image caption:

ਪ੍ਰਵਾਸੀ ਪੰਜਾਬੀਆਂ ਨੂੰ ਕੋਰੋਨਾ ਵਾਇਰਸ ਦਾ ਦੱਸਿਆ ਜਾ ਰਿਹਾ ਏ ਬੰਬ

ਗਿ. ਬਲਦੇਵ ਸਿੰਘ ਦੇ ਭੰਡੀ ਪ੍ਰਚਾਰ ਤੋਂ ਪਿੰਡ ਵਾਲੇ ਤੰਗ 

ਗਾਇਕ ਮੂਸੇਵਾਲਾ ਨੇ ਪ੍ਰਵਾਸੀ ਪੰਜਾਬੀਆਂ ਨੂੰ ਸਾਜ਼ਿਸ਼ ਤਹਿਤ ਕੀਤਾ ਬਦਨਾਮ 

ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਉੱਪਰ ਸਖ਼ਤ ਨਿਗਰਾਨੀ ਦੇ ਨਿਰਦੇਸ਼ 

ਜਲੰਧਰ-ਪ੍ਰਵਾਸੀ ਪੰਜਾਬੀਆਂ ਨੂੰ ਕੋਰੋਨਾ ਵਾਇਰਸ ਦਾ ਜ਼ਿੰਮੇਵਾਰ ਤੇ ਟਾਈਮ ਬੰਬ ਠਹਿਰਾ ਕੇ ਭਾਰਤੀ ਮੀਡੀਆ, ਬਿਉਰੋਕ੍ਰੇਸੀ, ਸਰਕਾਰਾਂ ਤੇ ਫੁਕਰੇ ਗਾਇਕਾਂ ਵਲੋਂ ਘਟੀਆ ਪ੍ਰਚਾਰ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪ੍ਰਵਾਸੀ ਪੰਜਾਬੀਆਂ ਨੂੰ ਜ਼ਲੀਲ ਕਰਦਿਆਂ ਇੱਥੋਂ ਤੱਕ ਪੁਲੀਸ ਤੇ ਸਿਹਤ ਵਿਭਾਗ ਨੂੰ ਕਹਿ ਦਿੱਤਾ ਕਿ ਪ੍ਰਵਾਸੀ ਪੰਜਾਬੀਆਂ ਨੂੰ ਭਾਲੋ ਜੇਕਰ ਉਹ ਸਾਹਮਣੇ ਨਹੀਂ ਆਉਂਦੇ ਤਾਂ ਉਨ੍ਹਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ। 
ਪਿਛਲੇ ਇਕ ਹਫਤੇ ਤੋਂ ਪੰਜਾਬ ਅੰਦਰ ਕੋਰੋਨਾ ਦੀ ਜੜ੍ਹ ਇਸ ਬਿਮਾਰੀ ਤੋਂ ਪੀੜਤ ਹੋਣ ਕਾਰਨ ਮੌਤ ਦੇ ਮੂੰਹ ਪਏ ਇਟਲੀ ਤੋਂ ਪਰਤੇ ਗਿਆਨੀ ਬਲਦੇਵ ਸਿੰਘ ਤੇ ਪੀੜਤ ਸਾਥੀਆਂ ਨੂੰ ਦੱਸਿਆ ਜਾ ਰਿਹਾ ਹੈ। ਜਰਮਨੀ ਦਾ ਗੇੜਾ ਲਾ ਕੇ ਆਏ ਪਿੰਡ ਦੇ ਬਲਦੇਵ ਸਿੰਘ ਜੋ ਕਿ ਹੋਲਾ ਮਹੱਲਾ ਅਨੰਦਪੁਰ ਵਿਖੇ ਵੀ ਗਏ ਸਨ, ਦੀ ਕੋਰੋਨਾ ਵਾਇਰਸ ਨਾਲ 18 ਮਾਰਚ ਨੂੰ ਮੌਤ ਹੋ ਗਈ ਸੀ। ਉਸਦੇ ਸੰਪਰਕ ਵਿਚ ਦੋਆਬੇ ਦੇ 27 ਪਿੰਡਾਂ ਦੇ ਲੋਕ ਆਏ ਸਨ, ਜਿਨ੍ਹਾਂ ਦੇ ਕਰੀਬ 10 ਹਜ਼ਾਰ ਲੋਕ ਘਰਾਂ ਵਿਚ ਹੀ ਹਨ। ਇਨ੍ਹਾਂ ਹੁਸ਼ਿਆਰਪੁਰ ਤੇ ਨਵਾਂਸ਼ਹਿਰ ਪਿੰਡਾਂ ਨੂੰ ਸੀਲ ਕੀਤਾ ਗਿਆ ਸੀ, ਪਰ ਕਿਤੇ ਵੀ ਕੋਰੋਨਾ ਵਾਇਰਸ ਦੀ ਪੋਜੋਟਿਵ ਖਬਰ ਨਹੀਂ ਆਈ। ਇੱਥੋਂ ਤੱਕ ਅਨੰਦਪੁਰ ਸਾਹਿਬ ਇਲਾਕੇ ਵਿਚ ਵੀ ਕੋਰੋਨਾ ਵਾਇਰਸ ਨਹੀਂ ਮਿਲਿਆ, ਜਿੱਥੇ ਬਲਦੇਵ ਸਿੰਘ ਗਏ ਸਨ। ਜ਼ਿਲ੍ਹਾ ਰੂਪਨਗਰ ਦੇ ਸਿਵਲ ਸਰਜਨ ਡਾ. ਐੱਚਐੱਨ ਸ਼ਰਮਾ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ, ਨੰਗਲ, ਕੀਰਤਪੁਰ ਸਾਹਿਬ, ਚਮਕੌਰ ਸਾਹਿਬ, ਮੋਰਿੰਡਾ ਸਣੇ ਸਮੁੱਚੇ ਜ਼ਿਲ੍ਹੇ ਵਿਚ ਕਰੋਨਾ ਦਾ ਕੋਈ ਵੀ ਕੇਸ ਪਾਜ਼ੇਟਿਵ ਨਹੀਂ ਮਿਲਿਆ ਹੈ। 
ਪਰ ਸੁਆਲ ਤਾਂ ਇਹ ਹੈ ਕਿ ਬਲਦੇਵ ਸਿੰਘ ਸਮੇਤ ਤਿੰਨ ਸਾਥੀ ਤਾਂ 6 ਮਾਰਚ ਨੂੰ ਇਟਲੀ ਤੋਂ ਦਿੱਲੀ ਆਏ ਸੀ ਤੇ ਫਿਰ ਦਿੱਲੀ ਹਵਾਈ ਅੱਡੇ ਤੋਂ ਮਿਲੀ ਸੂਚੀ ਦੇ ਆਧਾਰ ਉੱਪਰ 14 ਮਾਰਚ ਨੂੰ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੇ ਪਿੰਡ ਜਾ ਕੇ ਜਾਂਚ ਵੀ ਕੀਤੀ ਸੀ। ਦਿਲ ਦੀ ਬਿਮਾਰੀ ਤੋਂ ਪੀੜਤ ਉਹ 16 ਮਾਰਚ ਸ਼ਾਮ ਨੂੰ ਪਹਿਲਾਂ ਜਲੰਧਰ ਦੇ ਨਿੱਜੀ ਹਸਪਤਾਲ ਗਿਆ ਤੇ ਫਿਰ ਅਗਲੇ ਦਿਨ ਸਵੇਰੇ ਸਿਵਲ ਹਸਪਤਾਲ ਜਲੰਧਰ ਗਿਆ, ਪਰ ਉਸ ਦੀ ਕਿਸੇ ਨੇ ਸਾਰ ਨਹੀਂ ਲਈ। ਬਹੁਤੇ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਆਪਣੀ ਗਲਤੀ ਛੁਪਾਉਣ ਲਈ ਸਾਰਾ ਭਾਂਡਾ ਬਲਦੇਵ ਸਿੰਘ 'ਤੇ ਭੰਨ ਦਿੱਤਾ ਜੋ ਚਾਰ ਹਸਪਤਾਲਾਂ ਵਿਚ ਇਲਾਜ ਲਈ ਭਟਕਦਾ ਰਿਹਾ। ਸਰਕਾਰ ਨੇ ਵੇਲੇ ਸਿਰ ਉਸ ਨੂੰ ਇਕਾਂਤਵਾਸ ਕਿਉਂ ਨਹੀਂ ਭੇਜਿਆ। ਬਲਦੇਵ ਸਿੰਘ ਜਿਨ੍ਹਾਂ ਵੀ ਲੋਕਾਂ ਨੂੰ ਮਿਲੇ ਹਨ, ਉਨ੍ਹਾਂ ਦੇ ਟੈਸਟ ਨੈਗੇਟਿਵ ਆਏ ਹਨ। ਅਰਥਾਤ ਕੋਈ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਨਹੀਂ ਹੋਇਆ। ਸਵਾ ਸੌ ਦੇ ਕਰੀਬ ਸੈਂਪਲਾਂ ਦੀਆਂ ਨੈਗੇਟਿਵ ਰਿਪੋਰਟਾਂ ਆਉਣਾ ਭਾਰਤੀ ਮੀਡੀਆ ਅਤੇ ਗਾਇਕ ਮੂਸੇਵਾਲ ਦੇ ਮੂੰਹ 'ਤੇ ਥੱਪੜ ਹੈ। 
