image caption:

ਵਹਿਮ-ਭਰਮਾਂ ਅਤੇ ਅੰਧ ਵਿਸ਼ਵਾਸਾਂ ਤੋਂ ਮੁਕਤ ਹੋਣ ਦੀ ਲੋੜ

ਭੁਪਿੰਦਰਵੀਰ ਸਿੰਘ
ਸਾਡੇ ਬ੍ਰਹਿਮੰਡ ਵਿਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਦੇ ਵਾਪਰਨ ਦੇ ਕਾਰਣਾਂ ਬਾਰੇ ਕਿਸੇ ਕੋਲ ਵੀ ਕੋਈ ਸੰਭਾਵਤ ਉੱਤਰ ਨਹੀਂ ਹੁੰਦਾ। ਪਰ 100 ਵਿੱਚੋਂ 70 ਤੋਂ ਜ਼ਿਆਦਾ ਅਜਿਹੀਆਂ ਘਟਨਾਵਾਂ ਪ੍ਰਤੀ ਜਨਮੇ ਪ੍ਰਸ਼ਨਾਂ ਦੇ ਦਰੁਸਤ ਉੱਤਰ ਦੇ ਕੇ ਸਾਇੰਸ ਨੇ ਹਮੇਸ਼ਾ ਆਪਣੀ ਤਰੱਕੀ ਦੀ ਮਿਸਾਲ ਪੇਸ਼ ਕੀਤੀ ਹੈ। ਅੱਜ ਵੀ ਜਦੋਂ ਕੋਈ ਵੱਖਰੀ ਕਿਸਮ ਦੀ ਘਟਨਾ ਇਨਸਾਨ ਨਾਲ ਵਾਪਰਦੀ ਤਾਂ ਕਿਤੇ ਨਾਂ ਕਿਤੇ 50 ਪ੍ਰਤੀਸ਼ਤ ਲੋਕਾਂ ਵਲੋਂ ਅਜਿਹੀਆਂ ਘਟਨਾਵਾਂ ਨੂੰ ਵਹਿਮਾਂ-ਭਰਮਾਂ ਜਾਂ ਅੰਧ ਵਿਸ਼ਵਾਸਾਂ ਨਾਲ ਜੋੜਕੇ ਉਨ੍ਹਾਂ ਦੇ ਹੱਲ ਖੋਜੇ ਜਾਂਦੇ ਹਨ, ਜਿਨ੍ਹਾਂ ਦੇ ਚਲਦਿਆਂ ਹੀ ਮਨੁੱਖ ਕਈ ਵਾਰ ਆਪਣਾ ਜਾਂ ਕਿਸੇ ਹੋਰ ਜੀਵ ਦਾ ਨੁਕਸਾਨ ਕਰਨੋਂ ਵੀ ਗੁਰੇਜ਼ ਨਹੀਂ ਕਰਦਾ। ਜੇ ਪੁਰਾਤਨ ਸਮੇਂ 'ਤੇ ਨਿਗਾਹ ਮਾਰੀ ਜਾਵੇ ਤਾਂ ਅਸੀਂ ਦੇਖਦੇ ਹਾਂ ਕਿ ਪੁਰਾਣੇ ਸਮਿਆਂ ਵਿਚ ਸਿੱਖਿਆ ਤੇ ਤਕਨਾਲੋਜੀ ਦੀ ਘਾਟ ਕਾਰਨ ਅੰਧ ਵਿਸ਼ਵਾਸ ਅਤੇ ਵਹਿਮ-ਭਰਮ, ਰੀਤੀ ਰਿਵਾਜ਼ ਜਾਂ ਜਾਦੂ ਟੂਣੇ ਸਿਖਰਾਂ 'ਤੇ ਸਨ ਪਰ ਬਦਲੇ ਸਮੇਂ ਨਾਲ ਅੱਜ ਵਿਗਿਆਨਕ ਯੁੱਗ ਕਾਰਨ ਮਨੁੱਖ ਬਹੁਤ ਸਾਰੇ ਪੁਰਾਤਨ ਵਹਿਮਾਂ ਭਰਮਾਂ ਅਤੇ ਲੋਕ ਵਿਸ਼ਵਾਸਾਂ ਤੋਂ ਮੁਕਤ ਹੋ ਚੁੱਕਾ ਹੈ। ਪਰ ਅੱਜ ਵੀ ਕਈ ਅਜਿਹੇ ਵਹਿਮ-ਭਰਮ ਜਾਂ ਅੰਧ ਵਿਸ਼ਵਾਸ ਹਨ ਜਿਨ੍ਹਾਂ ਦਾ ਪਿਛੋੜਕ ਸਾਡੇ ਸੱਭਿਆਚਾਰ ਵਿਚ ਆਪਣੀ ਅਜਿਹੀ ਥਾਂ ਕਾਇਮ ਕਰ ਚੁੱਕਾ ਹੈ ਜਿਸਦਾ ਪਰਛਾਵਾਂ ਅੱਜ ਵੀ ਸਾਡੀ ਜ਼ਿੰਦਗੀ ਦੇ ਧੁਰੇ ਦੁਆਲੇ ਘੁੰਮ ਰਿਹਾ ਹੈ, ਜੋ ਮਨੁੱਖ ਦੇ ਜੀਵਨ ਦੀ ਸਫਲਤਾਂ ਅਤੇ ਦੇਸ਼ ਦੀ ਵਿਕਾਸ਼ਸੀਲਤਾ ਲਈ ਵੱਡਾ ਅੜਿੱਕਾ ਸਾਬਤ ਹੋ ਰਹੇ ਹਨ। ਇਨ੍ਹਾਂ ਨੂੰ ਹੱਲ ਕਰਨਾ ਸਮੇਂ ਲਈ ਚੁਣੌਤੀ ਬਣਿਆ ਹੋਇਆ ਹੈ।
ਜੇ ਅੰਧ ਵਿਸ਼ਵਾਸਾਂ ਜਾਂ ਵਹਿਮਾਂ ਦੇ ਜ਼ਿਆਦਾ ਪ੍ਰਫੁਲਿਤ ਹੋਣ ਦਾ ਕਾਰਨ ਘੋਖੇ ਜਾਣ ਤਾਂ ਇਹ ਗੱਲ ਵੀ ਮੁੱਖ ਕਹੀ ਜਾ ਸਕਦੀ ਹੈ ਕਿ ਪੰਜਾਬ ਦੀ ਜ਼ਿਆਦਾਤਰ ਆਬਾਦੀ ਪਿੰਡਾਂ ਦੀ ਵਸਨੀਕ ਹੋਣ ਕਾਰਨ ਅਗਿਆਨਤਾ ਦੇ ਹਨ੍ਹੇਰੇ ਵਿਚ ਹੀ ਵਿਚਰਦੀ ਰਹੀ ਜਿਸ ਕਾਰਨ ਅੰਧ ਵਿਸ਼ਵਾਸਾਂ ਵਿਚ ਨਿਰੰਤਰ ਵਾਧਾ ਹੁੰਦਾ ਗਿਆ। ਅੱਜ ਦੇ ਸਮੇਂ ਵਿਚ ਵੀ ਕਈ ਵਹਿਮਾਂ ਭਰਮਾਂ ਦੀ ਕਿਤੇ ਨਾ ਕਿਤੇ ਹਰ ਮਨੁੱਖ ਦੇ ਜੀਵਨ ਵਿਚ ਛਾਪ ਮਿਲ ਹੀ ਜਾਂਦੀ ਹੈ। ਵਿਆਹ ਅਤੇ ਮਰਨ ਸਮੇਂ ਦੇ ਰੀਤੀ-ਰਿਵਾਜ, ਜਾਦੂ-ਟੂਣੇ, ਵਰਤ, ਦਿਨਾਂ ਦੇ ਅੰਧ ਵਿਸ਼ਵਾਸ ਇਨ੍ਹਾਂ ਤੋਂ ਇਲਾਵਾਂ ਹੋਰ ਵੀ ਬਹੁਤੇ ਅਜਿਹੇ ਟੋਟਕੇ ਹਨ ਜੋ ਅੱਜ ਦੇ ਅਤਿ ਆਧੁਨਿਕ ਯੁੱਗ ਵਿਚ ਵੀ ਆਪਣੀ ਚਰਮ ਸੀਮਾ 'ਤੇ ਹਨ। ਦੂਸਰੇ ਪੱਖ ਤੋਂ ਵਰਦਾਨ ਮੰਨੀ ਜਾਂਦੀ ਤਕਨਾਲੋਜੀ ਵੀ ਕਿਸੇ ਹੱਦ ਤੱਕ ਇਨ੍ਹਾਂ ਵਹਿਮਾਂ ਭਰਮਾਂ ਨੂੰ ਪ੍ਰਚਾਰਨ ਵਿਚ ਲੱਗੀ ਹੋਈ ਹੈ। ਟੀ.ਵੀ 'ਤੇ ਇੱਕ ਤਰਫ ਡਿਸਕਵਰੀ ਸਾਇੰਸ ਜਿਹੇ ਚੈਨਲਾਂ ਤੇ ਹਰ ਗੱਲ ਤੇ ਤਰਕ ਕਰਕੇ ਉਸਦੀ ਹੋਂਦ ਦਾ ਸਹੀ ਕਾਰਨ ਸਾਹਮਣੇ ਲਿਆਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਉਹੀ ਦੂਜੀ ਤਰਫ ਕਿਸੇ ਹੋਰ ਟੀ.ਵੀ ਚੈਨਲ ਤੇ ਸਾਰਾ ਦਿਨ ਅੰਧ ਵਿਸ਼ਵਾਸਾਂ, ਤਾਰਾ ਮੰਡਲ ਤੇ ਗ੍ਰਹਿਆਂ ਨਾਲ ਸੰਬੰਧਤ ਵਹਿਮਾਂ ਭਰਮਾਂ ਦੀਆਂ ਕ੍ਰੋਪੀਆਂ ਤੋਂ ਬਚਣ ਦੇ ਉਪਾਅ ਅਤੇ ਰਾਸ਼ੀਫਲ ਆਦਿ ਦੱਸ ਕੇ ਲੋਕਾਂ ਨੂੰ ਅੰਧ ਵਿਸ਼ਵਾਸ ਵਿਚ ਧਕੇਲਿਆ ਜਾ ਰਿਹਾ ਹੈ।

ਦਿਨ ਅਤੇ ਜਾਨਵਰ ਵੀ ਹਨ ਕਬਜ਼ੇ ਹੇਠ
ਜੇ ਦਿਨਾਂ ਦੇ ਵਹਿਮਾਂ-ਭਰਮਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਬਹੁਤ ਲੋਕਾਂ ਦੇ ਜੀਵਨ ਦਾ ਅੰਗ ਬਣ ਚੁੱਕੇ ਹਨ। ਵਹਿਮੀ ਲੋਕਾਂ ਦਾ ਮੰਨਣਾ ਹੈ ਕਿ ਵੀਰਵਾਰ ਨੂੰ ਸਿਰ ਨਹਾਉਣਾ ਜਾਂ ਸਨਿੱਚਰਵਾਰ ਮਨੁੱਖ ਲਈ ਠੀਕ ਨਹੀਂ ਹੁੰਦਾ। ਸੂਰਜ ਅਤੇ ਚੰਨ ਗ੍ਰਹਿਣ ਵਾਲੇ ਦਿਨ ਬਹੁਤ ਕੰਮਾਂ ਤੋਂ ਵਰਜਿਆ ਜਾਂਦਾ ਹੈ। ਇਸ ਤੋਂ ਇਲਾਵਾ ਜਿਵੇਂ : ਬੁੱਧ ਕੰਮ ਸ਼ੁੱਧ, ਮੰਗਲ ਬੁੱਧ ਨਾ ਜਾਈਏ ਪਹਾੜ, ਜਿੱਤੀ ਬਾਜ਼ੀ ਆਈਏ ਹਾਰ, ਬੁੱਧ ਸ਼ਨੀ ਕੱਪੜਾ, ਗਹਿਣਾ ਐਤਵਾਰ। 
ਬੁੱਧਵਾਰ ਨੂੰ ਕਿਸੇ ਕੰਮ ਦੀ ਸ਼ੁਰੂਆਤ ਲਈ ਚੰਗਾ ਗਿਣਿਆ ਜਾਂਦਾ ਹੈ। ਮੰਗਲਵਾਰ ਅਤੇ ਬੁੱਧਵਾਰ ਪਹਾੜੀ ਖੇਤਰ ਵਿਚ ਜਾਣਾ ਅਤੇ ਯੁੱਧ ਤੇ ਜਾਣਾ ਅਸ਼ੁਭ ਮੰਨਿਆ ਜਾਂਦਾ ਹੈ। ਇਵੇਂ ਹੀ ਬੁੱਧਵਾਰ ਅਤੇ ਸ਼ਨਿੱਚਰਵਾਰ ਕੱਪੜਾ ਪਾਉਣਾ ਅਤੇ ਐਤਵਾਰ ਨੂੰ ਗਹਿਣਾ ਪਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਹੋਰ ਸਭ ਦਿਨਾਂ ਦੇ ਵੀ ਵੱਖਰੇ ਵੱਖਰੇ ਵਹਿਮ ਭਰਮ ਅੱਜ ਮੌਜੂਦ ਹਨ, ਜਿਨ੍ਹਾਂ ਦੀ ਕ੍ਰਮਵਾਰ ਲੋਕਾਂ ਵਲੋਂ ਮਾਨਤਾ ਕੀਤੀ ਜਾ ਰਹੀ ਹੈ। ਆਕਾਸ਼ ਵਿਚ ਤਾਰਾ ਟੁੱਟਣ ਸਮੇਂ ਇੱਛਾ ਪੂਰੀ ਹੋਣ ਦਾ ਭਰਮ, ਗ੍ਰਹਿਆਂ ਦੀਆਂ ਕਰੋਪੀਆਂ ਤੋਂ ਇਲਾਵਾਂ ਦੇਵੀ ਦੇਵਤਿਆਂ ਦੀ ਪੂਜਾ ਵਿਚ ਹੋਈ ਗਲਤੀ ਕਾਰਨ ਆਏ ਪ੍ਰਕੋਪ ਜਿਹੇ ਵਹਿਮ ਪੰਜਾਬ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਅਜਿਹੇ ਵਹਿਮਾਂ ਭਰਮਾਂ ਵਿਚ ਜਾਨਵਰਾਂ ਨਾਲ ਸੰਬੰਧਤ ਵੀ ਬਹੁਤ ਸਾਰੇ ਵਹਿਮ ਭਰਮ ਲੋਕਾਂ ਵਿਚ ਮੌਜੂਦ ਹਨ। ਕਾਲੀ ਬਿੱਲੀ ਦਾ ਰਸਤਾ ਕੱਟਣਾ, ਉੱਲੂ ਬੋਲਣਾ, ਸਾਨ੍ਹ ਦਾ ਰਸਤੇ ਵਿੱਚ ਮਿਲਣਾ, ਬਿੱਲੀਆਂ ਦਾ ਲੜਨਾ ਆਦਿ। ਪਿੰਡਾਂ ਵਿਚ ਤਾਂ ਅੱਜ ਵੀ ਵਹਿਮ ਭਰਮ ਲਗਭਗ 70 ਪ੍ਰਤੀਸ਼ਤ ਘਰਾਂ ਵਿਚ ਜਨਮ ਸਮੇਂ ਤੋਂ ਲੈ ਕੇ ਮਰਨ ਸਮੇਂ ਤੱਕ ਚਲਦੇ ਹਨ।
ਜੇ ਲੋਕ ਵਿਸ਼ਵਾਸਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਵਹਿਮ-ਭਰਮ ਦਾ ਹੀ ਇੱਕ ਅੰਗ ਹਨ। ਕੁਝ ਵਹਿਮ ਭਰਮ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦੇ ਗਏ ਜਿਸ ਕਾਰਨ ਉਨ੍ਹਾਂ ਵਿਚ ਤਰਕ ਖਤਮ ਹੋ ਗਿਆ ਅਤੇ ਆਦਰਸ਼ ਭਰ ਗਏ। ਉਹੀ ਅੱਗੇ ਜਾਕੇ ਵਿਸ਼ਵਾਸ ਦਾ ਰੂਪ ਧਾਰਨ ਕਰ ਗਏ। ਪਰ ਲੋਕ ਵਿਸ਼ਵਾਸਾਂ ਦੇ ਪੈਦਾ ਹੋਣ ਬਾਰੇ ਸਭ ਦੇ ਵੱਖੋ-ਵੱਖਰੇ ਖਿਆਲ ਹਨ। ਵਹਿਮ ਭਰਮ ਦੇ ਅਨੁਸਾਰ ਨਾ ਚੱਲਣ ਕਾਰਨ ਆਈਆਂ ਕ੍ਰੋਪੀਆਂ ਦੀ ਤੁਲਨਾ ਵਿਚ ਲੋਕਾਂ ਵਿਚ ਲੋਕ-ਵਿਸ਼ਵਾਸਾਂ ਦੇ ਵਿਰੁੱਧ ਚੱਲਣ ਕਾਰਨ ਆਏ ਦੁੱਖਾਂ ਨੂੰ ਜ਼ਿਆਦਾ ਮਾਨਤਾ ਦਿੱਤੀ ਜਾਂਦੀ ਹੈ ਅਤੇ ਗੰਭੀਰਤਾ ਨਾਲ ਲਿਆ ਜਾਂਦਾ ਹੈ। ਜਿਸ ਤਰ੍ਹਾਂ ਸੂਰਜ ਤੇ ਚੰਨ ਨੂੰ ਪਾਣੀ ਦੇਣਾ ਜਾਂ ਉਸਦੀ ਪੂਜਾ ਕਰਨੀ, ਏਕਮ ਤੋਂ ਲੈਕੇ ਦਸਮੀ ਤੱਕ ਦੇ ਲੋਕ ਵਿਸ਼ਵਾਸ, ਤੁਲਸੀ ਜਾਂ ਤ੍ਰਿਵੈਣੀ ਦੀ ਪੂਜਾ ਕਰਨੀ, ਮੰਗਲੀਕਾਂ ਦਾ ਦਰਖਤਾਂ ਜਾਂ ਜਾਨਵਰਾਂ ਨਾਲ ਵਿਆਹ ਕਰਕੇ ਮੰਗਲ ਦੀ ਕ੍ਰੋਪੀ ਠੀਕ ਕਰਨੀ।
ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਜਾਦੂ ਟੂਣਿਆਂ ਵਿਚ ਵੀ ਲੋਕਾਂ ਦਾ ਯਕੀਨ ਹੈ। ਮੰਤਰਾਂ ਦਾ ਕਾਗਜ਼ ਦੇ ਟੁਕੜਿਆਂ 'ਤੇ ਲਿਖ ਕੇ ਪੀਣ ਨਾਲ ਰੋਗਾਂ ਦਾ ਨਿਪਟਾਰਾ ਹੋਣਾ ਵੀ ਬਹੁਤ ਵੱਡਾ ਅੰਧ ਵਿਸ਼ਵਾਸ ਬਣ ਚੁੱਕਾ ਹੈ ਪਰ ਅਸਲ ਵਿੱਚ ਉਹ ਕਾਗਜ਼ ਬਿਮਾਰੀ ਵਾਲੇ ਕੀਟਾਣੂ ਅੰਦਰ ਲੈਕੇ ਜਾਣ ਦਾ ਹੀ ਕੰਮ ਕਰਦਾ ਹੈ ਜੋਕਿ ਬਾਅਦ ਵਿਚ ਸਰੀਰ ਲਈ ਨੁਕਸਾਨਦਾਇਕ ਸਿੱਧ ਹੁੰਦੇ ਹਨ। ਇਸ ਤੋਂ ਬਿਨਾਂ ਮੰਤਰਾਂ ਰਾਹੀਂ ਕਿਸੇ ਦਾ ਨੁਕਸਾਨ ਕਰਨਾ, ਕਿਸੇ ਨੂੰ ਆਪਣੇ ਵੱਸ ਵਿਚ ਕਰਨਾ, ਕਿਸੇ ਨੂੰ ਖੁਸ਼ੀ ਦੇਣੀ, ਸਵੈ ਇੱਛਾ ਦੀ ਪੂਰਤੀ ਲਈ ਵੀ ਮੰਤਰਾਂ ਦੀ ਵਰਤੋਂ ਕਰਨੀ, ਖਾਲੀ ਭਾਂਡਾ ਨਾ ਮੋੜਨਾ, ਤਾਵੀਜ਼ਾਂ ਦਾ ਸਰੀਰ ਦੇ ਅੰਗਾਂ ਤੇ ਬੰਨ੍ਹਣਾ, ਕਾਲੇ ਜਾਂ ਚਿੱਟੇ ਜਾਦੂ ਰਾਹੀਂ ਕਿਸੇ ਦਾ ਨੁਕਸਾਨ ਕਰਨਾ, ਆਪਣੇ ਲਾਭ ਲਈ ਸੰਧੂਰ, ਨਾਰੀਅਲ ਅਤੇ ਹੋਰ ਸਮੱਗਰੀ ਦਾ ਚੁਰਸਤਿਆਂ ਵਿਚ ਰੱਖਣਾ। ਇਨ੍ਹਾਂ ਦੇ ਨਾਲ ਹੀ ਹੋਰ ਅਪਸ਼ਗਨ ਤੇ ਸ਼ੁਭ ਸ਼ਗਨਾਂ ਦੇ ਅੰਧ ਵਿਸ਼ਵਾਸ ਵੀ ਲੋਕਾਂ ਵਿਚ ਮੌਜੂਦ ਹਨ।
ਇਨ੍ਹਾਂ ਤੋਂ ਇਲਾਵਾ ਜੇ ਕੁੱਝ ਖਤਰਨਾਕ ਕਿਸਮ ਦੇ ਲੋਕ ਵਿਸ਼ਵਾਸਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਅਜਿਹੇ ਲੋਕ ਵੀ ਮੌਜੂਦ ਹਨ ਜੋਕਿ ਕਿਸੇ ਮਨੁੱਖ ਦੀ ਬਲੀ ਜਾਂ ਜਾਨਵਰਾਂ ਦੀਆਂ ਬਲੀਆਂ ਨਾਲ ਸੰਬੰਧ ਰੱਖਦੇ ਹਨ। ਆਪਣੇ ਸਵਾਰਥ ਲਈ ਅੱਜ ਲੋਕਾਂ ਵਲੋਂ ਜਾਨਵਰਾਂ ਦੀਆਂ ਬਲੀਆਂ ਦੇਣਾ ਆਮ ਗੱਲ ਬਣ ਗਈ ਹੈ। ਭਾਰਤ ਦੇ ਕਈ ਅਜਿਹੇ ਰਾਜ ਵੀ ਹਨ ਜਿਨ੍ਹਾਂ ਵਿਚ ਅਗਿਆਨਤਾ ਕਾਰਨ ਮਨੁੱਖੀ ਬਲੀ ਦੀਆਂ ਦਿਲ ਦਹਿਲਾਊ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ, ਜਿਨ੍ਹਾਂ ਤੋਂ ਬਾਅਦ ਅਜਿਹੇ ਅਪਰਾਧੀਆਂ ਨੂੰ ਸਜ਼ਾਵਾਂ ਵੀ ਹੋਈਆਂ ਹਨ ਅਤੇ ਇਸ ਗੈਰ ਮਨੁੱਖੀ ਵਤੀਰੇ ਲਈ ਸਖਤ ਤੇ ਨਵੇਂ ਕਾਨੂੰਨ ਵੀ ਲਾਗੂ ਹੋਏ ਹਨ। ਖਵਾਜ਼ੇ ਨੂੰ ਪੀਰ ਮੰਨਕੇ ਪੂਜਾ ਕਰਨੀ, ਮੇਲਿਆਂ ਵਿਚ ਜਾਣਾ, ਬੁੱਤ ਪੂਜਾ, ਮੂਰਤੀ ਪੂਜਾ, ਜਠੇਰਿਆਂ ਦੀ ਰੋਟੀ ਖਵਾਉਣੀ, ਦੇਵੀ ਦੇਵਤਿਆਂ ਦੇ ਅਸਥਾਨਾਂ 'ਤੇ ਸ਼ਰਾਬ ਦਾ ਚੜ੍ਹਾਉਣਾ, ਪਿਤਰਾਂ ਤੇ ਮੜ੍ਹੀਆਂ ਨੂੰ ਪੂਜਣ ਤੋਂ ਇਲਾਵਾ ਹੋਰ ਵੀ ਬਹੁਤ ਅਜਿਹੇ ਕਰਮ ਕਾਂਡ ਹਨ ਜੋ ਅੱਜ ਦੇ ਵਿਗਿਆਨਕ ਯੁੱਗ ਵਿਚ ਸਾਡੀ ਮਾਨਸਿਕਤਾ ਦੀ ਭਟਕੀ ਹੋਈ ਤਸਵੀਰ ਪੇਸ਼ ਕਰਦੇ ਹਨ।
ਜਿਵੇਂ ਜਿਵੇਂ ਇਨਸਾਨ ਤਰੱਕੀ ਕਰਕੇ ਅੱਗੇ ਕਦਮ ਵਧਾ ਰਿਹਾ ਹੈ, ਉਵੇਂ ਉਵੇਂ ਅਜਿਹੇ ਵਹਿਮਾਂ ਭਰਮਾਂ ਨੂੰ ਪੌੜੀ ਬਣਾਕੇ ਪੈਸਾ ਕਮਾਉਣ ਵਾਲੇ ਲਾਲਚੀ ਲੋਕ ਵੀ ਆਮ ਲੋਕਾਂ ਨੂੰ ਭਰਮਾਉਣ ਲਈ ਨਵੇਂ ਨਵੇਂ ਤਰੀਕੇ ਲੱਭਕੇ ਆਪਣਾ ਕਾਰੋਬਾਰ ਵਧਾ ਰਹੇ ਹਨ। ਪਹਿਲਾਂ ਤਾਂ ਸੜਕਾਂ ਕਿਨਾਰੇ ਜਾਂ ਪਿੰਡਾਂ ਵਿਚ ਜਾਂ ਹੋਰ ਜਨਤਕ ਥਾਵਾਂ 'ਤੇ ਅਜਿਹੇ ਲੋਕਾਂ ਦੇ ਡੇਰੇ ਹੁੰਦੇ ਸਨ, ਇਨ੍ਹਾਂ ਵੱਲੋਂ ਆਮ ਦੁੱਖਾਂ ਤਕਲੀਫਾਂ ਨੂੰ ਵਹਿਮਾਂ-ਭਰਮਾਂ ਜਾਂ ਅੰਧ ਵਿਸ਼ਵਾਸਾਂ ਨਾਲ ਨਾਲ ਜੋੜਕੇ ਸਮੱਸਿਆਵਾਂ ਜਾਂ ਦੁੱਖ ਤੋਂ ਛੁਟਕਾਰਾ ਪਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅੱਜ ਕੱਲ ਅਜਿਹੇ ਢੋਂਗੀਆਂ ਨੇ ਵਾਤਾਅਨਕੂਲ ਦਫਤਰ ਬਣਾ ਲਏ ਹਨ ਜਿਨ੍ਹਾਂ ਵਿਚ ਲੋਕਾਂ ਤੋਂ ਮੋਟੀ ਫੀਸ ਲੈਕੇ ਉਨ੍ਹਾਂ ਦੇ ਦੁੱਖਾਂ ਦਾ ਨਿਪਟਾਰਾ ਕਰਨ ਦੇ ਫੋਕੇ ਦਾਅਵੇ ਕੀਤੇ ਜਾਂਦੇ ਹਨ। ਅਜਿਹੇ ਆਪੇ ਬਣੇ ਰਹਿਬਰਾਂ ਦੇ ਦਫ਼ਤਰਾਂ ਵਿਚ ਲੱਗੀਆਂ ਲੋਕਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਅਤੇ ਵਾਰੀ ਲਈ ਉਡੀਕ ਘਰਾਂ ਵਿਚ ਬੈਠੇ ਇਕੱਠਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਿਗਿਆਨ ਅੰਧ ਵਿਸ਼ਵਾਸ ਨੂੰ ਘਟਾਉਣ ਵਿਚ ਕਿੰਨੀ ਕੁ ਸਹਾਈ ਹੋ ਸਕਿਆ ਹੈ। ਕਈ ਢੋਂਗੀ ਸੜਕ ਦੇ ਕਿਨਾਰੇ ਆਸਣ ਲਾ ਕੇ ਸਿਰਫ 50 ਰੁਪਏ ਲੈਕੇ ਮਨੁੱਖ ਵੱਲ ਕ੍ਰੋਪੀ ਲੈ ਕੇ ਆ ਰਹੇ ਜਾਂ ਕੰਮ-ਕਾਰਾਂ ਵਿਚ ਅੜਚਣ ਬਣ ਰਹੇ ਮੰਗਲ, ਸ਼ਨੀ ਜਿਹੇ ਗ੍ਰਹਿਆਂ ਦੀ ਗੱਲੀਂਬਾਤੀਂ ਦਿਸ਼ਾ ਬਦਲਣ ਦੇ ਦਾਅਵੇ ਕਰਦੇ ਹਨ।
ਜੇਕਰ ਅਜਿਹੇ ਵਹਿਮ-ਭਰਮ ਜਾਂ ਅੰਧ ਵਿਸ਼ਵਾਸ ਸਾਡੇ ਦੇਸ਼ ਵਿੱਚੋਂ ਖਤਮ ਨਾ ਹੋਏ ਤਾਂ ਸਾਡਾ ਦੇਸ਼ ਕਦੀ ਵੀ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਵਿਚ ਉੱਪਰ ਨਹੀਂ ਜਾ ਸਕਦਾ। ਇਨ੍ਹਾਂ ਨੂੰ ਖਤਮ ਕਰਨ ਦਾ ਇੱਕੋ ਇੱਕ ਤਰੀਕਾ ਇਹ ਹੈ ਸਾਨੂੰ ਸਭ ਨੂੰ ਆਪਣੀ ਸੋਚ ਬਦਲਣੀ ਹੋਵੇਗੀ। ਦੁੱਖ ਸੁੱਖ ਨੂੰ ਜ਼ਿੰਦਗੀ ਦਾ ਹਿੱਸਾ ਮੰਨ ਕੇ ਸਵੀਕਾਰਨਾ ਪਵੇਗਾ। ਪੈਸੇ ਦੇ ਲੋਭ ਨੂੰ ਤਿਆਗ ਕੇ ਦੂਜਿਆਂ ਦੀ ਭਲਾਈ ਲਈ ਕੰਮ ਕਰਨ ਨੂੰ ਪਹਿਲ ਦੇਣੀ ਪਵੇਗੀ। ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ ਤਾਂ ਹੀ ਅਸੀਂ ਆਪਣੀ ਮਾਨਸਿਕਤਾ ਦਾ ਅਹਿਮ ਅੰਗ ਬਣ ਗਏ ਰੀਤੀ-ਰਿਵਾਜ਼, ਵਹਿਮ-ਭਰਮ ਅਤੇ ਲੋਕ ਵਿਸ਼ਵਾਸਾਂ ਤੋਂ ਨਿਜਾਤ ਪਾਕੇ ਸਫਲ ਹੋ ਸਕਦੇ ਹਾਂ।