image caption: ਲੇਖਕ - ਕੁਲਵੰਤ ਸਿੰਘ ਢੇਸੀ

ਜਾਗ ਮਨ ਜਾਗਣ ਦਾ ਵੇਲਾ - ਸਦਾ ਕਰਿਸਮੈਸ ਸਾਧ ਦੀ

        ਯੂ ਕੇ ਵਿਚ ਸਤੰਬਰ ਦਾ ਮਹੀਨਾ ਬੜਾ ਉਦਾਸੀ ਦਾ ਮੰਨਿਆਂ ਜਾਂਦਾ ਹੈ ਉਸ ਦਾ ਵੱਡਾ ਕਾਰਨ ਗਰਮੀਆਂ ਦੇ ਮੌਸਮ ਮਗਰੋਂ ਸਲ੍ਹਾਬੇ ਅਤੇ ਘੁਸਮੁਸੇ ਮੌਸਮ ਦੀ ਤਬਦੀਲੀ ਦਾ ਹੋਣਾ ਅਤੇ ਅਗਲਾ ਵੱਡਾ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਕਰਿਸਮੈਸ ਵੀ ਅਜੇ ਦੂਰ ਹੁੰਦੀ ਹੈ । ਜਿਵੇਂ ਜਿਵੇਂ ਕਰਿਸਮੈਸ ਨੇੜੇ ਆਉਂਦੀ ਜਾਂਦੀ ਹੈ ਤਿਵੇਂ ਚਿਹਰਿਆਂ ਤੇ ਰੌਣਕ ਆਉਣ ਲੱਗਦੀ ਹੈ ਪਰ ਜਿਓਂ ਹੀ ਕਰਿਸਮੈਸ ਦੀਆਂ ਛੁੱਟੀਆਂ ਬਿਤਾ ਕੇ ਮੁੜ ਕੰਮਾਂ ਕਾਰਾਂ ਤੇ ਜਾਣਾ ਪੈਂਦਾ ਹੈ ਤਾਂ ਮਨੁੱਖ ਇਵੇਂ ਹੋ ਜਾਂਦਾ ਹੈ ਜਿਵੇਂ ਭੁਕਾਨੇ ਵਿਚੋਂ ਫੂਕ ਨਿਕਲੀ ਹੋਈ ਹੋਵੇ । ਕਰਿਸਮੈਸ ਨੂੰ ਇਸਾਈ ਲੋਕ ਭਾਵੇਂ ਈਸਾ ਦੇ ਜਨਮ ਦਿਨ ਵਜੋਂ ਮਨਾਉਂਦੇ ਹਨ ਪਰ ਅਸਲ ਵਿਚ ਇਹ ਇਕੱ ਮੌਜ ਮੇਲੇ ਦਾ ਦਿਨ ਹੀ ਬਣ ਗਿਆ ਹੈ ਜਿਥੇ ਹੋਰ ਤਾਂ ਬੜਾ ਕੁਝ ਹੁੰਦਾ ਹੈ ਬਸ ਇੱਕ ਈਸਾ ਮਸੀਹ ਹੀ ਸ਼ਾਮਲ ਨਹੀਂ ਹੁੰਦਾ। ਯੂ ਕੇ ਵਿਚ ਇਸ ਸਾਲ ਕਰਿਸਮਿਸ ਸਮੇਂ 77.56 ਬਿਲੀਅਨ ਪੌਡ ਦੀ ਵਿਕਰੀ ਦੇ ਅਨੁਮਾਨ ਹਨ ਜਦ ਕਿ ਕਰੀਬ 700 ਮਿਲੀਅਨ ਦੇ ਬੇਲੋੜੇ ਤੋਹਫੇ ਵੀ ਖ੍ਰੀਦੇ ਜਾਂਦੇ ਹਨ । ਔਸਤਨ ਯੂ ਕੇ ਵਿਚ ਹਰ ਵਿਅਕਤੀ ਯੂਰਪ ਨਾਲੋਂ ਦੁਗਣੀ ਖ੍ਰੀਦਦਾਰੀ ਕਰਦਾ ਹੈ ਅਤੇ ਸਭ ਤੋਂ ਵੱਧ ਸਮਾਰਟ ਫੋਨਾਂ ਅਤੇ ਟੈਬਲਟਾਂ ਦੀ ਵਿਕਰੀ ਹੁੰਦੀ ਹੈ। ਜਿਧਰ ਦੇਖੋ ਦੁਕਾਨਾਂ ਤੇ ਗਹਿਮਾਂ ਗਹਿਮੀ ਹੁੰਦੀ ਹੈ। ਲੋਕ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਛੁੱਟੀਆਂ ਲਈ ਰਾਸ਼ਨ ਖ੍ਰੀਦਦੇ ਹਨ ਅਤੇ ਤੋਹਫਿਆਂ ਦੀ ਖ੍ਰੀਦੋ ਫਰੋਖਤ ਮਤ ਮਾਰ ਲੈਂਦੀ ਹੈ। 
     ਦਿਲ ਗੁਰਦਾ ਰੱਖਣ ਵਾਲੇ ਵਾਤਾਵਰਣ ਪ੍ਰੇਮੀਆਂ ਨੂੰ ਇਹ ਗਿਲਾ ਹੈ ਕਿ ਟਰਕੀਆਂ ਅਤੇ ਹੋਰ ਜਾਨਵਰਾਂ ਦੇ ਵੱਢ ਵੱਢਾਂਗੇ ਨਾਲ ਕਰਿਸਮੈਸ ਸਮੇਂ ਕਰਿਸਮੈਸ ਟਰੀਆਂ ਦੀ ਵੀ ਸ਼ਾਮਤ ਆ ਜਾਂਦੀ ਹੈ । ਯੂਰਪ ਵਿਚ 60 ਮਿਲੀਅਨ ਕਰਿਸਮਿਸ  ਟਰੀ ਕੱਟੇ ਜਾਂਦੇ ਹਨ। ਕੇਵਲ ਯੂ ਕੇ ਵਿਚ 10 ਮਿਲੀਅਨ ਟਰਕੀਆਂ ਵੱਢੀਆਂ ਜਾਂਦੀਆਂ ਹਨ। ਕਰੋੜਾਂ ਲੋਕ ਦਾਰੂ ਦੱਪੇ ਅਤੇ ਜੂਏ ਪੱਤੇ ਵਿਚ ਗਲਤਾਨ ਹੋ ਕੇ ਰਹਿ ਜਾਂਦੇ ਹਨ। ਬਹੁਤ ਸਾਰੇ ਐਸੇ ਲੋਕ ਵੀ ਹਨ ਜੋ ਕਿ ਇਸ ਦਿਨ ਤੇ ਬਹੁਤ ਇਕੱਲ ਮਹਿਸੂਸ ਕਰਦੇ ਹਨ ਕਿਓਂਕਿ ਉਹਨਾ ਦਾ ਕੋਈ ਪਿਆਰਾ ਉਹਨਾ ਦੇ ਨੇੜੇ ਨਹੀਂ ਹੁੰਦਾ। ਬਹੁਤ ਸਾਰੇ ਘਰਾਂ ਵਿਚ ਤਾਂ ਪਰਿਵਾਰਕ ਕਲੇਸ਼ ਵੀ ਵਧ ਜਾਂਦਾ ਹੈ ਅਤੇ ਦਾਰੂ ਦੇ ਅਸਰ ਹੇਠ ਲੋਕ ਉਹ ਕੁਝ ਕਰ ਗੁਜਰਦੇ ਹਨ ਜਿਸ ਸਬੰਧੀ ਬਾਕੀ ਜਿੰਦਗੀ ਪਛਤਾਉਣਾ ਪੈਂਦਾ ਹੈ। ਇਹਨਾ ਦਿਨਾ ਵਿਚ ਘਰਾਂ ਵਿਚ ਚੋਰੀਆਂ  ਦੀ ਗਿਣਤੀ ਵੀ ਵਧ ਜਾਂਦੀ ਹੈ ਕਿਓਂਕਿ ਚੋਰਾਂ ਨੂੰ ਵੀ ਖਰਚ ਪਾਣੀ ਦੀ ਲੋੜ ਹੁੰਦੀ ਹੈ। ਜੁਰਮ ਦੀ ਦਰ ਵੀ ਵਧ ਜਾਂਦੀ ਹੈ ਅਤੇ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਵਾਲੇ ਵੀ ਮੁਸੀਬਤ ਦਾ ਕਾਰਨ ਬਣ ਜਾਂਦੇ ਹਨ। ਕੁਲ ਮਿਲਾ ਕੇ ਕਿੰਨੇ ਲੋਕ ਇਹਨਾ ਛੁੱਟੀਆਂ ਨੂੰ ਅਨੰਦ ਨਾਲ ਮਾਣਦੇ ਹਨ ਕਹਿਣਾ ਔਖਾ ਹੈ ਪਰ ਇਹ ਇੱਕ ਸਚਾਈ ਹੈ ਕਰਿਸਮਿਸ ਦੀਆਂ ਛੁੱਟੀਆਂ ਦਾ ਚਾਅ ਬੇਤਹਾਸ਼ਾ ਹੁੰਦਾ ਹੈ।
ਮਹੌਲ ਦੇ ਅਸਰ ਹੇਠ ਭਾਰਤੀ ਮੂਲ ਦੇ ਲੋਕੀ ਵੀ ਬੜੇ ਚਾਵਾਂ ਨਾਲ ਕਰਿਸਮਿਸ ਮਨਾਉਂਦੇ ਹਨ। ਪਰਿਵਾਰ ਇੱਕਠੇ ਹੁੰਦੇ ਹਨ ਅਤੇ ਨਾਨ੍ਹਾ ਪ੍ਰਕਾਰ ਦੇ ਪਕਵਾਨ ਬਣਦੇ ਹਨ। ਬੇਸ਼ਕ ਇਹ ਹੀ ਦਿਨ ਚਾਰ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਦੀਆਂ ਸ਼ਹੀਦੀਆਂ ਦੇ ਵੀ ਹੁੰਦੇ ਹਨ ਪਰ ਇੱਕ ਘੱਟ ਗਿਣਤੀ ਨੂੰ ਛੱਡ ਕੇ ਬਹੁਤੇ ਲੋਕ ਕਰਿਸਮੈਸ ਦੇ ਚਾਅ ਨਾਲ ਹੀ ਇਹ ਛੁੱਟੀਆਂ ਬਤਾਉਂਦੇ ਹਨ। ਬਹੁਤ ਸਾਰੇ ਗੁਰਦੁਆਰਿਆਂ ਵਿਚ ਸਿੱਖੀ ਕੈਂਪ ਅਤੇ ਵਿਸ਼ੇਸ਼ ਗੁਰਮਤ ਸਮਾਗਮ ਵੀ ਰੱਖੇ ਜਾਂਦੇ ਹਨ ਅਤੇ ਅਨੇਕਾਂ ਲੋਕ ਇਹਨਾ ਸਮਾਗਮਾਂ ਤੋਂ ਲਾਹਾ ਵੀ ਲੈਂਦੇ ਹਨ। ਬਹਿੰਸ ਦਾ ਵਿਸ਼ਾ ਇਹ ਹੈ ਕੋ ਅਜੋਕੇ ਜੀਵਨ ਵਿਚ ਜਦੋਂ ਗਿਆਨ ਵਿਗਿਆਨ ਨੇ ਮਨੁੱਖ ਨੂੰ ਸੁੱਖ ਸਹੂਲਤਾਂ ਨਾਲ ਮਾਲੋ ਮਾਲ ਕਰ ਦਿੱਤਾ ਹੈ ਤਾਂ ਮਨੁੱਖ ਐਸਾ ਕੀ ਕਰੇ ਕਿ ਸਮਾਂ ਉਸ ਤੇ ਬੋਝਲ ਨਾ ਹੋਵੇ। 'ਸਦਾ ਦੀਵਾਲੀ ਸਾਧ ਦੀ' ਪੰਜਾਬੀ ਦੀ ਇੱਕ ਬੜੀ ਹੀ ਕੀਮਤੀ ਕਹਾਵਤ ਹੈ ਭਾਵੇਂ ਕਿ ਇਹ ਅਸੀਂ ਅਣਗੌਲੀ ਕਰ ਦਿੱਤੀ ਹੈ। ਮੇਲੇ ਆਉਂਦੇ ਹਨ ਚਲੇ ਜਾਂਦੇ ਹਨ ਪਰ ਮਨੁੱਖ ਦੇ ਮਨ ਦੀ ਖੁਸ਼ੀ ਕਿਸੇ ਵਿਸ਼ੇਸ਼ ਤਿਓਹਾਰ ਜਾਂ ਧਨ ਪਦਾਰਥ ਦੇ ਮੁਹਤਾਜ ਨਹੀਂ ਹੋਣੀ ਚਾਹੀਦੀ ਸਗੋਂ ਰੂਹ ਦੇ ਖੇੜੇ ਲਈ ਰੂਹ ਦੀ ਖੁਰਾਕ ਤੋਂ ਕਦੀ ਵੀ ਮੁਨਕਰ ਨਹੀਂ ਹੋਣਾ ਚਾਹੀਦਾ। ਜਿਵੇਂ ਅੰਗ੍ਰੇਜਾਂ ਦੀ ਕਰਿਸਮੈਸ ਵਿਚੋਂ ਈਸਾ ਮਸੀਹ ਮਨਫੀ ਹੋ ਕੇ ਗਿਆ ਹੈ ਸਾਨੂੰ ਸੋਚਣਾ ਪਏਗੀ ਕੀ ਸਾਡੇ ਮਨਾਏ ਜਾ ਰਹੇ ਗੁਰਪੁਰਬਾਂ, ਨਗਰ ਕੀਰਤਨਾ ਅਤੇ ਕੀਤੇ ਜਾ ਰਹੇ ਪਾਠਾਂ ਵਿਚੋਂ ਗੁਰਮਤ ਤਾਂ ਮਨਫੀ ਨਹੀਂ ਹੋ ਰਹੀ। ਸਾਡੇ ਨਗਰ ਕੀਰਤਨ ਅਤੇ ਵੱਡੇ ਵੱਡੇ ਆਤਮ ਰਸ ਕੀਰਤਨ ਦਰਬਾਰ ਬੇਹੱਦ ਖਰਚੀਲੇ ਹੁੰਦੇ ਹਨ ਜਦ ਕਿ ਕੀਤੇ ਜਾ ਰਹੇ ਪਾਠ ਮਹਿਜ ਰਸਮੀ। ਗੁਰਮਤ ਇੱਕ ਸਹਿਜ ਸੁਭਾ ਦਾ ਧਰਮ ਹੈ ਭਾਵ ਕਿ ਧਰਮੀ ਜੀਵਨ ਦੀ ਸਾਨੂੰ ਆਦਤ ਹੋਣੀ ਚਾਹੀਦੀ ਹੈ ਨਾ ਕਿ ਕੋਈ ਉਚੇਚ। ਵਕਤੀ ਅਤੇ ਥਕਾ ਦੇਣ ਵਾਲੇ ਧਾਰਮਕ ਸਮਾਗਮਾਂ ਨਾਲ ਵੀ ਸਾਡੇ ਸਮਾਜ ਵਿਚ ਕੋਈ ਧਾਰਮਕ ਕ੍ਰਾਂਤੀ ਨਹੀਂ ਆਉਣੀ ਜੇਕਰ ਸਾਡੇ ਸਹਿ ਸੁਭਾ ਦੇ ਜੀਵਨ ਵਿਚ ਸੱਚ, ਸੰਜਮ ਅਤੇ ਧਰਮ ਸ਼ਾਮਲ ਨਹੀਂ । ਸੱਚਾ ਧਰਮ ਜੀਵਨ ਦੀ ਆਤਮਾਂ ਹੈ। ਅਗਾਂਹ ਵਧੂ ਆਖੇ ਜਾਣ ਵਾਲੇ ਸਮਾਜ ਦੇ ਲੋਕ ਦਿਨੋ ਦਿਨ ਜਿਸਮਾਨੀ ਅਤੇ ਮਾਨਸਕ ਤੌਰ ਤੇ ਇਸ ਕਰਕੇ ਬਿਮਾਰ ਹੁੰਦੇ ਜਾ ਰਹੇ ਹਨ ਕਿਓਂਕਿ ਮਨੁੱਖ ਨੇ ਰੂਹ ਦੀ ਖੁਰਾਕ ਨੂੰ ਬੇਲੋੜਾ ਕਰਾਰ ਦੇ ਦਿੱਤਾ ਹੈ। ਸੱਚੇ ਧਰਮੀ ਮਨੁੱਖ ਲਈ ਤਾਂ ਹਰ ਦਿਨ ਹੀ ਇੱਕ ਧੂਮ ਧਾਮ ਨਾਲ ਮਨਾਇਆ ਜਾਣ ਵਾਲਾ ਦਿਨ ਹੁੰਦਾ ਹੈ।
ਸਾਲ 2018 ਨੂੰ ਕਿਵੇਂ ਚਾੜ੍ਹੀਏ 

     ਕੁਦਰਤ ਦਾ ਪ੍ਰਬੰਧ ਬੜਾ ਵਿਸਮਾਦ ਜਨਕ ਹੈ। ਚੰਨ, ਸੂਰਜ, ਤਾਰੇ ਹਰਕਤ ਵਿਚ ਹਨ ਅਤੇ ਆਪਣੇ ਨਿਯਤ ਸਮੇਂ ਮੁਤਾਬਕ ਚੱਕਰ ਕੱਟ ਰਹੇ ਹਨ ਪਰ ਪੰਜਾਬੀ ਦੀ ਇੱਕ ਕਹਾਵਤ ਬੜੀ ਅਜੀਬ ਹੈ ਕਿ ਜਦੋਂ ਕੋਈ ਵਿਅਕਤੀ ਗਲਤ ਕੰਮ ਕਰ ਦੇਵੇ ਤਾਂ ਅਸੀਂ ਉਸ ਨੂੰ ਪੁੱਠਾ ਸਿੱਧਾ ਕੰਮ ਕਹਿੰਦੇ ਹਾਂ ਅਤੇ ਅਕਸਰ ਹੀ ਪੁੱਛਦੇ ਹਾਂ ਕਿ 'ਬਈ ਚਾੜਤਾ ਚੰਦ' । ਸਾਡੇ ਦੇਸੀ ਜਨ ਜੀਵਨ ਵਿਚ ਅਸੀਂ ਚੰਦ ਤੇ ਚੰਦ ਚਾੜ੍ਹੇ ਹਨ ਭਾਵੇਂ ਕਿ ਉਹ ਰਾਜਨੀਤਕ ਪੱਖੋਂ ਹੋਣ ਜਾਂ ਧਾਰਮਕ ਜਾਂ ਸਭਿਆਚਾਰਕ ਪੱਖ ਹੋਣ। ਪੰਜਾਬੀ ਸੁਭਾ ਜੋ ਵੀ ਕੰਮ ਕਰਦਾ ਹੈ ਅੰਧਾਂ ਧੁੰਦ ਕਰਦਾ ਹੈ। ਪਹਿਲਾਂ ਅਸੀਂ ਫੈਕਟਰੀਆਂ ਅਤੇ ਕਾਰੋਬਾਰਾਂ ਵਿਚ ਅੰਧਾਧੁੰਦ ਦਿਲਚਸਪੀ ਦਿਖਾਈ ਪਰ ਜਦੋਂ ਸਾਡੀਆਂ ਮਾਰੀਆਂ ਮੱਲਾਂ ਪ੍ਰਤੀ ਬੱਚਿਆਂ ਨੇ ਬੇਰੁਖੀ ਦਿਖਾਈ ਤਾਂ ਸਾਡਾ ਸੁਆਦ ਵੀ ਕਿਰਕਿਰਾ ਹੋ ਗਿਆ। ਫਿਰ ਅਸੀਂ ਗੁਦੁਆਰਿਆਂ ਅਤੇ ਜਥੇਬੰਦੀਆਂ ਦੀ ਚੌਧਰ ਦੇ ਖਲਜਗਣ ਵਿਚ ਪਏ ਅਤੇ ਅੱਜ ਕਿਸੇ ਵੀ ਪ੍ਰਧਾਨ ਦਾ ਨਿਆਣਾ ਉਸ ਦੇ ਮਗਰ ਤੁਰਨ ਨੂੰ ਤਿਆਰ ਨਹੀਂ ਹੈ। ਹਾਂ ਕੁਝ ਇੱਕ ਸਿਰ ਫਿਰੇ ਲੋਕ ਫਿਰਕੂ ਜਹਿਰ ਦੇ ਟੀਕੇ ਆਪਣੇ ਨਿਆਣਿਆਂ ਦੇ ਲਾਉਣ ਵਿਚ ਜਰੂਰ ਕਾਮਯਾਬ ਹੋ ਗਏ ਹਨ ਜੋ ਕਿ ਹੁਣ ਗੁਰਦੁਆਰਿਆਂ ਅਤੇ ਜਥੇਬੰਦੀਆਂ ਵਿਚ ਕਸ਼ਮਕੱਸ਼ ਅਤੇ ਖੇਹ ਖਰਾਬੀ ਦਾ ਕਾਰਨ ਬਣ ਰਹੇ ਹਨ। ਪਰ ਜੇ ਇਮਾਨਦਾਰੀ ਨਾਲ ਸੋਚੀਏ ਤਾਂ ਅਸੀਂ ਬਾਹਰੋਂ ਦੇਖਣ ਨੂੰ ਕਿੰਨੇ ਵੀ ਰੱਜੇ ਪੁੱਜੇ ਕਿਓਂ ਨਾ ਦਿਸਦੇ ਹੋਈਏ ਪਰ ਰੂਹਾਨੀ ਅਤੇ ਇਨਸਾਨੀ ਤੌਰ ਤੇ ਉੱਖੜੇ ਹੋਏ ਹਾਂ। ਸਾਡੇ ਬੁੱਢੇ ਭਾਈਚਾਰੇ ਵਿਚ 'ਚੜ੍ਹੀ ਜਵਾਨੀ ਬੁੱਢੇ ਨੂੰ' ਬੱਸ ਇੱਕ ਕਹਾਵਤ ਹੀ ਬਣ ਕੇ ਰਹਿ ਗਈ ਹੈ। ਬਹੁਤੇ ਲੋਕਾਂ ਨੂੰ ਬਿਮਾਰੀਆਂ ਨੇ ਘੇਰਿਆ ਹੋਇਆ ਹੈ ਅਤੇ ਢਹਿੰਦੀ ਕਲਾ ਤਾਂ ਮੂੰਹ ਤੋਂ ਹੀ ਦਿਸ ਪੈਂਦੀ ਹੈ। ਕੋਈ ਹਰਿਆ ਬੂਟ ਰਹਿਓ ਰੀ ਵਾਂਗ ਕੁਝ ਨੌਜਵਾਨ ਐਸੇ ਜਰੂਰ ਹਨ ਜੋ ਕਿਸੇ ਵੀ ਤਰਾਂ ਦੇ ਵਿਰੋਧ ਵਿਚ ਨਾ ਪੈ ਕੇ ਤਨੋ ਮਨੋ ਅਤੇ ਧਨੋ ਸੇਵਾ ਕਰਦੇ ਹੋਏ ਗੁਰਮਤ ਜੀਵਨ ਨੂੰ ਸਮਰਪਤ ਹਨ।  
     ਸਾਲ 2017 ਦੌਰਾਨ ਵਲੈਤ ਵਿਚ ਸਾਡਾ ਪਹਿਲਾ ਦਸਤਾਰਧਾਰੀ ਸਿੱਖ ਅਤੇ ਪਹਿਲੀ ਸਿੱਖ ਬੀਬੀ ਪਾਰਲੀਮੈਂਟ ਵਿਚ ਬਤੌਰ ਮੈਂਬਰ ਬਣ ਕੇ ਗਏ ਤਾਂ ਭਾਈਚਾਰੇ ਵਾਸਤੇ ਇਹ ਮਾਣ ਵਾਲੀ ਗੱਲ ਸੀ ਪਰ ਗੁਰਦੁਆਰਿਆਂ ਵਿਚ ਸਾਡਾ ਪਾਗਲਪਨ ਪਹਿਲੇ ਸਾਲਾਂ ਦੇ ਮੁਕਾਬਲੇ ਘਟਿਆ ਨਹੀਂ ਸਗੋਂ ਵਧਿਆ ਹੀ ਹੈ। ਪੰਜਾਬ ਦੇ ਸਿਆਸਤਦਾਨਾ ਅਤ ਧਾਰਮਕ ਆਖੀਆਂ ਜਾਣ ਵਾਲੀਆਂ ਧਿਰਾਂ ਨੇ ਵੀ ਸਾਡੀ ਬਲਦੀ ਤੇ ਤੇਲ ਹੀ ਪਾਇਆ ਹੈ। ਅੱਜ ਅਸੀਂ ਵਲਾਇਤ ਦੇ ਸਵਰਗ ਵਿਚ ਰਹਿ ਕੇ ਸ਼ਿਕਾਇਤਾਂ ਇਸ ਤਰਾਂ ਕਰ ਰਹੇ ਹਾਂ ਜਿਵੇਂ ਕਿ ਨਰਕ ਦੇ ਵਾਸੀ ਹੋਈਏ। ਇੱਕ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਬਹੁਤ ਸਾਰੇ ਲੋਕ ਹੁਣ ਸਿਹਤ ਦਾ ਖਿਆਲ ਰੱਖਣ ਵਲ ਰੁਚਿਤ ਹੋ ਰਹੇ ਹਨ ਪਰ ਪੰਜਾਬ ਦੀਆਂ ਧਾਰਮਕ ਸਰਗਮਰਮੀਆਂ ਅਤੇ ਨੀਵੇਂ ਦਰਜੇ ਦੀ ਸਿਆਸਤ ਉਹਨਾ ਨੂੰ ਉਪਰਾਮ ਕਰੀ ਰੱਖਦੀ ਹੈ। ਜੇਕਰ ਅਸੀ ਪੰਜਾਬ ਦੀ ਸਿਆਸੀ ਅਤੇ ਧਾਰਮਕ ਖਿੱਚੋਤਾਣ ਤੋਂ ਆਪਣੇ ਆਪ ਨੂੰ ਸੁਰਖਰੂ ਕਰ ਲਈਏ ਤਾਂ ਸਾਡੀ ਬਹੁਤੀ ਪ੍ਰੇਸ਼ਾਨੀ ਖਤਮ ਹੋ ਸਕਦੀ ਹੈ। ਹੁਣ ਲੋੜ ਹੈ ਕਿ ਜਿਹਨਾ ਦੇਸ਼ਾਂ ਦੀ ਅਸੀਂ ਸ਼ਹਿਰੀਅਤ ਲੈ ਰੱਖੀ ਹੈ ਅਤੇ ਜਿਥੇ ਸਾਡੇ ਬੱਚਿਆਂ ਦਾ ਭਵਿੱਖ ਹੈ ਅਸੀਂ ਇਥੋਂ ਦੇ ਅਮਲੀ ਜੀਵਨ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਈਏ। ਵੈਸੇ ਵੀ ਪੰਜਾਬ ਦੀ ਸਿਆਸਤ ਦਾ ਸਾਨੂੰ ਬੇਲੋੜਾ ਝੱਸ ਹੀ ਪਿਆ ਹੋਇਆ ਹੈ, ਨਾਂ ਤਾਂ ਸਾਡੀ ਉਥੇ ਕੋਈ ਵੁੱਕਤ ਹੈ ਅਤੇ ਨਾ ਹੀ ਸ਼ਮੂਲੀਅਤ । ਜੇਕਰ ਅਸੀਂ ਗੁਰਦੁਆਰਿਆਂ ਵਿਚ ਟਕਰਾਓ ਨੂੰ ਦੂਰ ਕਰਕੇ ਗੱਲ ਨਬੇੜਨੀ ਹੋਵੇ ਤਾਂ ਉਸ ਦਾ ਸੌਖਾ ਇਲਾਜ ਇਹ ਹੈ ਕਿ ਅਸੀਂ ਸਾਂਝੇ ਗੁਰਦੁਆਰਿਆਂ ਵਿਚ ਪੰਥਕ ਰਹਿਤ ਮਰਿਯਾਦਾ ਨੂੰ ਲਾਗੂ ਕਰੀਏ ਜਦ ਕਿ ਡੇਰਿਆਂ ਦੇ ਗੁਰਦੁਆਰੇ ਤਾਂ ਉਹਨਾ ਦੀਆਂ ਨਿੱਜੀ ਜਾਇਦਾਦਾਂ ਵਾਂਗ ਹਨ ਜਿਥੇ ਕਿ ਦਖਲ ਅੰਦਾਜੀ ਮੁਸ਼ਕਲ ਹੈ। 
ਸਾਡੇ ਕਰਨ ਵਾਲਾ ਇੱਕ ਹੋਰ ਜਰੂਰੀ ਕਾਰਜ ਹੈ ਪੰਜਾਬ ਵਿਚਲੀਆਂ ਜਾਇਦਾਦਾਂ ਬਾਰੇ ਫੈਸਲਾ ਕਰਕੇ ਉਹਨਾ ਨੂੰ ਕਿਸੇ ਬਿਲੇ ਲਾਉਣਾ ਬਹੁਤ ਜਰੂਰੀ ਹੈ ਕਿਓਂਕਿ ਸਾਡੀ ਤਾਂ ਹੁਣ ਕੁਝ ਪਤਾ ਨਹੀਂ ਕਿਹੜੇ ਵੇਲੇ ਟੈਂ ਟੈਂ ਫਿਸ ਹੋ ਜਾਣੀ ਹੈ ਅਤੇ ਬੱਚਿਆਂ ਨੂੰ ਮਗਰਲਿਆਂ ਨੇ ਲੜ ਸਿਰਾ ਨਹੀਂ ਫੜਾਉਣਾ। ਡਰ ਹੈ ਕਿ ਸਾਡੀਆਂ ਖੂਨ ਪਸੀਨੇ ਨਾਲ ਬਣਾਈਆਂ ਜਾਇਦਾਦਾਂ ਕਿਧਰੇ ਲੜਾਈ ਝਗੜੇ ਦਾ ਕਾਰਨ ਨਾ ਬਣ ਜਾਣ। ਇੱਕ ਗੱਲ ਨਿਸਚਿਤ ਹੈ ਕਿ ਜਦੋਂ ਵੀ ਕਿਸੇ ਨਿਆਣੇ ਨੂੰ ਇਹ ਪਤਾ ਲੱਗਾ ਕਿ ਉਸ ਦੇ ਮਾਪਿਆਂ ਦੀ ਕੋਈ ਜਾਇਦਾਦ ਪੰਜਾਬ ਵਿਚ ਹੈ ਜਿਸ ਤੋਂ ਪੈਸੇ ਹੱਥ ਆ ਸਕਦੇ ਹਨ ਤਾਂ ਉਹ ਕੋਸ਼ਿਸ਼ਾਂ ਜਰੂਰ ਕਰਨਗੇ । ਬਾਕੀ ਇਸ ਦੇਸ਼ ਦੇ ਹਾਲਾਤ ਵੀ ਤੇਜੀ ਨਾਲ ਬਦਲ ਰਹੇ ਹਨ, ਭਲਕ ਨੂੰ ਇਥੇ ਕੀ ਹੋਣਾ ਹੈ ਕੁਝ ਪਤਾ ਨਹੀਂ ਪਰ ਜਿਹੜੇ ਬੱਚਿਆਂ ਕੋਲ ਕੋਈ ਬਣਦਾ ਸਰਦਾ ਪ੍ਰੋਫੈਸ਼ਨ ਹੈ ਉਹ ਦੁਨੀਆਂ ਦੇ ਹੋਰ ਵਿਕਸਤ ਦੇਸ਼ਾਂ ਵਿਚ ਵੀ ਟਿਕਾਣਾ ਕਰ ਸਕਦੇ ਹਨ।
