image caption: ਰਜਿੰਦਰ ਸਿੰਘ ਪੁਰੇਵਾਲ

ਸੇਵਾ ਨੂੰ ਡਰਾਮਾ ਬਣਾ ਧਰਿਆ .......

      ਸਿੱਖੀ ਵਿੱਚ ਸੇਵਾ ਗੁਰਮੁਖ ਲਈ ਧੰਨਭਾਗ ਸਮਝੀ ਜਾਂਦੀ ਹੈ, ਪਰ ਸਿਆਸੀ ਲੋਕਾਂ ਖਾਸ ਕਰਕੇ ਬਾਦਲ ਦਲ ਨੇ ਨਾ ਸਿਰਫ ਧਰਮ ਨੂੰ ਆਪਣੇ ਹਿੱਤਾਂ ਲਈ ਵਰਤਿਆ, ਬਲਕਿ ਸਿੱਖੀ ਦੇ ਸਿਧਾਂਤਾਂ ਨੂੰ ਵੀ ਢਾਅ ਲਾ ਦਿੱਤੀ। ਸਿੱਖ ਧਰਮ ਦੇ ਅਸਥਾਨਾਂ ਤੇ ਸੰਗਤ ਲਈ ਸੇਵਾ ਨੂੰ ਗੁਰਸਿੱਖ ਆਪਣੇ ਧੰਨਭਾਗ ਸਮਝਦਾ ਹੈ, ਉਸ ਸੇਵਾ ਨੂੰ ਇਹਨਾਂ ਨੇ ਮਜਾਕ ਬਣਾ ਦਿੱਤਾ, ਕਾਰਨ ਇਹੀ ਹੈ ਕਿ ਸੰਗਤ ਐਨੀ ਸੋਝੀਵਾਨ ਨਹੀਂ ਹੈ ਜੋ ਅਜਿਹੇ ਅਡੰਬਰਦਾਰਾਂ ਨੂੰ ਵਰਜ ਸਕੇ। ਸਿੱਖ ਜਗਤ ਦੇ ਬੁੱਧੀਜੀਵੀ ਵਾਰ ਵਾਰ ਹੋਕਾ ਦਿੰਦੇ ਆ ਰਹੇ ਹਨ ਕਿ ਸੰਗਤ ਜਦ ਤੱਕ ਸਿਆਣੀ ਨਹੀਂ ਹੁੰਦੀ, ਧਰਮ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਣ ਵਾਲੇ ਲੋਕ ਇਹੋ ਜਿਹੇ ਡਰਾਮੇ ਕਰਦੇ ਰਹਿਣਗੇ, ਜਿਹੋ ਜਿਹਾ ਆਪੇ ਹਾਸਲ ਕੀਤੇ ਫਖਰ ਏ ਕੌਮ ਤੇ ਪੰਥ ਰਤਨ ਦੇ ਖਿਤਾਬ ਵਾਲੇ ਸਭ ਤੋਂ ਵੱਡੇ ਸਿਆਸੀ ਡਰਾਮੇਬਾਜ਼ ਪਰਕਾਸ਼ ਸਿੰਘ ਬਾਦਲ ਨੇ ਹਾਲ ਹੀ ਵਿੱਚ ਭੁੱਲ ਬਖਸ਼ਾਉਣ ਵਾਲੀ ਕਾਰਵਾਈ ਕਰਕੇ ਕੀਤਾ ਹੈ। ਸੰਗਤ ਤੋਂ ਇਕ ਧੁੰਦਲੀ ਜਿਹੀ ਆਸ ਹੈ ਕਿ ਸ਼ਾਇਦ ਮੀਰੀ-ਪੀਰੀ ਦੇ ਮਾਲਕ ਦਾ ਭੈਅ, ਸਤਿਕਾਰ ਪ੍ਰਵਾਨ ਕਰਦਿਆ ਜ਼ਰਾ ਕੁ ਸੋਝੀ ਨਾਲ ਸਾਵਧਾਨ ਹੋ ਜਾਵੇ ਕਿ ਇਹਨਾਂ ਵੱਲੋਂ ਕੌਮ ਨੂੰ ਗੁੰਮਰਾਹ ਕਰਨ ਲਈ, ਬੇਵਕੂਫ਼ ਬਣਾਉਣ ਲਈ ਪਸ਼ਚਾਤਾਪ ਦੀ ਨੌਟੰਕੀ ਖੇਡੀ ਜਾ ਰਹੀ ਹੈ। ਪਸ਼ਚਾਤਾਪ ਦੇ ਨਾਮ ਤੇ ਭਾਂਡੇ ਮਾਂਜੇ ਜਾ ਰਹੇ ਹਨ।  ਝਾੜੂ ਫੇਰਿਆ ਜਾ ਰਿਹਾ ਹੈ, ਸੰਗਤ ਦੇ ਜੋੜੇ ਸਾਫ਼ ਕੀਤੇ ਜਾ ਰਹੇ ਹਨ, ਲੰਗਰਾਂ ਦੀ ਸੇਵਾ  ਕੀਤੀ ਜਾ ਰਹੀ ਹੈ। ਜੋੜੇ ਵੀ ਉਹ ਪਾਲਿਸ਼ ਕੀਤੇ ਜਾ ਰਹੇ ਹਨ, ਜਿਹਨਾਂ ਨੂੰ ਪਾਲਿਸ਼ ਦੀ ਲੋੜ ਹੀ ਨਹੀਂ ਹੁੰਦੀ ।  ਕਿਵੇਂ ਸਾਰਾ ਟੋਲਾ ਦਾੜ੍ਹੇ ਪ੍ਰਕਾਸ਼ ਕਰਕੇ ਆਇਆ, ਉਚੇਚੀਆਂ ਤਸਵੀਰਾਂ ਖਿਚਵਾਈਆਂ, ਪਰ ਅਣਜਾਣ ਹਨ ਕਿ ਓਸ ਸਤਿਗੁਰ ਨੂੰ ਦਿਖਾਵਿਆਂ ਦੀ ਲੋੜ ਨਹੀਂ, ਦਾੜ੍ਹੀ ਬੰਨ੍ਹੀ ਵਾਲਾ ਗੁਰਮੁਖ ਵੀ ਗੁਰੂ ਨੂੰ ਓਨਾ ਹੀ ਪਿਆਰਾ ਹੈ, ਜੇ ਉਸ ਦਾ ਮਨ ਨਾਮ ਤੇ ਸੱਚ ਦੀ ਜੋਤਿ ਦੇ ਅਧੀਨ ਹੈ। ਇਹਨਾਂ ਵਾਲੇ ਭੁੱਲ ਬਖਸ਼ਾਉਣ ਵਾਲੇ ਡਰਾਮੇ ਉਤੇ ਅਸਲ ਮਸਲਾ ਤਾਂ ਇਹ ਹੈ ਕਿ ਜੇ ਇਹ ਸੇਵਾ ਸ਼ਰਧਾ ਵੱਸ ਹੋਵੇ ਤਾਂ ਕਰਨ ਵਾਲਿਆਂ ਦੇ ਚੰਗੇ ਭਾਗ, ਪ੍ਰੰਤੂ ਜੇ ਇਹ ਸੇਵਾ ਗੁਰੂ ਤੇ ਕੌਮ ਦੋਵਾਂ ਨੂੰ ਧੋਖਾ ਦੇਣ ਲਈ ਹੋਵੇ ਤਾਂ ਫਿੱਟ ਲਾਹਨਤ।  ਉਨ੍ਹਾਂ ਵੱਲੋਂ ਕੌਮ ਨੂੰ ਬੇਵਕੂਫ ਬਣਾ ਕੇ ਰਿਝਾਉਣ ਲਈ, ਆਪਣੇ ਆਪ ਨੂੰ ਸੱਚੇ ਸਿੱਖ ਸਾਬਤ ਕਰਨ ਲਈ ਸੇਵਾ ਦੀ ਨੋਟੰਕੀ ਖੇਡੀ ਜਾ ਰਹੀ ਹੈ। ਸੇਵਾ ਤੋਂ ਮਹਾਨ ਸਿੱਖੀ 'ਚ ਹੋਰ ਕੁਝ ਨਹੀਂ, ਪ੍ਰੰਤੂ ਇਹ ਭਾਗਾਂ ਨਾਲ ਮਿਲਦੀ ਹੈ। ਡਰਾਮਿਆਂ ਨਾਲ ਨਹੀਂ। ਸਾਰੇ ਡਰਾਮੇ ਵਿੱਚ ਸਿੱਖਾਂ ਦੀ ਅਗਵਾਈ ਕਰਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ਮੂਲੀਅਤ ਕਰਕੇ ਇਹ ਸੁਨੇਹਾ ੇਦਿੱਤਾ ਹੈ ਕਿ ਉਹ ਸਿੱਖ ਸੰਗਤ ਦਾ ਨਹੀਂ ਇਹਨਾਂ ਦਾ ਵਫਾਦਾਰ ਹੈ, ਜਿੱਥੇ ਜਿੱਥੇ ਮੇਰੇ ਆਕਾ ਓਥੇ ਓਥੇ ਮੈਂ..।
      ਤੇ ਰਹਿੰਦੀ ਕਸਰ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਹਰਪ੍ਰੀਤ ਸਿੰਘ ਹੁਰਾਂ ਨੇ ਪੂਰੀ ਕਰ ਦਿੱਤੀ, ਜਿਹਨਾਂ ਕਿਹਾ ਕਿ ਇਹਨਾਂ ਨੇ ਮੈਨੂੰ ਇਸ ਸਮਾਗਮ ਬਾਰੇ ਨਹੀਂ ਦੱਸਿਆ, ਨਾਲ ਹੀ ਆਪਣੇ ਆਕਾਵਾਂ ਦਾ ਬਚਾਅ ਕਰਦਿਆਂ ਜਥੇਦਾਰ ਨੇ ਕਿਹਾ ਕਿ ਗੁਰੂ ਦੇ ਸਿੱਖ ਲਈ ਦਰ ਖੁੱਲ੍ਹੇ ਹਨ, ਉਹ ਗਲਤੀ ਕਰਕੇ ਕਦੇ ਵੀ ਮਾਫੀ ਮੰਗਣ ਆ ਸਕਦਾ ਹੈ। ਇਕ ਤਰੀਕੇ ਨਾਲ ਉਹ ਇਹਨਾਂ ਦੀ ਹਰ ਕਾਰਵਾਈ ਵਿੱਚ ਸਹਿਮਤੀ ਹੀ ਜਤਾਉਂਦੇ ਹਨ। ਗੁਰਬਾਣੀ ਦੇ ਗਿਆਤਾ ਭਾਈ ਹਰਪ੍ਰੀਤ ਸਿੰਘ ਜੀ ਬਾਖੂਬੀ ਜਾਣਦੇ ਹੋਣਗੇ ਕਿ ਗੁਰੂ ਸਾਹਿਬਾਨ ਨੇ ਚੋਰ ਦੀ ਹਾਮੀ ਭਰਨ ਤੋਂ ਹਰ ਸਿੱਖ ਨੂੰ ਸਖ਼ਤੀ ਨਾਲ ਵਰਜਿਆ ਹੋਇਆ ਹੈ।  