image caption:

ਅਡਾਨੀ ਗਰੁੱਪ ਦੀ ਇੱਕ ਕੰਪਨੀ ਤੋਂ ਨਿਊਜ਼ੀਲੈਂਡ ਦੀ ਗਰੀਨ ਪਾਰਟੀ ਨਾਰਾਜ਼

ਆਕਲੈਂਡ- ਭਾਰਤ ਦੇ ਇੱਕ ਬਹੁ-ਚਰਚਿਤ ਕਾਰੋਬਾਰੀ ਘਰਾਣੇ ਅਡਾਨੀ ਗਰੁੱਪ ਦੀ ਇੱਕ ਕੰਪਨੀ ਤੋਂ ਨਿਊਜ਼ੀਲੈਂਡ ਦੀ ਗਰੀਨ ਪਾਰਟੀ ਨਾਰਾਜ਼ ਹੈ, ਕਿਉਂਕਿ ਇਹ ਅਦਾਰਾ ਫ਼ੌਜੀ ਹਕੂਮਤ ਵਾਲੇ ਦੇਸ਼ ਮੀਆਂਮਾਰ ਵਿੱਚ ਪੋਰਟ ਬਣਾ ਰਿਹਾ ਹੈ। ਇਹ ਮੁੱਦਾ ਇਸ ਲਈ ਭੜਕਿਆ ਕਿ ਏਥੇ ਸਰਕਾਰੀ ਅਦਾਰੇ &lsquoਨਿਊਜ਼ੀਲੈਂਡ ਸੁਪਰ ਫੰਡ&rsquo ਵੱਲੋਂ ਅਡਾਨੀ ਗਰੁੱਪ ਦੀ ਕੰਪਨੀ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ। ਇਹ ਆਮ ਪ੍ਰਭਾਵ ਹੈ ਕਿ ਮੀਆਂਮਾਰ ਵਿੱਚ ਫ਼ੌਜੀ ਰਾਜ ਪਲਟਾ ਕਰਨ ਵਾਲੀ ਸਰਕਾਰ ਦੇ ਕੰਟਰੋਲ ਹੇਠਲੇ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ, ਇਸ ਲਈ ਅਜਿਹੇ ਦੇਸ਼ &rsquoਚ ਨਿਊਜ਼ੀਲੈਂਡ ਵੱਲੋਂਕੋਈ ਵੀ ਨਿਵੇਸ਼ ਕਰਨਾ ਨੈਤਿਕ ਤੌਰ ਉੱਤੇ ਗ਼ਲਤ ਹੈ।
ਨਿਊਜ਼ੀਲੈਂਡ ਦੇ ਕੌਮੀ ਮੀਡੀਆ ਦੀ ਰਿਪੋਰਟ ਅਨੁਸਾਰ ਨਿਊਜ਼ੀਲੈਂਡ ਵਿੱਚ ਲੇਬਰ ਪਾਰਟੀ ਨਾਲ ਸਰਕਾਰ ਵਿੱਚ ਭਾਈਵਾਲ ਗਰੀਨ ਪਾਰਟੀ ਦੀ ਵਿਦੇਸ਼ ਮਾਮਲਿਆਂ ਬਾਰੇ ਬੁਲਾਰਾ ਗੋਲਰਿਜ਼ ਗਰਾਹਮੈਨ ਨੇ ਇਸ ਦੇਸ਼ ਦੇ ਸਰਕਾਰੀ ਅਦਾਰੇ ਵੱਲੋਂ ਅਡਾਨੀ ਗਰੁੱਪ ਦੀ ਕੰਪਨੀ ਰਾਹੀਂ ਨਿਵੇਸ਼ ਕਰਨ ਦੀ ਕਰੜੀ ਆਲੋਚਨਾ ਕੀਤੀ ਅਤੇਨਿਊਜ਼ੀਲੈਂਡ ਸਰਕਾਰ ਦੇ ਇਸ ਕਦਮ ਨੂੰ ਅੱਤਿਆਚਾਰ ਅਤੇ ਜੁਰਮ ਕਰਨ ਵਾਲਾ ਆਖਿਆ ਹੈ।
