image caption:

ਕੋਵਿਡ 19 ਦੀ ਮਹਾਮਾਰੀ ਫੈਲਾਉਣ ਲਈ ਜ਼ਿੰਮੇਵਾਰ ਕੌਣ?

ਵਿਸ਼ੇਸ਼ ਲੇਖ
ਡਾ. ਮਨਜੀਤ ਸਿੰਘ ਬੱਲ

ਕਰੋਨਾ ਵਾਇਰਸ ਜਿਸਨੇ ਸਾਰੀ ਦੁਨੀਆ ਵਿੱਚ ਤਰਥੱਲੀ ਮਚਾਈ ਹੋਈ ਹੈ, ਦੇ ਬਾਰੇ ਤਾਂ 1960 ਤੋਂ ਹੀ ਪਤਾ ਹੈ। 'ਕਰੋਨਾ' ਇਕ ਗਰੁੱਪ ਦਾ ਨਾਂ ਹੈ ਜਿਹਦੇ ਅਧੀਨ ਕਈ ਕਿਸਮਾਂ ਹਨ। ਆਮ ਤੌਰ ਉੱਤੇ ਇਹ ਜਾਨਵਰ ਵਿੱਚ ਹੀ ਹੁੰਦਾ ਹੈ। ਇਹ ਇੱਕ ਬਹੁਤ ਹੀ ਛੋਟਾ ਵਿਸ਼ਾਣੂੰ ਹੈ ਜੋ ਸਿਰਫ 120 ਨੈਨੋਮੀਟਰ ਸਾਇਜ਼ ਦਾ ਹੁੰਦਾ ਹੈ (ਇਕ ਮਿਲੀਮੀਟਰ = ਦਸ ਲੱਖ ਨੈਨੋ ਮੀਟਰ)। ਸੋ ਇਹ ਵਾਇਰਸ ਆਮ ਖ਼ੁਰਦਬੀਨ ਨਾਲ ਨਹੀਂ, ਸਿਰਫ ਇਲੈਕਟਰੋਨ ਮਾਈਕਰੋਸਕੋਪ ਨਾਲ ਹੀ ਵੇਖਿਆ ਜਾ ਸਕਦਾ। ਅਸੀਂ ਜਾਣਦੇ ਹੀ ਹਾਂ ਕਿ ਚੀਨ ਵਾਲੇ ਕੋਈ ਡੱਡੀ-ਮੱਛੀ, ਕੁੱਤਾ-ਬਿੱਲੀ, ਕੀੜੇ-ਮਕੌੜੇ ਨਹੀਂ ਛੱਡਦੇ, ਤੇ ਹਰ ਤਰਾਂ ਦੇ ਸਮੁੰਦਰੀ ਜਾਨਵਰ ਵੀ ਛਕ ਜਾਂਦੇ ਹਨ। ਵਟਸਐਪ ਉੱਤੇ ਵਾਇਰਲ ਹੋਈ ਵੁਹਾਨ ਸ਼ਹਿਰ ਦੀ ਮੀਟ ਵਾਲੀ ਮਾਰਕੀਟ ਵੀ ਤੁਸੀਂ ਵੇਖੀ ਹੋਣੀ ਹੈ, ਜਿਹਦੇ ਵਿੱਚ ਜਿਊਂਦੇ ਸੱਪ ਨੂੰ ਫਰਾਈ ਕੀਤਾ ਜਾ ਰਿਹਾ ਸੀ ਤੇ ਮੰਡੀ ਵਿੱਚ ਹਰ ਛੋਟੇ ਵੱਡੇ ਜਾਨਵਰ ਦਾ ਮਾਸ ਵਿਕ ਰਿਹਾ ਸੀ। ਦਸੰਬਰ 2019 ਵਿੱਚ ਚੀਨ ਦੇ ਇਸੇ ਸ਼ਹਿਰ ਵਿੱਚ ਕਰੋਨਾ ਵਾਇਰਸ ਨੇ ਜਾਨਵਰ ਵਿੱਚੋਂ ਨਿਕਲ ਕੇ ਮਨੁੱਖ ਦੇ ਸਰੀਰ ਵਿੱਚ ਆਪਣੀ ਪਹੁੰਚ ਬਣਾ ਲਈ ਤੇ ਸਾਹ ਪ੍ਰਣਾਲੀ ਦਾ ਗੰਭੀਰ ਰੋਗ ਪੈਦਾ ਕਰ ਦਿੱਤਾ। ਸਭ ਤੋਂ ਪਹਿਲ 30 ਦਸੰਬਰ 2019 ਨੂੰ ਇਸੇ ਵੁਹਾਨ ਸ਼ਹਿਰ ਦੇ 34 ਸਾਲਾ ਅੱਖਾਂ ਦੇ ਡਾਕਟਰ, ਡਾ. ਲੀ ਵੈਨਲਿਅਗ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਡਾਕਟਰ ਦੋਸਤ ਨਾਲ ਇੱਕ ਪੋਸਟ ਸ਼ੇਅਰ ਕੀਤੀ ਕਿ ''ਮੀਟ ਮਾਰਕੀਟ ਵਿੱਚੋਂ ਸੀ-ਫੂਡ ਖਾਣ ਵਾਲੇ ਸੱਤ ਮਰੀਜ਼, ਹਸਪਤਾਲ ਵਿੱਚ ਦਾਖ਼ਲ ਕੀਤੇ ਗਏ ਨੇ ਜਿਨ੍ਹਾਂ ਵਿੱਚ ਸਾਰਸ ਰੋਗ ਵਰਗੇ ਲੱਛਣ (ਸਾਹ ਲੈਣ ਵਿੱਚ ਤਕਲੀਫ ਤੇ ਨਿਮੋਨੀਆ) ਪਾਏ ਗਏ ਹਨ। ਇਹ ਇੱਕ ਗੰਭੀਰ ਰੋਗ ਦਾ ਸੰਕੇਤ ਹੈ।&rdquo
ਇਸ ਡਾਕਟਰ ਨੇ ਤਾਂ ਐਸੇ ਗੰਭੀਰ ਰੋਗ ਅਤੇ ਇਸਦੇ ਸੰਭਾਵਤ ਖ਼ਤਰੇ ਬਾਰੇ ਸਭ ਤੋਂ ਪਹਿਲ ਖ਼ੁਲਾਸਾ ਕੀਤਾ ਸੀ, ਉਸ ਨੂੰ ਸ਼ਾਬਾਸ਼ ਦੇਣੀ ਚਾਹੀਦੀ ਸੀ ਪਰ ਇਸਦੇ ਉਲਟ ਉਹਦੇ ਉੱਤੇ ਇਲਜ਼ਾਮ ਲਗਾ ਦਿੱਤਾ ਗਿਆ ਕਿ ਉਸਨੇ ਅਫਵਾਹ ਫੈਲਾਈ ਹੈ, ਜਿਸ ਨਾਲ ਸੰਸਾਰ ਵਿੱਚ ਦੇਸ਼ (ਚੀਨ) ਦੀ ਬਦਨਾਮੀ ਹੁੰਦੀ ਹੈ। ਡਾ. ਲੀ ਵੈਨਲਿਅਗ ਨੇ ਇਹ ਚਿਤਾਵਨੀ ਟੈਸਟ ਰਾਹੀਂ ਕਨਫਰਮ ਕਰ ਕੇ ਦਿੱਤੀ ਸੀ ਕਿ ਇਹ ਕੋਰੋਨਾ ਵਾਇਰਸ ਪਰਿਵਾਰ ਨਾਲ ਸਬੰਧਤ ਇਨਫੈਟਸ਼ਨ ਹੈ। ਇਸ ਤੋਂ ਪਹਿਲਾਂ ਸੰਨ 2003 ਵਿੱਚ ਵੀ ਦੱਖਣੀ ਚੀਨ ਵਿੱਚ ਸਾਹ ਪ੍ਰਣਾਲੀ ਦੇ ਰੋਗ ਸਾਰਸ ਨੇ ਬੜਾ ਭਿਆਨਕ ਰੂਪ ਧਾਰਨ ਕੀਤਾ ਸੀ, ਜਿਸਦੇ ਨਾਲ 8000 ਲੋਕ ਬਿਮਾਰ ਹੋਏ ਸਨ ਤੇ 17 ਦੇਸ਼ ਵਿੱਚ 774 ਮੌਤ ਹੋ ਗਈਆਂ ਸਨ। ਡਾ. ਵੈਨਲਿਆਂਗ ਨੇ ਤਾਂ ਸੋਸ਼ਲ ਮੀਡੀਆ ਉੱਤੇ ਆਪਣੇ ਦੋਸਤ ਤੇ ਰਿਸ਼ਤੇਦਾਰ ਦਾ ਖਿਆਲ ਰੱਖਣ ਲਈ ਕਿਹਾ ਸੀ, ਪਰ ਇਹ ਸੁਨੇਹਾ ਜੰਗਲ ਦੀ ਅੱਗ ਵਾਂਗ ਫੈਲ ਗਿਆ। ਇਸ ਡਾਕਟਰ ਦਾ ਨਾਂ ਬਹੁਤ ਲੋਕਾਂ ਵਿੱਚ ਫੈਲ ਗਿਆ। ਸੀ.ਐੱਨ.ਐਨ. ਚੈਨਲ ਨੇ ਦੱਸਿਆ ਕਿ ਵੈਨਲਿਆਂਗ ਕਹਿ ਰਿਹਾ ਹੈ, ''ਇਸ ਰੋਗ ਬਾਰੇ ਚਿਤਾਵਨੀ ਸਬੰਧੀ ਮੇਰਾ ਨਾਮ ਬਹੁਤ ਘੁੰਮ ਰਿਹਾ ਹੈ ਜੋ ਮੇਰੇ ਕੰਟਰੋਲ ਤੋਂ ਬਾਹਰ ਹੋ ਗਿਆ ਹੈ, ਲਗਦਾ ਹੈ ਕਿ ਇਸ ਸਬੰਧੀ ਮੈਂਨੂੰ ਕੋਈ ਸਜ਼ਾ ਦਿੱਤੀ ਜਾਵੇਗੀ।'' ਤੇ ਇਹ ਹੀ ਹੋਇਆ। ਤਿੰਨ ਜਨਵਰੀ 2020 ਨੂੰ ਪ੍ਰਸ਼ਾਸਨ ਦੁਆਰਾ ਡਾ. ਵੈਨਲਿਆਂਗ ਤੇ ਉਹਦੇ ਡਾਕਟਰ ਦੋਸਤ ਨੂੰ ''ਅਫਵਾਹ&rdquo ਫੈਲਾਉਣ ਦੇ ਜੁਰਮ ਵਿੱਚ ਦੋਸ਼ੀ ਬਣਾਇਆ ਗਿਆ ਤੇ ਹਲਫਨਾਮਾ ਲੈ ਕੇ ਮੁਆਫੀ ਮੰਗਵਾਈ ਗਈ, ''ਮੈਂ ਦੋਸ਼ੀ ਹਾਂ, ਐਸਾ ''ਜੁਰਮ&rdquo ਮੈਂ ਦੁਬਾਰਾ ਨਹੀਂ ਕਰਗਾ ਤੇ ਫੇਰ ਕਦੀ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਵਾਂਗਾ।&rdquo ਜੁਰਮ ਇਹ ਸੀ ਕਿ ਉਸਨੇ ਦੁਨੀਆ ਨੂੰ ਚਿਤਾਵਨੀ ਦਿੱਤੀ ਸੀ ਕਿ ਕੋਰੋਨਾ ਵਾਇਰਸ ਪਰਿਵਾਰ ਨਾਲ ਸਾਹ ਪ੍ਰਣਾਲੀ ਦਾ ਗੰਭੀਰ ਰੋਗ ਹੋ ਰਿਹਾ ਹੈ। ਡਾ. ਵੈਨਲਿਆਂਗ ਦੀ ਮੁਸੀਬਤ ਇੱਥੇ ਹੀ ਖਤਮ ਨਹੀਂ ਹੋਈ। ਉਹ ਆਪਣੀ ਡਿਊਟੀ ਉੱਤੇ ਪਰਤ ਆਇਆ ਤੇ ਇਸੇ ਵਾਇਰਸ ਦੇ ਇੱਕ ਮਰੀਜ਼ ਦਾ ਇਲਾਜ ਕਰਦਿਆਂ ਉਹਨੂੰ ਖੁਦ ਨੂੰ ਕੋਰੋਨਾ ਇਨਫੈਕਸ਼ਨ ਹੋਣ ਕਰਕੇ, ਖੰਘ, ਨਜ਼ਲਾ, ਤੇ ਸਾਹ ਦੀ ਤਕਲੀਫ ਸ਼ੁਰੂ ਹੋ ਗਈ। ਬਾਰਾਂ ਜਨਵਰੀ ਨੂੰ ਉਹਨੂੰ ਆਈ.ਸੀ.ਯੂ. ਵਿੱਚ ਸ਼ਿਫਟ ਕਰ ਦਿੱਤਾ ਗਿਆ। ਇੱਕ ਫਰਵਰੀ ਨੂੰ ਉਹਦਾ ਕੋਰੋਨਾ ਦਾ ਟੈਸਟ ਪੋਜ਼ਿਟਿਵ ਆਇਆ ਤੇ ਪੰਜ ਦਿਨ ਬਾਅਦ ਇਸ ਡਾਕਟਰ (ਡਾ. ਲੀ ਵੈਨਲਿਆਂਗ) ਦੀ ਮੌਤ ਹੋ ਗਈ।

ਚੀਨ ਨੇ ਜਾਣਕਾਰੀ ਲੁਕਾਈ
ਚੀਨ ਇਸ ਗੰਭੀਰ ਰੋਗ ਬਾਰੇ ਖ਼ਬਰ ਤੇ ਜਾਣਕਾਰੀ ਨੂੰ ਲੁਕਾਉਂਦਾ ਰਿਹਾ। ਪਰ ਇਹ ਛੁਪ ਨਾ ਸਕਿਆ ਤੇ ਇਸ ਇਨਫੈਕਸ਼ਨ ਨੂੰ ਫੈਲਣ ਦਾ ਮੌਕਾ ਮਿਲ ਗਿਆ। ਵੁਹਾਨ ਦੇ ਹਵਾਈ ਅੱਡੇ ਤੋਂ ਸਾਰੀ ਦੁਨੀਆ ਦੇ ਦੇਸ਼ਾਂ ਨੂੰ ਉਡਾਨਾਂ ਜਾਂਦੀਆਂ ਹਨ। ਸੋ ਇਹ ਰੋਗ ਫੈਲਦਾ ਗਿਆ ਤੇ ਫੈਲਦਾ ਗਿਆ। ਤੇ ਅੱਜ ਸਥਿਤੀ ਇਹ ਹੈ ਕਿ ਹੁਣ ਇਹ ਵਾਇਰਸ ਦੁਨੀਆ ਦੇ 184 ਦੇਸ਼ ਵਿੱਚ ਦਨ ਦਨਾ ਰਿਹਾ ਹੈ। ਇੱਕ ਪ੍ਰੈੱਸ ਕਨਫਰੰਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਦ ਵਾਰ ਵਾਰ ਕੋਰੋਨਾ ਨੂੰ ਚਾਈਨੀਜ਼ ਵਾਇਰਸ ਕਹਿੰਦੇ ਹਨ ਇੱਕ ਪੱਤਰਕਾਰ ਉਸ ਨੂੰ ਪੁੱਛਦੀ ਹੈ ਕਿ ਤੁਸੀਂ ਚੀਨੀ ਵਾਇਰਸ ਕਿਓਂ ਕਹਿੰਦੇ ਹੋ, ਤਾਂ ਉਹ ਜਵਾਬ ਦਿੰਦਾ ਹੈ, ''ਸਭ ਨੂੰ ਪਤਾ ਹੈ ਕਿ ਇਹ ਰੋਗ ਚੀਨ ਤੋਂ ਆਇਆ ਹੈ ਮੈਂ ਕੋਈ ਨਸਲੀ ਟਿੱਪਣੀ ਨਹੀਂ ਕਰ ਰਿਹਾ, ਕੋਰੋਨਾ ਚੀਨ ਤੋਂ ਹੀ ਆਇਆ ਹੈ, ਡਾ. ਵੈਨਲਿਆਂਗ ਦੀ ਗੱਲ ਉੱਤੇ ਗ਼ੌਰ ਕਰਨਾ ਚਾਹੀਦਾ ਸੀ, ਸਮੇਂ ਸਿਰ ਪ੍ਰਬੰਧ ਕਰਕੇ ਇਸ ਨੂੰ ਰੋਕਿਆ ਜਾ ਸਕਦਾ ਸੀ।&rdquo 
