image caption: ਤਸਵੀਰ: ਈਰਥ ਵੂਲਿਚ ਦੀ ਜਤੂ ਟੀਮ ਨੂੰ ਕੱਪ ਨਾਲ ਸਨਾਮਿਨਤ ਕਰਦੇ ਹੋਏ ਰਾਜਵੀਰ ਸਿੰਘ ਮਾਣਕ, ਸੁਰਿੰਦਰ ਸਿੰਘ ਮਾਣਕ, ਹਰਮਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਚਾਹਲ ਅਤੇ ਹੋਰ

ਇੰਗਲੈਂਡ ਕਬੱਡੀ ਫੈਡਰੇਸ਼ਨ ਯੂ ਕੇ ਦੀ ਰਹਿਨੁਮਾਈ ਹੇਠ 2018 ਸੀਜ਼ਨ ਦਾ ਈਰਥ ਵੂਲਿਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ

ਰਿਪੋਰਟ: ਮਨਪ੍ਰੀਤ ਸਿੰਘ ਬੱਧਨੀ ਕਲਾਂ

      ਇੰਗਲੈਂਡ ਕਬੱਡੀ ਫੈਡਰੇਸ਼ਨ ਯੂ ਕੇ ਦੇ ਪ੍ਰਧਾਨ ਸੁਰਿੰਦਰ ਸਿੰਘ ਮਾਣਕ ਦੇ ਸ਼ਹਿਰ ਈਰਥ ਵੂਲਿਚ ਕਬੱਡੀ ਕਲੱਬ ਵੱਲੋਂ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ ਕੇ ਦੀ ਰਹਿਨੁਮਾਈ ਹੇਠ 2018 ਕਬੱਡੀ ਸੀਜ਼ਨ ਦਾ ਕਬੱਡੀ ਕੱਪ ਕਰਵਾਇਆ ਗਿਆ। ਵੀਜ਼ਾ ਦੀ ਮੁਸ਼ਕਿਲ ਨਾਲ ਇਸ ਵਰ੍ਹੇ ਕਬੱਡੀ ਟੂਰਨਾਮੈਂਟਾਂ ਦੀ ਆਸ ਨਹੀਂ ਸੀ, ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ। ਕਬੱਡੀ ਪ੍ਰੇਮੀਆਂ ਨੇ ਫੋਨਾਂ ਰਾਹੀਂ ਹਰ ਹਫਤੇ ਕਬੱਡੀ ਟੂਰਨਾਮੈਂਟਾਂ ਨੂੰ ਲੈ ਕੇ ਸਵਾਲ ਪੁਛਣੇ, ਕੀ ਟੂਰਨਾਮੈਂਟ ਹੋਣਗੇ, ਇਸ ਸਾਲ ਕਬੱਡੀ ਹਊ। ਪਰ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਕੀ ਹੋਵੇਗਾ। ਲੇਕਨ ਅਖੀਰ ਵਿੱਚ ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਰਹਿਨੁਮਾਈ ਹੇਠ ਪਹਿਲਾ ਟੂਰਨਾਮੈਂਟ ਕਵੈਂਟਰੀ, ਫਿਰ ਬ੍ਰਮਿੰਘਮ, ਵੁਲਵਰਹੈਂਪਟਨ, ਬਰੈਡਫੋਰਡ ਵਿਖੇ ਹੋਇਆ। ਲੇਕਨ ਲੰਡਨ ਵਾਲੀ ਸਾਈਡ ਦੇ ਕਬੱਡੀ ਪ੍ਰੇਮੀਆਂ ਦੀ ਕਬੱਡੀ ਦੀ ਭੁੱਖ ਨੂੰ ਵੇਖਦਿਆਂ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਮਾਣਕ ਨੇ ਆਪਣੇ ਸ਼ਹਿਰ ਈਰਥ ਵੂਲਿਚ ਕਬੱਡੀ ਕਲੱਬ ਵੱਲੋਂ ਟੂਰਨਾਮੈਂਟ ਕਰਵਾ ਕੇ ਕਬੱਡੀ ਮਾਂ ਖੇਡ ਦੇ ਪ੍ਰੇਮੀਆਂ ਦੀ ਪਿਆਸ ਨੂੰ ਤ੍ਰਿਪਤ ਕਰਨ ਲਈ ਪਿਛਲੇ ਹਫਤੇ ਟੂਰਨਾਮੈਂਟ ਕਰਵਾਇਆ। 
   ਇਸ ਸਾਲ ਇੰਗਲੈਂਡ ਦੇ ਛੋਟੇ ਬੱਚਿਆਂ ਦੀ ਟੀਮਾਂ ਈਰਥ ਵੂਲਿਚ ਅਤੇ ਬਾਰਕਿੰਗ ਦੀਆਂ ਟੀਮਾਂ ਆਪਣੇ ਕਰਤੱਵ ਵਿਖਾ ਰਹੀਆਂ ਹਨ, ਦੁਜੇ ਪਾਸੇ ਇੰਗਲੈਂਡ ਵਿੱਚ ਆ ਕੇ ਵੱਸੇ ਕਬੱਡੀ ਖਿਡਾਰੀਆਂ, ਇਟਲੀ ਦੇ ਕਬੱਡੀ ਖਿਡਾਰੀਆਂ ਨੇ ਮਿਲ ਕੇ ਚਾਰ ਟੀਮਾਂ ਬਣਾਈਆਂ। ਜਿਹਨਾਂ ਨੇ ਲੀਗ ਸਿਸਟਮ ਨਾਲ ਖੇਡ ਕੇ ਮੇਲੇ ਦੇ ਦਰਸ਼ਕਾਂ ਨੂੰ ਪੂਰਾ ਅਨੰਦ ਦਿੱਤਾ। 
    ਇਸ ਵਰ੍ਹੇ ਦਾ ਆਖਰੀ ਟੂਰਨਾਮੈਂਟ ਹੋਣ ਕਰਕੇ ਫੈਡਰੇਸ਼ਨ ਦੇ ਅਹੁਦੇਦਾਰ ਪੂਰੀ ਗਰਮਜੋਸ਼ੀ ਨਾਲ ਹਾਜ਼ਿਰ ਹੋਏ ਅਤੇ ਕਬੱਡੀ ਖਿਡਾਰੀਆਂ ਦੀ ਇੱਕ ਇੱਕ ਰੇਡ ਅਤੇ ਇੱਕ ਇੱਕ ਜੱਫੇ 'ਤੇ ਨੋਟਾਂ ਦਾ ਮੀਂਹ ਵਰਾਇਆ। ਸਾਬਕਾ ਕਬੱਡੀ ਖਿਡਾਰੀ ਅਤੇ ਅਰਜਨਾ ਐਵਾਰਡੀ ਬਲਵਿੰਦਰ ਸਿੰਘ ਫਿਡੂ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਕਬੱਡੀ ਖੇਡ ਵੱਧੇ ਫੁੱਲੇ ਅਤੇ ਹੋਰ ਫਿਡੂ ਪੈਦਾ ਹੋਣ। 
      ਪਹਿਲਾ ਮੈਚ ਈਰਥ ਅਤੇ ਬਾਰਕਿੰਗ ਦੇ ਬੱਚਿਆਂ ਦਾ ਹੋਇਆ। ਸੁਖਬੀਰ ਬਾਸੀ ਅਤੇ ਲਾਲਾ ਬੱਚਿਆਂ ਨੂੰ ਲੈ ਕੇ ਮੈਦਾਨ ਵਿੱਚ ਪਹੁੰਚਿਆ। ਬੱਚੇ ਭਾਂਵੇਂ ਉਮਰਾਂ ਵਿੱਚ ਛੋਟੇ ਸਨ, ਪਰ ਉਹਨਾਂ ਅੰਦਰਲਾ ਜੋਸ਼ ਦਰਸ਼ਕਾਂ ਦਾ ਖੂਬ ਮਨੋਰੰਜਣ ਕਰ ਰਿਹਾ ਸੀ। 
ਵੱਡੀਆਂ ਟੀਮਾਂ ਦਾ ਪਹਿਲਾ ਮੈਚ ਲੰਡਨ ਅਤੇ ਮਿਡਲੈਂਡ ਵਿਚਕਾਰ ਹੋਇਆ ਲੰਡਨ ਵੱਲੋਂ ਕਬੀਰ, ਗਿੰਦਾ, ਰਾਜਵਿੰਦਰ ਰੇਡਰ, ਨਿੰਦੀ, ਹਰਮਨ, ਜੋਸ਼ੀ ਅਤੇ ਜੱਸ ਜਾਫੀ ਸਨ, ਮਿਡਲੈਂਡ ਵੱਲੋਂ ਮਨਵੀਰ ਖੋਜੇਵਾਲ, ਅਮਨ ਚੱਕਵਾਲਾ, ਜਾਫੀ ਕਾਲੂ ਮਹੇੜੂ, ਦਾਲੀ ਮੱਲੀਆਂ, ਸ਼ਾਮਾ ਇੱਬੜਾਂ ਅਤੇ ਸਾਥੀ ਸਨ। ਇਹ ਮੈਚ ਮਿਡਲੈਂਡ ਨੇ ਜਿੱਤਿਆ। ਦੂਜਾ ਮੈਚ ਇਟਲੀ ਅਤੇ ਈਰਥ ਵੂਲਿਚ ਦੀਆਂ ਟੀਮਾਂ ਵਿਚਕਾਰ ਗਹਿ ਗੱਚ ਹੋਇਆ ਇਟਲੀ ਵੱਲੋਂ ਰੂਪਾ ਮਹੇਮਾਂ, ਰੌਕ ਬਾਠ, ਯੋਧਾ ਚੱਕ ਚੇਲਿਆਂ ਵਾਲਾ, ਰੇਡਰ, ਅਤੇ ਸ਼ੰਮਾਂ, ਕੁਲਦੀਪ ਅਤੇ ਇੰਦਰਜੀਤ ਜਾਫੀ ਸਨ। ਈਰਥ ਵੂਲਿਚ ਵੱਲੋਂ ਬੱਗਾ ਮਨੂੜ, ਮੰਗਾ ਮਿੱਠਾਪੁਰ, ਬੌਬੀ ਸੰਘੇੜਾ, ਰੇਡਰ, ਸੋਹਣ ਰੁੜਕੀ, ਗੋਗੋ ਰੁੜਕੀ, ਭਿੰਦਾ, ਸੁੱਖੀ ਜਾਫੀ ਸਨ, ਇਸ ਮੈਚ ਦੇ ਦਰਸ਼ਕਾਂ ਦੀਆਂ ਆਸਾਂ ਨੂੰ ਬੂਰ ਪਾਇਆ ਅੱਧ ਤੱਕ ਈਰਥ ਵੂਲਿਚ ਸਿਰਫ ਅੱਧੇ ਨੰਬਰ ਤੇ ਸਾਢੇ 17-18 ਅੰਕਾਂ ਨਾਲ ਅੱਗੇ ਸੀ ਅਤੇ ਆਖਰੀ ਕੌਢੀ ਤੋਂ ਬਾਅਦ ਸਿਰਫ ਸਾਢੇ 32-34 ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਤੀਜੇ ਮੈਚ ਵਿੱਚ ਈਰਥ ਵੂਲਿਚ ਨੇ ਲੰਡਨ ਨੂੰ ਹਰਾਇਆ ਅਤੇ ਮਿਡਲੈਂਡ ਨੇ ਇਟਲੀ ਨੂੰ ਹਰਾਇਆ। ਫਾਈਨਲ ਮੈਚ ਵਿੱਚ ਈਰਥ ਵੂਲਿਚ ਅਤੇ ਮਿਡਲੈਂਡ ਦੇ ਮੈਚ ਨੇ ਤਾਂ ਦਰਸ਼ਕਾਂ ਨੂੰ ਅੱਡੀਆਂ ਪਰਨੇ ਕਰ ਦਿੱਤਾ। ਮੰਗਾ ਮਿੱਠਾਪੁਰ ਨੂੰ ਜੱਫਾ ਲਾਉਣ ਲਈ 350 ਪੌਂਡ ਤੱਕ ਦਾ ਇਨਾਮ ਰੱਖ ਦਿੱਤਾ ਗਿਆ। ਪਰ ਕੋਈ ਫੜ੍ਹ ਨਾ ਸਕਿਆ। 
ਇਹਨਾਂ ਮੁਕਾਬਲਿਆਂ ਵਿਚੋਂ ਈਰਥ ਵੂਲਿਚ ਜੇਤੂ ਅਤੇ ਮਿਡਲੈਂਡ ਦੂਜੇ ਸਥਾਨ 'ਤੇ ਰਹੀ। ਟੂਰਨਾਮੈਂਟ ਮੌਕੇ ਸਾਬਕਾ ਕਬੱਡੀ ਖਿਡਾਰੀ ਅਰਜਨਾ ਐਵਾਰਡੀ ਬਲਵਿੰਦਰ ਸਿੰਘ ਫਿਡੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜੱਗਾ ਮੂਲੇਵਾਲ ਖਹਿਰਾ ਨੂੰ ਬਿਸਟ ਜਾਫੀ ਅਤੇ ਲੰਬੜ ਬਜੂਹਾ ਨੂੰ ਬਿਸਟ ਧਾਵੀ ਐਲਾਨਿਆ ਗਿਆ। 
