image caption: ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ

ਇਤਿਹਾਸ ਦੇ ਪੰਨੇ - ਬੰਦ ਬੰਦ ਕਟਵਾਉਣ ਵਾਲਾ ਅਦੁੱਤੀ ਸ਼ਹੀਦ ਭਾਈ ਮਨੀ ਸਿੰਘ ਜੀ

       ਭਾਈ ਮਨੀ ਸਿੰਘ ਜੀ ਬੜੇ ਹੀ ਮਾਨਯੋਗ, ਸੰਤ ਲੋਕ, ਪੂਰਨ ਬੁੱਧੀ ਵਾਲੇ, ਸਤ ਪ੍ਰਤੱਗੀ ਅਤੇ ਸ਼ਬਦ ਸੁਰਤ ਦੇ ਅਭਿਆਸੀ ਪੂਰਨ ਗੁਰ ਸਿੱਖ ਸਨ। ਜਿੱਥੇ ਆਪ ਜੀ ਤਪੱਸਵੀ, ਸ਼ਾਤ ਚਿੱਤ, ਦੂਸਰੇ ਦੀ ਵਧੀਕੀ ਨੂੰ ਨਾ ਸਹਾਰਨ ਵਾਲੇ ਸੂਰਮੇ ਅਤੇ ਕਿਸੇ ਦਾ ਭੈ ਨਾ ਮੰਨਣ ਵਾਲੇ ਨਿਰਭੈ ਸਿੱਖ ਸਨ। ਉਥੇ ਆਪਣੇ ਕਰਮ ਧਰਮ ਵਿੱਚ ਪੂਰੇ ਭਗਤ, ਗਿਆਨਵਾਨ, ਆਪਣੀ ਬੁੱਧ ਨੂੰ ਸਤਿਗੁਰਾਂ ਦੀ ਬਾਣੀ ਅਨੁਸਾਰ ਢਾਲ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬਹੁਤ ਚਿਰ ਰਹੇ।
'ਮਨੀ ਸਿੰਘ ਥੋ ਸੰਤ ਸੁਜਾਨ, ਜਤੀ ਸਤੀ ਔ ਧਯਾਨੀ ਮਾਨ,
ਹਠੀ ਤਪੀ ਔ ਮਤ ਕੋ ਪੂਰੋ, ਸਹਿਨਸ਼ੀਲ ਔ ਦਿੱਲ ਕੋ ਸੂਰੋ'
ਕਰਮੀ ਧਰਮੀ ਭਗਤਿ ਗਿਆਨੀ, ਸਤਿਗੁਰ ਬਚਨਨ ਪਰ ਮਤ ਠਾਨੀ,
ਹੁਤ ਸਤਿਗੁਰ ਸੋ ਰਹਿਤ ਹਜੂਰ, ਤਿਸ ਪਰ ਭਯੋ ਸੁ ਗੁਰਮਤ ਪੂਰ।
ਪ੍ਰਾਚੀਨ ਪੰਥ ਪ੍ਰਕਾਸ਼ (ਸਟੀਕ) ਭਾਗ ਦੂਜਾ ਪੰਨਾ ੫੮.

      ਭਾਈ ਮਨੀ ਸਿੰਘ ਜੀ ਦੇ ਜਨਮ ਅਸਥਾਨ ਅਤੇ ਜਨਮ ਤਰੀਖ ਬਾਰੇ ਲੇਖਕਾਂ ਵਿੱਚ ਮੱਤ-ਭੇਦ ਹੈ। ਭਾਈ ਕਾਨ੍ਹ ਸਿੰਘ ਜੀ ਮਹਾਨਕੌਸ਼ ਦੇ ਪੰਨਾ ੯੫੦ / ੯੫੧ ਤੇ ਲਿਖਦੇ ਹਨ" ਮਨੀ ਸਿੰਘ ਭਾਈ, ਕੈਬੋਵਾਲ ਪਿੰਡ ਦੇ ਜਿਸ: ਪਟਿਆਲੇ ਰਾਜ ਵਿਚ ਸਨਾਮ ਪਾਸ ਥੇਹ ਦੇਖਿਆ ਜਾਂਦਾ ਹੈ। ਵਸਨੀਕ ਦੁਲੱਟ ਜਟ ਚੌਧਰੀ ਕਾਲੇ ਦੇ ਪੁੱਤਰ "ਮਨੀਏ ਦੀ ਉਮਰ ਕੇਵਲ ਪੰਜ ਵਰ੍ਹਿਆ ਦੀ ਸੀ। ਜਦ ਕਾਲੇ ਨੇ (ਮਨੀਏ ਨੂੰ) ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਚੜਾ੍ਹ ਦਿਤਾ, ਇਹ ਛੋਟੀ ਅਵਸਥਾ ਤੋਂ ਦਸਮੇਸ਼ ਜੀ ਦੀ  ਸੇਵਾ ਵਿਚ ਰਿਹਾ, ਅਤੇ ਇਸਨੇ ਕਲਗੀਧਰ ਤੋਂ ਅੰਮ੍ਰਿਤ ਛੱਕ ਕੇ ਸਿੰਘ ਪਦਵੀ ਧਾਰਨ ਕੀਤੀ । ਸੇਵਾ ਸਿੰਘ ਜੀ ਦਾ 'ਭੱਟ ਵਹੀਆਂ' ਦੇ ਅਧਾਰ ਤੇ ਲਿਖਿਆ ਸ਼ਹੀਦ ਬਿਲਾਸ ਅਤੇ ਪ੍ਰਸਿੱਧ ਇਤਿਹਾਸਕਾਰ ਗਿਆਨੀ ਗਰਜਾ ਸਿੰਘ ਜੀ ਅਨੁਸਾਰ "ਭਾਈ ਮਨੀ ਦਾ ਜਨਮ ਭਾਈ ਮਾਈਦਾਸ ਦੇ ਘਰ ੭ ਅਪ੍ਰੈਲ ੧੬੪੪ ਨੂੰ ਮਾਤਾ 'ਮਧਰੀ ਬਾਈ' ਦੀ ਕੁੱਖੋਂ ਪਿੰਡ ਅਲੀਪੁਰ ਜਿਲ੍ਹਾ ਮੁਜ਼ੱਫਰਗੜ੍ਹ (ਪੱਛਮੀ ਪਾਕਿਸਤਾਨ) ਵਿੱਚ ਹੋਇਆ ਭਾਈ ਮਾਈਦਾਸ ਜੀ ਦਾ ਘਰਾਨਾ ਪਹਿਲਾਂ ਤੋਂ ਹੀ ਗੁਰੂ ਘਰ ਦਾ ਸ਼ਰਧਾਲੂ ਸੀ। ਆਪ ਜੀ ਦੇ ਦਾਦਾ ਜੀ  'ਭਾਈ ਬੱਲੂ' ਬੜੇ ਬਹਾਦਰ ਸਨ, ਅਤੇ ਛੇਵੇਂ ਪਾਤਿਸ਼ਾਹ ਹਰਿਗੋਬਿੰਦ ਸਾਹਿਬ ਦੇ ਸਮੇ ਮੁਗਲਾਂ ਨਾਲ ਹੋਏ ਚੌਥੇ ਯੁੱਧ ਵਿੱਚ ਬੜੀ ਬਹਾਦਰੀ ਨਾਲ ਲੜਦੇ ਹੋਏ ਅਪ੍ਰੈਲ ੧੭੩੪ ਈ. ਨੂੰ ਸ਼ਹੀਦ ਹੋਏ ਸਨ। ਭਾਈ ਮਨੀ  ਸਿੰਘ ਜੋ ੧੨ ਸਕੇ ਭਰਾ ਸਨ, ਸਿਵਾਇ ਇਕ ਭਰਾ ਭਾਈ ਅਮਰ ਚੰਦ ਤੋਂ ਬਾਕੀ ਸਾਰਿਆਂ ਭਰਾਵਾਂ ਨੇ ਗੁਰ ਸਿੱਖੀ ਨੂੰ ਰਹਿੰਦੀ ਦੁਨੀਆਂ ਤੱਕ ਸੁਰਜੀਤ ਰੱਖਣ ਲਈ ਸ਼ਹੀਦੀਆਂ ਪਾਈਆਂ। ਇਤਿਹਾਸ ਵਿਚ ਇਹਨਾਂ ਦੇ ਨਾਂ ਅਤੇ ਸ਼ਹੀਦੀ ਅਸਥਾਨ ਹਨ (੨) ਭਾਈ ਹਰੀ ਚੰਦ (ਭੰਗਾਣੀ ਦਾ ਯੁੱਧ) (੩) ਭਾਈ ਸੋਹਣ ਚੰਦ (ਨੰਦੌਣ ਦੀ ਜੰਗ ਵਿਚ) (੪) ਭਾਨ ਸਿੰਘ (ਚਮਕੌਰ) (੫) ਭਾਈ ਲਹਿਣਾ ਸਿੰਘ (ਗੁਲੇਰ ਵਿਖੇ) (੬) ਭਾਈ ਰਾਇ ਸਿੰਘ (ਮੁਕਤਸਰ) (੭,੮) ਭਾਈ ਜੇਠਾ ਸਿੰਘ ਤੇ ਰੂਪ ਸਿੰਘ (ਆਲੋਆਲ) (੯) ਭਾਈ ਮਾਨ ਸਿੰਘ ਗੰਭੀਰ (ਚਿਤੌੜ) (੧੦) ਭਾਈ ਜਗਤ ਸਿੰਘ ਇੱਥੇ ਸਾਰਿਆਂ ਭਰਾਵਾਂ ਦੀਆਂ ਸ਼ਹੀਦੀਆਂ ਦੇਣ ਲਈ ਸਮਾਂ ਤੇ ਸਥਾਨ ਆਗਿਆ ਨਹੀਂ ਦਿੰਦਾ। ਗੁਰੂ ਤੇਗ਼ ਬਹਾਦਰ ਜੀ ਨਾਲ ਦੇਗ ਵਿਚ ਉਬਾਲ ਕੇ ਸ਼ਹੀਦ ਹੋਣ ਵਾਲੇ (ਭਾਈ ਦਿਆਲਾ ਜੀ) ਵੀ ਮਨੀ ਸਿੰਘ ਜੀ ਦੇ ਸਕੇ ਭਰਾ ਸਨ।
ਭਾਈ ਮਨੀ ਸਿੰਘ ਜੀ ਦਾ ਵਿਆਹ 'ਭਾਈ ਲੱਖੀ ਰਾਇ' ਦੀ ਸਪੁੱਤਰੀ ਬੀਬੀ ਸੀਤੋ ਨਾਲ ਹੋਇਆ। ਭਾਈ ਲੱਖੀ ਰਾਇ ਸਿੱਖ ਇਤਿਹਾਸ ਵਿਚ ਲੱਖੀ ਸ਼ਾਹ ਵਣਜਾਰੇ ਨਾਲ ਜਾਣਿਆ ਅਤੇ ਸਤਿਕਾਰਿਆ ਜਾਂਦਾ ਹੈ। ਲੱਖੀ ਸ਼ਾਹ ਵਣਜਾਰੇ ਨੇ ਹੀ ਨੌਵੇਂ ਗੁਰੂ ਤੇਗ਼ ਬਹਾਦਰ ਦੀ ਦਿੱਲੀ ਸ਼ਹੀਦੀ ਸਮੇਂ ਉਹਨਾਂ ਦੇ ਧੜ ਦਾ ਸੰਸਕਾਰ ਆਪਣੇ ਘਰ ਲਿਜਾ ਕੇ ਸਾਰੇ ਘਰ ਨੂੰ ਅੱਗ ਲਾ ਕੇ ਕੀਤਾ ਸੀ। ਜਿਥੇ ਹੁਣ ਗੁਰਦੁਆਰਾ 'ਰਕਾਬ ਗੰਜ' ਸ਼ਸ਼ੋਭਿਤ ਹੈ। ਭਾਈ ਮਨੀ ਸਿੰਘ ਜੀ ਦੇ ਦਸ ਪੁੱਤਰ ਸਨ। (੧) ਭਾਈ ਬਚਿੱਤਰ ਸਿੰਘ (੨) ਭਾਈ ਉਦੈ ਸਿੰਘ (੩) ਚਿਤਰ ਸਿੰਘ (੪) ਅਨਿਕ ਸਿੰਘ (੫) ਅਜਬ ਸਿੰਘ (੬) ਅਜਾਇਬ ਸਿੰਘ (੭) ਗੁਰਬਖਸ਼ ਸਿੰਘ (੮) ਭਗਵਾਨ ਸਿੰਘ (੯) ਬਲਰਾਮ ਸਿੰਘ ਅਤੇ (੧੦) ਵਾਂ ਸੀ ਦੇਸਾ ਸਿੰਘ ਰਹਿਤਨਾਮੀਆਂ। ਇਹ ਭਾਈ ਬਚਿਤਰ ਸਿੰਘ ਉਹੀ ਹਨ, ਜਿਹਨਾਂ ਨੇ ਨਾਗਨੀ ਬਰਸ਼ਾ ਮਾਰ ਕੇ ਦੁਸ਼ਮਣ ਦੇ ਸ਼ਰਾਬੀ ਹਾਥੀ ਨੂੰ ਮਾਰ ਭਜਾਇਆ ਸੀ, ਅਤੇ ਇਹ ਉਹੀ ਉਦੈ ਸਿੰਘ ਹਨ, ਜਿਹਨਾਂ ਨੇ ਕੇਸਰੀ ਚੰਦ ਦਾ ਸਿਰ ਉਤਾਰਿਆ ਸੀ। ਇਹ ਭਾਈ ਮਨੀ ਸਿੰਘ ਦੇ ਹੀ ਬੇਟੇ ਸਨ। ਭਾਈ ਉਦੈ ਸਿੰਘ ਜੀ ਸਰਸਾ ਦੇ ਕੰਢੇ ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਬੜੀ ਸੂਰਮਗਤੀ ਨਾਲ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ ਤੇ ਇਹਨਾਂ ਦੇ ਤਿੰਨ ਭਰਾ, ਅਜਬ ਸਿੰਘ, ਅਜਾਇਬ ਸਿੰਘ ਅਤੇ ਅਨਿਕ ਸਿੰਘ ਨੇ ਚਮਕੌਰ ਦੀ ਜੰਗ ਵਿਚ ਸ਼ਹੀਦੀਆਂ ਪਾਈਆਂ। ਦਸੰਬਰ
੧੭੦੪ ਨੂੰ ਸਰਸਾ ਦੇ ਕੰਢੇ ਜਦੋਂ ਕਾਲੀ ਬੋਲੀ ਰਾਤ ਅਤੇ ਘਮਸਾਨ ਦੇ ਬੁੱਧ ਦੋਰਾਨ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਤਾਂ ਭਾਈ ਮਨੀ ਸਿੰਘ ਜੀ ਗੁਰੂ ਕੇ ਮਹਿਲਾਂ ਨੂੰ ਕਈ ਮੁਸੀਬਤ ਦਾ ਸਾਹਮਣਾ ਕਰਦੇ ਹੋਏ ਦਿੱਲੀ ਪਹੁੰਚਣ ਵਿਚ ਸਫਲ ਹੋ ਗਏ ਸਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੇ ਯੁੱਧ ਤੋਂ ਬਾਅਦ ਔਰੰਗਜ਼ੇਬ ਨੂੰ 'ਜਫਰਨਾਮਾ' ਲਿਖਕੇ ਅਤੇ ਮੁਕਤਸਰ ਦੀ ਫਤਹਿ ਤੋਂ ਬਾਅਦ ਜਦੋਂ  ਸਾਬੋ ਕੀ ਤਲਵੰਡੀ ਦਮ-ਦਮਾ ਸਾਹਿਬ ਪਹੁੰਚੇ ਸਨ, ਤਾਂ ਭਾਈ ਮਨੀ ਸਿੰਘ ਜੀ ਵੀ ਗੁਰੂ ਕੇ ਮਹਿਲਾਂ ਨੂੰ ਨਾਲ ਲੈ ਕੇ ਅਤੇ ਸੰਗਤਾਂ ਸਮੇਤ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿਚ ਹਾਜਰ ਹੋਏ ਸਨ। ਤੇ ਬਾਅਦ ਵਿਚ ਇਥੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ , ਆਪਣੀ ਪਵਿਤਰ ਰਸਨਾ ਤੋਂ ਜਬਾਨੀ ਉਚਾਰ ਕੇ, ਭਾਈ ਮਨੀ ਸਿੰਘ ਕੋਲੋਂ ਲਿਖਵਾਈ, ਅਤੇ ਗੁਰੂ ਤੇਗ਼ ਬਹਾਦਰ ਸਾਹਿਬ, ਦੀ ਬਾਣੀ ਦਰਜ ਕਰਵਾ ਕੇ ਬੀੜ ਸੰਮਪੂਰਨਤਾ ਬਖਸ਼ੀ। ਇਸ ਨੂੰ ਦਮਦਮੀ ਬੀੜ ਵੀ ਕਿਹਾ ਜਾਦਾਂ ਹੈ। ਭਾਈ ਮਨੀ ਸਿੰਘ ਜੀ ਇਸ ਦਮਦਮੀ ਬੀੜ ਗੁਰੂ ਜੀ ਨੇ ੧੭੦੮ ਈਸਵੀ ਨੂੰ ਨੰਦੇੜ ਵਿਖੇ ਗੁਰਤਾ ਬਖਸ਼ ਕੇ ਗੁਰ-ਗੱਦੀ ਪ੍ਰਦਾਨ ਕੀਤੀ। ਦਮਦਮਾ ਸਾਹਿਬ ਤੋਂ ਗੁਰੂ ਜੀ ਦੱਖਣ ਨੂੰ ਚਲੇ ਗਏ ਅਤੇ ਮਾਤਾਵਾਂ ਸਮੇਤ ਫਿਰ ਦਿੱਲੀ ਆ ਗਏ। ਬਾਬਾ ਬੰਦਾ ਸਿੰਘ ਬਹਾਦਰ ੯ ਜੂਨ ੧੭੧੬ ਈਸਵੀ ਫਰਖਸੀਅਰ ਦੇ ਹੁਕਮ ਨਾਲ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਗਏ। ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਕੌਮ ਆਗੂ ਰਹਿਤ ਹੋ ਗਈ, ਦੂਸਰਾ ਫਰੱਖਸੀਅਰ ਦਾ ਕੱਟੜਪੁਣਾ ਇੰਨਾ ਵਧ ਗਿਆ ਕਿ ਉਸਨੇ ਸਿੰਘਾਂ ਤੇ ਆਜਾਦੀ ਨਾਲ ਤੁਰਨ ਫਿਰਨ ਤੇ ਵੀ ਪਾਬੰਦੀ ਲਗਾ ਦਿੱਤੀ , ਸਿੱਖਾਂ ਨੂੰ ਜਥੇਬੰਦ ਹੋਣਾ ਮੁਸ਼ਕਲ ਹੋ ਗਿਆ, ਫਰੱਖਸੀਅਰ ਨੇ ਸਿੱਖਾਂ ਦੇ ਕਤਲ &ndashਏ-ਆਮ ਦੇ ਫੁਰਮਾਨ ਜਾਰੀ ਕਰ ਦਿੱਤੇ, ਉਸਨੇ ਆਪਣੇ ਹੁਕਮਾਂ ਨੂੰ ਅਮਲੀ ਜਾਮਾਂ ਪਹਿਨਾਣ ਅਤੇ ਸਿੱਖਾਂ ਅਤੇ ਹਿੰਦੂਆਂ ਵਿਚ ਫਰਕ ਜਾਨਣ ਲਈ ਸਿਰ ਮੂੰਹ ਮੁਨਾਉਣ ਦਾ ਹੁਕਮ ਜਾਰੀ ਕੀਤਾ। ਹਿੰਦੂਆਂ ਤਾਂ ਆਪਣਾ ਮੂੰਹ ਸਿਰ ਘੋਨ ਮੋਨ ਕਰਕੇ ਆਪਣਾ ਆਪ ਬਚਾ ਲਿਆ, ਪਰ ਸੀਸ ਭੇਂਟ ਕਰਕੇ ਸਜਿਆ ਸਾਬਤ ਸੂਰਤ ਖਾਲਸਾ ਆਪਣੇ ਗੁਰੂ ਦੀ ਮੋਹਰ ਨੂੰ ਇੰਨੀ ਸਸਤੀ ਕਿਵੇਂ ਵੇਚ ਸਕਦਾ ਸੀ। ਇਤਿਹਾਸਕਾਰਾਂ ਨੇ ਇਸ ਸਮੇਂ ਨੂੰ ਸਿੱਖਾਂ ਲਈ ਬਿਖੜਾ ਅਤੇ ਬਿਪਤਾ ਭਰਿਆ ਸਮਾਂ ਆਖਿਆ ਹੈ, ਗਸ਼ਤੀ ਫੋਜਾਂ ਸਿੰਘਾਂ ਦੇ ਸਿਰਾਂ ਦਾ ਮੁੱਲ ਵੱਟਣ ਲਈ ਹਰਲ ਹਰਲ ਕਰਦੀਆਂ ਫਿਰਦੀਆਂ ਸਨ। ਸਿੰਘਾਂ ਦੇ ਟਿਕਾਣੇ ਅਤੇ ਛਪਣਗਾਹਾਂ ਸਾੜ ਦਿੱਤੀਆਂ, ਨਾ ਕੁਝ ਖਾਣ ਵਾਸਤੇ ਤੇ ਨਾ ਪਹਿਨਣ ਵਾਸਤੇ ਹੋਰ ਬਸਤਰ, ਬਸ ਉਹੀ ਪੁਰਾਣੇ ਘਸੇ ਹੋਏ, ਪਾਟੇ ਹੋਏ ਅਤੇ ਅੰਨ ਪਾਣੀ ਦੀ ਥਾਂ ਘਾਹ ਕੱਚਾ ਪੱਕਾ ਖਾ ਕੇ ਗੁਜ਼ਾਰਾ ਕਰਦੇ। ਅਰਥਾਤ
"ਸਿੰਘ ਕੜਾਕੇ ਸਯੋ ਰਹੈ, ਦੂਏ ਚੌਥੇ ਦਿਨ ਖਾਹਿ
ਬਿਨਾ ਲੂਣ ਭਾਜੀ ਲਭੈ, ਤੌ ਖਾਵੇਂ ਬਹੁਤ ਸਲਾਹਿ।੮।
ਲੱਭੈ ਸਾਗ ਖਾਂਹਿ ਕੱਚਾ ਪੱਕਾ,ਬ੍ਰਿਛਨ ਫਲ ਫੁਲ ਔ ਸੱਕਾ।੯।"
