image caption: ਲੇਖਕ - ਜੈਤੇਗ ਸਿੰਘ ਅਨੰਤ ਅਤੇ ਮਾਤਾ ਦਰਸ਼ਨ ਕੌਰ

ਪਹਿਲੀ ਜਨਮ ਸ਼ਤਾਬਦੀ ਤੇ - ਮੇਰੀ ਪਿਆਰੀ ਮਾਂ ਦਰਸ਼ਨ ਕੌਰ ਦਾ ਕੋਈ ਮੁਕਾਬਲਾ ਨਹੀ, ਉਹ ਬਹੁਪੱਖੀ ਸ਼ਖ਼ਸੀਅਤ ਦੀ ਮਾਲਕ ਸੀ - ਜੈਤੇਗ ਸਿੰਘ ਅਨੰਤ

    ਆਪਣੀ ਮਾਂ ਦੀ ਪਹਿਲੀ ਜਨਮ ਸ਼ਤਾਬਦੀ ਤੇ ਉਸ ਨੂੰ ਬੜੇ ਗੌਰਵ ਨਾਲ ਯਾਦ ਕਰ ਰਿਹਾ ਹਾਂ | ਉਹ ਇਕ ਅਦੁਤੀ, ਬਹੁਰੰਗੀ, ਬਹੁਪਰਤੀ, ਨਿਰਮਲ, ਨਿਰਛਲ, ਰੋਸ਼ਨ ਮੀਨਾਰ, ਗੁਣਾਂ ਦੀ ਤ੍ਰਿਵੈਣੀ ਸੀ | ਉਹ ਇਕ ਸਿੱਖੀ ਜੀਵਨ ਦੀ ਮਹਿਕ ਤੇ ਸਰਬਤ ਭਲਾ ਲੋਚਨ ਵਾਲੀ, ਗੁਰਮਤਿ ਸੰਗੀਤ ਦਾ ਮੁਜੱਸਮਾ ਸੀ |

    ਮਾਤਾ ਦਰਸ਼ਨ ਕੌਰ ਦਾ ਜਨਮ ੨੪ ਨਵੰਬਰ 1918 ਨੂੰ ਜ਼ਿਲਾ ਰਾਵਲਪਿੰਡੀ ਦੇ ਮਸ਼ਹੂਰ ਪਿੰਡ ਸੁਖੋ ਵਿਚ ਮਾਤਾ ਰਾਜ ਕੌਰ ਦੀ ਕੁਖੋਂ ਤੇ ਪਿਤਾ ਡਾ: ਜੀਵਨ ਸਿੰਘ ਦੇ ਘਰ ਹੋਇਆ | ਮੁਢਲੀ ਵਿਦਿਆ ਖਾਲਸਾ ਹਾਈ ਸਕੂਲ ਸੁਖੋ ਤੋਂ ਪ੍ਰਾਪਤ ਕੀਤੀ | ਉਹਨਾਂ ਨੇ ਸੰਨ 1937 ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰਿਖਯਾ ਪਾਸ ਕੀਤੀ | ਐਫ. . ਤਕ ਪੜਾਈ ਕਰਨ ਤੋਂ ਬਾਅਦ ਕੁਛ ਦੇਰ ਖਾਲਸਾ ਸਕੂਲ ਸੁਖੋ ਵਿਖੇ ਅਧਿਆਪਕ ਲਗੇ ਤੇ ਬਾਅਦ ਵਿਚ 9 ਸਾਲ 1947 ਤਕ ਕੰਨਿਯਾ ਮਹਾਂ ਵਿਦ੍ਯਾਲਾ ਲਾਹੌਰ ਵਿਖੇ ਇਕ ਸਫਲ ਅਧਿਆਪਕ ਦਾ ਕਾਰਜ ਕੀਤਾ | ਉਸ ਸਮੇਂ ਟਾਂਵੀ ਟਾਂਵੀ ਔਰਤ ਹੀ ਵਰਕਿੰਗ ਲੇਡੀ ਸੀ |