ਇੱਥੇ ਜ਼ਿਕਰਯੋਗ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਨੇ ਕੋਰੋਨਾ ਕਾਰਨ ਮਾਰੇ ਗਏ ਬਲਦੇਵ ਸਿੰਘ ਉੱਤੇ ਗੀਤ ਗਾਇਆ ਹੈ। ਇਸ ਗਾਣੇ ਨੂੰ ਪੰਜਾਬ ਦੇ ਡੀਜੀਪੀ ਨੇ ਸ਼ੇਅਰ ਕੀਤਾ ਹੈ। ਮੂਸੇਵਾਲ ਨੇ ਪੰਜਾਬ ਵਿਚ ਕੋਰੋਨਾ ਫੈਲਾਉਣ ਲਈ ਪ੍ਰਵਾਸੀ ਪੰਜਾਬੀ ਬਲਦੇਵ ਸਿੰਘ ਨੂੰ ਜ਼ਿੰਮੇਵਾਰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਪੁਲਿਸ ਦਾ ਲੋਗੋ ਲਗਾ ਕੇ ਗਾਇਕ ਮੂਸੇਵਾਲਾ ਵਲੋਂ ਸੋਸ਼ਲ ਮੀਡੀਆ ਵਿਚ ਬਲਦੇਵ ਸਿੰਘ ਨੂੰ ਆਧਾਰ ਬਣਾ ਕੇ ਪ੍ਰਵਾਸੀ ਪੰਜਾਬੀਆਂ ਨੂੰ ਬਦਨਾਮ ਕਰ ਰਿਹਾ ਹੈ। ਸਿੱਧੂ ਮੂਸੇਵਾਲੇ ਵੱਲੋਂ ਗਾਇਆ ਗਾਣਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਤੇ ਪ੍ਰਵਾਸੀ ਪੰਜਾਬੀਆਂ ਦੀ ਬਦਨਾਮੀ ਦਾ ਕਾਰਨ ਬਣ ਰਿਹਾ ਹੈ।
ਮੂਸੇਵਾਲਾ ਦਾ ਗੀਤ ਸ਼ੁਰੂ ਹੀ ਪੰਜਾਬ ਪੁਲਿਸ ਦੇ ਲੋਗੋ ਨਾਲ ਹੁੰਦਾ ਹੈ ਤੇ ਫਿਰ ਕਈ ਵਾਰ ਦਿਖਾਈ ਦਿੰਦਾ ਹੈ। ਗੀਤ ਦੇ ਬੋਲਾਂ ਵਿਚ ਤਸਵੀਰ ਤਾਂ ਕਈ ਵਾਰ ਮ੍ਰਿਤਕ ਬਲਦੇਵ ਸਿੰਘ ਦੀ ਹੀ ਦਿਖਾਈ ਦਿੰਦੀ ਹੈ ਪਰ ਉਸ ਦਾ ਨਾਂ ਬਦਲ ਕੇ ਗੁਰਬਖਸ਼ ਰੱਖ ਲਿਆ ਹੈ। ਸਰਕਾਰ ਨੂੰ ਪੂਰੀ ਤਰ੍ਹਾਂ ਬਰੀ ਕਰਦਿਆਂ ਗੀਤ ਵਿਚ ਵਾਇਰਸ ਦੀ ਅਲਾਮਤ ਫੈਲਣ ਲਈ ਪੀੜਤ ਨੂੰ ਦੋਸ਼ੀ ਕਰਾਰ ਦਿੰਦਿਆਂ ਉਸ ਦੀ ਆਤਮਾ ਤੋਂ ਲਾਹਨਤਾਂ ਵੀ ਪਵਾਈਆਂ ਹਨ। 
