image caption:

ਸਿਰਸਾ-ਕਾਲਕਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕਰਨ ਦੀ ‘ਜਾਗੋ’ ਪਾਰਟੀ ਨੇ ਕੀਤੀ ਮੰਗ

ਸਿਰਸਾ ਦੇ ਘੱਟ ਗਿਆਨ ਨੇ, ਦਿੱਲੀ ਵਿੱਚ ਜੋਤੀ-ਜੋਤ ਸਮਾਏ ਦੋਨਾਂ ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਕਲੰਕਿਤ ਕੀਤਾ : ਜੀਕੇ
ਨਵੀਂ ਦਿੱਲੀ -  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦੇ ਧਾਰਮਿਕ ਸਟੇਜਾਂ ਤੋਂ ਬੋਲਣ ਉੱਤੇ ਤਤਕਾਲ ਰੋਕ ਲਗਾਉਣ ਦੀ &lsquoਜਾਗੋ&rsquo ਪਾਰਟੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਸੋਂ ਮੰਗ ਕੀਤੀ ਹੈ। ਨਾਲ ਹੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਲਗਾਤਾਰ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਸਬੰਧਿਤ ਤੱਥਾਂ ਨੂੰ ਨਜ਼ਰਅੰਦਾਜ਼ ਅਤੇ ਗ਼ਲਤ ਬਿਆਨ ਕਰਨ ਦਾ ਜਥੇਦਾਰ ਨੂੰ ਹਵਾਲਾ ਦਿੰਦੇ ਹੋਏ ਦੋਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕਰਨ ਦੀ ਦਲੀਲ ਦਿੱਤੀ ਹੈ। ਆਪਣੇ ਫੇਸਬੁਕ ਪੇਜ ਉੱਤੇ ਅੱਜ ਲਾਈਵ ਹੋਏ ਜੀਕੇ ਨੇ ਖ਼ੁਲਾਸਾ ਕੀਤਾ ਕਿ ਸਿਰਸਾ ਨੇ ਕਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਾਲਾ ਸਾਹਿਬ ਹਸਪਤਾਲ ਨੂੰ ਇਕਾਂਤਵਾਸ ਸੈਂਟਰ ਬਣਾਉਣ ਦੇ ਸਬੰਧ ਵਿੱਚ ਲਿਖੇ ਪੱਤਰ ਵਿੱਚ ਸਿੱਖ ਇਤਿਹਾਸ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਸਿਰਸਾ ਨੇ ਗੁਰਦੁਆਰਾ ਬਾਲਾ ਸਾਹਿਬ ਵਾਲੇ ਸਥਾਨ ਉੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚੇਚਕ ਦੇ ਰੋਗ ਦੇ ਸੰਕਰਮਣ ਦੇ ਬਾਅਦ ਇੱਥੇ ਏਕਾਂਤਵਾਸ ਵਿੱਚ ਰਹਿਣ ਦਾ ਬਿਨਾਂ ਪ੍ਰਮਾਣਿਤ ਇਤਿਹਾਸ ਦੇ ਸਹਾਰੇ ਦਾਅਵਾ ਕੀਤਾ ਹੈ। ਇਹ ਸਿੱਧੇ ਤੌਰ ਉੱਤੇ ਗੁਰੂ ਸਾਹਿਬ ਨੂੰ ਕਮਜ਼ੋਰ ਅਤੇ ਮੁਥਾਜ ਵਿਖਾਉਣ ਦੀ ਘਟੀਆ ਕੋਸ਼ਿਸ਼ ਹੈ। ਜਦੋਂ ਕਿ ਇਤਿਹਾਸਿਕ ਹਵਾਲੇ ਅਨੁਸਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਇਸ ਸਥਾਨ ਉੱਤੇ ਸੰਗਤਾਂ ਦੀ ਹਾਜ਼ਰੀ ਵਿੱਚ ਅਗਲੇ ਗੁਰੂ ਸਾਹਿਬ ਦੇ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਦਾ ਹਵਾਲਾ ਦੇਣ ਦੇ ਬਾਅਦ ਜੋਤੀ-ਜੋਤ ਸਮਾ ਗਏ ਸਨ। ਬਾਅਦ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਇੱਥੇ ਅੰਤਿਮ ਸੰਸਕਾਰ ਵੀ ਹੋਇਆ ਸੀ।  

ਜੀਕੇ ਨੇ ਸਿਰਸਾ ਤੋਂ ਸਵਾਲ ਪੁੱਛਿਆ ਕਿ ਗੁਰੂ ਸਾਹਿਬ ਦਾ ਇਹ ਏਕਾਂਤਵਾਸ ਕਿਵੇਂ, ਕਦੋਂ ਅਤੇ ਕਿੱਥੋ ਆਇਆ ?  ਜੇਕਰ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਰਚਨਾ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਧਿਆਨ ਕਰਨ ਨਾਲ ਸਾਰੇ ਦੁੱਖਾਂ ਦੀ ਨਿਵਿਰਤੀ ਹੋਣ ਦਾ ਦਾਅਵਾ ਕਰਦੇ ਹਨ ਤਾਂ ਉਸ ਦੁਖਭੰਜਨ ਦਾਤੇ ਨੂੰ, ਜਿਨ੍ਹਾਂ ਨੇ ਦਿੱਲੀ ਵਿੱਚ ਚੇਚਕ ਦੀ ਮਹਾਂਮਾਰੀ ਦੌਰਾਨ ਦਿੱਲੀ ਦੇ ਲੋਕਾਂ ਦਾ ਰੋਗ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਥਾਪਤ ਕੀਤੇ ਗਏ &lsquoਚਬੱਚਾ ਸਾਹਿਬ&rsquo ਦੇ ਜਲ ਨਾਲ ਦੂਰ ਕੀਤਾ ਸੀ ਅਤੇ ਹੁਣ ਵੀ ਉਸੇ ਜਲ ਨਾਲ ਗੁਰੂ ਸਾਹਿਬ ਲੋਕਾਂ ਦੇ ਰੋਗ ਦੂਰ ਕਰ ਰਹੇ ਹਨ, ਤਾਂ ਅਸੀਂ ਸਿਰਸਾ ਦੇ ਦਾਅਵੇ ਅਨੁਸਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਰੋਗੀ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦੇ ਏਕਾਂਤਵਾਸ ਵਿੱਚ ਜਾਣ ਦੀ ਥਯੋਰੀ ਨੂੰ ਕਿਵੇਂ ਮਨ ਲੇਈਏ ?  ਅਸੀਂ ਸੰਗਤਾਂ ਦੀ ਸ਼ਰਧਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਾਅਵੇ ਨੂੰ ਝੂਠਾ ਅਤੇ ਸਿਰਸਾ ਨੂੰ ਸੱਚਾ ਕਿਵੇਂ ਮਨ ਲਈਏ ?  