ਇਹਨਾਂ ਵੱਲੋਂ ਜਾਣੇ ਅਨਜਾਣੇ ਦੀਆਂ ਭੁੱਲਾਂ 'ਚ ਘੱਟੋ ਘੱਟ ਉਨ੍ਹਾਂ ਤੋਂ ਜਾਣੇ 'ਚ ਹੋਈਆਂ ਭੁੱਲਾਂ ਦਾ ਵੇਰਵਾ ਤਾਂ ਲੈ ਲਿਆ ਜਾਵੇ। ਅਨਜਾਣੇ 'ਚ ਹੋਈਆਂ ਭੁੱਲਾਂ ਤਾਂ ਗੁਰੂ ਸਾਹਿਬ ਵੀ ਮਾਫ਼ ਕਰ ਸਕਦੇ ਹਨ, ਪ੍ਰੰਤੂ ਜਾਣੇ 'ਚ ਕੀਤੀਆਂ ਭੁੱਲਾਂ ਜਿਹਨਾਂ ਨੂੰ ਆਪਣੇ ਲਾਹੇ ਲਈ, ਆਪਣੇ  ਸੁਆਰਥ ਲਈ ਜਾਣ ਬੁੱਝ ਕੇ ਕੀਤਾ, ਉਨ੍ਹਾਂ ਭੁੱਲਾਂ ਦਾ ਪਸ਼ਚਾਤਾਪ ਤਾਂ ਤਦ ਹੀ ਹੋਵੇਗਾ, ਜੇ ਤੁਸੀ ਉਨ੍ਹਾਂ ਦਾ ਵੇਰਵਾ ਦਿਓਗੇ।  ਸਿੱਖ ਇਤਿਹਾਸ 'ਚ ਅੱਜ ਤੱਕ ਕਿਸੇ ਵਿਅਕਤੀ ਵਿਸ਼ੇਸ਼ ਦੇ ਗੁਨਾਹ ਲਈ, ਪਾਪ  ਲਈ, ਜਮਾਤ ਜ਼ਿੰਮੇਵਾਰ ਨਹੀ ਬਣੀ, ਸੰਸਥਾ ਗੁਨਾਹਗਾਰ ਨਹੀਂ ਬਣੀ। ਪ੍ਰੰਤੂ ਇਹ ਪਹਿਲੀ ਵਾਰ ਹੈ ਕਿ ਬਾਦਲ ਪਰਿਵਾਰ ਦੇ ਗੁਨਾਹਾਂ ਲਈ ਸਾਰਾ ਅਕਾਲੀ ਦਲ ਅਤੇ ਸਾਰੀ ਸ਼੍ਰੋਮਣੀ ਕਮੇਟੀ ਗੁਨਾਹਗਾਰਾਂ ਦੀ ਲਾਈਨ 'ਚ ਖੜ੍ਹੀ ਕਰ ਦਿੱਤੀ ਗਈ ਹੈ।  ਜੇ ਗੁਨਾਹ ਇਹਨਾਂ ਦੇ ਹਨ ਤਾਂ ਬਾਦਲ ਪਰਿਵਾਰ ਨੂੰ ਖ਼ੁਦ ਉਨ੍ਹਾਂ ਗੁਨਾਹਾਂ ਨੂੰ ਸਵੀਕਾਰ ਕਰਕੇ, ਪਛਤਾਵਾ ਕਰਨਾ ਤੇ ਭੁੱਲ ਬਖ਼ਸ਼ਾਉਣੀ ਚਾਹੀਦੀ ਹੈ। ਸਾਰੀ ਜੱਥੇਬੰਦੀ ਨੂੰ ਗੁਨਾਹਗਾਰਾਂ ਦੀ ਕਤਾਰ 'ਚ ਖੜ੍ਹਾ ਕਰਕੇ ਤਾਂ ਇੱਕ ਹੋਰ ਗੁਨਾਹ ਕੀਤਾ ਜਾ ਰਿਹਾ ਹੈ। ਪਛਤਾਵਾ ਸੱਚੇ ਮਨੋ ਹੁੰਦਾ ਹੈ। ਪਾਖੰਡ ਦਾ ਸਹਾਰਾ ਲੈ ਕੇ ਕੀਤਾ ਪਛਤਾਵਾ ਕਦੇ ਪ੍ਰਵਾਨ ਨਹੀਂ ਹੁੰਦਾ।  ਸਿੱਖ ਤੇ ਗੁਰੂ ਦਾ ਤਾਂ ਹਮੇਸ਼ਾ ਸਿੱਧਾ ਰਾਬਤਾ ਰਹਿੰਦਾ ਹੈ। ਅਰਦਾਸ ਬੇਨਤੀ ਸਮੇਂ ਸਿੱਖ, ਸਿੱਧਾ ਗੁਰੂ ਦੇ ਰੂਬਰੂ ਹੁੰਦਾ ਹੈ।  