       ਅੱਜ ਦੀ ਤਾਰੀਖ ਵਿਚ ਸਾਡੀ ਜਾਣਕਾਰੀ ਦਾ ਸਰੋਤ ਸੋਸ਼ਲ ਸਾਈਟਾ ਤਕ ਸੀਮਤ ਹੋ ਕੇ ਰਹਿ ਗਿਆ ਹੈ। ਪੜ੍ਹਨ ਲਿਖਣ ਦੀ ਆਦਤ ਤਾਂ ਅਸੀਂ ਚਿਰਾਂ ਦੀ ਛੱਡੀ ਹੋਈ ਹੈ ਹੁਣ ਟੀ ਵੀ ਦੇਖਣ ਅਤੇ ਰੇਡੀਓ ਸੁਣਨ ਦੇ ਅਸੀਂ ਆਦੀ ਹੁੰਦੇ ਜਾ ਰਹੇ ਹਾਂ। ਸਾਡਾ ਇਹ ਮੀਡੀਆ ਨਾਨਕਸ਼ਾਹੀ ਕੈਲੰਡਰ, ਸਿੱਖ ਰਹਿਤ ਮਰਿਯਾਦਾ, ਦਸਮ ਗ੍ਰੰਥ ਅਤੇ ਰਾਜ ਭਾਗ ਦੇ ਮੁੱਦਿਆਂ ਤੇ ਲੋਕਾਂ ਨੂੰ ਪਾੜ ਰਿਹਾ ਹੈ। ਇਥੇ ਵੀ ਸਾਡਾ ਆਹਲਾ ਫਰਜ ਬਣਦਾ ਹੈ ਕਿ ਅਸੀਂ ਕੇਵਲ ਉਸੇ ਮੀਡੀਏ ਦਾ ਸਹਿਯੋਗ ਕਰੀਏ ਜੋ ਕਿ ਸਿੱਖ ਰਹਿਤ ਮਰਿਯਾਦਾ ਤੇ ਪਹਿਰਾ ਦਿੰਦਾ ਹੋਵੇ। ਜਿਹੜਾ ਮੀਡੀਆ ਪੰਜਾਬ ਦੀਆਂ ਘਟਨਾਵਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦਾ ਹੈ ਅਤੇ ਸਿੱਖ ਸਿਧਾਂਤ ਦੀ ਅਮਾਨਤ ਵਿਚ ਖਿਆਨਤ ਕਰਦਾ ਹੋਵੇ ਉਸ ਦੀ ਜਵਾਬ ਤਲਬੀ ਹੋਣੀ ਜਰੂਰੀ ਹੈ ਵਰਨਾ ਇਹ ਸਾਡੇ ਇਥੋਂ ਦੇ ਭਾਈਚਾਰੇ ਨੂੰ ਲੀਰਾਂ ਲੀਰਾਂ ਕਰ ਦੇਵੇਗਾ। 
ਇੱਕ ਹੋਰ ਅਹਿਮ ਕੰਮ ਹੈ ਵਸੀਅਤ ਬਨਾਉਣ ਦਾ। ਕਈਆਂ ਲਈ ਇਹ ਬੜਾ ਟੇਢਾ ਮਸਲਾ ਹੋ ਸਕਦਾ ਹੈ। ਬਹੁਤ ਸਾਰੇ ਨਿਆਣੇ ਆਪਣੇ ਮਾਪਿਆਂ ਨਾਲ ਸਿਰਫ ਮਤਲਬ ਤਕ ਹੀ ਸੀਮਤ ਰਹਿੰਦੇ ਹਨ। ਨਿਆਣਿਆਂ ਨੂੰ ਪਤਾ ਹੈ ਕਿ ਉਹ ਆਪਣੇ ਮਾਪਿਆਂ ਦੀ ਕਮਜੋਰੀ ਹਨ ਅਤੇ ਮਾਪਿਆਂ ਨੇ ਜਾਇਦਾਦ ਤਾਂ ਉਹਨਾ ਨੂੰ ਹੀ ਦੇਣੀ ਹੈ। ਬਹੁਤ ਵਾਰੀ ਐਸਾ ਵੀ ਹੁੰਦਾ ਹੈ ਕਿ ਦੁੱਖ ਸੁੱਖ ਤਾਂ ਕੁੜੀਆਂ ਪੁੱਛਦੀਆਂ ਹਨ ਪਰ ਜਾਇਦਾਦ ਲੈ ਕੇ ਮੁੰਡੇ ਲਾਂਭੇ ਹੋ ਜਾਂਦੇ ਹਨ। ਇਸ ਸਬੰਧੀ ਪਹਿਲੀ ਜਰੂਰੀ ਗੱਲ ਹੈ ਕਿ ਜਿਊਂਦੇ ਜੀਅ ਆਪਣੇ ਹੱਥ ਕਦੀ ਨਹੀਂ ਕੱਟਣੇ ਚਾਹੀਦੇ ਅਤੇ ਮੌਤ ਤੋਂ ਬਾਅਦ ਕਿਸ ਬੱਚੇ ਨੂੰ ਆਪਣੀ ਜਾਇਦਾਦ ਦਾ ਕਿੰਨਾ ਹਿੱਸਾ ਦੇਣਾ ਹੈ ਇਹ ਫੈਸਲਾ ਵੀ ਦਿਮਾਗ ਤੋਂ ਹੋਣਾ ਚਾਹੀਦਾ ਹੈ ਦਿਲ ਤੋਂ ਨਹੀਂ। ਸਾਡੇ ਸਮਾਜ ਵਿਚ ਇਸ ਸਬੰਧੀ ਸਲਾਹ ਮਸ਼ਵਰੇ ਲਈ ਕੋਈ ਐਨ ਜੀ ਓ ਹੋਣੀ ਚਾਹੀਦੀ ਹੈ ਜੋ ਕਿ ਨਜ਼ਰੀਂ ਨਹੀਂ ਆ ਰਹੀ। ਇਸ ਮਾਮਲੇ ਵਿਚ ਅਸੀਂ ਆਮ ਤੌਰ ਤੇ ਵਕੀਲਾਂ ਦੇ ਸਲਾਹ ਮਸ਼ਵਰੇ ਤੇ ਹੀ ਮੁਨੱਸਰ ਹੁੰਦੇ ਹਾਂ। ਹਰ ਪਰਿਵਾਰ ਦੇ ਹਾਲਾਤ ਵੱਖਰੋ ਵੱਖਰੇ ਹਨ ਅਤੇ ਹਰ ਇਨਸਾਨ ਦੇ ਸੁਭਾਅ ਵੱਖਰੋ ਵੱਖਰੇ ਹਨ ਪਰ ਜੋ ਵੀ ਫੈਸਲਾ ਕਰਨਾ ਹੋਵੇ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਅਤੇ ਜੇਕਰ ਹਾਲਾਤ ਬਦਲ ਜਾਂਦੇ ਹਨ ਤਾਂ ਲੋੜ ਪੈਣ ਤੇ ਵਸੀਅਤ ਵੀ ਬਦਲ ਲੈਣੀ ਚਾਹੀਦੀ ਹੈ।