ਬੰਗਾ ਤੇ ਹੁਸ਼ਿਆਰਪੁਰ ਇਲਾਕੇ ਦੇ ਲੋਕਾਂ ਦੀਆਂ ਰਿਪੋਰਟਾਂ ਨੈਗੇਟਿਵ ਆਉਣ ਤੋਂ ਇਹ ਵੀ ਪਤਾ ਇਸ ਤੋਂ ਸਪੱਸ਼ਟ ਹੈ ਕਿ ਕੋਰੋਨਾ ਵਾਇਰਸ ਦਾ ਕਾਰਨ ਸਰਕਾਰਾਂ ਦੀ ਅਣਗਹਿਲੀ ਹੈ, ਨਾ ਕਿ ਪ੍ਰਵਾਸੀ ਪੰਜਾਬੀ ਜ਼ਿੰਮੇਵਾਰ ਹਨ।
ਜੇਕਰ (ਜਿਵੇਂ ਗਾਇਕ ਮੂਸੇਵਾਲ ਨੇ ਉਸ ਆਡੀਓ ਕਲਿੱਪ ਅੰਦਰ ਕਿਹਾ) ਇਹ ਮੰਨ ਵੀ ਲਈਏ, ਕਿ ਬਲਦੇਵ ਸਿੰਘ ਨੂੰ ਪਤਾ ਸੀ ਕਿ ਉਸਨੂੰ ਕੋਰੋਨਾ ਹੈ, ਕੀ ਇੱਕ 70 ਸਾਲ ਦਾ ਬਜ਼ੁਰਗ ਆਪਣੇ ਪੁੱਤ-ਪੋਤਿਆਂ ਨੂੰ ਜਾਣ ਬੁੱਝ ਕੇ ਬੀਮਾਰ ਕਰੇਗਾ? (ਕਈ ਪੜ੍ਹੇ-ਲਿਖੇ ਮੂਰਖ ਲੋਕ ਵੀ ਇਸ ਆਡੀਓ ਕਲਿੱਪ ਨੂੰ ਸਾਂਝੀ ਕਰਨ ਤੁਰ ਪਏ ਨੇ)। ਯਾਦ ਰਹੇ ਕਿ ਤਕਰੀਬਨ ਉਸਦਾ ਸਾਰਾ ਪਰਿਵਾਰ, ਸਣੇ ਇੱਕ ਦੋ ਸਾਲ ਦੇ ਬੱਚੇ ਨੂੰ ਕਰੋਨਾ ਹੋਇਆ ਨਿਕਲਿਆ ਹੈ। ਸੋਚ ਕੇ ਦੇਖੋ ਓਹਨਾਂ ਦੇ ਪਰਿਵਾਰ ਤੇ ਦਿਮਾਗੀ ਤੌਰ 'ਤੇ ਕੀ ਬੀਤ ਰਹੀ ਹੈ।  ਜਦ ਕਿ ਉਸ ਦੇ ਪਰਿਵਾਰ ਦੇ ਟੈਸਟ ਆਉਣੇ ਬਾਕੀ ਹਨ। 
ਪਿੰਡ ਪਠਲਾਵਾ ਦੇ ਗਿਆਨੀ ਬਲਦੇਵ ਸਿੰਘ ਵਿਰੁੱਧ ਹੋ ਰਹੇ ਭੰਡੀ ਪ੍ਰਚਾਰ ਤੋਂ ਪਿੰਡ ਵਾਸੀ ਤੰਗ ਆ ਚੁੱਕੇ ਹਨ। ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਇਕ ਵੀਡੀਓ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਗੀਤ ਦੇ ਗਾਇਕ ਸਿੱਧੂ ਮੂਸੇਵਾਲਾ ਖਿਲਾਫ਼ ਕਰਵਾਈ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਬਲਦੇਵ ਸਿੰਘ ਦੀ ਵਤਨ ਵਾਪਸੀ ਵੇਲੇ ਸਕਰੀਨਿੰਗ ਸਮੇਂ ਹੋਈ ਕੋਤਾਹੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ। 
