image caption:

ਕੋਵਿਡ-19 ਸੰਕਟ ਦੌਰਾਨ ਕੇਂਦਰ ਸਰਕਾਰ ਦਾ ਰਵੱਈਆ ਪੰਜਾਬ ਪ੍ਰਤੀ ਬੇਰੁਖੀ ਵਾਲਾ : ਮਨਪ੍ਰੀਤ ਬਾਦਲ

 ਅੱਜ ਕੌਮਾਂਤਰੀ ਮਜਦੂਰ ਦਿਵਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੇਸ਼ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਡੇ ਕਾਮਿਆਂ ਦੇ ਯੋਗਦਾਨ ਨੂੰ ਨਮਨ ਕਰਦਿਆਂ ਪੰਚਾਇਤ ਭਵਨ ਵਿਖੇ ਤਿਰੰਗਾ ਲਹਿਰਾ ਕੇ ਕੇਂਦਰ ਸਰਕਾਰ ਤੱਕ ਪੰਜਾਬ ਦੀਆਂ ਹੱਕਾਂ ਮੰਗਾਂ ਦੀ ਅਵਾਜ਼ ਬੁਲੰਦ ਕੀਤੀ। ਮਨਪ੍ਰੀਤ ਨੇ ਇਸ ਮੌਕੇ ਕਿਹਾ ਕਿ ਅੱਜ ਸਾਡਾ ਮੁਲਕ ਤਰੱਕੀ ਦੇ ਜਿਸ ਮੁਕਾਮ &rsquoਤੇ ਹੈ ਉਸ ਵਿਚ ਸਾਡੇ ਕਿਰਤੀਆਂ ਦਾ ਅਹਿਮ ਯੋਗਦਾਨ ਹੈ। ਦੇਸ਼ ਦੀ ਉਨੱਤੀ ਦੀ ਇਬਾਰਤ ਇੰਨ੍ਹਾਂ ਕਾਮਿਆਂ ਦੀ ਮਿਹਨਤ ਦੇ ਪਸੀਨੇ ਨਾਲ ਲਿਖੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਿਨ ਸਾਰਾ ਮੁਲਕ ਆਪਣੇ ਕਿਰਤੀਆਂ ਨੂੰ ਸਲਾਮ ਕਰਦਾ ਹੈ। ਉਨ੍ਹਾਂ ਨੇ ਕਿਹਾ ਅੱਜ ਜਦ ਅਸੀਂ ਕੋਰੋਨਾ ਦੀ ਮਹਾਮਾਰੀ ਨਾਲ ਜੂਝ ਰਹੇ ਹਾਂ ਤਾਂ ਸਾਡੇ ਕਾਮਿਆਂ ਦਾ ਸਮਾਜ ਪ੍ਰਤੀ ਯੋਗਦਾਨ ਹੁਣ ਹੋਰ ਵੀ ਵਧੇਰੇ ਪ੍ਰਤੱਖ ਹੋਕੇ ਸਮਾਜ ਦੇ ਸਾਹਮਣੇ ਆਇਆ ਹੈ।
ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੁੜ ਦੁਹਰਾਇਆ ਕਿ ਕੇਂਦਰ ਸਰਕਾਰ ਤੋਂ ਕੋਵਿਡ-19 ਬਿਮਾਰੀ ਦੇ ਟਾਕਰੇ ਲਈ ਸਿੱਧੇ ਤੌਰ &rsquoਤੇ ਪੰਜਾਬ ਨੂੰ ਕੇਵਲ 71 ਕਰੋੜ ਰੁਪਏ ਦੀ ਮਦਦ ਹੀ ਮਿਲੀ ਹੈ ਜਦਕਿ ਹੋਰ ਜੋ ਰਕਮਾਂ ਪ੍ਰਾਪਤ ਹੋਈਆਂ ਹਨ ਉਹ ਪੰਜਾਬ ਰਾਜ ਦਾ ਆਪਣਾ ਹੱਕ ਸੀ ਜੋ ਕੇਂਦਰ ਵੱਲ ਬਕਾਇਆ ਸੀ ਅਤੇ ਇਹ ਰਕਮਾਂ ਕੋਵਿਡ ਬਿਮਾਰੀ ਦੇ ਨਾ ਆਉਣ &rsquoਤੇ ਵੀ ਪੰਜਾਬ ਨੂੰ ਮਿਲਣੀਆਂ ਸੀ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਵੈ ਮਾਣ ਲਈ ਜਾਣਿਆ ਜਾਂਦਾ ਹੈ ਅਤੇ ਪੰਜਾਬੀਆਂ ਨੇ ਦੇਸ਼ ਦੀ ਤਰੱਕੀ ਵਿਚ ਹਰ ਖੇਤਰ ਵਿਚ ਮੋਹਰੀ ਭੁਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਸੰਘੀ ਢਾਂਚੇ ਵਿਚ ਇਹ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਕਿਸੇ ਵੀ ਅੰਦਰੂਨੀ ਜਾਂ ਬਾਹਰੀ ਆਫ਼ਤ ਸਮੇਂ ਸੂਬਿਆਂ ਦੀ ਮਦਦ ਕਰੇ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਸਰਕਾਰ ਦੀ ਸੰਵਿਧਾਨਕ ਜਿੰਮੇਵਾਰੀ ਬਣਦੀ ਹੈ।
ਬਾਦਲ ਨੇ ਕਿਹਾ ਕਿ ਜਦੋਂ ਤੋਂ ਕੋਵਿਡ-19 ਬੀਮਾਰੀ ਦਾ ਸੰਕਟ ਪੈਦਾ ਹੋਇਆ ਹੈ ਕੇਂਦਰ ਦਾ ਪੰਜਾਬ ਨਾਲ ਬੇਰੁੱਖੀ ਵਾਲਾ ਰਵੱਈਆ ਰਿਹਾ ਹੈ ਜੋ ਕਿ ਪੰਜਾਬ ਲਈ ਬਰਦਾਸ਼ਤ ਕਰਨਾ ਔਖਾ ਹੈ।ਪੰਜਾਬ ਦੀ ਵੰਡ ਤੋਂ ਲੈ ਕੇ ਹਰ ਮੁਸ਼ਕਿਲ ਦੌਰ ਵਿਚ ਪੰਜਾਬ ਜੇਤੂ ਹੋ ਕੇ ਨਿਕਲਿਆ ਹੈ ਅਤੇ ਇਸ ਕੋਵਿਡ ਸੰਕਟ ਵਿਚੋਂ ਵੀ ਪੰਜਾਬ ਮਜ਼ਬੂਤੀ ਨਾਲ ਜੇਤੂ ਹੋ ਕੇ ਨਿਕਲੇਗਾ। ਵਿੱਤ ਮੰਤਰੀ ਨੇ ਇਹ ਵੀ ਸੱਪਸ਼ਟ ਕੀਤਾ ਕਿ ਪੰਜਾਬ ਵਿਚ ਜ਼ੋ ਯਾਤਰੀ, ਵਿਦਿਆਰਥੀ, ਮਜਦੂਰ ਬਾਹਰਲੇ ਰਾਜਾਂ ਤੋਂ ਆਏ ਹਨ, ਉਨ੍ਹਾਂ ਦੀ ਦੇਖਭਾਲ ਲਈ ਸਾਰੇ ਤੈਅ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਸਾਰਿਆਂ ਦੇ ਟੈਸਟ ਕਰਵਾਏ ਜਾ ਰਹੇ ਹਨ ਅਤੇ ਸਭ ਨੂੰ ਇਕਾਂਤਵਾਸ ਵਿਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਿ ਇਸ ਬਿਮਾਰੀ ਤੋਂ ਪੀੜਤ ਹੋਣਾ ਕੋਈ ਮਿਹਣਾ ਨਹੀਂ ਹੈ ਬਲਕਿ ਇਹ ਕਿਸੇ ਨੂੰ ਵੀ ਹੋ ਸਕਦੀ ਹੈ ਅਤੇ ਅਜਿਹੇ ਲੋਕਾਂ ਨਾਲ ਭੇਦਭਾਵ ਨਹੀਂ ਕੀਤਾ ਜਾਣਾ ਚਾਹੀਦਾ ਹੈ। ਵਿੱਤ ਮੰਤਰੀ ਨੇ ਇਸ ਮੌਕੇ ਬਠਿੰਡਾ ਦੇ ਲੋਕਾਂ ਵੱਲੋਂ ਕਰਫਿਊ ਦੌਰਾਨ ਦਿੱਤੇ ਦਿੱਤੇ ਜਾ ਰਹੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।