image caption:

ਭਾਈ ਸਤਨਾਮ ਸਿੰਘ ਵਿਰਦੀ ਦਾ ਅਕਾਲ ਚਲਾਣਾ - ਪੰਥ ਦੀ ਸੇਵਾ ਉਹਨਾਂ ਦੇ ਜੀਵਨ ਦਾ ਮਕਸਦ ਸੀ ਲੇਖਕ - ਭਾਈ ਬਲਬੀਰ ਸਿੰਘ (ਸੇਵਾਦਾਰ: ਸਿੱਖ ਰਿਲੀਫ)

  ਅਸੀਂ ਇੱਕ ਮਹਾਨ ਰੂਹ ਤੋਂ ਵਾਂਝੇ ਹੋ ਗਏ ਹਾਂ, ਜਿਸ ਨੇ ਆਪਣੀ ਸਾਰੀ ਉਮਰ ਸੇਵਾ ਕਰਨ ਲਈ ਸਮਰਪਿਤ ਕਰ ਦਿੱਤੀ । ਮੈਂ 80 ਦੇ ਦਹਾਕੇ ਤੋਂ ਭਾਈ ਸਤਨਾਮ ਸਿੰਘ ਜੀ ਵਿਰਦੀ ਨੂੰ ਜਾਣਦਾ ਹਾਂ । ਜਦੋਂ ਮੈਂ ਪਹਿਲੀ ਵਾਰ ਸਿੱਖੀ ਵਿੱਚ ਆਇਆ ਤਾਂ ਭਾਈ ਸਾਹਿਬ ਜੀ ਦੀ ਅਤੇ ਉਨ੍ਹਾਂ ਦੇ ਸੰਗੀ ਸਾਥੀਆਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ । ਭਾਈ ਸਾਹਿਬ ਜੀ ਮੈਨੂੰ ਕੀਰਤਨ ਸਮਾਗਮਾਂ ਵਿੱਚ ਨਾਲ ਲੈ ਜਾਂਦੇ ਜਿਸ ਨਾਲ ਮੇਰੀ ਸਿੱਖੀ ਬਾਰੇ ਜਾਣਕਾਰੀ ਵਧੀ ਅਤੇ ਸਿੱਖੀ ਨਾਲ ਪਿਆਰ ਵੱਧਦਾ ਗਿਆ । ਅਸੀਂ ਚੰਗੇ ਤੇ ਮਾੜੇ ਸਮਿਆਂ ਨੂੰ ਹੱਸਦਿਆਂ-ਖੇਡਦਿਆਂ, ਕੀਰਤਨ ਕਰਦਿਆਂ ਅਤੇ ਪੰਥਕ ਵਿਚਾਰਾਂ ਗੁਜ਼ਾਰਿਆ। ਕਈ ਸਾਲ ਰੋਜ਼ਾਨਾ ਅੰਮ੍ਰਿਤ ਵੇਲੇ ( 2ਵਜੇ ) ਉਠ ਭਾਈ ਰਾਮਾ ਸਿੰਘ ਜੀ ਦੇ ਵਸੇਰੇ ਜਾ ਪਹੁੰਚਣਾਂ । ਢਾਈ ਤਿੰਨ ਘੰਟਿਆਂ ਦੇ ਨਿਤਨੇਮ ਤੋਂ ਬਾਅਦ ਆਪਣੇ ਆਪਣੇ ਘਰਾਂ ਨੂੰ ਤੁਰ ਜਾਣਾ। ਸ਼ਾਮਾਂ ਨੂੰ ਫਿਰ ਗੁਰਦੁਆਰੇ ਦੇ ਦਿਵਾਨਾਂ ਦਾ ਅੰਨਦ ਮਾਣਨਾ। ਜਦੋਂ ਵੀਕ ਐਂਡ ਆਉਣਾ ਹੁੰਦਾ ਤਾਂ ਭਾਈ ਸਤਨਾਮ ਸਿੰਘ ਜੀ ਨੇ ਪਹਿਲਾਂ ਹੀ ਸਾਰੇ ਇਲਾਕੇ ਦੇ ਸਿੰਘਾਂ ਨੂੰ ਫੂਨ ਕਰਨੇ ਤੇ ਕਹਿਣਾ ਕੇ ਸ਼ੁਕਰਵਾਰ ਦੀ ਸ਼ਾਮ ਨੂੰ 9 ਵਜੇ ਸਿਮਰਨ ਲਈ ਪਹੁੰਚ ਜਾਇਉ ਸਾਰੀ ਰਾਤ ਸਿਮਰਨ ਕਰਨਾ ਹੈ। ਸਾਨੂੰ ਸਾਰਿਆਂ ਨੂੰ ਬੜੇ ਚਾਵਾਂ ਨਾਲ ਵੀਕ ਐਂਡ ਦੀ ਉਡੀਕ ਹੁੰਦੀ ਸੀ ।

 
 ਸ਼ੁਕਰ ਅਤੇ ਸ਼ਨਿਚਰਵਾਰ ਆਪ ਜੀ ਨੇ ਸਾਰੀ ਸਾਰੀ ਰਾਤ ਬੈਠ ਕੇ ਸੰਗਤਾਂ ਨਾਲ ਸਿਮਰਨ ਕਰਨਾ। ਕਦੇ ਥੱਕਣਾ ਨਾ। ਇਹ ਸਿਲਸਿਲਾ ਕਈ ਸਾਲ ਇਸੇ ਤਰ੍ਹਾਂ ਪਿਆਰ ਭਰੀਆਂ ਰੂਹਾਂ ਨਾਲ ਚਲਦਾ ਰਿਹਾ। ਸਨ 1983 ਵਿੱਚ ਭਾਈ ਸਤਨਾਮ ਸਿੰਘ ਜੀ, ਭਾਈ ਕੁਲਵੰਤ ਸਿੰਘ ਜੀ ਬੱਬਰ ਅਤੇ ਦਾਸ, ਸਾਰਿਆਂ ਨੇ ਰਹਿਣ ਲਈ ਫਲੈਟ ਇਕ ਜਗ੍ਹਾ ਤੇ ਹੀ ਲੈ ਲਏ । ਜੋ ਬਿਲਕੁਲ ਇਕ ਦੂਜੇ ਦੇ ਨਾਲ ਨਾਲ ਹੀ ਸਨ । ਸਾਡੇ ਤਿੰਨਾਂ ਦੇ ਅਜੇ ਸੱਜਰੇ ਹੀ ਵਿਆਹ ਹੋਏ ਸਨ। ਕਈ ਵਾਰ ਸ਼ਾਮ ਨੂੰ ਆਪ ਜੀ ਨੇ ਸਾਨੂੰ ਆਪਣੇ ਫਲੈਟ ਸਦ ਲੈਣਾਂ ਅਤੇ ਵਾਜਾ ਫੜ ਕੀਰਤਨ ਸ਼ੁਰੂ ਕਰ ਦੇਣਾ। ਬਹੁਤੀ ਵਾਰੀ ਹੋਰ ਸਿੰਘਾਂ ਨੇ ਵੀ ਆ ਜਾਣਾਂ,ਬੜਾ ਹੀ ਅੰਨਦ ਬਝਣਾਂ ਅਤੇ ਦੇਰ ਰਾਤ ਤੱਕ ਕੀਰਤਨ ਦਾ ਪ੍ਰਵਾਹ ਚੱਲਦਾ ਰਹਿਣਾ, ਕਦੇ ਕਿਸੇ ਨੇ ਰੋਕਣਾ ਟੋਕਣਾ ਨਾ। ਉਹਨਾਂ ਦਿਨਾਂ ਵਿੱਚ ਸਾਰਿਆਂ ਦਾ ਬੜਾ ਪਿਆਰ ਅਤੇ ਏਕਾ ਹੁੰਦਾ ਸੀ, ਇਕ ਦੂਜੇ ਨੂੰ ਮਿਲਣ ਦੀ ਤਾਂਘ ਹੁੰਦੀ ਸੀ,ਬਸ ਸਿੰਘਾਂ ਨੂੰ ਦੇਖਦਿਆਂ ਚਾਅ ਚੜ੍ਹ ਜਾਣਾਂ। ਭਾਈ ਸਤਨਾਮ ਸਿੰਘ ਜੀ ਨੇ ਸਾਰਿਆਂ ਨੂੰ ਇਕ ਲੜੀ ਵਿਚ ਪਰੋ ਕੇ ਰੱਖਿਆ ਹੋਇਆ ਸੀ। ਸਾਰੇ ਲੋਕਲ ਪ੍ਰੋਗਰਾਮ ਆਪ ਉਲੀਕਣੇ ਅਤੇ ਪੂਰੀ ਜ਼ੁਮੇਵਾਰੀ ਨਾਲ ਨਿਭਾਉਣੇ।  ਮਾਸਿਕ ਰੈਣ ਸੁਬਾਈ ਕੀਰਤਨ ਤੇ ਆਪ ਜੀ ਕੋਚ ਦਾ ਪ੍ਰਬੰਧ ਕਰਨ ਅਤੇ ਇੰਗਲੈਂਡ ਦੇ ਹਰ ਸ਼ਹਿਰ ਦੇ ਗੁਰਦੁਆਰਿਆਂ ਵਿੱਚ ਆਪ ਜੀ ਨੇ ਆਪ ਖੁਦ ਬੱਸ ਚਲਾ ਕੇ ਲਿਜਾਣੀ, ਸਟੇਜ ਤੇ ਕੀਰਤਨੀ ਸਿੰਘਾਂ, ਸਿੰਘਣੀਆਂ ਨਾਲ ਬੈਠ ਖੜਕਾਲਾਂ ਬਜਾਉਣੀਆਂ ਨਾਲ ਨਾਲ ਕੀਰਤਨ ਕਰਨਾ। ਵਾਪਸ ਸਵੇਰੇ ਫਿਰ ਸੰਗਤਾਂ ਨੂੰ ਬੱਸ ਚਲਾ ਕੇ ਘਰੋਂ ਘਰੀਂ ਪਚਾਉਣਾਂ। ਇਹ ਸੇਵਾ ਆਪ ਜੀ ਨੇ ਆਖਰੀ ਦਮ ਤੱਕ ਨਿਭਾਈ। 
 
ਸੰਗਤਾਂ ਵਿੱਚ ਆਪ ਜੀ ਅਤੇ ਭਾਈ ਰਾਮਾ ਸਿੰਘ ਜੀ ਵੱਲੋਂ ਦਿੱਤੇ ਅਥਾਹੁ ਪਿਆਰ ਕਾਰਣ ਜਥੇ ਦੀਆਂ ਸੰਗਤਾਂ ਦਾ ਕਾਫ਼ਲਾ ਵੱਧਦਾ ਗਿਆ। ਸੰਨ 1984 ਦੇ ਸੀ੍ ਦਰਬਾਰ ਸਾਹਿਬ ਤੇ ਹਮਲੇ ਦਾ ਅਸਰ ਬਾਕੀ ਸਿੰਘਾਂ ਵਾਂਗ ਆਪ ਜੀ ਦੇ ਹਿਰਦੇ ਤੇ ਵੀ ਗਹਿਰਾ ਹੋਇਆ ਅਤੇ ਕਈ ਵਾਰ ਆਪ ਜੀ ਗੰਭੀਰ ਹੋ ਕੇ ਪੰਥਕ ਵਿਚਾਰ ਕਰਿਆ ਕਰਦੇ। ਪੰਥਕ ਸੰਮੇਲਨਾਂ ਵਿੱਚ ਵੀ ਆਪ ਵੱਧ ਚੜ੍ਹ ਕੇ ਹਿੱਸਾ ਲਿਆ ਕਰਦੇ ਸਨ। ਬਹੁਤ ਸਾਰੇ ਲੋਕ ਸ਼ਾਇਦ ਇਸ ਗੱਲ ਤੋਂ ਜਾਣੂੰ ਨਾ ਹੋਣ ਪਰ ਮੈਂ ਭਾਈ ਸਾਹਿਬ ਨਾਲ ਮਿਲ ਕੇ 1978 ਤੇ 1984 ਦੇ ਸਾਕਿਆਂ ਦੌਰਾਨ ਇਕੱਠੇ ਸੇਵਾ ਕੀਤੀ ਹੈ । ਭਾਈ ਸਾਹਿਬ ਸਿੱਖ ਸੰਘਰਸ਼ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸਨ । ਭਾਈ ਸਾਹਿਬ ਜੀ ਆਪਣੀ ਨਿਮਰਤਾ ਕਰਕੇ ਹਮੇਸ਼ਾਂ ਗੁਪਤ ਰਹਿ ਕੇ ਸੇਵਾ ਕਰਦੇ ਸਨ ਪਰ ਮੈਂ ਇੱਕ ਸੇਵਾ ਬਾਰੇ ਜਾਣਕਾਰੀ ਜਰੂਰ ਸਾਂਝੀ ਕਰਨੀ ਚਾਹੁੰਦਾ ਹਾਂ । ਬਾਕੀ ਫਿਰ ਕਿਤੇ ਸਹੀ।
 
1982 ਵਿੱਚ ਜਦੋਂ ਅਸੀਂ ਸ਼ਹੀਦ ਪਰਿਵਾਰਾਂ ਦੀ ਮਦਦ ਕਰਨੀ ਸ਼ੁਰੂ ਕੀਤੀ ਤਾਂ ਭਾਈ ਸਾਹਿਬ ਜੀ ਬੜੀ ਸਰਗਰਮੀ ਅਤੇ ਉਤਸ਼ਾਹ ਨਾਲ ਆਪ ਸੇਵਾ ਇਕੱਠੀ ਕਰਦੇ ਤੇ ਬਾਕੀਆਂ ਨੂੰ ਸੇਵਾ ਕਰਨ ਲਈ ਉਤਸ਼ਾਹਿਤ ਕਰਦੇ । ਚਾਹੇ ਕਿੰਨੀ ਵੀ ਦੂਰੀ ਕਿਉਂ ਨਾ ਹੁੰਦੀ ਪਰ ਉਹ ਹਰ ਮਹੀਨੇ ਸਥਾਨਕ ਮਹੀਨਾਵਾਰੀ ਕੀਰਤਨ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਦੇ ਘਰ ਜਾ ਕੇ ਦਸਵੰਧ ਇਕੱਠਾ ਕਰਦੇ । ਉਨੀਂ ਦਿਨੀਂ ਅਸੀਂ ਸਾਰਾ ਹਿਸਾਬ ਕਿਤਾਬ ਹਰ ਮਹੀਨੇ ਇੱਕ ਡਾਇਰੀ ਤੇ ਲਿਖਿਆ ਕਰਦੇ ਸੀ। ਜੋ ਇਲਾਕੇ ਦੇ ਜੁਮੇਵਾਰ ਸਿੰਘਾਂ ਨੂੰ ਦਿਖਾਇਆ ਜਾਂਦਾ ਅਤੇ ਸ਼ਹੀਦ ਪਰਿਵਾਰਾਂ ਨੂੰ ਭੇਜਿਆ ਜਾਂਦਾ। 1990ਵਿਆਂ ਵਿੱਚ ਜਦੋਂ ਸੇਵਾ ਵਿੱਚ ਵਾਧਾ ਹੋਇਆ ਤਾਂ ਭਾਈ ਸਾਹਿਬ ਅਤੇ ਭਾਈ ਗੁਰਨਾਮ ਸਿੰਘ (ਰੈਡਿੰਗ) ਵਾਲਿਆਂ ਨੇ ਮਿਲ ਕੇ ਸ਼ਹੀਦ ਪਰਿਵਾਰਾਂ ਦੀ ਮਦਦ ਕਰਨ ਲਈ ਅਖੰਡ ਕੀਰਤਨੀ ਜਥੇ ਦੀ ਇੱਕ ਸਬ ਕਮੇਟੀ ਗਠਨ ਕਰਨ ਦਾ ਉਪਰਾਲਾ ਕੀਤਾ । ਇਹ ਸੇਵਾ ਹਮੇਸ਼ਾਂ ਗੁਪਤ ਹੀ ਰਹੀ ਕਿਉਂਕਿ ਗੁਰਸਿੱਖਾਂ ਦਾ ਮੰਨਣਾ ਸੀ ਕਿ ਸੇਵਾ ਉਜਾਗਰ ਕਰਨ ਦੀ ਲੋੜ ਨਹੀਂ , ਪਰ ਇਹ ਉਹਨਾਂ ਦਾ ਫਰਜ਼ ਹੈ ਕਿ ਲੋੜਵੰਦਾਂ ਤੱਕ ਸੇਵਾ ਜ਼ਰੂਰ ਪਹੁੰਚੇ....
 
ਇਹ ਗੱਲ ਵੀ ਦੱਸਣੀ ਬਹੁਤ ਜ਼ਰੂਰੀ ਹੈ ਕਿ ਚਾਹੇ ਕਿਸੇ ਵੀ ਤਰ੍ਹਾਂ ਦੀ ਸੇਵਾ ਹੁੰਦੀ ਭਾਈ ਸਾਹਿਬ ਸਦਾ ਯੋਗਦਾਨ ਪਾਉਂਦੇ ਤੇ ਨਾਲ ਮਿਲ ਕੇ ਸਾਥ ਵੀ ਦਿੰਦੇ ।  ਜਦੋਂ ਮੈਂ ਤਿਹਾੜ ਜੇਲ੍ਹ ਵਿੱਚ ਕੈਦ ਸੀ ਤਾਂ ਭਾਈ ਸਾਹਿਬ ਜੀ ਮੇਰੇ ਪਰਿਵਾਰ ਦੀ ਸੁੱਖ ਸਾਂਤ ਲੈਣ ਲਈ ਆਪਣਾ ਫਰਜ਼ ਸਮਝਦੇ ਹੋਏ ਹਮੇਸ਼ਾ ਘਰ ਆਂਉਂਦੇ ਜਾਂਦੇ ਰਹਿੰਦੇ। ਉਹਨਾਂ ਵੱਲੋਂ ਪ੍ਰੀਵਾਰ ਦੀ ਲਈ ਗਈ ਸਾਰ ਦਾ ਮੈਂ ਸਦਾ ਰਿਣੀ ਰਹਾਂਗਾ । ਭਾਈ ਸਾਹਿਬ ਜੀ ਅਤੇ ਉਹਨਾਂ ਵਰਗੇ ਹੋਰ  ਗੁਰਸਿੱਖਾਂ ਦੀਆਂ ਬਹੁਤ ਯਾਦਾਂ ਹਨ ਜੋ ਮੈ ਇਥੇ ਸਾਂਝੀਆਂ ਕਰ ਸਕਦਾ ਹਾਂ ਜਿਨ੍ਹਾਂ ਨੇ ਪੰਥ ਦੀ ਬਹੁਤ ਸੇਵਾ ਕੀਤੀ ਅਤੇ ਗੁਰਸਿੱਖਾਂ ਪ੍ਤੀ ਪਿਆਰ ਅਤੇ ਸਮਰਪਣ ਦੀ ਭਾਵਨਾ ਦਿਖਾਈ । ਪਰ ਉਹ ਕਿਸੀ ਹੋਰ ਵਕਤ ਕਰਾਂਗਾ। ਆਪਾਂ ਸਾਰਿਆਂ ਵਿੱਚੋਂ ਬਹੁਤ ਸਾਰੇ ਜਾਣਦੇ ਹਨ ਕਿ ਭਾਈ ਸਾਹਿਬ ਕਿੰਨੇ ਦਿਆਲੂ ਅਤੇ ਕੋਮਲ ਆਤਮਾ ਦੇ ਮਾਲਕ ਸਨ ਅਤੇ ਪੰਥ ਵਿੱਚ ਵੀ ਉਹਨਾਂ ਦਾ ਬਹੁਤ ਪਿਆਰ ਸਤਿਕਾਰ ਸੀ । 
 
ਅੱਜ ਮੈ ਬਹੁਤ ਹੀ ਅਜੀਬ ਭਾਵਨਾ ਵਿੱਚੋਂ ਲੰਘ ਰਿਹਾ ਹਾਂ । ਇੱਕ ਪਾਸੇ ਤਾਂ ਭਾਈ ਸਾਹਿਬ ਦੇ ਚਲਾਣੇ ਤੋਂ ਬਾਅਦ ਮੈਂ ਉਦਾਸ ਅਤੇ ਦੁਖੀ ਮਹਿਸੂਸ ਕਰ ਰਿਹਾਂ । ਮੈਨੂੰ ਪਤਾ ਹੈ ਕਿ ਹੋਰ ਵੀ ਬਹੁਤ ਸਾਰੇ ਵੀਰ ਅਜਿਹਾ ਮਹਿਸੂਸ ਕਰ ਰਹੇ ਹੋਣਗੇ । ਪਰ ਇਸ ਦੁਖ ਦੀ ਔਖੀ ਘੜੀ ਵਿੱਚ ਵੀ ਮੈਂ ਭਾਈ ਸਾਹਿਬ ਦੀਆਂ ਮਿੱਠੀਆਂ ਅਤੇ ਪਿਆਰੀਆਂ ਯਾਦਾਂ ਨੂੰ ਯਾਦ ਕਰਕੇ ਮੁਸਕਰਾ ਰਿਹਾਂ ਹਾਂ । ਕਿਉਂਕਿ ਉਹ ਇੱਕ ਮਖੌਲੀਏ ਸੁਭਾਅ ਵਾਲੇ ਵਿਅਕਤੀ ਵੀ ਸਨ। ਜਦੋਂ ਕਿਤੇ ਮੀਟਿੰਗ ਕਰਦਿਆਂ ਮਹੌਲ ਬਹੁਤ ਸੀਰੀਅਸ ਹੋ ਜਾਣਾਂ ਤਾਂ ਆਪ ਜੀ ਨੇ ਕੋਈ ਚੰਗਾ ਹਾਸੇ ਵਾਲਾ ਚੁਟਕਲਾ ਸੁਣਾਂ ਕੇ ਵੱਖੀਂਆਂ ਭੱਨ ਸੁਟਣੀਆਂ ਤੇ ਮਹੌਲ ਨੂੰ ਫਿਰ ਨਾਰਮਲ ਕਰ ਦੇਣਾ। 
 
ਭਾਈ ਸਾਹਿਬ ਦੀ ਹਾਂ-ਮੁਖੀ ਤੇ ਖੁਸ਼ੀਆਂ ਵੰਡਦੀ ਸ਼ਖਸੀਅਤ ਹੀ ਐਸੀ ਸੀ ਕਿ ਉਹ ਆਪਣੇ ਆਸ ਪਾਸ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਸਨ । ਜਿਹੜੇ ਭਾਈ ਸਾਹਿਬ ਨੂੰ ਜਾਣਦੇ ਸਨ, ਉਹਨਾਂ ਲਈ ਤਾਂ ਇਹ ਬਹੁਤ ਵੱਡਾ ਘਾਟਾ ਹੈ । ਭਾਈ ਸਾਹਿਬ ਵੱਲੋਂ ਕੀਤੀ ਸੇਵਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਯਾਦ ਰੱਖੀ ਜਾਏਗੀ । ਮੈਂ ਭਾਈ ਸਾਹਿਬ ਜੀ ਦੇ ਪਰਿਵਾਰ ਨਾਲ ਆਪਣਾ ਪਿਆਰ ਅਤੇ ਹਮਦਰਦੀ ਪ੍ਰਗਟ ਕਰਦਿਆਂ ਗੁਰੂ ਸਾਹਿਬ ਅੱਗੇ ਅਰਦਾਸ ਕਰਦਾਂ ਹਾਂ ਕਿ ਉਹ ਪਰਿਵਾਰ ਨੂੰ ਮਜ਼ਬੂਤੀ ਬਖਸ਼ਿਸ਼ ਕਰਨ । ਮੈਂ ਪਰਿਵਾਰ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸਾਰਾ ਪੰਥ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ । ਸਤਿਗੁਰ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਵਾਹਿਗੁਰੂ।
 
ਸੇਵਾਦਾਰ ਬਲਵੀਰ ਸਿੰਘ