 
ਜੀਕੇ ਨੇ ਕਿਹਾ ਕਿ ਦਿੱਲੀ ਉਹ ਸ਼ਹਿਰ ਹੈ,  ਜਿਸ ਨੂੰ 5 ਗੁਰੂ ਸਾਹਿਬਾਨਾਂ ਗੁਰੂ ਨਾਨਕ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿਕ੍ਰਿਸ਼ਨ ਸਾਹਿਬ, ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਹੈ ਅਤੇ 2 ਗੁਰੂ ਸਾਹਿਬਾਨਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਇੱਥੇ ਜੋਤੀ-ਜੋਤ ਸਮਾਏ ਸਨ। ਪਰ ਸਿਰਸਾ ਨੇ ਦਿੱਲੀ ਵਿਖੇ ਜੋਤੀ-ਜੋਤ ਸਮਾਉਣ ਵਾਲੇ ਦੋਨਾਂ ਗੁਰੂ ਸਾਹਿਬਾਨਾਂ ਦੇ ਮਾਨ, ਕਾਬਲੀਅਤ ਅਤੇ ਵਿਸ਼ਵਾਸ ਨੂੰ ਆਪਣੇ ਗ਼ਲਤ ਇਤਿਹਾਸ ਨਾਲ ਕਲੰਕਿਤ ਕਰਨ ਵਿੱਚ ਸ਼ਰਮ ਮਹਿਸੂਸ ਨਹੀਂ ਕੀਤੀ। ਪਹਿਲਾਂ ਸਿਰਸਾ ਨੇ ਕਿਹਾ ਸੀ ਕਿ ਭਾਈ ਲਖੀ ਸ਼ਾਹ ਵਣਜਾਰਾ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਬਾਅਦ ਉਨ੍ਹਾਂ ਦੇ ਧੜ ਦਾ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੇ ਧੜ ਉੱਤੇ ਦਹੀ ਦਾ ਲੇਪ ਲਾਕੇ,  ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਖੂਹ ਵਿੱਚ ਧੜ ਨੂੰ ਇਸ਼ਨਾਨ ਕਰਵਾ ਕੇ ਆਪਣੇ ਮਕਾਨ ਨੂੰ ਅੱਗ ਲਾਕੇ ਗੁਰੂ ਸਾਹਿਬ ਦਾ ਅੰਤਿਮ ਸੰਸਕਾਰ ਕੀਤਾ ਸੀ। ਜਦੋਂ ਕਿ ਉਸ ਸਮੇਂ ਔਰੰਗਜ਼ੇਬ ਦੀ ਫ਼ੌਜ ਗੁਰੂ ਸਾਹਿਬ ਦੀ ਸ਼ਹੀਦੀ ਦੇ ਬਾਅਦ ਉਨ੍ਹਾਂ ਦੇ ਸਿਰ ਅਤੇ ਧੜ ਨੂੰ ਚੁੱਕ ਕੇ ਲੈ ਜਾਣ ਵਾਲਿਆਂ ਦੀ ਤਲਾਸ਼ ਬੜੇ ਜੋਸ਼ ਨਾਲ ਕਰ ਰਹੀ ਸੀ। ਜੀਕੇ ਨੇ ਪੁੱਛਿਆ ਕਿ ਕੀ ਉਸ ਸਮੇਂ ਭਾਈ ਲੱਖੀ ਸ਼ਾਹ ਦੇ ਕੋਲ ਦਹੀ ਦੇ ਲੇਪ ਲਗਾਉਣ ਅਤੇ ਇਸ਼ਨਾਨ ਕਰਵਾਉਣ ਦਾ ਸਮਾਂ ਸੀ ?  