਾ ਅਤੇ ਦੋਸਤੀ ਅਜੇ ਵੀ ਬਰਕਰਾਰ ਹਨ ਅਤੇ ਕਿਸੇ ਸੰਕਟ ਦੇ ਸਮੇਂ ਮਨੁੱਖਤਾ ਦੀ ਕੜੀ ਹੋਰ ਮਜ਼ਬੂਤ ਹੁੰਦੀ ਹੈ। ਇਸ ਤੋਂ ਵੀ ਮਹੱਤਵਪੂਰਨ ਇਹ ਹੈ ਕਿ ਮਨੁੱਖਤਾ ਲਈ ਗੰਭੀਰ ਖ਼ਤਰਾ ਪ੍ਰਾਰਥਨਾ ਵਿਚ ਸਾਡੇ ਭਰੋਸੇ ਨੂੰ ਹੋਰ ਮਜ਼ਬੂਤ ਕਰਦਾ ਹੈ ਅਤੇ ਇਕਜੁੱਟਤਾ ਦੇ ਭਾਵ ਨੂੰ ਵੀ, ਖ਼ਾਸ ਤੌਰ 'ਤੇ ਉਸ ਖ਼ਤਰੇ ਵਿਰੁੱਧ ਜੋ ਆਪਣੀ ਲਪੇਟ ਵਿਚ ਲੈਣ ਲਈ ਕੋਈ ਪੱਖਪਾਤ ਨਾ ਕਰਦਾ ਹੋਵੇ।

ਜੇਕਰ ਮਨੁੱਖਤਾ ਦਾ ਭਾਵ ਪ੍ਰਭਾਵੀ ਹੋਵੇ ਤਾਂ ਕਿਸੇ ਮਹਾਮਾਰੀ ਦੇ ਵਿਰੁੱਧ ਮਹਾ-ਯੁੱਧ ਵਿਚ ਕੋਈ ਵੀ ਤਮਾਸ਼ਬੀਨ ਬਣ ਕੇ ਨਹੀਂ ਰਹਿ ਸਕਦਾ। ਇਹ ਤ੍ਰਾਸਦੀ ਸਾਨੂੰ ਖ਼ੁਦ ਨੂੰ ਇਹ ਸਵਾਲ ਕਰਨ ਲਈ ਵੀ ਮਜਬੂਰ ਕਰ ਰਹੀ ਹੈ ਕਿ ਕੀ ਅਸੀਂ ਜੀਡੀਪੀ ਅੰਕੜੇ ਦੀ ਧੁਨ ਵਿਚ ਹੀ ਲੱਗੇ ਰਹੀਏ ਜਾਂ ਫਿਰ ਇਸ ਦੀ ਥਾਂ ਸਮੁੱਚੀ ਕੌਮੀ ਪ੍ਰਸੰਨਤਾ ਦਾ ਰਾਹ ਫੜੀਏ? ਬੇਸ਼ੱਕ ਆਰਥਿਕ ਵਾਧਾ ਅਤੇ ਭੌਤਿਕ ਖ਼ੁਸ਼ਹਾਲੀ ਦੀ ਵੀ ਖ਼ੁਸ਼ੀਆਂ ਵਧਾਉਣ ਵਿਚ ਆਪਣੀ ਭੂਮਿਕਾ ਹੁੰਦੀ ਹੈ ਪਰ ਕੀ ਮਨੁੱਖੀ ਹਾਲ-ਚਾਲ ਨੂੰ ਮਾਪਣ ਲਈ ਇਹੀ ਮੁੱਖ ਪੈਮਾਨਾ ਹੋਣਾ ਚਾਹੀਦਾ ਹੈ? ਵੱਡਾ ਸਵਾਲ ਇਹ ਵੀ ਹੈ ਕਿ ਜਾਣੇ ਜਾਂਦੇ ਮਨੁੱਖੀ ਇਤਿਹਾਸ ਵਿਚ ਹੋਈ ਭੌਤਿਕ ਤਰੱਕੀ ਅਤੇ ਵਿਆਪਕ ਤਕਨੀਕੀ ਬਦਲਾਅ ਸਦਕਾ ਜੋ ਕੁਝ ਵੀ ਹਾਸਲ ਹੋਇਆ ਹੈ, ਉਹ ਇਸ ਸੰਕਟ ਦੀ ਘੜੀ ਵਿਚ ਸਾਡੇ ਕਿੰਨਾ ਕੁ ਕੰਮ ਆ ਰਿਹਾ ਹੈ?

ਇਸ ਲਈ ਸਾਨੂੰ ਸਾਂਝੇ ਭਵਿੱਖ ਨੂੰ ਲੈ ਕੇ ਆਪਣੀ ਰਣਨੀਤੀ 'ਤੇ ਜ਼ਰੂਰ ਨਜ਼ਰਸਾਨੀ ਕਰਨੀ ਚਾਹੀਦੀ ਹੈ ਖ਼ਾਸ ਤੌਰ 'ਤੇ ਵਿਸ਼ਵੀਕਰਨ ਨੂੰ ਲੈ ਕੇ ਕਿ ਕੀ ਇਹੀ ਵਿਸ਼ਵ ਪੱਧਰੀ ਬਦਲਾਅ ਲਿਆਉਣ ਵਾਲੀ ਸਭ ਤੋਂ ਮੁੱਖ ਧਾਰਾ ਹੈ। ਆਰਥਿਕ, ਰਾਜਨੀਤਕ ਅਤੇ ਤਕਨੀਕੀ ਸ਼ਕਤੀ ਵਿਚ ਅਸਮਾਨਤਾ ਵਾਲੇ ਮੁਲਕ ਸਿਰਫ਼ ਇਕ ਕੌਮਾਂਤਰੀ ਵਿਵਸਥਾ ਦੀ ਸਥਾਪਨਾ ਵਿਚ ਬਹੁ-ਪੱਧਰੀ ਕਦਮਾਂ ਦੇ ਲਿਹਾਜ਼ ਨਾਲ ਸਮਾਨ ਰੂਪ ਵਿਚ ਯੋਗਦਾਨ ਨਹੀਂ ਦੇ ਸਕਦੇ। ਸਾਨੂੰ ਇਹ ਵੀ ਸਵੀਕਾਰ ਕਰਨਾ ਹੋਵੇਗਾ ਕਿ ਵਿਸ਼ਵੀਕਰਨ ਦਾ ਭਵਿੱਖ ਇਸੇ ਗੱਲ ਨਾਲ ਨਿਰਧਾਰਤ ਹੋਵੇਗਾ ਕਿ ਦੁਨੀਆ ਦੇ ਲਤਾੜੇ ਵਰਗਾਂ ਲਈ ਇਸ ਤੋਂ ਕੀ ਹਾਸਲ ਹੁੰਦਾ ਹੈ? ਜੇ ਕੁਝ ਹਾਸਲ ਹੁੰਦਾ ਹੈ ਤਾਂ ਵੀ ਵਿਸ਼ਵੀਕਰਨ ਨੂੰ ਲੈ ਕੇ ਵਾਜਬ ਪੜਤਾਲ ਇਸ ਪਹਿਲੂ 'ਤੇ ਹੋਣੀ ਚਾਹੀਦੀ ਹੈ ਕਿ ਰਾਜ-ਪ੍ਰਬੰਧ ਵਿਚ ਅਧਿਕਾਰਾਂ ਨੂੰ ਵਰਤਣ ਦੀ ਕੋਸ਼ਿਸ਼ ਦੌਰਾਨ ਨੈਤਿਕ ਦਬਾਅ ਸਦਕਾ ਬੇਕਾਬੂ ਹੋਈ ਵੱਡ-ਆਕਾਰੀ ਵਿਵਸਥਾ ਨੂੰ ਕਿੰਨਾ ਉਤਸ਼ਾਹ ਦਿੱਤਾ ਜਾਵੇ? ਇਸ ਦੇ ਨਾਲ ਹੀ ਸਾਡੇ ਸੰਵਿਧਾਨਕ ਅਦਾਰਿਆਂ ਅਤੇ ਸਾਲਾਂ ਤੋਂ ਉਨ੍ਹਾਂ ਨੂੰ ਖ਼ੁਸ਼ਹਾਲ ਕੀਤੇ ਜਾਣ ਦੀ ਉਸ ਪ੍ਰਕਿਰਿਆ ਨੂੰ ਲੈ ਕੇ ਵੀ ਬਹਿਸ ਸ਼ੁਰੂ ਹੋ ਜਾਵੇਗੀ ਜਿਸ ਵਿਚ ਇਨ੍ਹਾਂ ਸੰਸਥਾਵਾਂ ਨੂੰ ਸਮੇਂ ਦੇ ਨਾਲ ਹੋਰ ਖ਼ੁਸ਼ਹਾਲ ਕੀਤਾ ਗਿਆ ਤਾਂ ਜੋ ਉਦਾਰ ਜਮਹੂਰੀ ਰਾਜ-ਪ੍ਰਬੰਧ ਦੀ ਬੁਨਿਆਦ ਸੁਰੱਖਿਅਤ ਰਹੇ।

ਕੁੱਲ ਮਿਲਾ ਕੇ ਜੋ ਤ੍ਰਾਸਦੀ ਅਸੀਂ ਸਹਾਰ ਰਹੇ ਹਾਂ, ਉਹ ਸਾਨੂੰ ਮਨੁੱਖੀ ਕਲਪਨਾ ਦੀਆਂ ਹੱਦਾਂ ਨੂੰ ਚੇਤੇ ਕਰਵਾਉਣ ਦੇ ਨਾਲ-ਨਾਲ ਇਹ ਵੀ ਦੱਸ ਰਹੀ ਹੈ ਕਿ ਜੀਵਨ ਉਸ ਤਰ੍ਹਾਂ ਨਹੀਂ ਚੱਲਦਾ ਜਿਸ ਤਰ੍ਹਾਂ ਅਸੀਂ ਉਸ ਲਈ ਮਨਸੂਬੇ ਬਣਾਉਂਦੇ ਹਾਂ। ਨਿਰਾਸ਼ਾ ਅਤੇ ਅੰਦੇਸ਼ੇ ਦੇ ਇਸ ਦੌਰ ਵਿਚ ਮੁਲਕ ਦਾ ਰਹਿਨੁਮਾ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਤੋਂ ਉਮੀਦ ਹੈ ਕਿ ਉਹ ਦੇਸ਼ ਦੇ ਮਿਜ਼ਾਜ ਨੂੰ ਸਮਝਣ ਅਤੇ ਉਸ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ। ਉਹ ਨਾਗਰਿਕਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰਨ ਕਿ ਉਹ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਨੂੰ ਸਫਲ ਬਣਾਉਣ ਲਈ ਆਪਣਾ ਮੁਕੰਮਲ ਯੋਗਦਾਨ ਦੇਣ। ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੇ ਨਾਲ ਹੀ ਸਰਕਾਰ ਨੇ ਉਨ੍ਹਾਂ ਲਤਾੜੇ ਲੋਕਾਂ ਲਈ ਵੀ ਭਰੋਸੇਮੰਦ ਅਤੇ ਢੁੱਕਵੇਂ ਕਦਮ ਚੁੱਕੇ ਹਨ ਜਿਨ੍ਹਾਂ ਕੋਲ ਨਾ ਤਾਂ ਕੰਮ-ਧੰਦਾ ਹੈ ਅਤੇ ਨਾ ਹੀ ਖਾਣ-ਪੀਣ ਦੇ ਸਾਧਨ ਅਤੇ ਘਰ-ਬਾਰ ਨਾ ਹੋਣ ਕਾਰਨ ਭਾਵਨਾਤਮਕ ਅਸੁਰੱਖਿਆ ਦੀ ਭਾਵਨਾ ਵੀ ਹੈ। ਅਜਿਹੇ ਵਿਚ ਇਹ ਜ਼ਰੂਰੀ ਹੋਵੇਗਾ ਕਿ ਸਰਕਾਰੀ ਫ਼ੈਸਲਿਆਂ ਨੂੰ ਲਾਗੂ ਕਰਨ ਵਿਚ ਲੋਕਾਂ ਦੇ ਮਾਣ-ਸਨਮਾਨ ਦੇ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਭੁੱਖ ਦੇ ਸਤਾਏ ਬੇਵੱਸ ਲੋਕਾਂ ਨਾਲ ਸਰਕਾਰੀ ਸਖ਼ਤੀ ਅਤੇ ਪੁਲਿਸੀਆ ਵਰਤਾਅ ਦੇਸ਼ ਦੀ ਆਤਮਾ ਨੂੰ ਛਲਣੀ ਕਰਨ ਵਾਲਾ ਹੈ।