ਗੁਰੂ ਕਾ ਲੰਗਰ ਅਤੁੱਟ ਵਰਤਿਆ ਅਤੇ ਟੂਰਨਾਮੈਂਟ ਦਾ ਪਹਿਲਾ ਇਨਾਮ ਹਰਮਿੰਦਰ ਸਿੰਘ ਗਿੱਲ ਵੱਲੋਂ ਦਿੱਤਾ ਗਿਆ ਅਤੇ ਕਬੱਡੀ ਦੇ ਪ੍ਰਸਿੱਧ ਪ੍ਰਮੋਟਰ ਲਹਿੰਬਰ ਸਿੰਘ ਕੰਗ ਨੂੰ ਯਾਦ ਕੀਤਾ। ਕਬੱਡੀ ਟੀਮਾਂ ਲਈ ਅਤੇ ਸਹਿਯੋਗੀਆਂ ਦੇ ਮਾਣ ਸਨਮਾਨ ਲਈ ਟਰਾਫੀਆਂ ਦੀ ਸੇਵਾ ਸ: ਮੱਖਣ ਸਿੰਘ ਘੁੰਮਣ ਦੀ ਯਾਦ ਵਿੱਚ ਬਲਬੀਰ ਸਿੰਘ ਘੁੰਮਣ, ਕਸ਼ਮੀਰ ਸਿੰਘ ਘੁੰਮਣ, ਬਲਜੀਤ ਸਿੰਘ ਘੁੰਮਣ ਪ੍ਰੀਵਾਰ ਵੱਲੋਂ ਕੀਤੀ ਗਈ। ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਸੁਰਿੰਦਰ ਸਿੰਘ ਚਾਹਲ, ਬਲਜੀਤ ਸਿੰਘ ਗਿੱਲ, ਰਾਜਵੀਰ ਸਿੰਘ ਮਾਣਕ, ਜਰਨੈਲ ਸਿੰਘ ਜ਼ੈਲਾ, ਹਰਨੇਕ ਸਿੰਘ ਨੇਕਾ ਮੈਰੀਪੁਰ, ਹਰਚਰਨ ਸਿੰਘ ਬੋਲਾ, ਸਤਨਾਮ ਸਿੰਘ ਗਿੱਲ, ਲਾਲਾ, ਸਤਨਾਮ ਸਿੰਘ ਸੱਤਾ ਮੁਠੱਡਾ, ਸਤਿੰਦਰ ਸਿੰਘ ਗੋਲਡੀ, ਮੇਜਰ ਸਿੰਘ ਬਾਸੀ, ਲਹਿੰਬਰ ਸਿੰਘ ਲੱਧੜ, ਅਜਮੇਰ ਸਿੰਘ ਮੇਲਾ, ਦੀਪਾ ਮੌਲੀ, ਸੁੱਚਾ ਸਿੰਘ ਥਿੰਦ, ਧਿਆਨ ਸਿੰਘ, ਰੇਸ਼ਮ ਸਿੰਘ ਕੰਗ, ਰਸ਼ਪਾਲ ਸਿੰਘ ਸੰਮੀਪੁਰ, ਬਿੰਦਰ ਨਵਾਂ ਪਿੰਡ ਆਦਿ ਸਮੇਤ ਵੱਖ ਵੱਖ ਸ਼ਹਿਰਾਂ ਤੋਂ ਦਰਸ਼ਕ ਪਹੁੰਚੇ ਹੋਏ ਸਨ। ਟੂਰਨਾਮੈਂਟ ਨੂੰ ਭਿੰਦਾ ਮੁਠੱਡਾ, ਸੋਖਾ ਢੇਸੀ ਅਤੇ ਮਿੱਠਾ ਨੇ ਆਪਣੇ ਬੋਲਾਂ ਵਿੱਚ ਪਰੋ ਕੇ ਖੂਬਸੂਰਤ ਢੰਗ ਨਾਲ ਪੇਸ਼ ਕੀਤਾ। ਟੂਰਨਾਮੈਂਟ ਦੀ ਕਾਮਯਾਬੀ ਲਈ ਸੁਰਿੰਦਰ ਸਿੰਘ ਮਾਣਕ, ਈਰਥ ਵੂਲਿਚ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਜੈਲਾ ਅਤੇ ਸਮੁੱਚੀ ਟੀਮ ਨੂੰ ਵਧੀਆ ਟੂਰਨਾਮੈਂਟ ਕਰਵਾਉਣ ਦੀ ਵਧਾਈ।