image caption:

ਪੰਥ ਦੀ ਚੜ੍ਹਦੀ ਕਲਾ ਲਈ ਸ਼੍ਰੋਮਣੀ ਕਮੇਟੀ ਨੂੰ ਭੂਮਿਕਾ ਨਿਭਾਉਣ ਦੀ ਲੋੜ

ਧਰਮ ਤੇ ਵਿਰਸਾ
ਪ੍ਰੋ. ਕੁਲਵੰਤ ਸਿੰਘ

ਗੁਰਦੁਆਰਾ ਸੰਸਥਾ ਦਾ ਮੁੱਖ ਉਦੇਸ਼, ਕਾਰਜ ਤੇ ਗਤੀਵਿਧੀ ਗੁਰਬਾਣੀ ਤੇ ਸਿੱਖ ਗੁਰੂ ਸਾਹਿਬਾਨ ਦੇ ਉਪਦੇਸ਼ ਦਾ ਪ੍ਰਚਾਰ ਕਰਨਾ ਹੈ। ਗੁਰਦੁਆਰਾ ਸਿੱਖ ਧਰਮ ਦੇ ਆਰੰਭ ਤੋਂ ਲੈ ਕੇ ਹੁਣ ਤਕ ਲਗਾਤਾਰ ਇਹ ਕਾਰਜ ਕਰਦਾ ਆ ਰਿਹਾ ਹੈ। ਸਿੱਖੀ ਪ੍ਰਚਾਰ ਤੇ ਗੁਰਬਾਣੀ ਵਿਆਖਿਆਕਾਰੀ ਦਾ ਇੱਕ ਬਹੁਤ ਲੰਬਾ ਇਤਿਹਾਸ ਹੈ। ਪੁਰਾਤਨ ਸਮਿਆਂ ਵਿੱਚ ਗੁਰੂ ਸਾਹਿਬਾਨ ਤੋਂ ਲੈ ਕੇ ਭਾਈ ਗੁਰਦਾਸ, ਬਾਬਾ ਬੁੱਢਾ ਜੀ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਨਿਰਮਲੇ ਸਾਧੂਆਂ ਸਮੇਤ ਗੁਰਦੁਆਰਾ ਸਟੇਜ ਤੋਂ ਨਿਰੰਤਰ ਸਿੱਖੀ ਪ੍ਰਚਾਰ ਦੀ ਰੀਤ ਚਲਦੀ ਆ ਰਹੀ ਹੈ। ਭਾਵੇਂ ਇਹ ਰੀਤ ਅਜੇ ਵੀ ਮੌਜੂਦ ਹੈ ਤੇ ਹਰ ਛੋਟੇ ਵੱਡੇ ਗੁਰਦੁਆਰੇ ਵਿੱਚੋਂ ਸਿੱਖੀ ਪ੍ਰਚਾਰ ਹੋ ਰਿਹਾ ਹੈ ਪਰ ਇਸ ਦੀ ਗੁਣਵੱਤਾ ਤੇ ਮਿਆਰ ਵਿੱਚ ਲਗਾਤਾਰ ਵਿਗਾੜ ਪੈਂਦੇ ਨਜ਼ਰ ਆ ਰਹੇ ਹਨ। ਇਸ ਦੇ ਦੋ ਕਾਰਨ ਹਨ। ਇੱਕ ਤਾਂ ਚੰਗੇ ਗੁਰਬਾਣੀ ਗਿਆਨ, ਸਿੱਖ ਫ਼ਲਸਫ਼ੇ, ਸਿੱਖ ਇਤਿਹਾਸ ਵਿੱਚ ਕੁਸ਼ਲ ਤੇ ਨਿਪੁੰਨ ਪ੍ਰਚਾਰਕਾਂ ਦੀ ਘਾਟ ਹੈ ਤੇ ਅਜਿਹੇ ਪ੍ਰਚਾਰਕਾਂ ਨੂੰ ਯੋਗ ਸਿਖਲਾਈ ਦੇਣ ਵਾਲੀ ਕਿਸੇ ਪ੍ਰਮਾਣਿਕ ਸਿੱਖ ਸੰਸਥਾ ਜਾਂ ਸੰਸਥਾਵਾਂ ਦੀ ਘਾਟ ਹੈ। ਦੂਜਾ, ਆਧੁਨਿਕ ਸਮੇਂ ਵਿੱਚ ਸਮੁੱਚੀ ਸਿੱਖ ਸੰਗਤ ਦੇ ਤਕਰੀਬਨ ਅੱਧੇ ਹਿੱਸੇ ਦੀ ਮਾਨਸਿਕ, ਬੌਧਿਕ ਵਿਕਾਸ ਤੇ ਆਧੁਨਿਕ ਜੀਵਨਸ਼ੈਲੀ ਕਾਰਨ ਉਸ ਦੀ ਪੁਰਾਤਨ ਪ੍ਰਚਾਰਕ ਵਿਧੀ ਨਾਲ ਅਸੰਗਤੀ ਤੇ ਦਿਮਾਗੀ ਤਾਲਮੇਲ ਦੀ ਘਾਟ ਹੈ ਜਦੋਂਕਿ ਬਹੁ ਗਿਣਤੀ ਸਿੱਖ ਪ੍ਰਚਾਰਕਾਂ, ਸਮੇਤ ਸ਼੍ਰੋਮਣੀ ਕਮੇਟੀ ਦੇ ਪਰਚਾਰਕਾਂ ਦੇ ਪ੍ਰਚਾਰ ਵਿਧੀ, ਭਾਸ਼ਾ ਸ਼ੈਲੀ ਤੇ ਪ੍ਰਚਾਰਣ ਸਮੱਗਰੀ ਪੁਰਾਤਨ, ਰਸਮੀ ਤੇ ਰਵਾਇਤੀ ਹੈ, ਉਥੇ ਚਾਲੀ ਸਾਲਾਂ ਤੋਂ ਘੱਟ ਉਮਰ ਦੀ ਪੜ੍ਹੀ-ਲਿਖੀ ਤਕਰੀਬਨ ਅੱਧੀ ਸਿੱਖ ਸੰਗਤ ਇਸ ਤਰ੍ਹਾਂ ਦੇ ਪ੍ਰਚਾਰ ਵਿੱਚ ਜਾਂ ਤਾਂ ਰੁਚੀ ਹੀ ਨਹੀਂ ਲੈਂਦੀ ਜਾਂ ਪੂਰੀ ਸ਼ਰਧਾ ਤੇ ਇਕਾਗਰ ਚਿੱਤ ਹੋ ਕੇ ਅਜਿਹੇ ਪ੍ਰਚਾਰ ਨੂੰ ਸੁਣਦੀ ਹੀ ਨਹੀਂ ਤੇ ਜਾਂ ਉਸ ਪ੍ਰਚਾਰ ਦਾ ਅਸਰ ਨਹੀਂ ਕਬੂਲਦੀ। ਸਿੱਖ ਸੰਗਤ ਦਾ ਇਹ ਹਿੱਸਾ ਸਿੱਖੀ ਪ੍ਰਚਾਰ ਲਈ ਪੰਜਾਬੀ ਭਾਸ਼ਾ ਦੇ ਨਾਲ ਨਾਲ ਢੁਕਵੇਂ ਅੰਗਰੇਜ਼ੀ ਭਾਸ਼ਾ ਦੇ ਪ੍ਰਚੱਲਿਤ ਸ਼ਬਦਾਂ ਤੇ ਆਧੁਨਿਕ ਤਕਨਾਲੋਜੀ ਦੇ ਸਾਰੇ ਮਾਧਿਅਮਾਂ ਦੀ ਵਰਤੋਂ ਕਰਨ ਦਾ ਹਾਮੀ ਹੈ। ਇਸ ਅਸੰਗਤੀ ਤੇ ਘਾਟ ਨੂੰ ਪੂਰਾ ਕਰਨ ਲਈ ਕੁਝ ਠੋਸ ਉਪਰਾਲੇ ਕਰਨ ਦੀ ਲੋੜ ਹੈ।
ਇਸ ਲਈ ਸਿੱਖੀ ਪ੍ਰਚਾਰ ਲਈ ਆਧੁਨਿਕ ਸੋਸ਼ਲ ਮੀਡੀਆ ਤੇ ਇਲੈਕਟ੍ਰੌਨਿਕ ਮੀਡੀਆ ਦੀ ਯੋਗ ਵਰਤੋਂ ਕਰਨੀ ਬਣਦੀ ਹੈ। ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਤੇ ਪ੍ਰਚਾਰਕ ਪੜ੍ਹੇ-ਲਿਖੇ, ਸਿੱਖੀ ਗੁਰਮਤਿ ਗਿਆਨ ਵਿੱਚ ਨਿਪੁੰਨ ਤੇ ਗੁਰਬਾਣੀ ਉਚਾਰਨ ਤੇ ਮੁਹਾਰਤ ਰੱਖਣ ਵਾਲੇ ਸਹੀ ਅਰਥਾਂ ਦੇ ਜਾਣੂ, ਦੋ-ਤ੍ਰੈ ਭਾਸ਼ੀਏ ਤੇ ਸਪੱਸ਼ਟ ਵਕਤਾ ਹੋਣੇ ਚਾਹੀਦੇ ਹਨ। ਚੰਗਾ ਹੋਵੇ ਜੇ ਸਿੱਖ ਪ੍ਰਚਾਰਕ ਪੰਜਾਬ ਦੀਆਂ ਦੋ ਪ੍ਰਮੁੱਖ ਯੂਨੀਵਰਸਿਟੀਆਂ ਜਾਂ ਧਾਰਮਿਕ ਗਿਆਨ ਦੇਣ ਵਾਲੀਆਂ ਸੰਸਥਾਵਾਂ ਤੋਂ ਡਿਗਰੀ ਹੋਲਡਰ ਹੋਣ। ਘੱਟ ਤੋਂ ਘੱਟ, ਹਰ ਗ੍ਰੰਥੀ ਸਿੱਖ ਜਾਂ ਪ੍ਰਚਾਰਕ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਤੇ ਬਾਕੀ ਯੋਗ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਸਿੱੱਖ ਧਰਮ, ਸਿੱਖ ਇਤਿਹਾਸ ਤੇ ਸਿੱਖ ਫ਼ਲਸਫ਼ੇ ਤੇ ਗੁਰਮਤਿ ਸਾਹਿਤ ਦਾ ਸੰਗ੍ਰਹਿ ਉਪਲਬਧ ਕਰਾਇਆ ਜਾਣਾ ਚਾਹੀਦਾ ਹੈ ਜਿਸ ਨੂੰ ਪੜ੍ਹ ਕੇ ਤੇ ਵਿਚਾਰ ਕੇ ਉਹ ਸਹੀ ਸਿੱਖੀ ਪ੍ਰਚਾਰ ਕਰ ਸਕਣ। ਗ੍ਰੰਥੀ ਸਿੱਖਾਂ ਤੇ ਸਿੱਖ ਪ੍ਰਚਾਰਕਾਂ ਲਈ ਸਮੇਂ ਸਮੇਂ ਰੀਫਰੈਸ਼ਰ ਕੋਰਸ ਕਰਾਏ ਜਾਣੇ ਚਾਹੀਦੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਜਿਹੇ ਸੂਝਵਾਨ, ਗੁਰਮਤਿ ਵਿੱਚ ਨਿਪੁੰਨ ਗ੍ਰੰਥੀ ਤੇ ਪ੍ਰਚਾਰਕ ਨਿਯੁਕਤ ਕਰਨੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਗੁਰਦੁਆਰਾ ਪ੍ਰਬੰਧ ਨੂੰ ਬਹੁਤ ਸਾਰੇ ਦਿਸ਼ਾਹੀਣ ਮੌਜੂਦਾ ਰੁਝਾਨ ਜਿਵੇਂ ਕਿ ਇੱਕੋ ਜਿਹੀਆਂ ਮਾਰਬਲਡ ਇਮਾਰਤਾਂ ਦੀ ਉਸਾਰੀ, ਸੋਨੇ ਦੀ ਜੜਤ ਵਾਲੇ ਗੁੰਬਦ ਤੇ ਬੇਲੋੜੀ ਸਜਾਵਟ ਆਦਿ ਵੱਲੋਂ ਹਟ ਕੇ ਪ੍ਰਭਾਵਸ਼ਾਲੀ ਸਿੱਖ ਪ੍ਰਚਾਰ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਨਾਲ ਪ੍ਰਭਾਵਸ਼ਾਲੀ ਪ੍ਰਚਾਰ ਰਾਹੀਂ ਸਿੱਖ ਯੁਵਾ ਪੀੜ੍ਹੀ ਨੂੰ ਪਤਿਤ ਹੋਣ ਤੋਂ ਬਚਾਇਆ ਜਾ ਸਕੇ। ਸਿੱਖ ਬੱਚਿਆਂ ਤੇ ਨੌਜਵਾਨਾਂ ਨੂੰ ਬੌਧਿਕ ਪੱਧਰ 'ਤੇ ਗੁਰਬਾਣੀ ਦੇ ਰੂਹਾਨੀ ਤੇ ਨੈਤਿਕ ਉਪਦੇਸ਼ਾਂ ਨਾਲ ਜਾਣੂ ਕਰਾ ਕੇ ਉਨ੍ਹਾਂ ਨੂੰ ਸਿੱਖ ਵਿਰਸੇ ਨਾਲ ਜੋੜਨ ਦੇ ਯਤਨ ਕਰਨੇ ਜ਼ਰੂਰੀ ਹਨ। ਮਿਥਿਹਾਸਕ ਕਥਾ ਕਹਾਣੀਆਂ, ਕਰਾਮਾਤਾਂ ਤੇ ਨਿਰੋਲ ਉਪਦੇਸ਼ਾਂ ਦਾ ਯੁੱਗ ਲੰਘ ਚੁੱਕਾ ਹੈ। ਠੋਸ ਤੱਤਾਂ ਦੇ ਆਧਾਰ 'ਤੇ ਗੁਰੂ ਸਾਹਿਬਾਨ ਤੇ ਪੁਰਾਤਨ ਆਦਰਸ਼ਕ ਸਿੱਖ ਸ਼ਖ਼ਸੀਅਤਾਂ ਦੇ ਪਰਉਪਕਾਰੀ ਕਾਰਜਾਂ ਤੇ ਉਨ੍ਹਾਂ ਦੀ ਸੱਚੀ-ਸੁੱਚੀ ਰਹਿਣੀ-ਬਹਿਣੀ ਤੇ ਉਨ੍ਹਾਂ ਰਾਹੀਂ ਮਨੁੱਖੀ ਹੱਕਾਂ ਤੇ ਧਾਰਮਿਕ ਵਿਸ਼ਵਾਸਾਂ ਦੀ ਅਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਦੀਆਂ ਉਦਾਹਰਨਾਂ ਦੇ ਕੇ ਸਿੱਖੀ ਪ੍ਰਚਾਰ ਨੂੰ ਪ੍ਰਭਾਵਸ਼ਾਲੀ ਤੇ ਅਸਰਦਾਰ ਬਣਾਇਆ ਜਾ ਸਕਦਾ ਹੈ। ਮੌਜੂਦਾ ਸਿੱਖੀ ਪ੍ਰਚਾਰ ਦੀ ਵਿਧੀ ਤੇ ਇਸ ਦਾ ਅਸਰਦਾਰ ਨਾ ਹੋਣਾ ਹੀ ਸਿੱਖ ਧਰਮ ਦੀ ਸਭ ਤੋਂ ਕਮਜ਼ੋਰ ਕੜੀ ਹੈ।
ਗੁਰਦੁਆਰਾ ਪ੍ਰਬੰਧਨ ਦਾ ਕਾਫ਼ੀ ਲੰਬਾ ਇਤਿਹਾਸ ਹੈ ਪਰ ਵੀਹਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਵਿੱਚ ਹੋਂਦ ਵਿਚ ਆਇਆ ਤੇ ਆਪਣਾਇਆ ਗਿਆ ਗੁਰਦੁਆਰਾ ਪ੍ਰਬੰਧਨ ਇਸ ਇਤਿਹਾਸ ਦਾ ਸਭ ਤੋਂ ਵੱਡਾ ਮੀਲ ਪੱਥਰ ਹੈ। ਅਣਗਿਣਤ, ਲਾਸਾਨੀ ਕੁਰਬਾਨੀਆਂ ਦੇ ਕੇ ਸਿੱਖ ਕੌਮ ਨੇ ਸਿੱਖ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਾਇਆ। ਇਨ੍ਹਾਂ ਧਾਰਮਿਕ ਅਸਥਾਨਾਂ ਦੇ ਯੋਗ ਪ੍ਰਬੰਧ ਲਈ ਜਮਹੂਰੀ ਢੰਗ ਅਪਣਾਉਂਦਿਆਂ ਸਹੀ ਸਿੱਖ ਵੋਟਰਾਂ ਰਾਹੀਂ ਚੁਣੀ ਗਈ ਪ੍ਰਤੀਨਿਧ ਸ਼੍ਰੋਮਣੀ ਕਮੇਟੀ ਨੂੰ ਵਿਧਾਨਿਕ ਬਿਲ ਤੇ ਐਕਟ ਪਾਸ ਕਰਵਾ ਕੇ ਹੋਂਦ ਵਿੱਚ ਲਿਆਂਦਾ। ਸਮੇਂ ਸਮੇਂ ਗੁਰਦੁਆਰਾ ਐਕਟ ਵਿੱਚ ਲੋੜੀਂਦੀਆਂ ਸੋਧਾਂ ਕਰਕੇ, ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਯਤਨ ਕੀਤੇ ਗਏ। 