ਪਿੰਡ ਦੇ ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਇਕ ਪਾਸੇ ਸਾਰਾ ਪਿੰਡ ਕਹਿਰ ਦੇ ਦੌਰ ਵਿਚੋਂ ਗੁਜਰ ਰਿਹਾ ਹੈ ਦੂਜੇ ਪਾਸੇ ਕੁਝ ਲੋਕ ਗੀਤਾਂ, ਚੁਟਕਲਿਆਂ ਰਾਹੀਂ ਘਟੀਆ ਮਾਨਸਿਕਤਾ ਦਾ ਸਬੂਤ ਦੇ ਰਹੇ ਹਨ। ਉਨ੍ਹਾਂ ਕਿਹਾ ਜੇਕਰ ਗਿਆਨੀ ਬਲਦੇਵ ਸਿੰਘ ਨੂੰ ਪਤਾ ਹੁੰਦਾ ਕਿ ਉਸ ਨੂੰ ਕੋਰੋਨਾ ਵਾਇਰਸ ਹੈ ਤਾਂ ਉਹ ਆਪਣੇ ਪੁੱਤਰ, ਪੋਤਿਆਂ, ਦੋਹਤਿਆਂ ਨੂੰ ਕਿਵੇਂ ਇਸ ਦੀ ਬਲੀ ਬਣਾਉਂਦਾ। ਉਨ੍ਹਾਂ ਕਿਹਾ ਉਹ ਇਲਾਜ ਲਈ ਥਾਂ-ਥਾਂ ਘੁੰਮਦਾ ਰਿਹਾ ਪਰ ਕਿਸੇ ਵੀ ਹਸਪਤਾਲ ਅਤੇ ਪ੍ਰਸ਼ਾਸਨ ਨੇ ਉਸ ਦਾ ਪਹਿਲਾਂ ਟੈਸਟ ਕਰਕੇ ਕਾਰਵਾਈ ਨਹੀਂ ਕੀਤੀ।
ਘਟੀਆ ਨਿਜਾਮ ਨੂੰ ਕੋਸਣ ਦੀ ਬਜਾਏ ਗਿਆਨੀ ਬਲਦੇਵ ਸਿੰਘ 'ਤੇ ਗੀਤ ਬਣਾ ਕੇ ਬੇਇਜ਼ਤੀ ਕੀਤੀ ਜਾ ਰਹੀ ਹੈ ਤੇ ਪ੍ਰਵਾਸੀ ਪੰਜਾਬੀ ਭਾਈਚਾਰੇ ਦਾ ਮਜ਼ਾਕ ਉਡਾਇਆ ਹੈ। ਗੁਰਚਰਨ ਸਿੰਘ ਦਾ ਪ੍ਰਤੀਕਰਮ ਸੀ ਕਿ ਬਲਦੇਵ ਸਿੰਘ ਦਾ ਪਿੰਡ ਪਠਲਾਵਾ ਸਮਾਜਿਕ ਮੌਤ ਝੱਲ ਰਿਹਾ ਹੈ ਅਤੇ ਲੋਕਾਂ ਨੂੰ ਸਹਿਮ ਵਿਚੋਂ ਕੱਢਣ ਦੀ ਥਾਂ ਸਰਕਾਰੀ ਡਾਕਟਰ ਖੁਦ ਪਿੰਡ ਦੇ ਲੋਕਾਂ ਨਾਲ ਅਛੂਤਾਂ ਵਾਲਾ ਵਿਵਹਾਰ ਕਰਨ ਲੱਗ ਪਏ ਹਨ। ਉਹ ਆਪਣੀ ਭੈਣ ਨੂੰ ਲੈ ਕੇ ਗਏ ਪ੍ਰੰਤੂ ਡਾਕਟਰਾਂ ਨੇ ਇੰਜ ਦਵਾਈ ਸੁੱਟੀ ਜਿਵੇਂ ਕੋਈ ਕੁੱਤੇ ਨੂੰ ਰੋਟੀ ਪਾਉਂਦਾ ਹੈ। 

ਵਿਦੇਸ਼ਾਂ ਤੋਂ ਆਏ ਵਿਅਕਤੀਆਂ ਦੀ ਸਖ਼ਤ ਨਿਗਰਾਨੀ ਦੇ ਨਿਰਦੇਸ਼
ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਸਾਰੇ ਸੂਬਿਆਂ ਨੂੰ ਕਿਹਾ ਹੈ ਕਿ ਲੌਕਡਾਊਨ ਤੋਂ ਪਹਿਲਾਂ ਵਿਦੇਸ਼ਾਂ ਤੋਂ ਆਏ ਵਿਅਕਤੀਆਂ ਦੀ ਫੌਰੀ ਤੌਰ 'ਤੇ ਸਖ਼ਤ ਨਿਗਰਾਨੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਿਗਰਾਨੀ ਵਿਚ ਰੱਖੇ ਗਏ ਅਤੇ ਵਿਦੇਸ਼ ਤੋਂ ਆਏ ਵਿਅਕਤੀਆਂ ਦੀ ਕੁੱਲ ਗਿਣਤੀ ਦਾ ਅੰਕੜਾ ਮੇਲ ਨਹੀਂ ਖਾ ਰਿਹਾ ਹੈ। ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖ ਕੇ ਗਾਬਾ ਨੇ ਕਿਹਾ ਹੈ ਕਿ ਕੌਮਾਂਤਰੀ ਮੁਸਾਫ਼ਰਾਂ ਦੀ ਨਿਗਰਾਨੀ ਵਿਚਕਾਰਲਾ ਫਰਕ ਕਰੋਨਾਵਾਇਰਸ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਸਕਦਾ ਹੈ।
ਉਨ੍ਹਾਂ ਮੁੱਖ ਸਕੱਤਰਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ ਵਿਦੇਸ਼ ਤੋਂ ਆਏ ਲੋਕਾਂ ਨੂੰ ਲੱਭਣ ਦੇ ਯਤਨਾਂ ਵਿਚ ਸ਼ਾਮਲ ਕਰਨ। ਪੰਚਾਇਤ ਵਿਭਾਗ ਦੇ ਡਾਇਰੈਕਟਰ ਡੀਪੀਐੱਸ ਖਰਬੰਦਾ ਨੇ ਦੱਸਿਆ ਕਿ ਪੰਚਾਇਤ ਵਿਭਾਗ ਵੱਲੋਂ 15 ਫਰਵਰੀ ਤੱਕ ਪਿੰਡਾਂ ਵਿੱਚ ਆਏ ਵਿਦੇਸ਼ੀਆਂ ਬਾਰੇ ਲਗਾਤਾਰ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। 
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਆਏ ਐਨਆਰਆਈਜ਼ ਨੂੰ ਸਖਤ ਚੇਤਾਵਨੀ ਦਿੱਤੀ ਹੈ। ਸੂਬਾ ਸਰਕਾਰ ਨੇ ਕਿਹਾ ਹੈ ਕਿ ਐਨਆਰਆਈ ਖੁਦ ਆਪਣੇ ਬਾਰੇ ਜਾਣਕਾਰੀ ਦੇਣ, ਨਹੀਂ ਤਾਂ ਉਨ੍ਹਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ। ਸਰਕਾਰ ਨੇ ਇਸ ਤੋਂ ਪਹਿਲਾਂ ਐਨਆਰਆਈਜ਼ ਬਾਰੇ ਪਿੰਡਾਂ ਦੇ ਸਰਪੰਚਾਂ ਤੋਂ ਜਾਣਕਾਰੀ ਮੰਗੀ ਸੀ। ਸੂਬਾ ਸਰਕਾਰ ਨੇ ਕਿਹਾ ਸੀ ਕਿ ਜਨਵਰੀ ਤੋਂ ਹੁਣ ਤੱਕ ਵਿਦੇਸ਼ਾਂ ਤੋਂ ਪਰਤੇ ਐਨਆਰਆਈਜ਼ ਨੂੰ ਤੁਰੰਤ ਆਪਣੀ ਜਾਣਕਾਰੀ ਪ੍ਰਸ਼ਾਸਨ ਨੂੰ ਦੇਣ ਲਈ ਕਿਹਾ ਸੀ, ਪਰ ਅਜੇ ਤੱਕ ਵੀ ਅਜਿਹਾ ਨਹੀਂ ਹੋਇਆ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਪਹਿਲਾਂ ਹੀ ਕਹਿ ਚੁਕੇ ਹਨ ਕਿ ਪੰਜਾਬ 'ਚ 90 ਹਜ਼ਾਰ ਐਨਆਰਆਈਜ਼ ਆ ਚੁੱਕੇ ਹਨ।