image caption:

ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ

ਰਮੇਸ਼ ਬੱਗਾ ਚੋਹਲਾ
ਨਿਹੰਗ ਸਿੰਘ ਸਿੱਖ ਪੰਥ ਦਾ ਅਨਿੱਖੜਵਾਂ ਅਤੇ ਅਹਿਮ ਅੰਗ ਹਨ। ਬਾਣੀ ਅਤੇ ਬਾਣੇ ਨਾਲ ਜੁੜੇ ਹੋਣ ਕਰਕੇ ਇਨ੍ਹਾਂ ਦੀ ਵਿਲੱਖਣ ਪਹਿਚਾਣ ਹੈ। ਪੁਰਾਤਨ ਜੰਗੀ ਸਰੂਪ ਅਤੇ ਆਚਾਰ-ਵਿਹਾਰ ਨੂੰ ਸੰਭਾਲਣ ਵਿੱਚ ਨਿਹੰਗ ਸਿੰਘਾਂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਨਿਹੰਗ ਫ਼ਾਰਸੀ ਬੋਲੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ- ਖੜਗ, ਤਲਵਾਰ, ਕਲਮ, ਲੇਖਣੀ, ਮਗਰਮੱਛ, ਘੜਿਆਲ, ਘੋੜਾ, ਦਲੇਰ, ਨਿਰਲੇਪ, ਆਤਮ ਗਿਆਨੀ, ਜਿਸ ਨੂੰ ਮੌਤ ਦੀ ਚਿੰਤਾ ਨਾ ਹੋਵੇ। ਨਿਹੰਗ ਸਿੰਘ ਆਪਣੇ ਆਪ ਨੂੰ ਦਸਮੇਸ਼ ਜੀ ਦੇ ਰਾਜਸੀ ਭਾਵ ਮੀਰੀ ਦੇ ਵਾਰਸ (ਨੁਮਾਇੰਦੇ) ਦੱਸਦੇ ਹੋਏ ਆਪਣੇ ਸੀਸ ਉੱਪਰ ਸਜਾਏ ਦੁਮਾਲੇ ਦੀ ਤੁਲਣਾ-ਬਾਦਸ਼ਾਹੀ ਤਾਜ਼ ਨਾਲ ਕਰਦੇ ਹਨ। ਉਹ ਬਾਦਸ਼ਾਹ ਦੇ ਤਾਜ 'ਤੇ ਕਲਗੀ-ਤੋੜੇ ਸਮਾਨ, ਆਪਣੇ ਦੁਮਾਲੇ ਦੇ ਮੂਹਰੇ ਚੰਦ-ਤੋੜਾ ਸਜਾ ਕੇ ਰੱਖਦੇ ਹਨ ।
ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ ੭੦੪ ਤੇ ਲਿਖਿਆ ਹੈ- ''ਨਿਹੰਗ ਸਿੰਘ, ਸਿੰਘਾਂ ਦਾ ਇੱਕ ਫਿਰਕਾ ਹੈ, ਜੋ ਸੀਸ ਪੁਰ ਫਰਹਰੇ ਵਾਲਾ ਦੁਮਾਲਾ, ਚੱਕ੍ਰ, ਤੋੜਾ, ਕਿਰਪਾਨ, ਖੰਡਾ, ਗਜਗਾਹ, ਆਦਿ ਸ਼ਸਤਰ ਅਤੇ ਨੀਲਾ ਬਾਣਾ ਪਹਿਨਦਾ ਹੈ।''
ਇੱਕ ਵਾਰ ਬਾਬਾ ਫਤਹ ਸਿੰਘ ਜੀ ਸੀਸ ਤੇ ਦੁਮਾਲਾ ਸਜਾ ਕੇ ਦਸਮੇਸ਼ ਜੀ ਦੇ ਹਜ਼ੂਰ ਆਏ, ਜਿਸ ਪੁਰ ਪਿਤਾ ਜੀ ਨੇ ਫ਼ਰਮਾਇਆ ਕਿ ਇਸ ਬਾਣੇ ਦਾ ਨਿਹੰਗ ਪੰਥ ਹੋਵੇਗਾ। ਇਹ ਵੀ ਆਖਿਆ ਜਾਂਦਾ ਹੈ ਕਿ ਜਦ ਉੱਚ ਦੇ ਪੀਰ ਵਾਲਾ ਨੀਲਾ ਬਾਣਾ ਕਲਗੀਧਰ ਨੇ ਅੱਗ ਵਿੱਚ ਸਾੜਿਆ ਤਾਂ ਉਸ ਵੇਲੇ ਇੱਕ ਲੀਰ ਕਟਾਰ ਨਾਲ ਬੰਨ੍ਹੀ, ਜਿਸ ਤੋਂ ਨੀਲੇ ਬਾਣੇ ਵਾਲਾ ਨਿਹੰਗਾਂ ਸਿੰਘਾਂ ਦਾ ਬਾਣਾ ਤੁਰਿਆ।
ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਲੈ ਕੇ ਸਿੱਖ ਮਿਸਲਾਂ ਦੇ ਰਾਜ ਤਕ, ਮੁਗ਼ਲ ਸਰਕਾਰ ਵੱਲੋਂ ਦਸਮੇਸ਼ ਜੀ ਦੇ ਸਿਰਜੇ ਹੋਏ ਖਾਲਸੇ ਨੂੰ ਖ਼ਤਮ ਕਰਨ ਲਈ ਬੜੇ ਜ਼ੁਲਮ ਕੀਤੇ ਗਏ। ਉਸ ਭਿਆਨਕ ਕਸ਼ਟਾਂ ਭਰੇ ਅਤੇ ਸੰਕਟਮਈ ਸਮੇਂ ਦਾ ਟਾਕਰਾ ਕਰਨ ਲਈ ਸਿੰਘਾਂ ਨੇ ਸਿੱਖੀ ਸਿਦਕ ਕੇਸਾਂ-ਸਵਾਸਾਂ ਨਾਲ ਨਿਭਾਉਣ ਲਈ ਧਰਮ ਯੁੱਧਾਂ ਵਿੱਚ ਲੜਨ ਮਰਨ ਦਾ ਪ੍ਰਣ ਕਰ ਲਿਆ। ਇਸ ਲਈ ਉਨ੍ਹਾਂ ਨੇ ਵੱਧ ਤੋਂ ਵੱਧ ਸ਼ਸਤਰ ਰੱਖਣੇ ਸ਼ੁਰੂ ਕਰ ਦਿੱਤੇ। ਸਿੰਘਾਂ ਨੇ ਆਪਣੀ ਫੌਜੀ ਵਰਦੀ (ਬਾਣਾ) ਵੱਖਰੇ ਰੂਪ ਵਿੱਚ ਧਾਰਨ ਕੀਤੀ। ਗਲ਼ ਨੀਲੇ ਰੰਗ ਦਾ ਲੰਮਾ ਚੋਲਾ, ਲੱਕ ਨੂੰ ਕਮਰਕੱਸਾ, ਤੇੜ ਗੋਡਿਆਂ ਤੀਕ ਕਛਹਿਰਾ, ਸਿਰ ਤੇ ਉੱਚੀ ਪਗੜੀ (ਦੁਮਾਲਾ) ਤੇ ਉਸ ਦੁਆਲੇ ਚੱਕਰ, ਇਸ ਤਰ੍ਹਾਂ ਨਿਹੰਗੀ ਬਾਣੇ ਵਿੱਚ ਖਾਲਸਾ ਅਕਾਲ ਪੁਰਖ ਦੀ ਫੌਜ ਦੇ ਰੂਪ ਚ ਮੈਦਾਨ ਵਿੱਚ ਨਿੱਤਰਿਆ। ਨਿਹੰਗ ਸਿੰਘਾਂ ਦੇ ਪੰਜ ਸ਼ਸਤਰ ਪ੍ਰਸਿੱਧ ਹਨ - ਜਿਵੇਂ ਕਿਰਪਾਨ, ਖੰਡਾ, ਬਾਘ ਨਖਾ, ਤੀਰ-ਕਮਾਨ ਅਤੇ ਚੱਕਰ ਜੋ ਅਕਸਰ ਛੋਟੇ ਛੋਟੇ ਅਕਾਰ ਦੇ ਹੁੰਦੇ ਹਨ, ਜਿਨ੍ਹਾਂ ਨੂੰ ਨਿਹੰਗ ਸਿੰਘ ਦੁਮਾਲੇ ਵਿੱਚ ਰੱਖਦੇ ਹਨ। ਨਿਹੰਗ ਸਿੰਘਾਂ ਪਾਸ ਵੈਸੇ ਤਾਂ ਬਹੁਤ ਸਾਰੇ ਸ਼ਸਤਰ ਹੁੰਦੇ ਹਨ ਪਰ ਸਿੱਖ ਰਵਾਇਤਾਂ ਅਨੁਸਾਰ ਉਨ੍ਹਾਂ ਪਾਸ ਕਿਰਪਾਨ, ਖੰਡਾ, ਤੀਰ-ਕਮਾਨ, ਚੱਕਰ, ਪੇਸ਼ਕਬਜ਼, ਤਮਚਾ, ਕਟਾਰ ਅਤੇ ਬੰਦੂਕ ਆਦਿ ਪ੍ਰਮੁੱਖ ਹਨ।