ਇਸ ਕਾਰਜ ਵਿੱਚ ਬਹੁਤ ਹੱਦ ਤਕ ਸਫ਼ਲਤਾ ਮਿਲੀ ਤੇ ਸਾਂਝੇ ਪੰਜਾਬ ਦੇ ਖਿੱਤੇ ਵਿੱਚ ਆਉਂਦੇ ਗੁਰਦੁਆਰਿਆਂ ਵਿੱਚ ਸਿੱਖ ਮਰਯਾਦਾ ਵਿੱਚ ਇਕਸਾਰਤਾ ਤੇ ਨਿਪੁੰਨਤਾ ਵੀ ਆਈ। ਗੁਰਦੁਆਰਿਆਂ ਦੀਆਂ ਆਲੀਸ਼ਾਨ, ਸੁੰਦਰ ਇਮਾਰਤਾਂ ਬਣੀਆਂ, ਸ਼ਰਧਾਲੂਆਂ ਲਈ ਸਹੂਲਤਾਂ ਵਿੱਚ ਬੇਅੰਤ ਵਾਧਾ ਹੋਇਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਿਆ, ਸਿੱਖ ਸਮਾਜਿਕ ਤੇ ਸੱਭਿਆਚਾਰਕ ਕਾਰਜਾਂ ਵਿੱਚ ਵੀ ਬਹੁਤ ਯੋਗਦਾਨ ਦਿੱਤਾ। ਗੁਰਦੁਆਰਿਆਂ ਦੇ ਤੇ ਉਨ੍ਹਾਂ ਦੀਆਂ ਸਾਰੀਆਂ ਬਹੁ-ਪੱਖੀ ਗਤੀਵਿਧੀਆਂ ਵਿੱਚ ਅਣਗਿਣਤ ਵਾਧਾ ਹੋਇਆ। 
ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਵਸੀਹ ਤੇ ਵਿਲੱਖਣ ਸੰਸਥਾ ਵਜੋਂ ਜਾਣੀ ਜਾਣ ਵਾਲੀ ਸੰਸਥਾ ਬਣ ਕੇ ਸਾਹਮਣੇ ਆਈ। ਹੁਣ ਸ਼੍ਰੋਮਣੀ ਕਮੇਟੀ ਦੇ ਤਕਰੀਬਨ ਸੌ ਸਾਲਾ ਕਾਰਜ ਕਾਲ ਤੇ ਸਮੁੱਚੇ ਸਿੱਖ ਗੁਰਦੁਆਰਾ ਪ੍ਰਬੰਧਨ ਦੇ ਮੁਲਾਂਕਣ ਦਾ ਸਮਾਂ ਹੈ। ਪੂਰੀ ਸਦੀ ਕਿਸੇ ਵੀ ਸੰਸਥਾ ਦੀ ਸਹੀ ਕਾਰਜਕਾਰੀ ਦਾ ਮੁਲਾਂਕਣ ਕਰਨ ਲਈ ਢੁਕਵਾਂ ਸਮਾਂ ਹੈ। ਸਭ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਨ ਤੇ ਪ੍ਰਬੰਧਕ ਕਮੇਟੀ ਦੇ ਬੁਨਿਆਦੀ ਢਾਂਚੇ ਜਮਹੂਰੀ ਚੋਣਾਂ ਪ੍ਰਣਾਲੀ ਨੂੰ ਹੀ ਵਾਚਣਾ ਚਾਹੀਦਾ ਹੈ।  ਸਿੱਖ ਗੁਰਦੁਆਰਾ ਪ੍ਰਬੰਧਨ ਵਿੱਚ ਵੀ ਕੁਝ ਵਿਗਾੜ ਆਏ ਹਨ। ਜਦੋਂ ਪਹਿਲੀ ਵਾਰ 1925 ਵਿੱਚ ਗੁਰਦੁਆਰਾ ਐਕਟ ਬਣਿਆ, ਉਸ ਵੇਲੇ ਮਾਹੌਲ ਗਰਮਾਇਆ ਹੋਇਆ ਸੀ। ਸਿੱਖ ਕੌਮ ਨੇ ਨਿੱਜੀ ਮਹੰਤਾਂ ਰਾਹੀਂ ਕੀਤੇ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਤੇ ਜ਼ੁਲਮਾਂ ਕਾਰਨ ਜਮਹੂਰੀ ਨਿਜ਼ਾਮ ਨੂੰ ਸਭ ਤੋਂ ਚੰਗੇਰਾ ਸਮਝਦਿਆਂ ਇਹ ਪ੍ਰਬੰਧਨ ਪ੍ਰਣਾਲੀ ਅਪਣਾਈ, ਪਰ ਰਾਜਸੀ ਤੇ ਧਾਰਮਿਕ ਪ੍ਰਬੰਧਨ ਦੇ ਵਿਲੱਖਣ ਸਰੂਪ ਦਾ ਨਿਖੇੜਾ ਉਸ ਸਮੇਂ ਸਿੱਖ ਕੌਮ ਨਹੀਂ ਕਰ ਸਕੀ। ਇਸ ਪ੍ਰਬੰਧ ਵਿੱਚ ਸਮਾਂ ਬੀਤਣ ਨਾਲ, ਸਿਆਸੀ ਜਮਹੂਰੀ ਰਾਜਸੀ ਪ੍ਰਣਾਲੀ ਵਿੱਚ ਆਉਣ ਵਾਲੇ ਵਿਗਾੜਾਂ ਦੇ ਸਿੱਖਾਂ ਰਾਹੀਂ ਅਪਣਾਏ ਮਿਲਦੇ ਜੁਲਦੇ ਗੁਰਦੁਆਰਾ ਪ੍ਰਬੰਧ ਵਿੱਚ ਆ ਜਾਣ ਦੀ ਸੰਭਾਵਨਾ ਬਾਰੇ ਵੀ ਸਿੱਖ ਕੌਮ ਸਹੀ ਅਨੁਮਾਨ ਨਹੀਂ ਲਾ ਸਕੀ। ਇਸ ਤੋਂ ਉਲਟ, ਗੁਰਦੁਆਰਾ ਐਕਟ ਨੂੰ ਪਹਿਲੀ ਵਾਰ ਪੇਸ਼ ਕਰਨ ਤੇ ਮਨਜ਼ੂਰੀ ਦੇਣ ਵਾਲੇ ਕੁਝ ਕੁ ਗ਼ੈਰ ਸਿੱਖ ਸ਼ਾਸਕਾਂ ਨੂੰ ਇਸ ਤਰ੍ਹਾਂ ਦੀ ਸਫ਼ਲਤਾ ਬਾਰੇ ਕੁਝ ਸ਼ੰਕੇ ਸਨ, ਜੋ ਉਨ੍ਹਾਂ ਨੇ ਉਸ ਸਮੇਂ ਪ੍ਰਗਟ ਕੀਤੇ। ਮਿਸਾਲ ਵਜੋਂ 1925 ਵਿੱਚ ਪੰਜਾਬ ਲੈਜਿਸਲੇਟਿਵ ਅਸੈਂਬਲੀ ਵਿੱਚ ਉਸ ਸਮੇਂ ਗੁਰਦੁਆਰਾ ਬਿੱਲ ਪੇਸ਼ ਕਰਨ ਵਾਲੇ ਇੰਚਾਰਜ ਮੰਤਰੀ ਫਜ਼ਲ ਹੁਸੈਨ ਦਾ ਕਹਿਣਾ ਸੀ ਕਿ ਸਿੱਖਾਂ ਨੇ ਗੁਰਦੁਆਰਾ ਸੁਧਾਰ ਐਕਟ ਪਾਸ ਕਰਾ ਕੇ ਵੱਡੀ ਗ਼ਲਤੀ ਕੀਤੀ ਹੈ, ਜਿਸ ਦਾ ਖਾਮਿਆਜ਼ਾ ਲੰਮੇ ਸਮੇਂ ਲਈ ਭੁਗਤਦੇ ਰਹਿਣਗੇ, ਇਸ ਦੀ ਉਹ ਕਲਪਨਾ ਵੀ ਨਹੀਂ ਕਰ ਸਕਦੇ।
ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਦੇ ਚੋਣ ਪ੍ਰਬੰਧਨ ਵਿੱਚ ਉਹ ਸਾਰੇ ਵਿਗਾੜ ਪੈ ਗਏ ਹਨ, ਜੋ ਅੱਜ ਦੇ ਨਿਰੋਲ ਸਿਆਸੀ ਚੋਣਾਂ ਵਿੱਚ ਪਏ ਹੋਏ ਹਨ। ਸੱਤਾ 'ਤੇ ਕਾਬਜ਼ ਧੜੇ ਦੀ ਸਿੱਖ ਸਿਆਸਤ, ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਮਹੂਰੀ ਢੰਗ ਨਾਲ ਚੁਣੀ ਗਈ ਨੁਮਾਇੰਦਾ ਸੰਸਥਾ ਹੋਣ ਦੇ ਬਾਵਜੂਦ ਵੀ ਇਸ ਦੇ ਹਰ ਕਾਰਜ ਖੇਤਰ 'ਤੇ ਭਾਰੂ ਹੈ। ਸਿੱਖ ਧਰਮ ਦੇ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਸਿੱਖ ਮੀਰੀ ਨੇ ਸਿੱਖ ਪੀਰੀ ਦੇ ਅਧੀਨ ਤੇ ਅਨੁਸਾਰੀ ਹੋ ਕੇ ਕਾਰਜ ਕਰਨਾ ਸੀ ਤੇ ਪੀਰੀ ਨੇ ਮੀਰੀ ਨੂੰ ਹਰ ਅਨੈਤਿਕ, ਸਿੱਖ ਵਿਰੋਧੀ ਕਾਰਜ ਕਰਨ ਤੋਂ ਵਰਜਣਾ ਸੀ, ਪਰ ਅੱਜ ਸਿੱਖ ਮੀਰੀ ਸਿੱਖ ਪੀਰੀ 'ਤੇ ਏਨੀ ਭਾਰੂ ਹੋ ਗਈ ਹੈ ਕਿ ਉਹ ਸਿੱਖ ਧਰਮ ਦੇ ਨਿਰਮਲ ਪੰਥ ਤੇ ਸਿੱਖ ਸੱਭਿਆਚਾਰਕ ਜੀਵਨ ਧਾਰਾ ਨੂੰ ਬੁਰੀ ਤਰ੍ਹਾਂ ਗੰਧਲਾ ਕਰ ਰਹੀ ਹੈ। ਸਿੱਖ ਕੌਮ ਨੂੰ ਸਿੱਖ ਮੀਰੀ ਦੇ ਸਿੱਖ ਪੀਰੀ 'ਤੇ ਭਾਰੂ ਹੋਣ ਦਾ ਗੰਭੀਰਤਾ ਨਾਲ ਨੋਟਿਸ ਲੈਣਾ ਚਾਹੀਦਾ ਹੈ।
ਗੁਰਦੁਆਰਾ ਫ਼ੰਡਾਂ ਦੀ ਵਰਤੋਂ ਬਾਰੇ ਪੁਨਰ ਵਿਚਾਰ ਹੋਣਾ ਚਾਹੀਦਾ ਹੈ। ਸਮੇਂ ਸਮੇਂ ਸਿਰ ਗੁਰਦੁਆਰਾ ਸੰਸਥਾ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਤੇ ਲੋੜਾਂ ਮੁਤਾਬਿਕ ਆਪਣੇ ਸਾਧਨਾਂ ਦੀ ਵਰਤੋਂ ਕਰਦੀ ਰਹੀ ਹੈ। ਹਰ ਯੁੱਗ ਵਿੱਚ ਹੋਰ ਧਰਮਾਂ ਵਾਂਗੂ ਸਿੱਖ ਧਰਮ ਤੇ ਸਿੱਖ ਸਮਾਜ ਆਪਣੀਆਂ ਪਹਿਲਤਾਵਾਂ ਵਿੱਚ ਤਬਦੀਲੀ ਕਰਦਾ ਆਇਆ ਹੈ ਤੇ ਸਮੇਂ ਦਾ ਹਾਣੀ ਬਣਦਾ ਆਇਆ ਹੈ। ਸਿੱਖ ਵਿਦਵਾਨ, ਬੁੱਧੀਜੀਵੀ ਤੇ ਵਿਦੇਸ਼ਾਂ ਵਿੱਚ ਵਸਦੇ ਕੁਝ ਸੂਝਵਾਨ ਸਿੱਖ, ਕੌਮ ਨੂੰ ਉਸ ਦੇ ਕੌਮੀ ਸੰਘਰਸ਼, ਕੁਰਬਾਨੀਆਂ ਤੇ ਘੱਟ ਗਿਣਤੀ ਕੌਮ ਹੋਣ ਕਾਰਨ, ਯਹੂਦੀ ਕੌਮ ਦੇ ਮਿਲਦੇ ਜੁਲਦੇ ਇਤਿਹਾਸ ਕਾਰਨ ਸਿੱਖ ਕੌਮ ਦੀ ਯਹੂਦੀ ਕੌਮ ਨਾਲ ਤੁਲਨਾ ਕਰਦੇ ਹਨ। ਮੌਜੂਦਾ ਯੁੱਗ ਵਿੱਚ ਵਿਸ਼ਵ ਭਰ ਦੇ ਆਰਥਿਕ ਢਾਂਚੇ ਤੇ ਅੰਤਰਰਾਸ਼ਟਰੀ ਹਾਲਾਤ 'ਤੇ ਯਹੂਦੀ ਕੌਮ ਦੀ ਸਰਦਾਰੀ ਨੂੰ ਵੀ ਸਵੀਕਾਰਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਯਹੂਦੀ ਕੌਮ ਦੀ ਆਧੁਨਿਕ ਯੁੱਗ ਵਿੱਚ ਸਫ਼ਲਤਾ ਦਾ ਇੱਕੋ ਇੱਕ ਕਾਰਨ ਇਸ ਕੌਮ ਵੱਲੋਂ ਆਪਣੀ ਕੌਮ ਦੀ ਨਵੀ ਪੀੜ੍ਹੀ ਨੂੰ ਪੂਰੀ ਤਰ੍ਹਾਂ ਸਿੱਖਿਅਤ ਕਰਨਾ ਹੈ। ਮੌਜੂਦਾ ਯੁੱਗ ਵਿੱਚ ਸਹੀ ਕਿੱਤਾਮੁਖੀ ਗੁਣਵੱਤਾ ਵਾਲੀ ਸਿੱਖਿਆ ਹੀ ਕਿਸੇ ਕੌਮ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਸਭ ਤੋਂ ਵਧੀਆ ਸਾਧਨ ਹੈ। ਇਸ ਕਾਰਜ ਦੀ ਸਿੱਧੀ ਲਈ ਚੋਖੇ ਵਿੱਤੀ ਫ਼ੰਡ ਦੀ ਲੋੜ ਹੈ।
ਯਹੂਦੀ ਮਾਡਲ 'ਤੇ ਚਲਦਿਆਂ ਸਿੱਖ ਕੌਮ ਨੂੰ ਗੁਰਦੁਆਰਾ ਫ਼ੰਡਾਂ ਦੇ ਨਿਗਰ ਹਿੱਸੇ ਦੀ ਵਰਤੋਂ ਸਿੱਖਿਆ ਪ੍ਰਦਾਨ ਕਰਨ ਲਈ ਕਰਨੀ ਚਾਹੀਦੀ ਹੈ। ਗੁਰਦੁਆਰੇ ਦੀ ਗੋਲਕ ਦੀ ਵਰਤੋਂ ਕੌਮ ਦੀਆਂ ਆਧੁਨਿਕ ਲੋੜਾਂ ਦੀ ਪੂਰਤੀ ਲਈ ਹੋਣੀ ਚਾਹੀਦੀ ਹੈ। ਹਰ ਛੋਟੇ ਵੱਡੇ ਗੁਰਦੁਆਰੇ ਨੂੰ ਆਪਣੀ ਆਮਦਨ ਦਾ ਘੱਟੋ ਘੱਟ 10 ਫ਼ੀਸਦੀ ਹਿੱਸਾ ਵਿੱਦਿਆ ਕਾਰਜਾਂ 'ਤੇ ਖ਼ਰਚ ਕਰਨਾ ਚਾਹੀਦਾ ਹੈ। ਹਰ ਰੋਜ਼ ਸਿੱਖ ਅਰਦਾਸ ਦੇ ਅੰਤ ਵਿੱਚ ਉਚਾਰਨ ਕੀਤਾ ਜਾਣ ਵਾਲਾ ਆਦਰਸ਼ 'ਰਾਜ ਕਰੇਗਾ ਖ਼ਾਲਸਾ' ਹਰ ਸਿੱਖ ਬੱਚੇ ਨੂੰ ਪੂਰੀ ਤਰ੍ਹਾਂ ਸਿੱਖਿਅਤ ਕਰ ਕੇ ਹੀ ਪੂਰਾ ਹੋ ਸਕਦਾ ਹੈ।
ਅਜੋਕੇ ਯੁੱਗ ਵਿੱਚ ਗੁਰਦੁਆਰਾ ਸੰਕਲਪ, ਗੁਰਦੁਆਰਾ ਸੰਸਥਾ ਤੇ ਗੁਰਦੁਆਰਾ ਗੋਲਕ ਨੂੰ ਜਿੰਨੀ ਢਾਹ ਡੇਰਾਵਾਦ ਲਾ ਰਿਹਾ ਹੈ, ਸ਼ਾਇਦ ਹੀ ਹੋਰ ਕੋਈ ਗਤੀਵਿਧੀ ਜਾਂ ਸੰਸਥਾ ਲਾ ਰਹੀ ਹੋਵੇ। ਇੱਕ ਅਨੁਮਾਨ ਅਨੁਸਾਰ ਇਕੱਲੇ ਪੰਜਾਬ ਪ੍ਰਾਂਤ ਵਿੱਚ ਹੀ ਜਿੰਨੀ ਕੁੱਲ ਪਿੰਡਾਂ ਦੀ ਗਿਣਤੀ ਹੈ, ਉਨੇ ਹੀ ਛੋਟੇ ਵੱਡੇ ਗੁਰਦੁਆਰੇ ਨੁਮਾ ਡੇਰੇ ਹਨ। ਇਨ੍ਹਾਂ ਵਿੱਚੋਂ ਕੁਝ ਸਿੱਖ ਅਦਾਰਿਆਂ ਨੂੰ ਛੱਡ ਕੇ ਕਾਫ਼ੀ ਡੇਰਿਆਂ ਦੀ ਮਰਿਆਦਾ ਵੀ ਵਖਰੇਵੇਂ ਵਾਲੀ ਹੈ। ਇਨ੍ਹਾਂ ਡੇਰਿਆਂ ਦੀ ਗਤੀਵਿਧੀ ਉਨ੍ਹਾਂ 'ਤੇ ਕਾਬਜ਼ ਡੇਰੇਦਾਰ ਦੀ ਵਿਅਕਤੀਗਤ ਪੂਜਾ ਪ੍ਰਤਿਸ਼ਠਾ ਦੁਆਲੇ ਹੀ ਕੇਂਦਰਿਤ ਹੈ। ਇਨ੍ਹਾਂ ਡੇਰਿਆਂ ਦੀ ਸਾਰੀ ਸੰਪਤੀ ਵਿਅਕਤੀਗਤ ਮਲਕੀਅਤ ਅਧੀਨ ਹੈ ਤੇ ਸਾਰਾ ਚੜ੍ਹਾਵਾ ਵੀ ਇਨ੍ਹਾਂ ਦੀ ਚਲ-ਅਚਲ ਸੰਪਤੀ ਵਿੱਚ ਵਾਧਾ ਕਰਦਾ ਹੈ। 
ਡੇਰਾਵਾਦ ਵੱਲ ਵਧਦਾ ਸਿੱਖ ਰੁਝਾਨ ਸਿੱਖ ਗੁਰਦੁਆਰਾ ਸੰਕਲਪ ਤੇ ਸਿੱਖੀ ਰਹੁ-ਰੀਤਾਂ ਦਾ ਅਕਸ ਵਿਗਾੜ ਰਿਹਾ ਹੈ। ਡੇਰਾਵਾਦ ਦਾ ਸਿਆਸੀ ਸਮਰਥਨ ਇਸ ਨੂੰ ਹੋਰ ਮਜ਼ਬੂਤ ਤੇ ਵਿਸ਼ਾਲ ਕਰ ਰਿਹਾ ਹੈ। ਸਿੱਖ ਕੌਮ, ਸਿੱਖ ਸੰਸਥਾਵਾਂ ਨੂੰ ਇਸ ਰੁਝਾਨ ਨੂੰ ਰੋਕਣ ਦੇ ਯਤਨ ਕਰਨੇ ਚਾਹੀਦੇ ਹਨ। ਜਾਤ-ਪਾਤ, ਬਰਾਦਰੀਆਂ ਦੇ ਨਾਂ 'ਤੇ ਬਣੇ ਤੇ ਬਣ ਰਹੇ ਗੁਰਦੁਆਰੇ ਵੀ ਗੁਰਦੁਆਰਾ ਸੰਕਲਪ ਤੇ ਸੰਸਥਾ ਦੀ ਜਾਤ-ਪਾਤ ਰਹਿਤ, ਸਰਬੱਤ ਦੇ ਭਲੇ, ਸਮਦ੍ਰਿਸ਼ਟਤਾ ਤੇ ਵਿਸ਼ਵਵਿਆਪੀ ਸਰੂਪ ਨੂੰ ਕਲੰਕਿਤ ਕਰਦੀ ਹੈ। ਇਹ ਵਿਗਾੜ ਗੁਰਦੁਆਰਾ ਪ੍ਰਬੰਧ ਵਿੱਚ ਸਿੱਖ ਸੰਗਤ ਦੇ ਸਾਰੇ ਵਰਗਾਂ ਨੂੰ ਲੋੜੀਂਦੀ ਨੁਮਾਇੰਦਗੀ ਨਾ ਦੇਣ ਕਾਰਨ ਪੈਦਾ ਹੋਇਆ ਹੈ। ਸਿੱਖ ਕੌਮ ਦੇ ਦਲਿਤ ਵਰਗ ਵੱਲੋਂ ਥਾਂ-ਥਾਂ ਬਣਾਏ ਜਾ ਰਹੇ ਗੁਰਦੁਆਰੇ ਇਸ ਵਿਗਾੜ ਦਾ ਸੰਕੇਤ ਹਨ।
ਬੇਲੋੜੇ ਸ਼ਰਧਾਹੀਣ, ਦਿਸ਼ਾਹੀਣ, ਮਹਿਜ਼ ਪ੍ਰਦਰਸ਼ਨੀ ਕੇਂਦਰਿਤ ਅਣਗਿਣਤ ਨਗਰ ਕੀਰਤਨ, ਜਲੂਸ, ਪੁਰਬ, ਸ਼ਤਾਬਦੀਆਂ, ਅਰਧ ਸ਼ਤਾਬਦੀਆਂ 'ਤੇ ਸਿੱਖ ਸੰਗਤ ਦਾ ਸਰਮਾਇਆ ਖ਼ਰਚਿਆ ਜਾ ਰਿਹਾ ਹੈ। ਇਸ ਨਾਲ ਨਾ ਸਿੱਖ ਧਰਮ, ਨਾ ਸਿੱਖ ਸਭਿਆਚਾਰ ਤੇ ਨਾ ਹੀ ਪ੍ਰਚਾਰ ਨੂੰ ਕੋਈ ਲਾਭ ਹੋ ਰਿਹਾ ਹੈ। ਇਨ੍ਹਾਂ ਫਜ਼ੂਲ ਰੁਝਾਨਾਂ ਨੂੰ ਬਦਲ ਕੇ ਸਹੀ ਟੀਚੇ ਨਿਸ਼ਚਿਤ ਕਰਨੇ ਚਾਹੀਦੇ ਹਨ। 

ਸੋਸ਼ਲ ਮੀਡੀਆ 'ਤੇ ਵੀਡੀਓ ਦੇਖ ਕੇ ਦਵਾਈਆਂ ਨਾ ਖਾਓ
ਬਮਿਆਲ-ਕੋਰੋਨਾ ਦੀ ਦਹਿਸ਼ਤ ਦੇ ਚਲਦੇ ਦੇਸ਼ ਭਰ ਦੇ ਲੋਕ ਇਸ ਦੇ ਕਹਿਰ ਤੋਂ ਬਚਣ ਲਈ ਵੱਖ-ਵੱਖ ਤਰ੍ਹਾਂ ਦੇ ਯਤਨ ਕਰ ਰਹੇ ਹਨ ਅਤੇ ਉਹ ਬਿਨਾਂ ਡਾਕਟਰ ਦੀ ਸਲਾਹ ਦੇ ਮਲਟੀ ਵਿਟਾਮਿਨ, ਵਿਟਾਮਿਨ-ਡੀ, ਵਿਟਾਮਿਨ-ਸੀ ਆਦਿ ਖਾ ਰਹੇ ਹਨ। ਭਾਵੇਂ ਕਿ ਇਹ ਮਲਟੀ ਵਿਟਾਮਿਨ ਅਤੇ ਵਿਟਾਮਿਨ-ਸੀ ਆਦਿ ਦਵਾਈਆਂ ਤਾਂ ਸ਼ਾਇਦ ਸਿਹਤ ਲਈ ਹਾਨੀਕਾਰਕ ਨਹੀਂ ਹਨ ਪਰ ਅਮਰੀਕਾ ਵਿਚ ਕੋਵਿਡ-19 ਦੇ ਪ੍ਰਕੋਪ ਦੇ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਵਲੋਂ ਕੋਰੋਨਾ ਨਾਲ ਨਿਪਟਣ ਲਈ ਇਕ ਪੁਰਾਣੀ ਦਵਾਈ 'ਕਲੋਰੋਕੇਨ ਅਤੇ ਹਾਈਡ੍ਰੋਕਸੀ ਕਲੋਰੋਕੇਨ ਨੂੰ ਮਰੀਜ਼ਾਂ ਦੇ ਇਲਾਜ ਵਿਚ ਸ਼ਾਮਿਲ ਕਰਨ ਲਈ ਟਰਾਇਲ ਕਰਨ ਦੀ ਆਗਿਆ ਦੇਣ ਦਾ ਐਲਾਨ ਕੀਤਾ ਸੀ। ਇਸ ਐਲਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਭਾਰਤ ਵਿਚ ਇਸ ਵੇਲੇ ਇਹ ਦੋਵਾਂ ਦਵਾਈਆਂ ਨੂੰ ਪ੍ਰਾਪਤ ਕਰਨ ਲਈ ਹੋੜ ਲੱਗੀ ਦਿਖ ਹੈ ਪਰ ਇਸ ਦੇ ਨਤੀਜੇ ਘਾਤਕ ਹੋ ਸਕਦੇ ਹਨ। ਕਿਉਂਕਿ ਦਰਅਸਲ ਕਲੋਰੋਕੇਨ ਇਕ ਐਂਟੀ ਮਲੇਰੀਆ ਡਰੱਗ ਹੈ ਤੇ ਹਾਈਡ੍ਰੋਕਸੀ ਕਲੋਰੋਕੇਨ ਜੋ ਕਿ ਗਠੀਆ ਦੀ ਬਿਮਾਰੀ ਲਈ ਉਪਯੋਗ ਕੀਤੀ ਜਾਂਦੀ ਹੈ। ਇਹ ਦਵਾਈ ਮਨੁੱਖ ਦੇ ਸਰੀਰ ਵਿਚ ਜ਼ਹਿਰੀਲਾ ਪਦਾਰਥ ਪੈਦਾ ਕਰਦੀ ਹੈ ਪਰ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੂੰ ਲੱਗ ਰਿਹਾ ਹੈ ਕਿ ਉਹ ਇਹ ਦਵਾਈ ਖਾਣ ਤੋਂ ਬਾਅਦ ਕੋਰੋਨਾ ਦੇ ਸ਼ਿਕਾਰ ਨਹੀਂ ਹੋਣਗੇ ਪਰ ਇਹ ਗਲਤ ਫਹਿਮੀ ਲੋਕਾਂ ਨੂੰ ਭਾਰੀ ਮੁਸੀਬਤ ਵਿਚ ਪਾ ਸਕਦੀ ਹੈ। ਹਾਈਡ੍ਰੋਕਸੀ ਕਲੋਰੋਕੇਨ ਇਕ ਐਸੀ ਦਵਾਈ ਹੈ, ਜੋ ਕਿ ਗਠੀਏ ਦੇ ਇਲਾਜ ਲਈ ਉਪਯੋਗ ਕੀਤੀ ਜਾਂਦੀ ਹੈ। ਕਲੋਰੋਕੇਨ ਦਾ ਸੇਵਨ ਕਰਨ ਨਾਲ ਚੱਕਰ, ਉਲਟੀ, ਧੁੰਦਲਾਪਨ ਆਮ ਲੱਛਣ ਹਨ ਅਤੇ ਕਲੋਰੀਨ ਦੀ 500 ਮਿਲੀਗ੍ਰਾਮ ਦੀ ਮਾਤਰਾ ਤੋਂ ਜ਼ਿਆਦਾ ਲੈਣ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਹਾਈਡ੍ਰੋਕਸੀ ਕਲੋਰੋਕੇਨ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਓਵਰਡੋਜ਼ ਲੈਣ ਨਾਲ ਅੱਖਾਂ ਦਾ ਰੇਟੀਨਾ ਖ਼ਰਾਬ ਹੋ ਸਕਦਾ ਹੈ। ਪਰ ਇਸ ਦੇ ਬਾਵਜੂਦ ਵੀ ਭਾਰਤ ਵਾਸੀ ਇਸ ਵੇਲੇ ਕਰੋਨਾ ਦੇ ਸੰਕਰਮਣ ਤੋਂ ਬਚਣ ਲਈ ਬਿਨਾਂ ਡਾਕਟਰ ਦੀ ਸਲਾਹ ਲਏ ਇਨ੍ਹਾਂ ਦਵਾਈਆਂ ਦਾ ਸੇਵਨ ਕਰ ਰਹੇ ਹਨ। ਧਿਆਨ ਰਹੇ ਕਿ ਕਿਸੇ ਵੀ ਦੇਸ਼ ਵਿਚ ਡਾਕਟਰਾਂ ਵਲੋਂ ਇਨ੍ਹਾਂ ਦਵਾਈਆਂ ਦੇ ਉਪਯੋਗ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਹੈ। ਸਿਵਲ ਸਰਜਨ ਪਠਾਨਕੋਟ ਡਾ: ਵਿਨੋਦ ਸਰੀਨ ਦਾ ਕਹਿਣਾ ਹੈ ਕਿ ਇਨ੍ਹਾਂ ਦਵਾਈਆਂ ਸਬੰਧੀ ਸਿਹਤ ਵਿਭਾਗ ਵਲੋਂ ਕੋਈ ਵੀ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਗਏ, ਜਿਸ ਦੇ ਚਲਦੇ ਲੋਕਾਂ ਨੂੰ ਬਿਨਾਂ ਡਾਕਟਰ ਦੀ ਸਲਾਹ ਲਈ ਇਹ ਦਵਾਈਆਂ ਨਹੀਂ ਖਾਣੀਆਂ ਚਾਹੀਦੀਆਂ ਹਨ।