image caption:

ਕਾਲਜ ਵਿਦਿਆਰਥਣ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖੁਦਕੁਸ਼ੀ,ਗਵਾਂਢੀ ਨੌਜਵਾਨ 'ਤੇ ਉਸਦੀ ਮਾਂ ਕਰਦੇ ਸਨ ਪਰੇਸ਼ਾਨ

ਤਰਨਤਾਰਨ : ਤਰਨਤਾਰਨ ਦੇ ਮੁਹੱਲਾ ਕਾਜੀਕੋਟ ਰੋਡ 'ਤੇ ਰਹਿੰਦੀ ਕਾਲਜ ਦੀ ਇਕ ਵਿਦਿਆਰਥਣ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਦੋਸ਼ ਹੈ ਕਿ ਗਵਾਂਢ ਵਿਚ ਰਹਿੰਦਾ ਨੌਜਵਾਨ ਪਹਿਲਾਂ ਉਸ ਨੂੰ ਪ੍ਰੇਮ ਸਬੰਧ ਬਣਾਉਣ ਲਈ ਪਰੇਸ਼ਾਨ ਕਰਦਾ ਸੀ ਅਤੇ ਜਦੋਂ ਉਹ ਨਾ ਮੰਨੀ ਤਾਂ ਉਸ ਨੂੰ ਬਦਨਾਮ ਕਰਨ ਲੱਗ ਪਿਆ। ਜਿਸ ਤੋਂ ਤੰਗ ਕੇ 22 ਸਾਲਾ ਉਕਤ ਵਿਦਿਆਰਥਣ ਨੇ ਆਪਣੀ ਜਾਨ ਦੇ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵਿਦਿਆਰਥਣ ਦੇ ਗਵਾਂਢ ਵਿਚ ਰਹਿੰਦਾ ਹਰਮਨਦੀਪ ਸਿੰਘ ਪੁੱਤਰ ਕੁਲਬੀਰ ਸਿੰਘ ਉਸ ਨੂੰ ਕਥਿਤ ਤੌਰ 'ਤੇ ਪ੍ਰੇਮ ਸਬੰਧ ਬਣਾਉਣ ਲਈ ਅਕਸਰ ਪਰੇਸ਼ਾਨ ਕਰਦਾ ਰਹਿੰਦਾ ਸੀ। ਜਦੋਂ ਗੱਲ ਮੋਹਤਬਾਰਾਂ ਵਿਚ ਆਈ ਤਾਂ ਲੜਕੇ ਨੂੰ ਅਜਿਹਾ ਨਾ ਕਰਨ ਤੋਂ ਵਰਜਿਆ ਗਿਆ। ਜਿਸ ਤੋਂ ਬਾਅਦ ਉਕਤ ਨੌਜਵਾਨ ਲੜਕੀ ਬਦਨਾਮ ਕਰਨ ਲੱਗ ਪਿਆ ਅਤੇ ਕਾਲਜ ਜਾਂਦੇ ਸਮੇਂ ਉਸਦਾ ਪਿੱਛਾ ਵੀ ਕਰਦਾ ਰਿਹਾ। ਜਿਸਦੇ ਚੱਲਦਿਆਂ ਲੜਕੀ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਅਤੇ ਬੁੱਧਵਾਰ ਸਵੇਰੇ ਤੜ੍ਹਕੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਤਰਨਤਾਰਨ ਦੇ ਸਬ ਇੰਸਪੈਕਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਨੇ ਬਿਆਨਾਂ ਵਿਚ ਇਹ ਵੀ ਦੱਸਿਆ ਹੈ ਕਿ ਜਦੋਂ ਮੋਹਤਬਾਰਾਂ ਦੀ ਹਾਜਰੀ ਵਿਚ ਹਰਮਨਦੀਪ ਸਿੰਘ ਨੇ ਮਾਫੀ ਮੰਗ ਕੇ ਅੱਗੇ ਤੋਂ ਪਰੇਸ਼ਾਨ ਨਾ ਕਰਨ ਦੀ ਗੱਲ ਕਹੀ ਸੀ ਤਾਂ, ਬਾਅਦ ਵਿਚ ਉਸਦੀ ਮਾਂ ਕਵਲਜੀਤ ਕੌਰ ਉਸਦੇ ਘਰ ਲੜਕੀ ਦਾ ਰਿਸ਼ਤਾ ਮੰਗਣ ਆ ਗਈ ਸੀ, ਜਿਸ ਨੂੰ ਉਸਨੇ ਮਨਾਂ ਕਰ ਦਿੱਤਾ। ਜਿਸ ਤੋਂ ਬਾਅਦ ਮਾਂ ਪੁੱਤ ਉਸਦੀ ਲੜਕੀ ਨੂੰ ਪਰੇਸ਼ਾਨ ਕਰਨ ਲੱਗ ਪਏ ਸਨ। ਉਨ੍ਹਾਂ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਅਧਾਰ 'ਤੇ ਹਰਮਨਦੀਪ ਸਿੰਘ ਤੇ ਉਸਦੀ ਮਾਂ ਕਵਲਜੀਤ ਕੌਰ ਦੇ ਖਿਲਾਫ ਥਾਣਾ ਸਿਟੀ ਤਰਨਤਾਰਨ 'ਚ ਕੇਸ ਦਰਜ ਕਰ ਲਿਆ ਗਿਆ ਹੈ। ਜਦੋਂਕਿ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਤਰਨਤਾਰਨ ਤੋਂ ਕਰਵਾਇਆ ਜਾ ਰਿਹਾ ਹੈ।