ਨਿਹੰਗ ਸਿੰਘ ਅਕਾਲ ਦੇ ਉਪਾਸ਼ਕ ਹਨ ਅਤੇ ਅਕਾਲ ਅਕਾਲ ਜਪਦੇ ਹਨ। ਇਸ ਲਈ ਖਾਲਸਾਈ ਫੌਜ ਨੂੰ ਅਕਾਲੀ ਫੌਜ ਦੇ ਨਾਮ ਨਾਲ ਵੀ ਪੁਕਾਰਿਆ ਜਾਣ ਲੱਗ ਪਿਆ। ਉਸ ਅਕਾਲੀ ਫੌਜ ਨੇ, ਸਿੱਖ ਧਰਮ ਦੀ ਪਰੰਪਰਾ ਅਤੇ ਗੁਰ-ਮਰਯਾਦਾ ਨੂੰ ਆਪਣੀਆਂ ਜਾਨਾਂ ਵਾਰ ਕੇ ਕਾਇਮ ਰੱਖਿਆ ਅਤੇ ਗੁਰ-ਅਸਥਾਨਾਂ ਦੀ ਸੇਵਾ-ਸੰਭਾਲ ਕੀਤੀ। ਆਮ ਸਿੱਖਾਂ ਨਾਲੋਂ ਨਿਹੰਗ ਸਿੰਘਾਂ ਵਿੱਚ ਉਹ ਸਾਰੇ ਵਿਸ਼ੇਸ਼ ਗੁਣ ਸਨ, ਜਿਨ੍ਹਾਂ ਨੂੰ ਦਸਮੇਸ਼ ਪਿਤਾ ਜੀ ਪਿਆਰਦੇ ਸਨ। ਇਸ ਲਈ ਨਿਹੰਗ ਸਿੰਘਾਂ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਵੀ ਕਿਹਾ ਜਾਣ ਲੱਗ ਪਿਆ।
ਨਿਹੰਗ ਸੰਪ੍ਰਦਾਇ ਖਾਲਸਾਈ ਰੂਪ ਵਿੱਚ ਪਿਛਲੇ ਤਿੰਨ ਸੌ ਸਾਲਾਂ ਤੋਂ ਚਲੀ ਆ ਰਹੀ ਹੈ ਅਤੇ ਅੱਜ ਤਕ ਕਾਇਮ ਹੈ। ਨਿਹੰਗ ਸਿੰਘ ਪਾਤਸ਼ਾਹੀ ਦਾਵਾ ਰੱਖਦੇ ਹਨ ਅਤੇ ਸਮੇ ਸਮੇ ਅਨੁਸਾਰ ਦੁਨਿਆਵੀ ਹੁਕਮਰਾਨਾ ਨੂੰ ਲਲਕਾਰਦੇ ਰਹੇ ਹਨ। ਇਤਿਹਾਸ ਵਿੱਚ ਇਸ ਫੌਜ ਦੀ ਅਗਵਾਈ ਵਾਲਿਆ ਵਿੱਚ ਬਾਬਾ ਗੁਰਬਖਸ਼ ਸਿੰਘ ਬਾਬਾ ਪ੍ਰਹਿਲਾਦ ਸਿੰਘ ਅਕਾਲੀ ਫੂਲਾ ਸਿੰਘ ਵਰਗੇ ਨਾਮ ਆਉਂਦੇ ਹਨ। ਨਵਾਬ ਕਪੂਰ ਸਿੰਘ ਦੇ ਸਮੇਂ ਸਿੰਘਾਂ ਨੇ ਆਪਣੇ ਨਵੇਂ ਗੁਪਤ ਬੋਲੇ ਪ੍ਰਚੱਲਤ ਕਰ ਲਏ ਸਨ, ਜਿਨ੍ਹਾਂ ਨੂੰ ਗੜਗੱਜ ਬੋਲੇ ਵੀ ਕਿਹਾ ਜਾਂਦਾ ਹੈ। ਇਨ੍ਹਾਂ ਬੋਲਿਆਂ ਨੂੰ, ਜਾਸੂਸ ਸਮਝ ਨਹੀਂ ਸਨ ਸਕਦੇ। ਇਹ ਬੋਲੇ ਸਿੱਖ ਦੇ ਸਿਰਾਂ ਦੇ ਮੁੱਲ ਪੈਣ ਸਮੇਂ ਜੰਗਲਾਂ, ਪਹਾੜਾਂ ਅਤੇ ਹੋਰ ਪਨਾਹਗਾਹਾਂ ਵਿੱਚ ਰਹਿਣ ਕਰਕੇ ਬੜੇ ਸਹਾਈ ਹੁੰਦੇ ਸਨ। ਇੱਕ ਸਿੰਘ ਨੂੰ ਸਵਾ ਲੱਖ ਕਹਿਣ ਨਾਲ ਦੁਸ਼ਮਣਾਂ ਦੇ ਸਾਹ ਸੁੱਕ ਜਾਂਦੇ ਸਨ ਅਤੇ ਉਨ੍ਹਾਂ ਨੂੰ ਭਾਜੜਾਂ ਪੈ ਜਾਂਦੀਆਂ ਸਨ। ਸਿੱਖ ਫੌਜਾਂ ਆਮ ਨਿਹੰਗਾਂ ਸਿੰਘਾਂ ਦੀਆਂ ਹੁੰਦੀਆਂ ਸਨ। ਉਹ ਜਦੋਂ ਜੈਕਾਰੇ ਗਜਾਉਂਦੇ ਕਿਸੇ ਨਗਰ ਵਿੱਚ ਜਾਂਦੇ ਤਾਂ ਉਥੋਂ ਦੇ ਲੋਕ ਸੁਖ ਦਾ ਸਾਹ ਲੈਂਦੇ ਤੇ ਖੁਸ਼ੀ ਵਿੱਚ ਆਪ ਮੁਹਾਰੇ ਨੂੰਹਾਂ ਧੀਆਂ ਨੂੰ ਕਹਿੰਦੇ: ''ਆਏ ਨੀ ਨਿਹੰਗ, ਬੂਹੇ ਖੋਲ੍ਹ ਦੇ ਨਿਸੰਗ''
ਨਿਹੰਗ ਸਿੰਘ ਬੜੇ ਭਜਨੀਕ, ਸੱਚੇ-ਸੁੱਚੇ, ਜਤੀ-ਸਤੀ, ਸੂਰਬੀਰ, ਨਿੱਡਰ, ਨਿਰਵੈਰ ਅਤੇ ਕਰਨੀ ਵਾਲੇ ਪੁਰਸ਼ ਹੋਏ ਹਨ। ਅਜਿਹੇ ਮਹਾਨ ਪਵਿੱਤਰ ਜੀਵਨ ਵਾਲੇ ਅਕਾਲੀ ਫੂਲਾ ਸਿੰਘ ਜੀ ਸਨ, ਜਿਨ੍ਹਾਂ ਦੇ ਹਰ ਹੁਕਮ ਅੱਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿਰ ਨਿਵਾ ਦਿਆ ਕਰਦੇ ਸਨ। ਇੱਕ ਵਾਰੀ ਅਕਾਲੀ ਜੀ ਨੇ ਮਹਾਰਾਜੇ ਜੀ ਨੂੰ ਕਿਸੇ ਦੋਸ਼ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਇਮਲੀ ਦੇ ਬੂਟੇ ਨਾਲ ਬੰਨ੍ਹ ਕੇ ਕੋਰੜੇ ਮਾਰਨ ਦੀ ਸਜ਼ਾ ਦਿੱਤੀ, ਜੋ ਮਹਾਰਾਜੇ ਨੇ ਸਿਰ ਮੱਥੇ ਪਰਵਾਨ ਕਰ ਲਈ ਸੀ। ਉਸ ਬਚਨਾਂ ਦੇ ਬਲੀ ਅਕਾਲੀ ਫੂਲਾ ਸਿੰਘ ਨੇ ਅਰਦਾਸਾ ਸੋਧ ਕੇ ਨੁਸ਼ਹਿਰੇ ਵੱਲ ਚੜ੍ਹਾਈ ਕੀਤੀ, ਪਰ ਸ਼ੇਰੇ ਪੰਜਾਬ ਨੇ ਕਿਹਾ ਕਿ ਅਜੇ ਥੋੜ੍ਹਾ ਸਮਾਂ ਠਹਿਰ ਕੇ ਚੜ੍ਹਾਈ ਕਰਨੀ ਚਾਹੀਦੀ ਹੈ, ਕਿਉਂਕਿ ਪਠਾਣੀ ਫੌਜ ਸਾਡੀ ਖਾਲਸਾਈ ਫੌਜ ਨਾਲੋਂ ਵਧੇਰੇ ਹੈ। ਇਹ ਸੁਣ ਕੇ ਅਕਾਲੀ ਜੀ ਨੇ ਜਵਾਬ ਦਿੱਤਾ ਕਿ ਮੈਂ ਅਰਦਾਸਾ ਸੋਧ ਕੇ ਤੁਰਿਆ ਹਾਂ, ਪਿੱਛੇ ਨਹੀਂ ਹਟ ਸਕਦਾ ਅਤੇ ਉਸ ਨੇ ਨੁਸ਼ਹਿਰੇ ਦੀ ਜੰਗ ਬੜੀ ਸੂਰਬੀਰਤਾ ਨਾਲ ਲੜੀ ਅਤੇ ਆਪ ਸ਼ਹੀਦੀ ਪਾ ਕੇ ਫਤਹਿ ਖਾਲਸੇ ਨੂੰ ਦਿਵਾਈ। ਸਿੱਖ ਹਿਸਟਰੀ ਵਿੱਚ ਮਿਸਟਰ ਕਨਿੰਘਮ ਇਉਂ ਲਿਖਦਾ ਹੈ, ''ਮੈਂ ਕੀਰਤਪੁਰ ਦੇ ਲਾਗੇ ਇੱਕ ਅਕਾਲੀ ਨਿਹੰਗ ਸਿੰਘ ਨੂੰ ਵੇਖਿਆ, ਜੋ ਸਤਲੁਜ ਦਰਿਆ ਦੇ ਨੇੜੇ, ਸ਼ਿਵਾਲਿਕ ਦੇ ਪਹਾੜੀ ਇਲਾਕੇ ਵਿਚਕਾਰ ਲੋਕ-ਸੇਵਾ ਹਿਤ ਇੱਕ ਸੜਕ ਬਣਾ ਰਿਹਾ ਸੀ। ਉਹ ਕਿਸੇ ਨਾਲ ਗੱਲਾਂ ਘੱਟ ਹੀ ਕਰਦਾ ਸੀ। ਪਰ ਉਸ ਦੇ ਪਵਿੱਤਰ ਜੀਵਨ ਅਤੇ ਆਚਰਣ ਦਾ ਲੋਕਾਂ ਉੱਤੇ ਬੜਾ ਚੰਗਾ ਅਸਰ ਪਿਆ ਸੀ।'' ਕਿਸੇ ਚਿੱਤਰਕਾਰ ਨੇ ਉਸ ਨਿਹੰਗ ਸਿੰਘ ਅਤੇ ਇੱਕ ਭੇਡਾਂ ਚਾਰਨ ਵਾਲੇ ਮੁੰਡੇ ਦਾ ਚਿੱਤਰ ਬਣਾਇਆ ਸੀ, ਜੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ, ਜੋੜਾ ਘਰ ਦੇ ਨੇੜੇ ਪਿੰਗਲਵਾੜਾ ਦੇ ਪ੍ਰਬੰਧਕਾਂ ਨੇ ਰੱਖਿਆ ਹੋਇਆ ਹੈ।
ਪੁਰਾਤਨ ਸਮੇਂ ਤੋਂ ਨਿਹੰਗ ਸਿੰਘ ਕਈਆਂ ਸ਼ਹੀਦੀ ਅਸਥਾਨਾਂ ਅਤੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਦੇ ਚਲੇ ਆ ਰਹੇ ਹਨ। ਇਨ੍ਹਾਂ ਦੇ ਡੇਰਿਆਂ ਨੂੰ ਛਾਉਣੀਆਂ ਕਿਹਾ ਜਾਂਦਾ ਹੈ, ਜਿਵੇਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਅੰਮ੍ਰਿਤਸਰ, ਸ਼ਹੀਦੀ ਬਾਗ ਆਨੰਦਪੁਰ ਸਾਹਿਬ, ਟਿੱਬਾ ਬਾਬਾ ਨੈਣਾ ਸਿੰਘ ਮੁਕਤਸਰ, ਗੁਦਾਵਰੀ ਨਦੀ ਕੰਢੇ ਨਗੀਨਾ ਘਾਟ ਅਤੇ ਮਾਤਾ ਸੁੰਦਰੀ ਜੀ ਦਾ ਅਸਥਾਨ, ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਮਾਛੀਵਾੜਾ, ਫਰੀਦਕੋਟ, ਪੱਟੀ, ਚੱਬੇ ਪਿੰਡ ਦੇ ਲਾਗੇ ਸ਼ਹੀਦੀ ਅਸਥਾਨ ਬਾਬਾ ਨੌਧ ਸਿੰਘ, ਬਾਬਾ ਬਕਾਲਾ ਅਤੇ ਪਿੰਡ ਸੁਰ ਸਿੰਘ ਆਦਿ ਹਨ।
ਨਿਹੰਗ ਸਿੰਘ ਵਿਸਾਖੀ ਦਾ ਮੇਲਾ ਦਮਦਮਾ ਸਾਹਿਬ, ਦੀਵਾਲੀ ਸ੍ਰੀ ਅੰਮ੍ਰਿਤਸਰ ਤੇ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਨਿਹੰਗ ਸਿੰਘ ਉੱਚੇ ਜੀਵਨ ਆਚਰਣ ਵਾਲੇ, ਨੀਲੇ ਬਸਤਰ ਪਹਿਨਦੇ, ਸਰਬ ਲੋਹ ਦੇ ਬਰਤਨ ਵਰਤਦੇ, ਸ਼ਸਤਰਾਂ ਦੇ ਉਪਾਸ਼ਕ ਅਤੇ ਘੋੜਿਆਂ ਦੇ ਪ੍ਰੇਮੀ ਹੁੰਦੇ ਹਨ। ਇਹ ਬਿਹੰਗਮ ਅਤੀਤ ਜੀਵਨ ਵਾਲੇ ਹੁੰਦੇ ਹਨ ਤੇ ਗ੍ਰਿਹਸਤੀ ਵੀ। ਇਹ ਕਿਸੇ ਦੀ ਵੀ ਦਿੱਤੀ ਹੋਈ ਜਾਗੀਰ ਪ੍ਰਵਾਨ ਨਹੀਂ ਕਰਦੇ ਅਤੇ ਨਾ ਹੀ ਕਿਸੇ ਤੋਂ ਕੁਝ ਮੰਗਦੇ ਹਨ। ਇਹ ਗਤਕਾ, ਤਲਵਾਰ ਤੇ ਨੇਜ਼ਾਬਾਜੀ ਆਦਿ ਸ਼ਸਤਰਾਂ ਦੇ ਵੀ ਮਾਹਰ ਹੁੰਦੇ ਹਨ। 
ਇਤਿਹਾਸ ਪੱਖੋਂ ਅਵੇਸਲੇ ਹੋਣ ਕਰਕੇ ਅੱਜ ਸਿੱਖ ਪੰਥ ਇਸ ਸੰਪਰਦਾ ਦੀ ਸੇਵਾ ਨੂੰ ਭੁਲਦਾ ਜਾ ਰਿਹਾ ਹੈ। ਸ਼ਾਇਦ ਇਸੇ ਲਈ ਕਈ ਵਾਰ ਨਿਹੰਗ ਸਿੰਘਾ ਦੀ ਰਹਿਣੀ ਬਹਿਣੀ ਅਤੇ ਕਾਰਗੁਜ਼ਾਰੀ ਤੇ ਹੀ ਸਵਾਲ ਸ਼ੁਰੂ ਹੋ ਜਾਦੇ ਹਨ। ਕੋਸ਼ਿਸ਼ ਕਰਾਂਗੇ ਕਿ ਇਸ ਅਣਗੌਲੇ ਇਤਿਹਾਸ ਨੂੰ ਆਮ ਸੰਗਤਾਂ ਸਾਹਮਣੇ ਲਿਆਂਦਾ ਜਾਵੇ। ਪੰਥ ਦੀ ਸ਼ਸਤਰਧਾਰੀ ਧਿਰ ਨਿਹੰਗ ਸਿੰਘਾਂ ਨੂੰ ਅਕਾਲੀ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਇੱਕ ਅਕਾਲ (ਵਹਿਗੁਰੂ) ਦੇ ਪੁਜਾਰੀ ਹਨ ਅਤੇ ਅਕਾਲ-ਅਕਾਲ ਜਪਦੇ ਹਨ। ਇਨ੍ਹਾਂ ਦੇ ਵਿਲੱਖਣ ਸਰੂਪ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਪ੍ਰਚੱਲਿਤ ਹਨ। ਜੇ 'ਮਾਲਵਾ ਇਤਹਾਸ' ਦੇ ਸਫ਼ਾ ਨੰਬਰ 436 ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤਾਂ ਜਦੋਂ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਸਨ ਤਾਂ ਗੁਰੂ ਨਾਨਕ ਨਾਮ-ਲੇਵਾ ਸੰਗਤ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਗੁਰੂ-ਦਰਸ਼ਨਾਂ ਲਈ ਕਿਲ੍ਹੇ ਵੱਲ ਜਾਇਆ ਕਰਦੀ ਸੀ। ਬਾਬਾ ਬੁੱਢਾ ਜੀ ਨਿਸ਼ਾਨ ਸਾਹਿਬ ਲੈ ਕੇ ਸੰਗਤ ਦੇ ਅੱਗੇ-ਅੱਗੇ ਚੱਲਿਆ ਕਰਦੇ ਸਨ। ਬਾਬਾ ਜੀ ਦੀ ਇਸ ਪਿਆਰ ਅਤੇ ਦੀਦਾਰ ਭਾਵਨਾ ਤੋਂ ਖੁਸ਼ ਹੋ ਕਿ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਕਿ 'ਬਾਬਾ ਜੀ ਕੁਝ ਸਮਾਂ ਪਾ ਕੇ ਤੇਰਾ ਇਹ ਨਿਸ਼ਾਨਾਂ ਵਾਲਾ ਪੰਥ ਆਪਣੀ ਵੱਖਰੀ ਪਹਿਚਾਣ ਸਥਾਪਿਤ ਕਰੇਗਾ।' ਇੱਕ ਹੋਰ ਧਾਰਨਾ ਅਨੁਸਾਰ ਇਕ ਵਾਰ ਜਦੋਂ ਸਾਹਿਬਜ਼ਾਦਾ ਫ਼ਤਿਹ ਸਿੰਘ ਸੀਸ 'ਤੇ ਦੁਮਾਲਾ ਸਜਾ ਕੇ ਕਲਗੀਧਰ ਪਾਤਸ਼ਾਹ ਦੇ ਸਨਮੁੱਖ ਹੋਏ ਤਾਂ ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਇਸ ਬਾਣੇ ਦਾ ਨਿਹੰਗ ਪੰਥ ਹੋਵੇਗਾ। ਇੱਕ ਵਿਚਾਰ ਅਨੁਸਾਰ ਗੁਰੂ ਗੋਬਿੰਦ ਸਿੰਘ ਨੇ ਮਾਛੀਵਾੜੇ ਤੋਂ ਚੱਲਣ ਸਮੇਂ ਜਿਹੜਾ ਨੀਲਾ ਬਾਣਾ ਧਾਰਨ ਕੀਤਾ ਸੀ, ਜਦੋਂ ਉਸ ਨੂੰ ਅੱਗ ਵਿੱਚ ਸਾੜਿਆ ਗਿਆ ਤਾਂ ਉਸ ਦੀ ਇੱਕ ਲੀਰ ਭਾਈ ਮਾਨ ਸਿੰਘ ਨੇ ਆਪਣੀ ਦਸਤਾਰ ਵਿੱਚ ਸਜਾ ਲਈ ਸੀ, ਜਿਸ ਤੋਂ ਨਿਹੰਗ ਸਿੰਘਾਂ ਦੇ ਬਾਣੇ ਦੀ ਆਰੰਭਤਾ ਹੋਈ ਮੰਨੀ ਜਾਂਦੀ ਹੈ।