   ਆਪ ਦੀ ਸ਼ਾਦੀ 19 ਅਪ੍ਰੈਲ 1943 ਨੂੰ ਬੀ. . ਪਾਸ . ਹਰਿਚਰਨ ਸਿੰਘ ਨਾਲ ਲਾਹੌਰ ਵਿਖੇ ਹੋਈ | ਆਨੰਦ ਕਾਰਜ ਦੀ ਰਸਮ ਪੰਥ ਦੀ ਸੋਨ ਚਿੜੀ ਭਾਈ ਸਾਹਿਬ ਰਣਧੀਰ ਸਿੰਘ ਹੁਰਾਂ ਖੁਦ ਦਿਤੀ | ਓਹਨਾ ਪਾਰਟੀਸ਼ਨ ਤੋਂ ਪਹਿਲਾਂ 2 ਪੁੱਤਰਾਂ ਨੂੰ ਜਨਮ ਦਿਤਾ | ਜਿਹੜਾ ਵੱਡਾ ਪੁੱਤਰ ਸੀ ਉਹ ਭਾਰਤੀ ਫੌਜ ਵਿਚ ਡਾਕਟਰ ਸੀ ਤੇ ਲੈਫਟੀਨੈਂਟ ਕਰਨੈਲ ਦੇ ਪਦ ਤੋਂ ਸੇਵਾ ਮੁਕਤ ਹੋਇਆ | ਦੂਜਾ ਪੁਤ੍ਰ ਇਕ ਨਾਮਵਰ ਫੋਟੋ ਪਤਰਕਾਰ ਤੇ ਲੇਖਕ ਦੇ ਤੌਰ ਤੇ ਆਪਣੀਆਂ ਸ਼ਾਨਦਾਰ ਸੇਵਾਵਾਂ ਅਰਪਣ ਕਰ ਰਿਹਾ ਹੈ | ਦੇਸ ਦੀ ਵੰਡ ਮਗਰੋਂ ਪਰਿਵਾਰ ਸਹਿਤ ਸ਼ਿਮਲੇ ਗਏ | ਸੰ 1957 ਵਿਚ ਆਪ ਚੰਡੀਗੜ੍ਹ ਗਏ | ਉਨਾਂ 18 ਦਸੰਬਰ 2009 ਅੰਤ ਤਕ ਚੰਡੀਗੜ੍ਹ ਰਹੇ | ਉਨਾਂ ਛੋਟੀ ਉਮਰ ਵਿਚ ਭਾਈ ਵੀਰ ਸਿੰਘ, ਭਾਈ ਰਣਧੀਰ ਸਿੰਘ, ਪ੍ਰੋ: ਪੂਰਨ ਸਿੰਘ ਨੂੰ ਪੜ੍ਹ ਲਿਆ ਸੀ | ਉਹ ਅੰਗਰੇਜ਼ੀ, ਪੰਜਾਬੀ, ਹਿੰਦੀ ਤੇ ਉਰਦੂ ਵਿਚ ਚੰਗੀ ਮਹਾਰਤ ਰੱਖਦੇ ਸਨ | ਉਹ ਇਕ ਚੰਗੇ ਰੀਡਰ ਸਨ | 'ਸੂਰਾ', 'ਆਤਮ ਰੰਗ', ਸਿੱਖ ਫੁਲਵਾੜੀ ਤੇ ਸੰਤ ਸਿਪਾਹੀ ਉਹਨਾਂ ਦੇ ਮਨ ਭਾਓੰਦੇ ਰਸਾਲੇ ਸਨ | ਓਹਨਾ ਨੂੰ ਇਸ ਗੱਲ ਤੇ ਮਾਣ ਸੀ ਕਿ ਓਹਨਾ ਦੇ ਪਤੀ ਭਾਈ ਸਾਹਿਬ ਹਰਿਚਰਨ ਸਿੰਘ ਸਿੱਖ ਜਗਤ ਵਿਚ ਇਕ ਸਤਿਕਾਰਤ ਹਸਤੀ ਸਨ ਜਿਹਨਾਂ 'ਅੰਮ੍ਰਿਤ ਕੀਰਤਨ' ਵਰਗੀ ਜਗਤ ਪ੍ਰਸਿੱਧ ਪੋਥੀ ਦੀ ਸੰਪਾਦਨਾ ਕੀਤੀ ਜਿਸ ਵਿਚ ਓਹਨਾ ਨੇ ਆਪਣੇ ਨਾਂ ਤਕ ਵੀ ਨਹੀਂ ਆਂ ਦਿੱਤਾ | ਉਹ ਛਿਪੇ ਰਹਿਣ ਦੀ ਚਾਹ ਦੇ ਮਾਲਕ ਸਨ |

   ਉਹਨਾਂ ਕਈ ਵਾਰ ਭਾਰਤ ਦੇ ਸਮੂਹ ਇਤਿਹਾਸਿਕ ਗੁਰਧਾਮਾਂ ਦੀ ਯਾਤਰਾ ਕੀਤੀ | ਉਹ ਬੜੇ ਮਿਠ ਬੋਲੜੇ ਤੇ ਨਿੱਘੇ ਸੁਭਾ ਦੇ ਸਨ | ਉਹ ਕੁਕਿੰਗ ਦੇ ਵਿਚ ਕਮਾਲ ਦੇ ਪਕਵਾਨ ਬਣਾਉਣਾ ਜਾਣਦੇ ਸਨ | ਖੱਟਾਈਆਂ, ਕੇਕ, ਰਸਗੁੱਲੇ, ਪਿੰਨੀਆਂ, ਮੱਠੀਆਂ, ਪੁਲਾਉ, ਪਕੌੜੇ ਥੋੜੇ ਸਮੇਂ ਵਿਚ ਬਣਾ ਦੇਂਦੇ ਸਨ | ਉਹ ਸ਼ਾਨਦਾਰ ਸਜਾਵਟ ਵਾਲੇ ਨਿਟਿੰਗ ਸਵੈਟਰ, ਦਸਤਾਰ ਤੇ ਓਵਰਕੋਟ ਬਣਾਉਣਾ ਜਾਣਦੇ ਸਨ | ਵੇਹਲੇ ਸਮੇਂ ਉਹਨਾਂ ਦੀਆਂ ਉਂਗਲਾਂ ਹਾਰਮੋਨੀਅਮ ਤੇ ਹੁੰਦੀਆਂ ਸਨ | ਉਹ ਗੁਰਮਤਿ ਸੰਗੀਤ ਦੇ ਸ਼ੌਕੀਨ ਸਨ | ਓਹਨਾ ਦੇ ਦੋਸਤਾਂ ਦੇ ਘੇਰਾ ਬੜਾ ਵਿਸ਼ਾਲ ਸੀ | ਉਹ ਨੰਬਰ ਇਕ ਦੇ ਮਹਿਮਾਨ ਨਵਾਜ਼ ਸਨ | ਉਹ ਲੋੜਵੰਦਾਂ ਦੀ ਮਦਦ, ਸਰਬਤ ਦਾ ਭਲਾ ਮੰਗਦੇ ਸਨ | ਉਹ ਓਲ੍ਡ ਪੰਜਾਬ ਦਾ ਇਕ ਜਿਉਂਦਾ ਇਤਿਹਾਸ ਸੀ | ਮਾਂ, ਮਾਂ ਹੀ ਹੁੰਦੀ ਹੈ ਪਰ ਮੇਰੀ ਮਾਂ ਵਰਗੀ ਸ਼ਾਇਦ ਕੋਈ ਹੋਰ ਨਾ ਹੋਵੇ |

- ਜੈਤੇਗ ਸਿੰਘ ਅਨੰਤ

E-mail:jaiteganant@yahoo.com

(1) 778-385-8141