ਦੂਸਰੇ ਪਾਸੇ ਡੈਮੋਕਰੇਸੀ ਫਾਰ ਮੀਆਂਮਾਰ ਦੀ ਇਕ ਔਰਤ ਆਗੂਨੇ ਕਿਹਾ ਕਿ ਨਿਊਜ਼ੀਲੈਂਡ ਦੇ ਲੋਕ ਮੀਆਂਮਾਰ ਵਿਚਲੀ ਫ਼ੌਜੀ ਸਰਕਾਰ ਦੀ ਮਦਦ ਨਹੀਂ ਕਰਨਗੇ। ਨਿਵੇਸ਼ ਉਤਸ਼ਾਹਤ ਕਰਨ ਵਾਲੀ ਚੈਰਿਟੀ &lsquoਮਾਈਂਡਫੁੱਲ ਮਨੀ&rsquo ਦੇ ਅਧਿਕਾਰੀ ਬੈਰੀ ਕੋਟਸ ਨੇ ਵੀ ਕਿਹਾ ਕਿ ਮੀਆਂਮਾਰ &rsquoਚ ਕੀਤਾ ਜਾ ਰਿਹਾ ਨਿਵੇਸ਼ ਨੈਤਿਕ ਪੱਖੋਂ ਠੀਕ ਨਹੀਂ।
ਇਸ ਬਾਰੇ &lsquoਨਿਊਜ਼ੀਲੈਂਡ ਸੁਪਰ ਫੰਡ&rsquo ਅਦਾਰੇ ਵੱਲੋਂ ਜਾਰੀ ਕੀਤੇ ਬਿਆਨ ਮੁਤਾਬਕ ਸੁਪਰ ਫੰਡ ਵੱਲੋਂ ਜਿਹੜੀਆਂ ਕੰਪਨੀਆਂ ਰਾਹੀਂ ਨਿਵੇਸ਼ ਕੀਤਾ ਜਾਂਦਾ ਹੈ, ਕਈ ਵਾਰ ਉਨ੍ਹਾਂ ਉੱਤੇ ਦੋਸ਼ ਲੱਗ ਜਾਂਦੇ ਤੇ ਵਿਵਾਦਾਂ ਵਿੱਚ ਆ ਜਾਂਦੀਆਂ ਹਨ, ਪਰ ਉਨ੍ਹਾਂ ਨੂੰ ਤਸੱਲੀ ਹੈ ਕਿ ਉਹ ਸਿਰਫ਼ ਨੈਤਿਕ ਪੱਧਰ ਵਾਲੀ ਇਨਵੈਸਟਮੈਂਟ ਕਰਦੇ ਹਨ। ਇਸ ਬਾਰੇ ਵਿਦੇਸ਼ ਮੰਤਰੀ ਗਰਾਂਟ ਰੌਬਰਸਟਨ ਨੇ ਵੀ ਸੁਪਰ ਫੰਡ ਅਦਾਰੇ ਤੋਂ ਜਵਾਬ ਮੰਗਿਆ ਹੈ। ਵਰਨਣ ਯੋਗ ਹੈ ਕਿ ਅਡਾਨੀ ਕੰਪਨੀ ਮੀਆਂਮਾਰ &rsquoਚ ਪੋਰਟ ਦੀ ਉਸਾਰੀ ਕਰ ਕੇ ਓਥੋਂ ਦੀ ਇਕ ਫ਼ੌਜੀ ਕੰਪਨੀ ਨੂੰ ਲੀਜ਼ ਫੀਸ ਵਾਸਤੇ ਲੱਖਾਂ ਡਾਲਰ ਦੇ ਰਹੀ ਹੈ।
ਇਸ ਦੌਰਾਨ ਅਡਾਨੀ ਕੰਪਨੀ ਨੇ ਮੀਆਂਮਾਰ &rsquoਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੰਪਨੀ ਬਹੁਤ ਧਿਆਨ ਨਾਲ ਸਾਰੇ ਹਾਲਾਤ ਨੂੰ ਵੇਖ ਰਹੀ ਹੈ।