ਮੁਗਲਾਂ ਨੇ ਜਦੋਂ ਖ਼ਾਲਸਾ ਪੰਥ ਨੂੰ ਖ਼ਤਮ ਕਰਨ ਲਈ ਹਰ ਤਰ੍ਹਾਂ ਦਾ ਅੱਤਿਆਚਾਰੀ ਹੀਲਾ-ਵਸੀਲਾ ਵਰਤਣਾ ਸ਼ੁਰੂ ਕੀਤਾ ਤਾਂ ਉਸ ਸੰਕਟਕਾਲੀ ਸਥਿਤੀ ਦਾ ਟਾਕਰਾ ਕਰਨ ਲਈ ਖ਼ਾਲਸਾ ਹਰ ਸਮੇਂ ਤਿਆਰ-ਬਰ-ਤਿਆਰ ਰਹਿਣ ਲੱਗਾ। ਇਸ ਟਾਕਰੇ ਲਈ ਉਸ ਨੇ ਵੱਧ ਤੋਂ ਵੱਧ ਸ਼ਸਤਰ ਰੱਖਣ ਦੇ ਨਾਲ ਨਾਲ ਆਪਣੀ ਵੱਖਰੀ ਵਰਦੀ ਵੀ ਧਾਰਨ ਕਰ ਲਈ ਜਿਸ ਵਿੱਚ ਨੀਲੇ ਰੰਗ ਦਾ ਲੰਮਾ ਚੋਲਾ, ਲੱਕ ਨੂੰ ਕਮਰਕੱਸਾ, ਗੋਡਿਆਂ ਤੱਕ ਕਛਹਿਰਾ, ਸਿਰ 'ਤੇ ਉੱਚੀ ਦਸਤਾਰ ਤੇ ਉਸ ਦੁਆਲੇ ਚੱਕਰ ਸਜਾਉਣਾ ਸ਼ਾਮਲ ਹੈ। ਇਸ ਤਰ੍ਹਾਂ ਸ਼ਸਤਰ ਅਤੇ ਬਸਤਰ (ਨਿਹੰਗੀ ਬਾਣੇ) ਦਾ ਧਾਰਨੀ ਹੋ ਕੇ ਖ਼ਾਲਸਾ ਅਕਾਲ ਪੁਰਖ ਦੀ ਫੌਜ ਦੇ ਰੂਪ ਵਿੱਚ ਮੈਦਾਨ-ਏ-ਜੰਗ ਵਿੱਚ ਨਿੱਤਰਦਾ ਰਿਹਾ ਹੈ ਅਤੇ ਗੁਰੂ ਘਰ ਦੇ ਦੋਖੀਆਂ ਨੂੰ ਭਾਜੜਾਂ ਪਾਉਂਦਾ ਰਿਹਾ ਹੈ। ਨਿਹੰਗ ਸਿੰਘਾਂ ਵਿੱਚ ਉਹ ਸਾਰੀਆਂ ਖ਼ੂਬੀਆਂ ਮਿਲਦੀਆਂ ਸਨ, ਜਿੰਨ੍ਹਾਂ ਨੂੰ ਕਲਗੀਧਰ ਪਿਤਾ ਪਿਆਰਦੇ ਅਤੇ ਸਤਿਕਾਰਦੇ ਸਨ। ਇਨ੍ਹਾਂ ਖ਼ੂਬੀਆਂ ਕਾਰਨ ਹੀ ਨਿਹੰਗ ਸਿੰਘਾਂ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਦਾ ਖ਼ਿਤਾਬ ਮਿਲਿਆ ਹੋਇਆ ਹੈ। ਪੰਜ ਸ਼ਸਤਰ ਕਿਰਪਾਨ, ਖੰਡਾ, ਬਾਘ ਨਖਾ, ਤੀਰ-ਕਮਾਨ ਅਤੇ ਚੱਕਰ ਨਿਹੰਗ ਸਿੰਘਾਂ ਨੂੰ ਜਾਨ ਤੋਂ ਵੀ ਪਿਆਰੇ ਹਨ। ਇਹ ਸਾਰੇ ਨਿੱਕੇ ਅਕਾਰ ਦੇ ਹੁੰਦੇ ਹਨ ਅਤੇ ਨਿਹੰਗ ਸਿੰਘ ਇਨ੍ਹਾਂ ਨੂੰ ਦੁਮਾਲੇ ਵਿੱਚ ਸਜਾ ਕੇ ਰੱਖਦੇ ਹਨ। ਸਿੱਖ ਫੌਜਾਂ ਵਿੱਚ ਵੱਡੀ ਤ ਦਾਦ ਨਿਹੰਗ ਸਿੰਘਾਂ ਦੀ ਹੀ ਹੁੰਦੀ ਸੀ। ਇਨ੍ਹਾਂ ਦੇ ਕਿਰਦਾਰ ਦਾ ਇੱਕ ਤਸੱਲੀਬਖ਼ਸ਼ ਪੱਖ ਇਹ ਵੀ ਰਿਹਾ ਹੈ ਕਿ ਜਦੋਂ ਇਹ ਜੈਕਾਰੇ ਗਜਾਉਂਦੇ ਕਿਸੇ ਨਗਰ-ਖੇੜੇ ਵਿੱਚ ਪੈਰ ਪਾਉਂਦੇ ਤਾਂ ਲੋਕ ਆਪ ਮੁਹਾਰੇ ਹੀ ਆਪਣੀਆਂ ਨੂੰਹਾਂ-ਧੀਆਂ ਨੂੰ ਕਹਿ ਦਿੰਦੇ ਸਨ:
'ਆਏ ਨੀ ਨਿਹੰਗ, ਬੂਹੇ ਖੋਲ੍ਹ ਦੇ ਨਿਸੰਗ।'
ਉੱਚੇ ਅਤੇ ਸੁੱਚੇ ਕਿਰਦਾਰ ਦੇ ਮਾਲਕ ਨਿਹੰਗ ਸਿੰਘ ਬਹੁਤ ਹੀ ਭਜਨੀਕ, ਸੂਰਬੀਰ, ਨਿਰਭੈਅ, ਨਿਰਵੈਰ ਅਤੇ ਕਹਿਣੀ-ਕਰਨੀ ਦੇ ਧਨੀ ਹੋਏ ਹਨ। ਲੰਮੇ ਸਮੇਂ ਤੋਂ ਕਈ ਸ਼ਹੀਦੀ ਸਥਾਨਾਂ ਤੇ ਡੇਰਿਆਂ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਨਿਹੰਗ ਸਿੰਘਾਂ ਵੱਲੋਂ ਨਿਭਾਈ ਜਾ ਰਹੀ ਹੈ। ਇਨ੍ਹਾਂ ਦੇ ਡੇਰਿਆਂ ਨੂੰ ਛਾਉਣੀਆਂ ਕਿਹਾ ਜਾਂਦਾ ਹੈ। ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੀ ਵਿਸਾਖੀ, ਅੰਮ੍ਰਿਤਸਰ ਸਾਹਿਬ ਦੀ ਦੀਵਾਲੀ ਅਤੇ ਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ-ਮਹੱਲਾ ਨਿਹੰਗ ਸਿੰਘਾਂ ਦੀ ਭਰਪੂਰ ਅਤੇ ਮਸ਼ਹੂਰ ਹਾਜ਼ਰੀ ਵਾਲੇ ਤਿਉਹਾਰ ਹਨ। ਹੋਲੇ-ਮਹੱਲੇ ਦੇ ਰੰਗ ਤਾਂ ਨਿਹੰਗ ਸਿੰਘਾਂ ਦੀ ਹਾਜ਼ਰੀ ਤੋਂ ਬਗ਼ੈਰ ਉੱਘੜਦੇ ਹੀ ਨਹੀਂ ਹਨ। ਸਰਬ-ਲੋਹ ਦੇ ਬਰਤਨਾਂ ਅਤੇ ਘੋੜਿਆਂ ਨਾਲ ਨਿਹੰਗ ਸਿੰਘਾਂ ਨੂੰ ਵਿਸ਼ੇਸ਼ ਪ੍ਰੇਮ ਹੁੰਦਾ ਹੈ। ਇਸ ਤੋਂ ਇਲਾਵਾ ਇਹ ਸ਼ਸਤਰਾਂ ਨੂੰ ਵੀ ਅੰਗ ਸੰਗ ਰੱਖਦੇ ਹਨ। ਨਿਹੰਗ ਸਿੰਘਾਂ ਦੀ ਬੋਲ-ਬਾਣੀ ਵੀ ਵਿਲੱਖਣ ਅਤੇ ਰੋਚਿਕਤਾ ਭਰਪੂਰ ਹੁੰਦੀ ਹੈ। ਘਾਟੇਵੰਦੀ ਸਥਿਤੀ ਨੂੰ ਲਾਹੇਵੰਦੀ ਨਜ਼ਰ ਨਾਲ ਦੇਖਣਾ ਇਸ ਬੋਲ-ਬਾਣੀ ਦਾ ਅਹਿਮ ਪੱਖ ਰਿਹਾ ਹੈ। ਇਸੇ ਕਰਕੇ ਹੀ ਇਸ ਬੋਲ-ਬਾਣੀ ਨੂੰ 'ਗੜਗੱਜ ਬੋਲਿਆਂ' ਦਾ ਨਾਮ ਦਿੱਤਾ ਜਾਂਦਾ ਹੈ। ਇਨ੍ਹਾਂ ਬੋਲਿਆਂ ਤਹਿਤ ਇੱਕ ਸਿੰਘ ਨੂੰ ਸਵਾ ਲੱਖ ਕਹਿਣ ਨਾਲ ਦੁਸ਼ਮਣ ਦੰਗ ਰਹਿ ਜਾਂਦੇ ਸਨ ਅਤੇ ਮੈਦਾਨ ਛੱਡ ਜਾਂਦੇ ਸਨ।