ਆਜ਼ਾਦੀ ਅਤੇ ਮਾਣ-ਸਨਮਾਨ ਦਾ ਚਾਹਵਾਨ ਕੋਈ ਰਾਸ਼ਟਰ ਆਪਣੇ ਨਾਗਰਿਕਾਂ ਨੂੰ ਐਵੇਂ ਹੀ ਮਰਨ ਨਹੀਂ ਦੇ ਸਕਦਾ। ਸਾਨੂੰ ਇਹ ਗੱਲ ਬਿਲਕੁਲ ਨਹੀਂ ਭੁੱਲਣੀ ਹੋਵੇਗੀ ਕਿ ਜ਼ਿੰਦਗੀ ਦੀ ਜੱਦੋਜਹਿਦ ਵਿਚ ਰੋਜ਼ਾਨਾ ਉਨ੍ਹਾਂ ਦਾ ਮਾਣ-ਸਨਮਾਨ ਤਾਰ-ਤਾਰ ਕੀਤਾ ਜਾਂਦਾ ਹੈ। ਇਸ ਦਾ ਹੱਲ ਕਿਸੇ ਵੀ ਸੰਵਿਧਾਨਕ ਮੁਲਕ ਦੇ ਅੱਗੇ ਇਕ ਸਖ਼ਤ ਚੁਣੌਤੀ ਹੈ। ਸਾਡੇ ਸਮੂਹਿਕ ਮਾਣ-ਸਨਮਾਨ 'ਤੇ ਹਮਲੇ ਦੀ ਕੋਈ ਵੀ ਕੋਸ਼ਿਸ਼ ਸਮੁੱਚੇ ਰਾਸ਼ਟਰ ਵਾਸਤੇ ਨਿੰਦਣਯੋਗ ਅਤੇ ਨਾਲ ਹੀ ਉਸ ਦੀ ਰੂਹਾਨੀ ਵਿਰਾਸਤ 'ਤੇ ਵੀ ਵਾਰ ਹੋਵੇਗਾ। ਇਹ ਵਕਤ ਲੀਡਰਸ਼ਿਪ ਲਈ ਨੈਤਿਕ ਹੌਸਲੇ ਅਤੇ ਮਨੁੱਖੀ ਆਦਰ-ਸਤਿਕਾਰ ਦੇ ਸੱਦੇ ਦਾ ਹੈ। ਇਹ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਭਾਰਤੀ ਰਾਜ ਪ੍ਰਬੰਧ ਦੇ ਸਭ ਸੋਮਿਆਂ ਦੀ ਸੁਚੱਜੀ ਵਰਤੋਂ ਯਕੀਨੀ ਬਣਾਉਣ ਤਾਂ ਜੋ ਦੇਸ਼ ਦੇ ਸਾਰੇ ਲੋਕਾਂ ਦੇ ਜੀਵਨ ਦੀ ਰੱਖਿਆ ਪੂਰੇ ਮਾਣ-ਸਨਮਾਨ ਨਾਲ ਕੀਤੀ ਜਾ ਸਕੇ। ਇਸ ਦੇ ਨਾਲ ਹੀ ਸਾਡੇ ਸਮਾਜਿਕ ਮੇਲ-ਮਿਲਾਪ ਵਿਚ ਸ਼ਾਮਲ ਤਰਕਸੰਗਤ ਸੋਚ ਨੂੰ ਵੀ ਮਜ਼ਬੂਤ ਕਰਨਾ ਹੋਵੇਗਾ ਕਿ ਰਾਸ਼ਟਰ ਹਮੇਸ਼ਾ ਆਪਣੇ ਨਾਗਰਿਕਾਂ ਲਈ ਸੰਜੀਦਾ ਹੈ।

ਮੌਜੂਦਾ ਮਾਹੌਲ ਵਿਚ ਪੂਰਾ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਕਜੁੱਟ ਹੈ। ਸੁੱਘੜ ਸਿਆਸਤ ਇਸ ਆਫ਼ਤ ਦੇ ਸਮੇਂ ਸਭ ਤੋਂ ਸਹੀ ਰਾਸ਼ਟਰੀ ਪ੍ਰਤੀਕਰਮ ਹੋਵੇਗੀ। ਅਸੀਂ ਜਾਣਦੇ ਹਾਂ ਕਿ ਇਤਿਹਾਸ ਵਿਚ ਅਜਿਹਾ ਕੋਈ ਸਿਧਾਂਤ ਨਹੀਂ ਹੈ ਜੋ ਸਾਨੂੰ ਅਤੀਤ ਦੀ ਵਿਆਖਿਆ, ਵਰਤਮਾਨ ਦਾ ਹੱਲ ਅਤੇ ਭਵਿੱਖ ਦਾ ਮੁਲੰਕਣ ਕਰਨਾ ਸਿਖਾਉਂਦਾ ਹੋਵੇ ਪਰ ਅਸੀਂ ਇੰਨੀ ਉਮੀਦ ਤਾਂ ਕਰ ਹੀ ਸਕਦੇ ਹਾਂ ਕਿ ਕੋਵਿਡ-19 ਤੋਂ ਬਾਅਦ ਦੀ ਦੁਨੀਆ ਹੋਰ ਬਿਹਤਰ ਹੋਵੇਗੀ। ਇਹ ਵੀ ਉਮੀਦ ਹੈ ਕਿ ਨਵੀਂ ਕੌਮਾਂਤਰੀ ਵਿਵਸਥਾ ਵਧੇਰੇ ਮਨੁੱਖਤਾਵਾਦੀ ਹੋਵੇ ਜਿਸ ਵਿਚ ਸ਼ਾਂਤੀ ਅਤੇ ਸਹਿ-ਹੋਂਦ ਵਰਗੀਆਂ ਧਾਰਨਾਵਾਂ ਮਹਿਜ਼ ਖ਼ਿਆਲੀ ਦੁਨੀਆ ਦੇ ਵਿਚਾਰ ਨਾ ਰਹਿ ਜਾਣ।

ਕੋਰੋਨਾ ਵਾਇਰਸ ਦੇ ਸੰਕਟ ਤੋਂ ਬਾਅਦ ਦੀ ਦੁਨੀਆ ਯਕੀਨਨ ਬਦਲੀ ਜਿਹੀ ਹੋਵੇਗੀ। ਸਵਾਲ ਇਹ ਹੈ ਕਿ ਅਸੀਂ ਸਾਰੇ ਇਸ ਸੰਕਟ ਤੋਂ ਸਬਕ ਸਿੱਖਦੇ ਹਾਂ ਜਾਂ ਨਹੀਂ। ਇਹ ਸਬਕ ਕਈ ਤਰ੍ਹਾਂ ਦੇ ਹੋਣਗੇ ਮਸਲਨ ਭਾਈਚਾਰਕ ਏਕਤਾ, ਦੇਸ਼ ਭਗਤੀ, ਸਿਆਸੀ ਸੂਝਬੂਝ, ਹਾਂ-ਪੱਖੀ ਸਮਾਜਿਕ ਵਰਤਾਰਾ, ਕਾਦਰ ਦੀ ਕੁਦਰਤ ਨਾਲ ਮਿਲ ਕੇ ਚੱਲਣਾ, ਪਸ਼ੂ-ਪੰਛੀਆਂ, ਜੀਵ-ਜੰਤੂਆਂ 'ਤੇ ਜ਼ੁਲਮ ਨਾ ਕਰਨਾ, ਸੰਜਮੀ ਬਣਨਾ ਤੇ ਸਰਬੱਤ ਦਾ ਭਲਾ ਮੰਗਣਾ ਆਦਿ। ਜੇ ਅਸੀਂ ਉਕਤ ਸਬਕ ਸਿੱਖ ਲਵਾਂਗੇ ਤਾਂ ਚੰਗੇ ਰਹਾਂਗੇ ਨਹੀਂ ਤਾਂ ਕੋਰੋਨਾ ਵਾਇਰਸ ਵਰਗੀਆਂ ਪਤਾ ਨਹੀਂ ਹੋਰ ਕਿੰਨੀਆਂ ਮੁਸੀਬਤਾਂ ਸਾਡੀਆਂ ਬਰੂਹਾਂ 'ਤੇ ਦਸਤਕ ਦਿੰਦੀਆਂ ਰਹਿਣਗੀਆਂ। 

-(ਲੇਖਕ ਸਾਬਕਾ ਕੇਂਦਰੀ ਮੰਤਰੀ ਹੈ)।