ਜੀਕੇ ਨੇ ਸਿਰਸਾ ਤੋਂ ਪੁੱਛਿਆ ਕਿ ਲੱਗੇ ਹੱਥ ਉਹ ਇਹ ਵੀ ਦੱਸ ਦੇਣ ਕਿ ਜੋ ਦਹੀ ਭਾਈ ਸਾਹਿਬ ਨੇ ਇਸਤੇਮਾਲ ਕੀਤੀ, ਉਹ ਕਿਹੜੀ ਕੰਪਨੀ ਦੀ ਸੀ ? ਜੀਕੇ ਨੇ ਕਿਹਾ ਕਿ ਸਿਰਸਾ ਕਦੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ 1975 ਵਿੱਚ ਬਨਣ ਵਾਲੇ ਸਰੋਵਰ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਦੁਆਰਾ ਬਣਵਾਉਣ ਦਾ ਹਵਾਲਾ ਦਿੰਦੇ ਹਨ, ਤਾਂ ਕਦੇ ਗੁਰੂ ਨਾਨਕ ਸਾਹਿਬ ਦੇ 550ਵੇਂ ਪਰਕਾਸ਼ ਪੁਰਬ ਮੋਕੋ ਕਮੇਟੀ ਵੱਲੋਂ ਸਜਾਏ ਜਾਂਦੇ ਨਗਰ ਕੀਰਤਨ ਵਿੱਚ ਮੂਰਤੀਆਂ ਦੀ ਝਾਕੀ ਕੱਢਦੇ ਹਨ। ਕਦੇ ਹੋਲੇ-ਮਹੱਲੇ ਦੀ ਗਲਤ ਪਰਿਭਾਸ਼ਾ ਤਾਂ ਕਦੇ ਗੁਰਬਾਣੀ ਦਾ ਗਲਤ ਉਚਾਰਨ ਕਰਦੇ ਹਨ।

ਜੀਕੇ ਨੇ ਅਫਸੋਸ ਜਤਾਇਆ ਕਿ ਸਿਰਸਾ ਦੀ ਬੇਵਕੂਫ਼ੀ ਨਾਲ ਸਰਕਾਰ ਅਤੇ ਮੀਡੀਆ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਗ਼ਲਤ ਇਤਿਹਾਸ ਰਿਕਾਰਡ ਵਿੱਚ ਚਲਾ ਗਿਆ ਹੈ। ਜਿਸ ਦਾ ਬਾਅਦ ਵਿੱਚ ਕਦੇ ਵੀ ਸਿੱਖ ਇਤਿਹਾਸ ਨੂੰ ਕੁਰੂਪ ਕਰਨ ਲਈ ਕੋਈ ਇਸਤੇਮਾਲ ਕਰ ਸਕਦਾ ਹੈ। ਜੀਕੇ ਨੇ ਸਿਰਸਾ ਨੂੰ ਗੂਗਲ ਅਤੇ ਵਿੱਕੀਪੀੜੀਆ ਤੋਂ ਗੈਰ ਪ੍ਰਮਾਣਿਤ ਇਤਹਾਸ ਨਾ ਚੁੱਕਣ ਦੀ ਨਸੀਹਤ ਵੀ ਦਿੱਤੀ। ਜੀਕੇ ਨੇ ਸਿਰਸਾ ਦੇ ਨਾਲ ਕਾਲਕਾ ਨੂੰ ਵੀ ਗੁਰਬਾਣੀ ਗਲਤ ਪੜ੍ਹਨ ਉੱਤੇ ਘੇਰ ਲਿਆ। ਕਾਲਕਾ ਵੱਲੋਂ ਅੱਜ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਤੋਂ &ldquoਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ&rdquo ਵਿੱਚ &lsquoਦੁਬਿਧਾ' ਨੂੰ &lsquoਬਿਪਦਾ&rsquo ਉਚਾਰਣ ਕਰਨ ਨੂੰ ਜੀਕੇ ਨੇ ਵੱਡੀ ਗਲਤੀ ਦੱਸਿਆ। ਨਾਲ ਹੀ ਜੱਥੇਦਾਰ ਨੂੰ ਖੁਦ ਕਾਰਵਾਈ  ਕਰਦੇ ਹੋਏ ਦੋਨਾਂ ਦੋਸ਼ੀਆਂ ਨੂੰ ਤੁਰੰਤ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕਰਨ ਦੀ ਮੰਗ ਕੀਤੀ ਅਤੇ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਪੁਰੀ ਹੋਣ ਤੱਕ ਦੋਨਾਂ ਨੂੰ ਦਿੱਲੀ ਕਮੇਟੀ ਪ੍ਰਬੰਧ ਤੋਂ ਦੂਰ ਰਹਿਣ ਦਾ ਅੰਤ੍ਰਿਮ ਆਦੇਸ਼ ਦੇਣ ਦੀ ਵੀ ਜਥੇਦਾਰ ਨੂੰ ਅਪੀਲ ਕੀਤੀ।