ਦੂਸਰੇ ਪਾਸੇ ਚੀਨ ਦੇ ਖ਼ਾਸ ਦੋਸਤ ਪਾਕਿਸਤਾਨ ਨੇ ਚੀਨ ਦਾ ਬਚਾਅ ਕਰਨ ਲਈ ਆਪਣੇ ਸੁਭਾਅ ਮੁਤਾਬਕ ਝੂਠ ਬੋਲ ਬੋਲ ਕੇ ਕਿਹਾ ਹੈ, ''ਇਹ ਸਾਰਾ ਕੁਝ ਅਮਰੀਕਾ ਦਾ ਹੀ ਕਰਿਆ ਕਰਾਇਆ। ਉਹਨੇ ਇਹ ਸਭ ਚੀਨ ਨੂੰ ਸੁਪਰ ਪਾਵਰ ਬਨਣ ਤੋਂ ਰੋਕਣ ਲਈ ਕੀਤਾ ਹੈ। ਉਹਨੇ ਆਪਣੇ ਨਾਲ ਬਰਤਾਨੀਆ ਤੇ ਇਸਰਾਈਲ ਨੂੰ ਰਲਾ ਕੇ ਚੀਨ ਖਿਲਾਫ ਮੁਹਿੰਮ ਚਲਾਈ ਹੈ। ਅਮਰੀਕਾ ਨੇ ਮਿਲਟਰੀ ਮਸ਼ਕ ਦੌਰਾਨ ਵੁਹਾਨ ਸ਼ਹਿਰ ਵਿੱਚ ਇਹ ਵਾਇਰਸ ਛੱਡਿਆ ਸੀ।
ਹੁਣ ਸਭ ਮੁਲਕਾਂ ਨੇ ਚੀਨ ਦਾ ਮਾਲ ਖਰੀਦਣਾ ਬੰਦ ਕਰ ਦਿੱਤਾ ਹੈ ਤੇ ਉਸਦੀ ਮਾਰਕੀਟ ਡਾਊਨ ਕਰ ਹੋ ਗਈ ਹੈ। ਇਸਦਾ ਅਸਰ ਸਿਰਫ ਚੀਨ ਉੱਤੇ ਹੀ ਨਹੀਂ ਪਿਆ ਬਲਕਿ ਪਾਕਿਸਤਾਨ ਵਿੱਚ ਚੀਨ ਦਵਾਰਾ ਉਸਾਰੀ ਜਾ ਰਹੇ 'ਚੀਨ-ਪਾਕਿਸਤਾਨ ਆਰਥਿਕ ਲਾਂਘੇ' ਉੱਤੇ ਬਹੁਤ ਅਸਰ ਪਿਆ ਹੈ ਤੇ ਉੱਥੇ ਕੰਮ ਕਰਨ ਵਾਲੇ ਮਜ਼ਦੂਰ ਵਾਪਸ ਚੀਨ ਭੱਜ ਗਏ ਹਨ। ਚੀਨ ਕੋਲ ਹਰ ਇੱਕ ਸਮੱਸਿਆ ਦਾ ਤੋੜ ਹੈ। ਉਸ ਨੇ ਇਸ ਵਾਇਰਸ ਦਾ ਵੀ ਹੱਲ ਲੱਭ ਲੈਣਾ ਹੈ। ਚੀਨ ਨੇ ਖ਼ਬਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਮਸਲਾ ਪਹੁੰਚ ਤੋਂ ਬਾਹਰ ਹੋ ਚੁੱਕਾ ਸੀ।
ਸੋ ਚੀਨ ਦੇ ਪ੍ਰਸ਼ਾਸਕ ਦੀ ਗ਼ਲਤੀ ਕਾਰਣ, ਇਹ ਰੋਗ ਉਸੇ ਜਗ੍ਹਾ ਤੇ ਸੀਮਤ ਨਹੀਂ ਕੀਤਾ ਜਾ ਸਕਿਆ ਤੇ ਵੁਹਾਨ ਸ਼ਹਿਰ ਤੋਂ ਦੁਨੀਆ ਦੇ ਭਿੰਨ ਭਿੰਨ ਦੇਸ਼ ਵਿੱਚ ਜਾਂਦੀਆਂ ਫਲਾਈਟਾਂ ਰਾਹੀਂ ਹਵਾਈ ਯਾਤਰੀਆਂ ਦੁਆਰਾ ਸਾਰੀ ਦੁਨੀਆ ਵਿੱਚ ਫੈਲ ਗਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂ ਐੱਚ) ਨੇ ਇਸ ਨੂੰ ਆਲਮੀ ਮਹਾਮਾਰੀ ਐਲਾਨ ਦਿੱਤਾ ਹੈ ਤੇ ਸੰਸਾਰ ਵਿੱਚ ਹੈਲਥ ਐਮਰਜੈਂਸੀ ਲੱਗ ਗਈ ਹੈ। ਇਹ ਰੋਗ ਆਲਮੀ ਪੱਧਰ ਉੱਤੇ ਫੈਲ ਰਿਹਾ ਹੈ। ਅਜੇ ਤੱਕ ਇਹਦੇ ਤੋਂ ਬਚਾਅ ਵਾਸਤੇ ਕੋਈ (ਵੈਕਸੀਨ) ਟੀਕਾ-ਕਰਣ ਨਹੀਂ ਬਣਿਆ। ਖੋਜ ਪੂਰੇ ਜ਼ੋਰ ਉੱਤੇ ਹੈ। ਕਿਹਾ ਜਾ ਰਿਹਾ ਹੈ ਕਿ ਜਲਦ ਹੀ ਵੈਕਸੀਨ ਵੀ ਤਿਆਰ ਹੋ ਜਾਵੇਗੀ।
ਦੂਸਰੇ ਪਾਸੇ ਭਾਰਤ ਦੇ ਕੁਝ ਰਾਜ ਨੇਤਾ ਤੇ ਧਾਰਮਿਕ ਆਗੂ ਜਨਤਾ ਨੂੰ ਭੰਬਲਭੂਸੇ ਵਿੱਚ ਪਾ ਕੇ 'ਕੋਵਿੱਡ-19' ਦੇ ਕੇਸ ਨੂੰ ਠੀਕ ਦਿਸ਼ਾ ਵਾਲੇ ਇਲਾਜ ਤੋਂ ਭਟਕਾ ਰਹੇ ਹਨ। ਭਾਵੇਂ ਵਿਸ਼ਵ ਸਿਹਤ ਸੰਸਥਾ ਮੁਤਾਬਿਕ ਅਜੇ ਤੱਕ ਕੋਈ ਐਸੀ ਦਵਾ ਨਹੀਂ ਮਿਲੀ ਜੋ ਇਸ ਵਾਇਰਸ ਨੂੰ ਠੀਕ ਕਰਨ ਵਾਸਤੇ ਵਿਸ਼ੇਸ਼ ਹੋਵੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੋਵਿੱਡ-19 ਬਾਰੇ ਆਪਣੇ ਟੀ.ਵੀ. ਸੰਬੋਧਨ ਵਿੱਚ ਕਿਹਾ ਹੈ ਕਿ ''ਅਜੇ ਤੱਕ ਸਾਨੂੰ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦਾ ਕੋਈ ਹੱਲ ਨਹੀਂ ਲੱਭਾ, ਤੇ ਨਾ ਹੀ ਕੋਈ ਵੈਕਸੀਨ ਆਈ ਹੈ। ਇਸ ਲਈ ਇਸ ਬਾਰੇ ਫਿਕਰਮੰਦ ਹੋਣਾ ਕੁਦਰਤੀ ਹੈ।