image caption:

ਕੋਰੋਨਾ ਦੇ ਕਹਿਰ 'ਚ ਵੀ ਦਰਿੰਦਗੀ ਦੀ ਹੱਦ, ਛੇ ਜਣਿਆਂ ਨੇ ਕੀਤਾ ਵਿਆਹੁਤਾ ਨਾਲ ਬਲਾਤਕਾਰ

ਮੱਖੂ: ਕੋਰੋਨਾ ਦੇ ਕਹਿਰ ਵਿੱਚ ਵੀ ਦਰਿੰਦੇ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਫਿਰੋਜ਼ਪੁਰ ਜ਼ਿਲ੍ਹੇ ਅੰਦਰ ਵਿਆਹੁਤਾ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਛੇ ਲੋਕਾਂ ਨੇ ਮਿਲ ਕੇ ਵਿਆਹੁਤਾ ਔਰਤ ਨਾਲ ਬਲਾਤਕਾਰ ਕੀਤਾ। ਪੀੜਤ ਮਹਿਲਾ ਇਸ ਵੇਲੇ ਹਸਪਤਾਲ ਵਿੱਚ ਦਾਖ਼ਲ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਥਾਣਾ ਮਖੂ ਵਿੱਚ ਦਰਜ ਮਾਮਲੇ ਮੁਤਾਬਕ ਪਿੰਡ ਪੀਰ ਮੁਹੰਮਦ ਦੀ ਵਸਨੀਕ 27 ਸਾਲਾ ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਿੰਡ ਛੋਟੀਆਂ ਚੱਕੀਆਂ ਵਿੱਚ ਰਹਿੰਦੀ ਆਪਣੀ ਨਨਾਣ ਕੋਲ ਉਸ ਦਾ ਐਕਸੀਡੈਂਟ ਹੋਣ ਕਾਰਨ ਦੇਖਭਾਲ ਵਾਸਤੇ ਆਈ ਹੋਈ ਸੀ। ਮੁਲਜ਼ਮ ਉਸ ਨੂੰ ਰਾਹ ਜਾਂਦਿਆਂ ਕਈ ਵਾਰ ਮਖੌਲ ਕਰਦੇ ਰਹਿੰਦੇ ਸਨ।

25 ਅਪਰੈਲ ਨੂੰ ਰਾਤ ਸਾਢੇ 10 ਵਜੇ ਦੇ ਕਰੀਬ ਉਹ ਬਾਥਰੂਮ ਜਾਣ ਲਈ ਬਾਹਰ ਆਈ ਤਾਂ ਮੁਲਜ਼ਮ, ਜੋ ਪਹਿਲਾਂ ਹੀ ਬਾਹਰ ਖੜ੍ਹੇ ਸਨ, ਉਸ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਤੇ ਦੂਰ ਖਾਲੀ ਜਗ੍ਹਾ &rsquoਤੇ ਲਿਜਾ ਕੇ ਉਸ ਨਾਲ ਜਬਰ-ਜਨਾਹ ਕੀਤਾ। ਦੱਸ ਦਈਏ ਕਿ ਇਸ ਵੇਲੇ ਪੰਜਾਬ ਵਿੱਚ ਕਰਫਿਊ ਲੱਗਾ ਹੋਇਆ ਹੈ ਤੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਇਸ ਦੇ ਬਾਵਜੂਦ ਅਪਰਾਧੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ।