image caption:

ਸੁਖਬੀਰ ਬਾਦਲ ਵਲੋਂ ਵਿਦੇਸ਼ ਤੋਂ ਮੰਗਵਾਈ ਗਈ ਕੋਵਿਡ ਟੈਸਟਿੰਗ ਮਸ਼ੀਨ ਸੌਂਪੀ ਗਈ ਜਲਾਲਾਬਾਦ ਸਿਵਲ ਹਸਪਤਾਲ ਨੂੰ

ਕੋਰੋਨਾ ਨਾਲ ਪੂਰੇ ਦੇਸ਼ ਵਿਚ ਹਾਹਾਕਾਰ ਮਚਿਆ ਹੋਇਆ ਹੈ। ਇਸ ਮੁਸ਼ਕਲ ਦੀ ਘੜੀ ਵਿਚ ਸ. ਸੁਖਬੀਰ ਸਿੰਘ ਬਾਦਲ ਨੇ ਕੋਰੋਨਾ ਵਾਇਰਸ ਖ਼ਿਲਾਫ ਜੰਗ ਵਿਚ ਸੂਬੇ ਦਾ ਸਾਥ ਦੇਣ ਲਈ 20 ਲੱਖ ਰੁਪਏ ਦੀ ਲਾਗਤ ਵਾਲੀ  ਵਿਦੇਸ਼ ਤੋਂ ਮੰਗਵਾਈ ਕੋਵਿਡ ਟੈਸਟਿੰਗ ਮਸ਼ੀਨ ਜਲਾਲਾਬਾਦ ਸਿਵਲ ਹਸਪਤਾਲ ਨੂੰ ਦਿੱਤੀ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਵਲੋਂ ਹਲਕੇ ਲਈ ਇੱਕ ਆਧੁਨਿਕ ਸਹੂਲਤਾਂ ਵਾਲੀ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਜਾ ਚੁੱਕਾ ਹੈ ਤਾਂ ਕਿ ਇਸ ਸਰਹੱਦੀ ਖੇਤਰ ਦਾ ਕੋਈ ਵੀ ਵਿਅਕਤੀ ਇਲਾਜ ਤੋਂ ਵਾਂਝਾ ਨਾ ਰਹੇ। ਇੱਥੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਨਵੀਂ ਟੈਸਟਿੰਗ ਮਸ਼ੀਨ ਸੌਂਪਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਪੰਜਾਬ ਵਿਚ ਕੋਵਿਡ ਨਾਲ ਹੋ ਰਹੀਆਂ ਮੌਤਾਂ ਦੀ ਦਰ ਪੂਰੇ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ, ਜਿਸ ਨੂੰ ਤੁਰੰਤ ਢੁੱਕਵੇਂ ਕਦਮ ਚੁੱਕ ਕੇ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸਭ ਤੋਂ ਵੱਧ ਮੁਸ਼ਕਿਲ ਟੈਸਟਿੰਗ ਮਸ਼ੀਨਾਂ ਦੀ ਘਾਟ ਹੈ। ਉੁਨ੍ਹਾਂ ਕਿਹਾ ਕਿ ਇਸ ਵਾਸਤੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨਾ ਜਰੂਰੀ ਹੈ। ਪੰਜਾਬ ਨੂੰ ਪੂਰੇ ਸੂਬੇ ਅੰਦਰ ਵੱਡੀ ਪੱਧਰ ਉੱਤੇ ਟੈਸਟ ਕਰਨ ਦੀ ਲੋੜ ਹੈ, ਕਿਉਂਕਿ ਕੋਰੋਨਾ ਦੀ ਬੀਮਾਰੀ ਨੂੰ ਸ਼ੱਕੀ ਕੇਸਾਂ ਦੀ ਪਛਾਣ, ਟੈਸਟ ਅਤੇ ਇਲਾਜ ਕਰਕੇ ਹੀ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਮਸ਼ੀਨ ਇਸ ਸਰਹੱਦੀ ਜ਼ਿਲ੍ਹੇ ਅੰਦਰ ਵੱਡੀ ਪੱਧਰ ਉੱਤੇ ਕੋਰੋਨਾ ਕੇਸਾਂ ਦੀ ਟੈਸਟਿੰਗ ਕਰਨ ਲਈ ਦਿੱਤੀ ਹੈ। ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਇਸ ਹਲਕੇ ਦੇ ਲੋਕਾਂ ਲਈ ਇੱਕ ਲੱਖ ਸੈਨੇਟਾਈਜ਼ਰ ਬੋਤਲਾਂ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਵਿਚੋਂ 50 ਹਜ਼ਾਰ ਸੈਨੇਟਾਈਜ਼ਰ ਬੋਤਲਾਂ ਅੱਜ ਮਲੋਟ, ਮੁਕਤਸਰ, ਗੁਰੂਹਰਸਹਾਏ ਅਤੇ ਫਾਜ਼ਿਲਕਾ ਦੇ ਹਲਕਾਂ ਇੰਚਾਰਜਾਂ ਨੂੰ ਦੇ ਦਿੱਤੀਆਂ ਹਨ ਤਾਂ ਕਿ ਲੋਕਾਂ ਨੂੰ ਇਸ ਲਾਗ ਦੀ ਬੀਮਾਰੀ ਤੋਂ ਸੁਰੱਖਿਅਤ ਰੱਖਿਆ ਜਾ ਸਕੇ।

ਸ. ਸੁਖਬੀਰ ਬਾਦਲ ਨੇ  ਕਿਹਾ ਕਿ ਕੇਂਦਰ ਸਰਕਾਰ ਵਲੋਂ ਜੋ ਅਸਲ ਵਿਚ ਰਾਹਤ ਦੀ ਸਮੱਗਰੀ ਦਿੱਤੀ ਜਾ ਰਹੀ ਹੈ ਉਹ ਪੂਰੀ ਦੀ ਪੂਰੀ ਲੋੜਵੰਦ ਲੋਕਾਂ ਨੂੰ ਨਹੀਂ ਮਿਲ ਰਹੀ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਤੁਰੰਤ ਇਸ ਨੂੰ ਰੋਕਣਾ ਚਾਹੀਦਾ ਹੈ ਨਹੀਂ ਤਾਂ ਇੱਥੇ ਅਮਨ ਕਾਨੂੰਨ ਦੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਨਾਲ ਹੀ ਸ. ਸੁਖਬੀਰ ਸਿੰਘ ਬਾਦਲ ਨੇ ਅਪੀਲ ਕੀਤੀ ਕਿ ਰਾਸ਼ਨ ਵੰਡ ਦੇ ਮਾਮਲੇ ਵਿਚ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ।