image caption:

ਪਤੀ ਤੋਂ ਦੁਖੀ ਹੋ ਕੇ ਵਿਆਹੁਤਾ ਨੇ ਜ਼ਹਿਰੀਲੀ ਚੀਜ ਖਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ

ਹੁਸ਼ਿਆਰਪੁਰ : ਹੁਸ਼ਿਆਰਪੁਰ-ਟਾਂਡਾ ਰੋਡ 'ਤੇ ਪੈਂਦੇ ਮੁਹੱਲਾ ਲਾਜਵੰਤੀ ਨਗਰ ਦੀ ਇਕ 23 ਸਾਲਾ ਦੀ ਵਿਆਹੁਤਾ ਨੇ ਆਪਣੇ ਪਤੀ ਤੋਂ ਦੁਖੀ ਹੋ ਕੇ ਕੋਈ ਜ਼ਹਿਰੀਲੀ ਚੀਜ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਵਾ ਦਿੱਤੀ ਹੈ।

ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਆਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਛੋਟੀ ਭੈਣ ਰਜਿੰਦਰ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਲਾਜਵੰਤੀ ਨਗਰ ਨੇ ਦੱਸਿਆ ਕਿ ਉਸ ਦੀ ਭੈਣ ਅਮਨਦੀਪ ਕੌਰ ਦਾ ਵਿਆਹ ਡੇਢ ਸਾਲ ਪਹਿਲਾ ਤਰਜਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਢੈਹਪੁਰ ਕਠਾਰ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਨਾਲ ਹੋਇਆ ਸੀ। ਰਜਿੰਦਰ ਕੌਰ ਨੇ ਦੱਸਿਆ ਕਿ ਉਹ ਦੋ ਭੈਣਾਂ ਹੀ ਹਨ ਤੇ ਉਸ ਦੀ ਮਾਤਾ ਦੀ ਵੀ ਕਈ ਸਾਲ ਪਹਿਲਾ ਮੌਤ ਹੋ ਚੁੱਕੀ ਹੈ।

ਉਸ ਨੇ ਦਸਿਆ ਕਿ ਉਸ ਦਾ ਜੀਜਾ ਜੋ ਕਿ ਉਨ੍ਹਾਂ ਦੇ ਘਰ ਹੀ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਸ ਦਾ ਜੀਜਾ ਨਸ਼ਾ ਕਰਨ ਦਾ ਆਦੀ ਸੀ ਤੇ ਕਈ ਵਾਰ ਨਸ਼ੇ ਦੀ ਲੋੜ 'ਚ ਉਸ ਦੀ ਭੈਣ ਨਾਲ ਕੁੱਟ-ਮਾਰ ਵੀ ਕਰਦਾ ਸੀ, ਜਿਸ ਕਾਰਨ ਉਹ ਡਿਪਰੈਸ਼ਨ 'ਚ ਰਹਿੰਦੀ ਸੀ। ਉਸ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਜੀਜੇ ਨੇ ਨਸ਼ੇ 'ਚ ਉਸ ਦੀ ਭੈਣ ਨਾਲ ਕੁੱਟ ਮਾਰ ਕਰਨ ਤੋਂ ਬਾਅਦ ਘਰੋਂ ਕੀਤੇ ਚਲਾ ਗਿਆ ਸੀ।

ਰਜਿੰਦਰ ਕੌਰ ਨੇ ਦੱਸਿਆ ਕਿ ਰਾਤ ਸੌਣ ਲੱਗੇ ਜਦੋਂ ਉਹ ਆਪਣੀ ਭੈਣ ਦੇ ਕਮਰੇ 'ਚ ਗਈ ਤਾਂ ਉਹ ਬੇਹੋਸ਼ ਪਈ ਹੋਈ ਸੀ। ਇਸ ਸਬੰਧੀ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ, ਜਿਨ੍ਹਾਂ ਤੁਰੰਤ ਉਸ ਨੂੰ ਸਿਵਲ ਹਸਪਾਤਲ ਵਿਖੇ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਐੱਸਆਈ ਦਿਲਬਾਗ ਸਿੰਘ ਪੁਲਿਸ ਮੁਲਾਜ਼ਮਾਂ ਨਾਲ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।