&rdquo ਫਿਰ ਵੀ ਸਸਤੀ ਸ਼ੋਹਰਤ ਦੇ ਭੁੱਖੇ ਕੁਝ ਹਿੰਦੂਤਵੀ ਤੇ ਰਾਜਨੇਤਾ ਕੋਰੋਨਾ ਦਾ ''ਇਲਾਜ&rdquo ਦੱਸ ਕੇ ਜਨਤਾ ਨੂੰ ਪੁੱਠੇ ਰਾਹ ਪਾ ਰਹੇ ਹਨ। ਜਿਵੇਂ ਆਲ ਇੰਡੀਆ ਹਿੰਦੂ ਮਹਾ ਸਭਾ ਦੇ ਸਵਾਮੀ ਚੱਕਰ ਪਾਣੀ ਨੇ ਕੋਰੋਨਾ ਦੇ ਇਲਾਜ ਵਾਸਤੇ ਲੋਕਾਂ ਨੂੰ ਗਊ ਦੇ ਪਿਸ਼ਾਬ ਦੀ ਪਾਰਟੀ ਕਰਕੇ, ਗਊ ਪਿਸ਼ਾਬ ਪੀ ਕੇ ਇਸ ਰੋਗ ਨੂੰ ਠੀਕ ਕਰਨ ਬਾਰੇ ਕਿਹਾ ਹੈ। ਇਸੇ ਤਰ੍ਹਾਂ ਆਸਾਮ ਤੋਂ ਭਾਰਤੀ ਜਨਤਾ ਪਾਰਟੀ ਦੀ ਐੱਮ.ਐੱਲ.ਏ. ਸੁਮਨ ਹਰੀਅੱਪਾ ਨੇ ਗਊ ਦੇ ਪਿਸ਼ਾਬ ਤੇ ਫੋਸ ਨਾਲ ਇਹ ਇਨਫੈਕਸ਼ਨ ਠੀਕ ਕਰਨ ਵਾਸਤੇ ਕੈਮਰੇ ਦੇ ਸਾਹਮਣੇ ਕਿਹਾ ਹੈ।
ਇਸ ਤੋਂ ਪਹਿਲ ਭੁਪਾਲ ਤੋਂ ਐੱਮ.ਪੀ. ਪ੍ਰੱਗਯਾ ਠਾਕਰ ਵੀ ਗਊ ਦੇ ਮੂਤਰ ਨਾਲ ਕੈਂਸਰ ਠੀਕ ਹੋਣ ਬਾਰੇ ਕਹਿ ਚੁੱਕੀ ਹੈ। ਕੇਂਦਰ ਵਿੱਚ ਸਮਾਜਿਕ ਨਿਆਂ ਤੇ ਇੰਮਪਾਵਰਮੈਂਟ ਦੇ ਮਹਿਕਮੇ ਦੇ ਰਾਜ ਮੰਤਰੀ, ਮਹਾਰਾਸ਼ਟਰ ਤੋਂ ਰਾਮਦਾਸ ਅਠਾਵਲੇ ਉੱਤੇ ਕੈਮਰੇ ਦੇ ਸਾਹਮਣੇ, ''ਕੋਰੋਨਾ ਗੋ, ਕੋਰੋਨਾ ਗੋ &rdquo ਦੇ ਨਾਅਰਿਆਂ ਨਾਲ ਹੀ ਇਸ ਆਲਮੀ ਪੱਧਰ ਦੀ ਮਹਾਮਾਰੀ ਨੂੰ ਭਜਾਉਣ ਬਾਰੇ ਬੋਲ ਕੇ ਲੋਕ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆ ਨਾਥ ਜੋਗੀ ਕਹਿੰਦੇ ਹਨ ਕਿ 'ਨੋ ਮੈਂਟਲ ਟੈਂਸ਼ਨ ਨੋ ਕੋਰੋਨਾ'। ਇਸੇ ਤਰ੍ਹਾਂ ਬਿਹਾਰ ਤੋਂ ਐੱਮ.ਪੀ. ਅਸ਼ਵਨੀ ਕੁਮਾਰ ਚੌਬੇ, ਜੋ ਕੇਂਦਰ ਵਿੱਚ ਸਿਹਤ ਮੰਤਰਾਲੇ ਵਿੱਚ ਰਾਜ ਮੰਤਰੀ ਹਨ, ਕਹਿੰਦੇ ਹਨ ਕਿ ਪੰਦਰਾਂ ਮਿੰਟ ਧੁੱਪ ਸੇਕਣ ਨਾਲ ਹੀ ਕਰੋਨਾ ਖ਼ਤਮ ਹੋ ਜਾਂਦਾ ਹੈ।