ਕੈਲੰਡਰ ਦੇ ਭੰਬਲਭੂਸੇ ਦਾ ਪ੍ਰਛਾਵਾਂ

    ਸਾਲ 2018 ਚੜ੍ਹਾਉਣ ਵਿਚ ਜਿੰਨਾ ਜੋਰ ਵਾਟਸ-ਅੱਪ ਦਾ ਲੱਗਦਾ ਹੈ ਏਨਾ ਸ਼ਾਇਦ ਹੀ ਕਿਸੇ ਹੋਰ ਦਾ ਲਗਦਾ ਹੋਵੇ। ਸੈਂਕੜਿਆਂ ਦੀ ਤਾਦਾਦ ਵਿਚ ਵਧਾਈਆਂ ਦੇ ਸੁਨੇਹੇ ਆਉਂਦੇ ਹਨ ਅਤੇ ਕਈ ਸੂਰਮੇ ਤਾਂ ਜਿਹੜਾ ਵੀ ਮੈਸੇਜ ਚੰਗਾ ਲੱਗੇ ਉਹ ਹੀ ਅੱਗੇ ਭੇਜੀ ਜਾਂਦੇ ਹਨ। ਕਈ ਲੋਕ ਤਾਂ ਹਫਤਾ ਪਹਿਲਾਂ ਹੀ ਸ਼ੁਰੂ ਹੋ ਗਏ ਕਿ ਅਸੀਂ ਵਧਾਈਆਂ ਪਹਿਲਾਂ ਦੇਣ ਦੀ ਝੰਡੀ ਲੈਣੀ ਹੈ। ਕਈ ਮਜਬੂਰੀ ਦੇ ਮਾਰੇ ਵਧਾਈਆਂ ਦੇ ਜਵਾਬ ਦੇਣ ਦੇ ਨਾਲ ਨਾਲ ਸਾਰਾ ਸਮਾਂ ਵਧਾਈਆਂ ਡਲੀਟ ਕਰਨ ਵਿਚ ਰੁੱਝੇ ਹੋਏ ਰਹਿੰਦੇ ਹਨ। ਜਿਓਂ ਹੀ ਇਹ ਮੈਸੇਜ ਰੁਕੇ ਤਾਂ ਕਈਆਂ ਨੇ ਸੁਖ ਦਾ ਸਾਹ ਲਿਆ ਹੋਣਾ ਕਿ ਚਲੋ ਜਾਨ ਛੁੱਟੀ। ਪਰ ਇੱਕ ਗੱਲ ਅਹਿਮ ਹੈ ਕਿ ਵਧਾਈਆਂ ਭਾਵੇਂ ਕਰਿਸਮੈਸ ਦੀਆਂ ਹੋਣ ਜਾਂ ਨਵੇਂ ਸਾਲ ਦੀਆਂ ਇਸ ਸਬੰਧੀ ਤਾਰੀਖਾਂ ਦਾ ਕੋਈ ਵੀ ਭੰਬਲਭੂਸਾ ਨਹੀਂ ਹੁੰਦਾ ਜਦ ਕਿ ਸਿੱਖ ਪੰਥ ਵਿਚ ਕੈਲੰਡਰ ਦੇ ਵਿਵਾਦ ਨੇ ਸਾਰੀ ਖੇਡ ਹੀ ਚੌਪਟ ਕਰ ਦਿਤੀ ਹੈ।
     ਇੰਟਰਨੈਟ ਨੇ ਬੇਹੱਦ ਜਾਣਕਾਰੀ ਸਾਡੇ ਹੱਥਾਂ ਵਿਚ ਧਰ ਦਿੱਤੀ ਹੈ ਅਤੇ ਇਹ ਹੁਣ ਸਾਡੇ ਤੇ ਮੁਨੱਸਰ ਹੈ ਕਿ ਅਸੀਂ ਇਸ ਜਾਣਕਾਰੀ ਨੂੰ ਕਿਵੇਂ ਵਰਤਣਾ ਹੈ। ਸਿਆਣਪ ਇਸ ਵਿਚ ਹੈ ਕਿ ਅਸੀਂ ਜਾਣਕਾਰੀ ਨੂੰ ਵਰਤੀਏ ਨਾ ਕਿ ਜਾਣਕਾਰੀ ਸਾਨੂੰ ਵਰਤ ਜਾਵੇ। ਇੱਕ ਗੁਰਮੁੱਖ ਨੇ ਇਹਨਾ ਵਧਾਈਆਂ ਸਬੰਧੀ ਕਿਹਾ ਕਿ ਗੁਰਬਾਣੀ ਵਿਚ ਦਿਨ ਤੋਂ ਪਹਿਰ ਅਤੇ ਪਹਿਰ ਤੋਂ ਘੜੀਆਂ ਦੀ ਵਿਆਖਿਆ ਕਰਦਿਆਂ ਮਨੁੱਖਾ ਉਮਰ ਦੇ ਘਟਣ ਦੀ ਗੱਲ ਕੀਤੀ ਹੈ ਤਾਂ ਇਸ ਵਿਚ ਖੁਸ਼ੀ ਵਾਲੀ ਕਿਹੜੀ ਗੱਲ ਹੈ। ਹਰ ਨਵੇਂ ਸਾਲ ਦੀ ਆਮਦ ਅਤੇ ਸਾਡੇ ਜਨਮ ਜਾਂ ਵਿਆਹ ਦੀ ਸਾਲ ਗਿਰਾਹ ਇਸ ਗੱਲ ਦੀ ਸੂਚਕ ਹੈ ਕਿ ਸਾਡੀ ਬੜੀ ਹੀ ਕੀਮਤੀ ਜਿੰਦਗੀ ਦੇ ਪਲ ਘਟ ਰਹੇ ਹਨ ਤਾਂ ਇਸ ਵਿਚ ਲਾਲਾ ਲਾਲਾ ਕਿਹੜੀ ਗੱਲ ਦੀ ਹੈ ਪਰ ਮਨੁੱਖ ਰੀਤਾਂ ਦਾ ਬੱਝਾ ਚੱਲਦਾ ਹੈ ਅਤੇ ਰੀਤਾਂ ਉਹਨਾ ਲੋਕਾਂ ਜਾਂ ਕੌਮਾਂ ਦੀਆਂ ਪਾਈਆਂ ਹੁੰਦੀਆਂ ਹਨ ਜਿਹਨਾ ਦੀ ਦੁਨੀਆਂ ਵਿਚ ਸਰਦਾਰੀ ਹੋਵੇ।