ਇਤਿਹਾਸਕਾਰ ਲਿਖਦੇ ਹਨ ਕਿ ਲਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਕੋਈ ਐਸਾ ਜ਼ੁਲਮ ਜਾਂ ਤਸੀਹਾ ਨਹੀਂ ਜੋ ਸਿੱਖਾਂ ਨੂੰ ਨਾ ਦਿੱਤਾ ਹੋਵੇ। ਸਿੱਖ ਨੂੰ ਦੇਖਦੇ ਸਾਰ ਕਤਲ (ਸ਼ੂਟ ਐਟ ਸਾਈਟ) ਦਾ ਹੁਕਮ ਸੀ। ਭਾਈ ਮਨੀ ਸਿੰਘ ਜੀ ਦੇ ਸਮੇਂ ਜਿਸ ਤਰਾਂ ਦੇ ਤਸੀਹੇ ਸਿੱਖਾਂ ਨੂੰ ਦਿੱਤੇ ਜਾਂਦੇ ਸਨ ਉਹਨਾਂ ਦਾ ਵਰਨਣ 'ਪ੍ਰਾਚੀਨ ਪੰਥ ਪ੍ਰਕਾਸ਼' ਵਿਚ ਇਸ ਤਰ੍ਹਾਂ ਦਰਜ ਹੈ।
"ਕਈ ਚਰਖ (ਚਰਖੜੀ) ਕਈ ਫਾਂਸੀ ਮਾਰੇ। ਕਈ ਤੋਪਨ ਕਈ ਛੁਰੀ ਕਟਾਰੇ।
ਕਈਅਨ ਕੇ ਸਿਰ ਮੁੰਗਲੀਂ ਕੁਟੇ। ਕਈ  ਡੋਬੇ ਕਈ ਘਸੀਟ ਸੁ ਸੁਟੇ।੩।
ਦੱਬੇ, ਟੰਗੇ ਬੰਦੂਖਨ ਦਏ ਮਾਰ। ਕੌਨ ਗਨੇ ਜੇ ਮਾਰੇ ਹਜ਼ਾਰ।
ਪਾਂਤ ਪਾਂਤ ਕਈ ਪਕੜ ਬਹਾਏ, ਸਾਥ ਤੇਗਨ ਨੇ ਸੀਸ ਉਡਵਾਇ।੪।
ਕਿਸੇ ਹੱਥ ਕਿਸੇ ਟੰਗ ਕਟਵਾਇ। ਅੱਖ ਕੱਢ ਕਿਸੇ ਖਲ ਕਢਵਾਇ।
ਕੇਸਨ ਵਾਲੇ ਜੋ ਨਰ ਹੋਈ। ਬਾਲ ਬਿਰਧ ਲੱਭ ਛੱਡੈ ਨਾ ਕੋਈ ।੫।
ਅਤੇ ਜਕਰੀਆ ਖਾਨ ਨੇ ਸਿੱਖਾਂ ਨੂੰ ਪਨਹ ਦੇਣ ਵਾਲਿਆਂ ਵਾਸਤੇ ਵੀ ਬੜੇ ਸਖ਼ਤ ਫੁਰਮਾਨ ਜਾਰੀ ਕੀਤੇ।
"ਚੌ- ਜੋ ਸਿੰਘਨ ਕੋ ਕੋਊ ਲੂਕਾਵੇ। ਸੋ ਵਹਿ ਅਪਨੀ ਜਾਨ ਗੁਵਾਵੈ ।
ਆਏ ਸਿੰਘ ਬਤਾਵੈ ਨਾਹੀ, ਵੈ ਭੀ ਆਪਨੀ ਜਿੰਦ ਗੁਵਾਹੀ ॥੩॥
ਅਤੇ ਜਿਹੜਾ ਸਿੰਘਾਂ ਫੜਾਵੇ ਉਸਨੂੰ ਇਨਾਮ, ਅਤੇ ਸਿੰਘ ਦਾ ਖੂੰਨ ਮੁਆਫ ਸੀ।
"ਸਿਰ ਪਰ ਹੋਵੈਂ ਜਿਸ ਕੇ ਕੇਸ। ਰਹਣ ਨਾ ਦੇਨੋਂ ਅਪਣੇ ਦੇਸ।੧੩।"
ਦੋਹਰਾ- ਦੱਸਣ ਵਾਲੇ ਦਸ ਰੁਪਏ ਔ ਮਾਰਨ ਵਾਲੇ ਪਚਾਸ।
ਯਹ ਲਾਲਚ ਤੁਰਕਨ ਦਯੋ ਤਬ ਬਹੁਤ ਸਿੰਘਨ ਭਯੋ ਨਾਸ਼।੧੫।
ਖੇਤੀ ਵਣਜ ਕਰੇ ਜੇ ਕੋਈ। ਕੇਸਨ ਵਾਲਾ ਛਡੋ ਨਾ ਕੋਈ।੧੭।
ਸਿੰਘਨ ਖੂੰਨ ਮਾਫ ਹਮ ਕੀਨੇ । ਜਿਤ ਲੱਭੇ ਤਿਤ ਮਾਰਹੁ ਚੀਨੇ"
ਮਾਤਾ ਸੁੰਦਰ ਕੌਰ ਜੀ ਨੇ ਸਿੰਘਾਂ ਦੇ ਇਸ ਬਿਖੜੇ ਸਮੇਂ ਲਈ ਅਗਵਾਈ ਕਰਨ ਵਾਸਤੇ, ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਦਾ ਇੰਚਾਰਜ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਮੁਖ ਗੰ੍ਰਥੀ ਥਾਪ ਦਿੱਤਾ ਅਤੇ ਹੁਕਮ ਦਿੱਤਾ ਕਿ ਅਗੇ ਤੋਂ ਅੰਮ੍ਰਿਤਸਰ ਦਾ ਚੜ੍ਹਾਵਾ ਦਿੱਲੀ ਨਾ ਭੇਜਿਆ ਜਾਵੇ, ਸਗੋਂ ਪੰਜਾਬ ਵਿਚ ਲੋੜਵੰਦ ਸਿੰਘਾਂ, ਗੁਰੂ ਕੇ ਲੰਗਰਾਂ ਅਤੇ ਸਿੱਖੀ ਪ੍ਰਚਾਰ ਵਾਸਤੇ ਖਰਚਿਆ ਜਾਵੇ।
"ਮਾਤਾ ਭੇਜਿਯੋ ਦਿੱਲੀ ਤੇ ਸਮਝਾਇ, ਅੰਮ੍ਰਿਤਸਰ ਚੜ੍ਹਤੀ ਚੜ੍ਹੇ ਸਿਖਨ ਜਾਹਿ ਖੁਵਾਇ।
ਤਿਸਨੇ ਆਇ ਬੰਦੋਬਸਤ ਕੀਆ, ਮਾਤਾ ਚੜ੍ਹਾਵਾ ਖਾਲਸੇ ਬਖਸ਼ੀਆ।
ਭਾਈ ਮਨੀ ਸਿੰਘ ਜੀ ਨੇ ਸਾਰਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾਇਆ। ਅੰਮ੍ਰਿਤਸਰ ਚੜ੍ਹਾਵੇ ਦਾ ਸੁਣ ਕੇ ਅਮਰ ਸਿੰਘ ਮਹੰਤ, ਖੇਮਕਰਨ ਵਾਲੇ ਨੇ ਆਪਣੇ ਅਪ ਨੂੰ ਬੰਦਾ ਸਿੰਘ ਬਹਾਦਰ ਦਾ ਜਾਨਸ਼ੀਨ ਦੱਸ ਕੇ ਚੜ੍ਹਾਵੇ ਦਾ ਹਿੱਸਾ ਮੰਗਿਆ, ਖਾਲਸਾ ਪੰਥ ਨੇ ਹਿੱਸਾ ਦੇਣ ਤੋਂ ਇਨਕਾਰ ਕਰ ਦਿੱਤਾ। ਨੋਬਤ ਆਹਮਣੋ ਸਾਹਮਣੇ ਤਲਵਾਰਾਂ ਚਲਾਉਣ ਤੱਕ ਆ ਗਈ। ਪਰ ਭਾਈ ਸਾਹਿਬ ਦੀ ਇਸ ਤਜਵੀਜ ਰਾਹੀਂ ਝਗੜਾ ਟਾਲ ਦਿੱਤਾ, ਕਿ ਦੋ ਪਰਚੀਆਂ ਲਿੱਖਕੇ ਅਰਦਾਸ ਕਰਕੇ ਹਰਿ ਕੀ ਪਉੜੀ ਸਰੋਵਰ ਵਿਚ ਪਾਈਆਂ ਜਾਣ। ਮਹੰਤ ਵਾਲੀ ਪਰਚੀ ਤੇ 'ਫਤਹਿ ਦਰਸ਼ਨ' ਅਤੇ ਖਾਲਸੇ ਵਾਲੀ ਪਰਚੀ ਤੇ 'ਵਾਹਿਗੁਰੂ ਜੀ ਕੀ ਫਤਹਿ' ਅਤੇ ਫੈਸਲਾ ਇਹ ਹੋਇਆ ਕਿ ਜਿਸਦੀ ਪਰਚੀ ਤਰ ਪਵੇ ਉਹੀ ਧਿਰ ਚੜ੍ਹਾਵੇ ਦੀ ਮਾਲਕ ਹੋਵੇਗੀ 'ਵਾਹਿਗੁਰੂ ਜੀ ਕੀ ਫਤਹਿ ਵਾਲੀ ਪਰਚੀ ਤਰ ਆਈ, ਫੈਸਲਾ ਖਾਲਸਾ ਪੰਥ (ਤੱਤ ਖਾਲਸਾ) ਦੇ ਹੱਕ ਵਿਚ ਹੋ ਗਿਆ।
ਭਾਈ ਸਾਹਿਬ ਹਮੇਸ਼ਾ ਖਾਲਸਾ ਪੰਥ ਦੀ ਇਕੱਤ੍ਰਤਾ ਅਤੇ ਚੜ੍ਹਦੀ ਕਲਾ ਵਾਸਤੇ ਯੋਯਨਾਵਾਂ ਉਲੀਕਦੇ ਰਹਿੰਦੇ ਸਨ। ਲਹੌਰ ਦੇ ਸੂਬੇ ਜਕਰੀਆ ਖਾਨ ਨੇ ਅੰਮ੍ਰਿਤਸਰ ਦੀਪ ਮਾਲਾ ਦਾ ਮੇਲਾ ਹੁਕਮਨ ਬੰਦ ਕੀਤਾ ਹੋਇਆ ਸੀ। ਅੰਮ੍ਰਿਤਸਰ ਦਾ ਪ੍ਰਬੰਧ ਕਾਜੀ ਅਬਦੁੱਰਜਾਕ ਦੇ ਹੱਥਾਂ ਵਿਚ ਸੀ। ਭਾਈ ਮਨੀ ਸਿੰਘ ਜੀ ਨੇ ਕਾਜੀ ਅਬਦੁੱਰਜਾਕ ਨਾਲ ਰਸਾਈ ਪੈਦਾ ਕਰਕੇ, ਚੜ੍ਹਾਵੇ ਵਿਚੋਂ ਦੋ ਹਜਾਰ ਰੁਪਏ ਕਾਜੀ ਨੂੰ ਦੇਣੇ ਮੰਨ ਲਏ। ਕਾਜੀ ਅਬਦੁੱਰਜਾਕ ਨੇ ਜਕਰੀਆ ਖਾਨ ਨੂੰ ਦਸ ਦਿਨ ਦੇ ਦੀਵਾਲੀ ਮੇਲੇ ਦਾ ਪੰਜ ਹਜਾਰ ਰੁਪਿਆ (ਕਈ ਇਤਿਹਾਸਕਾਰਾਂ ਦਸ ਹਜਾਰ ਲਿਖਿਆ ਹੈ) ਠੇਕਾ ਦੇਣਾ ਕਰਕੇ ਭਾਈ ਸਾਹਿਬ ਨੂੰ ਦਸ ਦਿਨਾਂ ਦੇ ਵਾਸਤੇ ਮੇਲਾ ਲਾਉਣ ਦੀ ਆਗਿਆ ਲੈ ਦਿੱਤੀ। ਭਾਈ ਸਾਹਿਬ ਨੇ ਸਾਰੇ ਸਿੰਘਾਂ ਨੂੰ ਮੇਲੇ ਤੇ ਸੁਨੇਹੇ ਭੇਜੇ ਹੀ ਸਨ ਕਿ ਉਹਨਾਂ ਨੂੰ ਜਕਰੀਆ ਖਾਨ ਦੀ ਕੁਟਲ ਨੀਤੀ ਦਾ ਪਤਾ ਲਗ ਗ੍ਰਿਫਤਾਰ ਕਰਕੇ ਦਿੱਲੀ ਸਰਕਾਰ ਕੋਲੋਂ ਇਨਾਮ ਲੈਣਾ ਚਾਹੀਦਾ ਹੈ। ਬਾਕੀਆਂ ਨੂੰ ਮਾਰ ਕੇ ਖੱਤਮ ਕਰਨਾ ਚਾਹੀਦਾ ਹੈ। ਭਾਈ ਸਾਹਿਬ ਨੇ ਫੋਰਨ ਦੁਬਾਰਾ ਸੁਨੇਹਾ ਭੇਜ ਕੇ, ਸਿੰਘਾਂ ਨੂੰ ਅੰਮ੍ਰਿਤਸਰ ਆਉਣ ਤੋਂ ਰੋਕ ਦਿੱਤਾ। ਸੂਬੇ ਦਾ ਦੀਵਾਨ ਲੱਖਪਤ ਰਾਇ ਜਿਹੜਾ ਸਿੰਘਾਂ ਦੀ ਸੁਰੱਖਿਆ ਦੇ ਬਹਾਨੇ ਅੰਮ੍ਰਿਤਸਰ ਦੇ ਦੁਆਲੇ ਫੋਜ ਲਈ ਬੈਠਾ ਸੀ, ਉਸ ਨੂੰ ਜਦੋਂ ਪਤਾ ਲੱਗਾ ਕਿ ਭਾਈ ਸਾਹਿਬ ਨੂੰ ਸਰਕਾਰ ਦੀ ਚਾਲ ਦਾ ਪਤਾ ਲੱਗ ਗਿਆ ਹੈ। ਤਾਂ ਉਸਨੇ ਮੇਲੇ ਦੇ ਦਸ ਦਿਨ ਬੀਤ ਜਾਣ ਬਾਅਦ, ਭਾਈ ਸਾਹਿਬ ਦੇ ਠੇਕੇ ਦੀ ਰਕਮ ਆਣ ਮੰਗੀ, ਕਾਜੀ  ਅਬਦੁੱਰਜਾਕ ਨੂੰ ਵੀ ਦੋ ਹਜਾਰ ਰੁਪਏ ਨਹੀਂ ਸੀ ਮਿਲੇ, ਉਹ ਆਪਣੇ ਥਾਂ ਔਖਾ ਸੀ। ਦੋਹਾਂ ਨੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ, ਲਹੌਰ ਦੇ ਸੂਬੇ ਜਕਰੀਆ ਖਾਨ ਦੀ ਕਚਹਿਰੀ ਵਿਚ ਪੇਸ਼ ਕਰ ਦਿੱਤਾ। ਕਾਜੀਆਂ ਨੇ ਸੂਬੇ ਨੂੰ ਪਹਿਲਾਂ ਹੀ ਭਾਈ ਸਾਹਿਬ ਦੇ ਵਿਰੁਧ ਭੜਕਾਇਆ ਹੋਇਆ ਸੀ। ਸੂਬੇਦਾਰ ਨੇ ਜਦੋਂ ਭਾਈ ਮਨੀ ਸਿੰਘ ਨੂੰ ਠੇਕੇ ਦੀ ਰਕਮ ਨਾ ਤਾਰਨ ਦਾ ਕਾਰਨ ਪੁੱਛਿਆ, ਤਾਂ ਭਾਈ ਸਾਹਿਬ ਨੇ ਨਿਧੜਕ ਹੋ ਕੇ ਉੱਤਰ ਦਿੱਤਾ, ਕੀ ਸਰਕਾਰ ਦੀ  ਕੁਟਲ ਨੀਤੀ  ਕਰਕੇ ਮੇਲਾ ਕੈਂਸਲ ਹੋ ਗਿਆ, ਠੇਕਾ ਕਾਹਦਾ ਤਾਰੀਏ। ਭਾਈ ਸਾਹਿਬ ਦਾ ਸੱਚਾ ਉੱਤਰ ਸੁਣ ਕੇ ਖਾਨ ਬਹਾਦਰ ਆਪੇ ਤੋਂ ਬਾਹਰ ਹੋ ਗਿਆ, ਮੁਫਤੀ ਨੂੰ ਕ੍ਰੋਧ ਵਿਚ ਕਹਿੰਦਾ ਕਿ ਇਹਨੂੰ (ਭਾਈ ਸਾਹਿਬ ਨੂੰ) ਜਲਦੀ ਤੋਂ ਜਲਦੀ ਠੇਕਾ ਨਾ ਤਾਰਨ ਦੇ ਜੁਰਮ ਵਿਚ ਸਜਾ ਸੁਣਾਈ ਜਾਵੇ, ਭਾਵੇਂ ਉਸ ਵੇਲੇ ਸਜਾ ਸੁਣਾਉਣ ਲਈ  ਏਨਾ ਹੀ ਬਹੁਤ ਸੀ ਕਿ ਉਹ ਸਿੱਖ ਹੈ। ਮੁਫਤੀ ਨੇ ਭਾਈ ਸਾਹਿਬ ਨੂੰ ਆਖਿਆ ਕਿ ਉਹਨਾਂ ਦੇ ਬਚਾਉਣ ਦਾ ਇਕ ਰਾਹ ਹੈ ਕਿ ਉਹ ਇਸਲਾਮ ਧਾਰਨ ਕਰ ਲੈਣ, ਕਾਜੀ ਦੇ ਬਾਕੀ ਸਲਾਹਕਾਰਾਂ ਵੀ ਭਾਈ ਸਾਹਿਬ ਨੂੰ ਇਹੀ ਰਾਇ ਦਿੱਤੀ ਕਿ ਮੁਸਲਮਾਨ ਹੋ ਕੇ ਜਾਨ ਬਚਾ ਲਓ। ਅਤੇ ਜਦੋਂ ਲਹੌਰ ਦੇ ਸਿੱਖਾਂ ਨੇ ਠੇਕੇ ਦੀ ਰਕਮ ਤਾਰ ਕੇ ਭਾਈ ਸਾਹਿਬ ਨੂੰ ਬਚਾਣਾ ਚਾਹਿਆ ਤਾਂ ਭਾਈ ਸਾਹਿਬ ਨੇ ਸਿੱਖਾਂ ਨੂੰ ਵੀ ਬਚਨ ਕੀਤੇ।