ਇਹ ਸਭ ਲੋਕ ਪੁੱਠੇ-ਸਿੱਧੇ ਬਿਆਨ ਦੇ ਕੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਉਂਦੇ ਹਨ ਤੇ ਕੋਵਿੱਡ-19 ਰੋਗ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ ਵਿੱਚ ਰੁਕਾਵਟ ਪਾ ਕੇ ਇਸ ਨੂੰ ਹੋਰ ਫੈਲਾਉਣ ਲਈ ਜ਼ਿੰਮੇਵਾਰ ਬਣਦੇ ਹਨ। ਲੀਡਰ ਹੋਣ ਕਰਕੇ ਇਹਨਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਤਾਂ ਕਿ ਜਨਤਾ ਵਿਗਿਆਨਕ ਸੋਚ ਨੂੰ ਹੀ ਅਪਣਾਵੇ। ਜਿਵੇਂ ਐੱਚ.ਆਈ.ਵੀ. ਵਾਇਰਸ ਵਾਲੀ ਬੀਮਾਰੀ ਦਾ ਨਾਂ ਏਡਜ਼ ਹੈ, ਜੋ 1981 ਵਿੱਚ ਆਈ ਸੀ, ਇਸੇ ਤਰ੍ਹਾਂ 2019 ਵਿੱਚ ਆਏ ਨੋਵਲ-ਕੋਰੋਨਾ ਵਾਇਰਸ-19 ਦਵਾਰਾ ਪੈਦਾ ਕੀਤੇ ਹੋਏ ਰੋਗ ਦਾ ਨਾਮ 'ਕੋਵਿਡ-19' ਰੱਖਿਆ ਗਿਆ ਹੈ। ਪੂਰਾ ਨਾਮ ਹੈ 'ਕੋਰੋਨਾ ਵਾਇਰਸ ਡਿਸੀਜ਼-19' ਜੋ ਛੂਹਣ ਨਾਲ, ਖੰਘਣ, ਨਿੱਛਣ ਤੇ ਸਰੀਰ ਦੇ ਤਰਲ ਪਦਾਰਥ ਨਾਲ ਫੈਲਦੀ ਹੈ। ਅੰਕੜੇ ਰੋਜ਼ ਵਧ ਰਹੇ ਹਨ ਤੇ ਸਥਿਤੀ ਵਿਸਫੋਟਕ ਹੁੰਦੀ ਜਾ ਰਹੀ ਹੈ। ਜੇ ਤੁਹਾਡੀ ਇਮਿਊਨਿਟੀ ਯਾਨੀ ਕਿ ਰੋਗ ਨਾਲ ਲੜਨ ਦੀ ਤਾਕਤ ਚੰਗੀ ਹੈ ਤਾਂ ਤੁਸੀਂ ਬਚੇ ਰਹਿ ਸਕਦੇ ਹੋ। ਵਾਰ ਵਾਰ ਸਾਬਣ ਜਾਂ ਸੈਨੇਟਾਇਜ਼ਰ ਨਾਲ ਹੱਥ ਧੋਵੋ। ਅੱਖ, ਨੱਕ, ਮੂੰਹ ਆਦਿ ਵਿੱਚ ਹੱਥ/ਉਂਗਲ ਨਾ ਪਾਵੋ। ਸਫਾਈ ਰੱਖੋ, ਪੋਸ਼ਟਿਕ ਤੇ ਸੰਤੁਲਿਤ ਭੋਜਨ ਛਕੋ।