ਇਸ ਲਈ ਉਨ੍ਹਾਂ ਦਾ ਗੁਰੂ ਦੇ ਸਨਮੁੱਖ ਹੋਣ ਦਾ ਹੀਆ ਹੀ ਨਹੀਂ ਪੈਦਾ। ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਹੋਣ, ਉਹ ਗੁਰੂ ਤੋਂ ਖਿਮਾ ਜਾਚਨਾ ਕਿਵੇਂ ਕਰ ਸਕਦੇ ਹਨ? ਕੌਮ ਨਾਲ ਇਹਨਾਂ ਵੱਲੋਂ ਕੀਤੀਆਂ ਵਧੀਕੀਆਂ, ਧੱਕੇਸ਼ਾਹੀਆਂ ਨੂੰ ਇੱਕ ਪਾਸੇ ਵੀ ਰੱਖ ਦੇਈਏ, ਪ੍ਰੰਤੂ ਗੁਰੂ ਸਾਹਿਬ ਦੀ ਬੇਅਦਬੀ ਨੂੰ ਕਿਵੇਂ ਭੁੱਲਿਆ ਜਾ ਮਾਫ਼ ਕੀਤਾ ਜਾ ਸਕਦਾ ਹੈ? ਇਹ ਸੁਆਲ ਅਸੀਂ ਜੱਥੇਦਾਰਾਂ ਨੂੰ ਜ਼ਰੂਰ ਕਰਾਂਗੇ। ਬਾਦਲਾਂ ਨੇ ਰਾਜਸੀ ਸ਼ਕਤੀ ਦੇ ਸਹਾਰੇ ਬਹੁਤ ਪਾਪ ਕੀਤੇ ਹਨ। ਹੁਣ ਜਦੋਂ ਸ਼ਕਤੀ ਗੁਆਚ ਗਈ ਤੇ ਵਾਪਸ ਆਉਦੀ ਵੀ ਵਿਖਾਈ ਨਹੀਂ ਦਿੰਦੀ ਤਾਂ ਧਰਮੀ ਹੋਣ ਦਾ ਮਖੌਟਾ ਪਾ ਲਿਆ ਗਿਆ ਹੈ। ਕੀ ਇਹ ਕੌਮ ਨੂੰ ਐਨਾ ਹੀ ਬੇਵਕੂਫ ਮੰਨਦੇ ਹਨ ਕਿ ਉਹ ਇਹਨਾਂ ਦੀ ਡਰਾਮੇਬਾਜ਼ੀ ਨੂੰ ਸਮਝ ਨਹੀ ਸਕੇਗੀ? ਜੇ ਇਹਨਾਂ ਨੇ ਸੱਚੇ ਮਨੋ ਪਛਤਾਵਾ ਕਰਨਾ ਹੁੰਦਾ ਤਾਂ ਉਹ ਪਾਰਟੀ ਤੇ ਸ਼੍ਰੋਮਣੀ ਕਮੇਟੀ ਦਾ ਸਹਾਰਾ ਨਾ ਲੈਂਦੇ, ਸਗੋਂ ਖ਼ੁਦ ਗਲ 'ਚ ਪੱਲੂ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੁੰਦੇ। ਆਪਣੀਆਂ ਗ਼ਲਤੀਆਂ ਦਾ ਜ਼ਿਕਰ ਕਰਕੇ ਪਛਤਾਵਾ ਕਰਦੇ। ਪ੍ਰੰਤੂ ਸੱਚੇ ਮਨੋ ਕੁਝ ਵੀ ਨਹੀਂ ਹੋ ਰਿਹਾ। ਸਿਰਫ਼ ਕੌਮ ਨੂੰ ਬੁੱਧੂ ਬਣਾਉਣ ਦੀ ਖੇਡ ਖੇਡੀ ਜਾ ਰਹੀ ਹੈ। ਇਹ ਲੋਕ ਲੀਡਰ ਇਹ ਕਿਉਂ ਭੁੱਲ ਜਾਂਦੇ ਹਨ ਸਿੱਖ ਸੰਗਤਾਂ ਦੇ ਹਿਰਦਿਆ 'ਚ ਗੁਰੂ ਵੱਸਦਾ ਹੈ । ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਪਏ ਹਨ, ਫ਼ਿਰ ਗੁਰੂ ਮਾਫ਼ੀ ਕਿਵੇਂ ਦੇ ਦੇਵੇਗਾ। ਮਨ ਸਾਫ਼ ਕਰੇ ਤੋਂ ਬਿਨ੍ਹਾਂ ਮਾਫ਼ੀ ਸੰਭਵ ਨਹੀਂ। ਡਰਾਮੇ ਜਿੰਨੀ ਮਰਜ਼ੀ ਕਰੀ ਜਾਣ। ਇਸ ਸਾਰੇ ਡਰਾਮੇ ਉਤੇ ਬੇਸ਼ੱਕ ਇਹਨਾਂ ਦੇ ਵਿਰੋਧੀਆਂ ਨੇ ਵੀ ਕਟਾਖਸ਼ ਕੀਤੇ ਹਨ ਤੇ ਭਾਈਵਾਲ ਭਾਜਪਾ ਨੇ ਵੀ ਰੋਸਾ ਜਤਾਇਆ ਹੈ ਕਿ ਸਰਕਾਰ ਤਾਂ ਸਾਡੀ ਪਾਰਟੀ ਨੇ ਬਰਾਬਰ ਤੇ ਚਲਾਈ ਸੀ, ਫੇਰ ਗਲਤੀ ਇਕੱਲੇ ਇਹਨਾਂ ਤੋ ਹੀ ਹੋਈ, ਜੋ ਉਹ ਮਾਫੀਆਂ ਮੰਗਦੇ ਫਿਰਦੇ ਹਨ।  ਸੁਖਪਾਲ ਖਹਿਰਾ ਨੇ ਤਾਂ ਗੱਲ ਹੀ ਸਿਰਾ ਲਾਈ ਹੈ ਕਿ ਗੁਰੂ ਤਾਂ ਆਪੇ ਮਾਫ ਕਰ ਦੇਵੇਗਾ, ਜੇ ਬਾਦਲਕੇ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਉਹਨਾਂ ਪਰਿਵਾਰਾਂ ਤੋਂ ਮਾਫੀ ਮੰਗਣ ਦਾ ਹੀਆ ਕਰਨ ਜਿਹਨਾਂ ਪਰਿਵਾਰਾਂ ਨੂੰ ਬਾਦਲ ਦੇ ਕਾਰਜਕਾਲ ਵਿੱਚ ਬਰਬਾਦੀ ਦੇ ਰਾਹ ਪਾ ਦਿੱਤਾ ਗਿਆ, ਭਾਵੇਂ ਉਹ ਨਸ਼ੇ ਦਾ ਮੁੱਦਾ ਹੋਵੇ, ਭਾਵੇਂ ਬਹਿਬਲ ਕਲਾਂ ਤੇ ਕੋਟਕਪੁਰਾ ਕਾਂਡ ਹੋਵੇ। ਗਲ ਚ ਪੱਲਾ ਪਾ ਕੇ ਉਹਨਾਂ ਉੱਜੜੇ ਪਰਿਵਾਰਾਂ ਤੋਂ ਬਾਦਲ ਪਰਿਵਾਰ ਜਾ ਕੇ ਮਾਫੀ ਮੰਗੇ, ਗੁਰੂ ਆਪੇ ਮਾਫ ਕਰ ਦੇਵੇਗਾ।

ਰਜਿੰਦਰ ਸਿੰਘ ਪੁਰੇਵਾਲ