"ਦੇਹੀ ਕਿਸ ਦੀ ਬਾਪਰੀ, ਸਿੱਖੀ ਜਿ ਸਾਬਤ ਹੋਇ।
ਦੇਹ ਤੋਂ ਆਵਣ ਜਾਣ ਹੈ, ਸਿਖੀ ਲਭੈ ਕਬ ਕੋਇ"।੧੬।
ਭਾਈ ਮਨੀ ਸਿੰਘ ਜੀ ਨੂੰ ਮੁਫਤੀ ਨੇ ਆਖਿਆ ਕਿ ਜੇ ਤੂੰ ਮੁਸਲਮਾਨ ਨਹੀਂ ਹੋਣਾ ਤਾ ਸਖ਼ਤ ਸਜਾ ਵਾਸਤੇ ਤਿਆਰ ਹੋ ਜਾਉ। ਭਾਈ ਸਾਹਿਬ ਨੇ ਬੇ-ਖੌਫ ਹੋ ਕੇ ਆਖਿਆ, ਕਿ ਮੈਂ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਸਤੇ ਹਰ ਸਜਾ ਭੁਗਤਣ ਲਈ ਤਿਆਰ ਹਾਂ। ਮੁਫਤੀ ਨੇ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ, ਭਾਈ ਸਾਹਿਬ ਨੂੰ ਨਿਕਾਸ਼ ਚੌਂਕ (ਲਹੌਰ) ਕਤਲਗਾਹ ਵਿਚ ਲਿਆਉਦਾ ਗਿਆ ਭਾਈ ਸਾਹਿਬ ਅਡੋਲ ਚੌਂਕੜਾ ਮਾਰ ਕੇ ਬੈਠ ਗਏ, ਜਲਾਦ ਭਾਈ ਸਾਹਿਬ ਦਾ ਬੰਦ ਬੰਦ ਕੱਟਦੇ ਰਹੇ ਅਤੇ ਭਾਈ ਸਾਹਿਬ ਜਪੁਜੀ ਦਾ ਪਾਠ ਕਰਦੇ ਰਹੇ, 'ਕੇਤੀ ਛੁਟੀ ਨਾਲ' ਕਹਿਣ ਦੀ ਦੇਰ ਸੀ ਭਾਈ ਸਾਹਿਬ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ। ਇਤਿਹਾਸਕਾਰਾਂ ਇਹ ਸਾਕਾ ੧੪ ਜੂਨ, ੧੭੩੮ ਈ. ਦਾ ਲਿਖਿਆ ਹੈ।
ਸੰਸਕਾਰ
ਇਸ ਸ਼ਹੀਦੀ ਨੇ ਸਿੱਖਾਂ ਵਿਚੋਂ ਮੌਤ ਦਾ ਡਰ ਬਿਲਕੁੱਲ ਹੀ ਖੱਤਮ ਕਰ ਦਿੱਤਾ, ਸਿੱਖਾਂ ਵਿਚ ਏਨਾ ਜੌਸ਼ ਭਰ ਦਿੱਤਾ ਕਿ ਸਿੱਖਾਂ ਨੇ ਜਿੰਨਾ ਚਿਰ ਲਹੌਰ ਤੇ ਖਾਲਸੇ ਦਾ ਝੰਡਾ ਨਹੀਂ ਝੁਲਾ ਲਿਆ ਇਹ ਕਿਸੇ ਦੇ ਕਾਬੂ ਨਹੀਂ ਆਏ। ਇਸ ਸ਼ਹੀਦੀ ਦਾ ਬਦਲਾ ਵੀ ਲਗਦੇ ਹੱਥ ਲੈ ਗਿਆ।
ਭਾਈ ਮਨੀ ਸਿੰਘ ਨੂੰ ਜਿਸ ਮੁਫਤੀ (ਕਾਜੀ) ਨੇ ਸਜਾ ਸੁਣਾਈ ਸੀ, ਉਸਨੂੰ ਸ: ਥਰਾਜ ਸਿੰਘ ਨੇ ਕਤਲ ਕਰ ਦਿੱਤਾ। ਅਤੇ ਭਾਈ ਮਨੀ ਸਿੰਘ ਭਤੀਜੇ ਅਘੜ ਸਿੰਘ ਨੇ ਕਾਜੀ ਅਬੁੱਦਰਜਾਕ ਨੂੰ ਕਤਲ ਕਰ ਕੇ ਉਹ ਪਿੰਡ ਅਲੀ ਗੜ੍ਹ (ਗੁਜਰਾਂਵਾਲਾ) ਉਜਾੜ ਕੇ ਉਸਦਾ ਨਾਂ ਅਕਾਲ ਗੜ੍ਹ ਰਖ ਦਿਤਾ।
'ਜਿਮ ਕੱਟੇ ਤੇ ਫਲੇ ਗੁਲਾਬ, ਤਿਮ ਪੰਥ ਵਡੇ ਭਈ ਅਜਾਬ'
ਭਾਈ ਮਨੀ ਸਿੰਘ ਜੀ ਨੂੰ ਲੱਖ ਲੱਖ ਪ੍ਰਣਾਮ ਕਰਦੇ ਹੋਏ ਉਨਾਂ ਦੀ ਸ਼ਹੀਦੀ ਦਾ ਧਿਆਨ ਧਰਕੇ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ॥

ਗੁਰੂ ਪੰਥ ਦਾ ਦਾਸ  
ਜਥੇਦਾਰ ਮਹਿੰਦਰ ਸਿੰਘ ਖਹਿਰਾ