      ਅੱਜ ਜੇਕਰ ਅੰਗ੍ਰੇਜੀ ਨੂੰ ਕੌਮਾਂਤਰੀ ਰੁਤਬਾ ਪ੍ਰਾਪਤ ਹੈ ਅਤੇ ਪੱਛਮੀ ਰਹਿਣ ਸਹਿਣ ਜਾਂ ਸਭਿਆਚਾਰ ਤੋਂ ਸਾਰੀ ਦੁਨੀਆਂ ਪ੍ਰਭਾਵਤ ਹੈ ਤਾਂ ਇਸ ਦਾ ਮੁਖ ਕਾਰਨ ਇਹ ਹੀ ਹੈ ਕਿ ਇਹਨਾ ਉੱਨਤ ਕੌਮਾਂ ਨੇ ਦੁਨੀਆਂ ਤੇ ਆਪਣਾ ਸਿੱਕਾ ਜਮਾਇਆ ਹੈ ਜਦ ਕਿ ਅਸੀਂ ਨਾਨਕਸ਼ਾਹੀ ਕੈਲੰਡਰ ਦੇ ਇੱਕ ਮੁੱਦੇ ਨੂੰ ਹੱਲ ਕਰਨ ਵਿਚ ਵੀ ਅਸਫਲ ਹੋ ਕੇ ਰਹਿ ਗਏ ਹਾਂ। ਕੈਲੰਡਰ ਸਬੰਧੀ ਤਾਂ ਕਿਸੇ ਨੇ ਬੜਾ ਅਜੀਬ ਵਿਅੰਗ ਕੀਤਾ ਹੈ ਕਿ ਮੈਨੂੰ ਕਿਸੇ ਗੋਰੀ ਨੇ ਜਦੋਂ ਨਵਾਂ ਸਾਲ ਦਾ ਕੈਲੰਡਰ ਦਿੱਤਾ ਤਾਂ ਮੈਂ ਉਹ ਮੋੜ ਦਿਤਾ ਅਤੇ ਕਿਹਾ ਕਿ ਸਾਡੇ ਇਹ ਨਹੀਂ ਚਲਦਾ। ਗੋਰੀ ਪੁੱਛਦੀ ਹੈ ਕਿ ਤੁਹਾਡੇ ਕਿਹੜਾ ਕੈਲੰਡਰ ਚਲੱਦਾ ਹੈ ਤਾਂ ਜਵਾਬ ਸੀ ਕਿ ਪਹਿਲਾਂ ਨਾਨਕਸ਼ਾਹੀ ਕੈਲੰਡਰ ਸੀ, ਫਿਰ ਬਿਕਰਮੀ ਕੈਲੰਡਰ ਆਇਆ ਅਤੇ ਅੱਜਕਲ ਭੰਬਲਭੂਸਾ ਕੈਲੰਡਰ ਚਲ ਰਿਹਾ ਹੈ। ਇਸ ਭੰਬਲਭੂਸੇ ਵਿਚ ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਗਵਾਚ ਗਈਆਂ ਹਨ ਕਿਓਂਕਿ ਜਿਥੇ ਬਾਦਲਾਂ ਦੀ ਦੁਬੇਲ ਸ਼੍ਰੋਮਣੀ ਕਮੇਟੀ ਨੇ 25 ਦਸੰਬਰ ਨੂੰ ਪ੍ਰਕਾਸ਼ ਪੁਰਬ ਮਨਾਉਣ ਦਾ ਫਤਵਾ ਦੇ ਦਿੱਤਾ ਉਥੇ ਅਜਾਦੀ ਪਸੰਦ ਧਿਰਾਂ ਨੇ 5 ਜਨਵਰੀ ਨੂੰ ਪ੍ਰਕਾਸ਼ ਪੁਰਬ ਮਨਾਉਣ ਦਾ ਐਲਾਨ ਕਰ ਦਿਤਾ। ਇਸ ਸਬੰਧੀ ਇਹ ਗੱਲ ਗੌਰ ਕਰਨ ਤਲਬ ਹੈ ਕਿ ਹਰ ਕੌਮ ਦਾ ਆਪਣਾ ਕੈਲੰਡਰ ਹੁੰਦਾ ਹੈ ਜੋ ਕਿ ਸਿੱਖਾਂ ਦਾ ਵੀ ਹੋਣਾ ਚਾਹੀਦਾ ਹੈ ਪਰ ਅਸੀਂ ਈਸਵੀ ਕੈਲੰਡਰ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕਦੇ ਕਿਓਂਕਿ ਕੁਲ ਦੁਨੀਆਂ ਦਾ ਕਾਰ ਵਿਹਾਰ ਇਸੇ ਕੈਲੰਡਰ ਮੁਤਾਬਕ ਚਲਦਾ ਹੈ। 
ਅੱਜ ਜਿਥੇ ਸਾਨੂੰ ਆਪਣੇ ਮਨ ਨੂੰ ਫੋਕੀਆਂ ਰਸਮਾਂ ਦੇ ਸ਼ੋਰ ਸ਼ਰਾਬੇ ਤੋਂ ਮੁਕਤ ਕਰਨ ਦੀ ਲੋੜ ਹੈ ਉਥੇ ਸ਼੍ਰੋਮਣੀ ਕਮੇਟੀ ਨੂੰ ਗੁਲਾਮ ਮਾਨਸਿਕਤਾ ਤੋਂ ਅਜਾਦ ਕਰਵਾਉਣ ਦੀ ਵੀ ਲੋੜ ਹੈ। ਆਲਮੀ ਤੌਰ ਤੇ ਇਸ ਦੁਨੀਆਂ ਦੇ ਵੱਡੇ ਪਰਿਵਾਰ ਦਾ ਅੰਗ ਹੁੰਦੇ ਹੋਏ ਸਾਨੂੰ ਆਪਣੀਆਂ ਵਿਲੱਖਣ ਕੀਮਤਾਂ ਦੀ ਪਹਰੇਦਾਰੀ ਵੀ ਕਰਨੀ ਪੈਣੀ ਹੈ ਵਰਨਾਂ ਬਿਪਰਵਾਦੀ ਲੋਕ ਸਾਡੇ ਸੱਚ ਵਿਚ ਕੱਚ ਰਲਗਡ ਕਰਕੇ ਆਪਣੇ ਮਨਸੂਬਿਆਂ ਵਿਚ ਕਾਮਯਾਬ ਹੋ ਜਾਣਗੇ।

ਲੇਖਕ - ਕੁਲਵੰਤ ਸਿੰਘ ਢੇਸੀ