image caption: ਲੇਖਕ: ਕੁਲਵੰਤ ਸਿੰਘ ‘ਢੇਸੀ’

ਸਿੰਘ ਸਭਾ ਲਹਿਰ ਦੀ ਪੁਨਰ ਸੁਰਜੀਤੀ ਦੀ ਲੋੜ

 

        ਕਿਸੇ ਵੀ ਵਿਚਾਰਧਾਰਾ ਨੂੰ ਜੀਵਤ ਰੱਖਣ ਲਈ ਉਸ ਦੇ ਸਬੰਧ ਵਿਚ ਲਗਾਤਾਰ ਲਹਿਰ ਚਲਾਈ ਰੱਖਣ ਦੀ ਲੋੜ ਹੁੰਦੀ ਹੈ। ਧਰਮ ਦੇ ਸਬੰਧ ਵਿਚ ਵੀ ਇਹ ਹੀ ਸੱਚਾਈ ਹੈ ਕਿ ਕਿਸੇ ਧਰਮ ਦੀ ਨਿਰਮਲ ਸੱਚਾਈ ਨੂੰ ਪ੍ਰਦੂਸ਼ਣ ਰਹਿਤ ਰੱਖਣ ਲਈ ਉਸ ਧਰਮ ਦੀ ਲਹਿਰ ਨੂੰ ਲਗਾਤਾਰ ਚਲਾਈ ਰੱਖਣ ਦੀ ਲੋੜ ਹੁੰਦੀ ਹੈ। ਮੁਗਲਾਂ ਦੇ ਸਮੇਂ ਮੁਗਲ ਹਾਕਮਾਂ ਨੇ ਸਿੱਖ ਲਹਿਰ ਨੂੰ ਖਤਮ ਕਰਨ ਲਈ ਹਰ ਤਰਾਂ ਦੇ ਜ਼ੁਲਮ ਕੀਤੇ ਪਰ ਮੁਗਲ ਹਾਕਮਾਂ ਤੋਂ ਸਿੱਖੀ ਦੀ ਸੱਚਾਈ ਵਿਚ ਖੋਟ ਪਾਉਣ ਲਈ ਕੋਈ ਸਿਧਾਂਤਕ ਹਮਲਾ ਨਾ ਹੋ ਸਕਿਆਇੱਹ ਵੱਖਰੀ ਗੱਲ ਹੈ ਕਿ ਗੁਰੂ ਪਰਿਵਾਰ ਵਿਚੋਂ ਸ੍ਰੀ ਚੰਦੀਏ, ਪ੍ਰਿਥੀ ਚੰਦੀਏ, ਧੀਰ ਮੱਲੀਏ ਜਾਂ ਰਾਮ ਰਾਈਆਂ ਨੇ ਮੁਗਲਾਂ ਤੋਂ ਮੱਦ ਲੈ ਕੇ ਜਾਂ ਮੁਗਲਾਂ ਦੀ ਸ਼ਹਿ &lsquoਤੇ ਗੁਰੂ ਸਾਹਿਬਾਨ ਉੱਤੇ ਜਾਂ ਸਿੱਖ ਸਿਧਾਂਤ &lsquoਤੇ ਹਮਲੇ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕੇ ਬਿੱਪਰ ਦੀ ਹਮੇਸ਼ਾਂ ਹੀ ਕੋਸ਼ਿਸ਼ ਰਹੀ ਹੈ ਕਿ ਵਰਣ ਵੰਡ &lsquoਤੇ ਅਧਾਰਤ ਉਸ ਦੇ ਫੈਲਾਏ ਜਾਲ ਵਿਚ ਉਹ ਹਮੇਸ਼ਾਂ ਹੀ ਸਿੱਖਰ &lsquoਤੇ ਬੈਠਾ ਚੰਮ ਦੀਆਂ ਚਲਾਏ ਅਤੇ ਬਾਕੀ ਸਭ ਜਨਤਾ ਨੂੰ ਅਛੂਤ ਆਖ ਕੇ ਲੋਕਾਂ ਨੂੰ ਹੀਨ ਭਾਵਨਾ ਨਾਲ ਭਰ ਕੇ ਆਪ ਖੁਦ ਮਾਈ ਬਾਪ ਬਣਿਆ ਰਹੇ। ਜਿਓਂ ਹੀ ਸਿੱਖੀ ਦਾ ਸੂਰਜ ਉਦੈ ਹੋਇਆ ਤਾਂ ਬਿੱਪਰ ਨੂੰ ਸਿੱਖ ਧਰਮ ਸਾਖਸ਼ਾਤ ਆਪਣੀ ਮੌਤ ਦਿੱਸਦਾ ਸੀ ਇਹ ਹੀ ਕਾਰਨ ਹੈ ਕਿ ਬਾਈਧਾਰ ਦੇ ਹਿੰਦੂ ਰਾਜਿਆਂ ਤੋਂ ਇਲਾਵਾ ਚੰਦੂ ਲਾਲ, ਜਸਪਤ ਰਾਏ ਅਤੇ ਲੱਖਪਤ ਰਾਏ ਵਰਗੇ ਅਨੇਕਾਂ ਬਿੱਪਰ ਦੀਵਾਨਾਂ ਨੇ ਸਿੱਖੀ ਨਾਲ ਵੈਰ ਕਮਾਉਣ ਵਿਚ ਕੋਈ ਵੀ ਕਸਰ ਨਾ ਛੱਡੀ।

    ਮੁਗਲਾਂ ਦੇ ਜਾਣ ਮਗਰੋਂ ਸਿੱਖ ਮਿਸਲਾਂ ਦਾ ਰਾਜ ਆਇਆ ਤਾਂ ਵੀ ਸਿੱਖ ਸਿਧਾਂਤ ਵਿਚ ਖੋਟ ਪਾਉਣ ਦੀ ਬਿੱਪਰ ਦੀ ਕੋਈ ਕੋਸ਼ਿਸ਼ ਕਾਮਯਾਬ ਨਾ ਹੋਈ ਪਰ ਇਹ ਇੱਕ ਕੌੜੀ ਸਚਾਈ ਹੈ ਕਿ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਹੀ ਸਿੱਖ ਸਿਧਾਂਤ ਅਤੇ ਸਿੱਖ ਰਹਿਤ &lsquoਤੇ ਬਿੱਪਰ ਵਲੋਂ ਮੁੜ ਹਮਲੇ ਸ਼ੁਰੂ ਹੋ ਗਏ। ਕਿਹਾ ਜਾਂਦਾ ਹੈ ਕਿ ਸਿੱਖ ਮਹਾਂਰਾਜੇ ਰਣਜੀਤ ਸਿੰਘ ਦੇ ਮਨ ਵਿਚ ਸਿੱਖ ਧਰਮ ਦਾ ਬਹੁਤ ਸਤਿਕਾਰ ਸੀ ਪਰ ਉਹ ਮਹਾਂਰਾਜਾ ਸਿੱਖ ਸਿਧਾਂਤਾ ਪ੍ਰਤੀ ਕਿੰਨਾ ਕੁ ਸਮਰਪਿਤ ਹੋਵੇਗਾ ਜਿਸ ਨੂੰ ਇੱਕ ਤਵਾਇਫ ਤੇ ਨਾਚੀ ਮੋਰਾਂ ਨਾਲ ਵਿਆਹ ਰਚਾਉਣ ਦੇ ਜ਼ੁਰਮ ਵਿਚ ਅਕਾਲੀ ਫੂਲਾ ਸਿੰਘ ਵਲੋਂ ਮਹਾਂਰਾਜੇ ਦੀਆਂ ਮਸ਼ਕਾਂ ਬੰਨ੍ਹ ਕੇ ਇਮਲੀ ਦੇ ਦਰੱਖਤ ਨਾਲ ਬੰਨ੍ਹ ਕੇ ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ ਹੋਵੇ। ਇਤਹਾਸਕ ਸਰੋਤਾਂ ਮੁਤਾਬਕ ਮਹਾਂਰਾਜੇ ਨੇ ਵੀਹ ਰਾਣੀਆਂ ਦੇ ਨਾਲ ਨਾਲ ਦੋ ਮੁਸਲਮਾਨ ਕੰਜਰੀਆਂ ਰੱਖੀਆਂ ਹੋਈਆਂ ਸਨ ਜਿਹਨਾ ਨੇ ਧਰਮ ਨਹੀਂ ਸੀ ਬਦਲਿਆਂ ਅਤੇ ਸਿੱਖ ਦਰਬਾਰ ਵਿਚ ਉਹਨਾ ਵਾਸਤੇ ਮਸੀਤਾਂ ਬਣਾਈਆਂ ਹੋਈਆਂ ਸਨ। ਸਿੱਖ ਦਰਬਾਰ ਵਿੱਚ ਬਿੱਪਰ ਇਸ ਕਦਰ ਜਾਲ ਫੈਲਾਉਣ ਵਿਚ ਕਾਮਯਾਬ ਹੋ ਗਿਆ ਕਿ ਮਹਾਂਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਉਸ ਦੀਆਂ ਰਾਣੀਆਂ ਨੂੰ ਵੀ ਉਸ ਦੀ ਚਿਖਾ &lsquoਤੇ ਸਤੀ ਕਰ ਦਿੱਤਾ ਗਿਆ। ਇਹ ਉਹ ਸਮਾਂ ਸੀ ਕਿ ਸਿੱਖ ਦਰਬਾਰ ਦਾ ਪ੍ਰਧਾਨ ਮੰਤਰੀ ਰਾਜਪੂਤ ਹਿੰਦੂ ਧਿਆਨ ਸਿੰਘ ਡੋਗਰੇ ਨੇ ਆਪਣੇ ਰਾਜ ਗੁਰੂ ਪੰਡਤ ਜੱਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੱਖ ਧਰਮ ਦਾ ਹਿੰਦੂਕਰਨ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਵਿਆਖਿਆ ਲਿਖਣੀ ਅਤੇ ਪੜ੍ਹਨੀ ਬਹੁਤ ਦੁਖਦਾਇਕ ਤਾਂ ਹੈ ਪਰ ਸਿੱਖ ਸਿੱਧਾਂਤ ਦੇ ਮੁੱਦੇ &lsquoਤੇ ਕਿਸੇ ਵੀ ਵਿਅਕਤੀ ਵਿਸ਼ੇਸ਼ ਨਾਲ ਲਿਹਾਜ ਨਹੀਂ ਕੀਤਾ ਜਾ ਸਕਦਾ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਡੋਗਰਿਆਂ ਨੇ ਸਿੱਖ ਗੁਰਦੁਆਰਿਆਂ ਅਤੇ ਧਾਰਮਕ ਰਵਾਇਤਾਂ ਨਾਲ ਜੋ ਕੁਝ ਕੀਤਾ ਉਸ ਪ੍ਰਤੀ ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਦੇ ਸਫਾ 417 &lsquoਤੇ ਇੰਝ ਲਿਖਦੇ ਹਨ:
     &rdquo
ਸਤਿਗੁਰਾਂ ਦੇ ਵੇਲੇ ਅਤੇ ਬੁੱਢੇ ਦਲ ਦੇ ਸਮੇਂ ਗੁਰਦੁਆਰਿਆਂ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ। ਗੁਰਦੁਆਰਿਆਂ ਦੀ ਸੇਵਾ &lsquoਤੇ (ਗੁਰਦੁਆਰੇ ਦਾ ਪ੍ਰਬੰਧਕ / ਸੇਵਾਦਾਰ ) ਉਹ ਸਿੱਖ ਹੀ ਹੋਇਆ ਕਰਦਾ ਜੋ ਵਿਦਵਾਨ ਗੁਰਮਤਿ ਦਾ ਪੱਕਾ ਅਤੇ ਉਚੇ ਆਚਾਰ ਵਾਲਾ ਹੁੰਦਾ। ਜ਼ਮਾਨੇ ਦੀ ਗਰਦਿਸ਼ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਡੋਗਰਿਆਂ ਦੀ ਪ੍ਰਧਾਨਗੀ ਵਿਚ ਮੁੱਖ ਗੁਰਦੁਆਰਿਆਂ ਦਾ ਪ੍ਰਬੰਧ ਸਾਰਾ ਉਲਟ ਪੁਲਟ ਕਰ ਦਿੱਤਾ। ਜਿਸ ਦਾ ਅਸਰ ਦੇਸ਼ ਦੇ ਗੁਰਦੁਆਰਿਆਂ &lsquoਤੇ ਵੀ ਹੌਲੀ ਹੌਲੀ ਹੋਇਆ ਅਰ ਕੌਮ ਵਿਚੋਂ ਗੁਰਮਤਿ ਪ੍ਰਚਾਰ ਅਲੋਪ ਹੁੰਦਾ ਗਿਆ, ਤਿਉਂ ਤਿਉਂ ਮਰਿਆਦਾ ਵੀ ਬਿਗੜ ਦੀ ਗਈ ਅਰ ਇਥੋਂ ਤਕ ਦੁਰਦਸ਼ਾ ਹੋਈ ਕਿ ਸਿੱਖ ਗੁਰਦੁਆਰੇ ਕੇਵਲ ਕਹਿਣ ਨੂੰ ਹੀ ਗੁਰਧਾਮ ਰਹਿ ਗਏ।&rdquo

      ਇਕ ਗੱਲ ਖਿਆਲ ਕਰਨ ਵਾਲੀ ਹੈ ਕਿ ਭਾਰਤ ਵਿਚ ਬਿੱਪਰ ਨੇ ਕਰਮ ਕਾਂਡ ਰਹਿਤ ਕੋਈ ਵੀ ਧਰਮ ਵਿਕਸਿਤ ਨਹੀਂ ਸੀ ਹੋਣ ਦਿੱਤਾ ਭਾਵੇਂ ਉਹ ਬੁੱਧ ਧਰਮ ਸੀ, ਜੈਨ ਧਰਮ ਜਾਂ ਕੋਈ ਹੋਰ। ਸਿੱਖਾਂ ਦੇ ਧਾਰਮਕ ਅਤੇ ਰਾਜਨੀਤਕ ਆਗੂ ਹਮੇਸ਼ਾਂ ਹੀ ਜੰਗਾਂ ਯੁੱਧਾਂ ਵਿਚ ਰੁਝੇ ਹੋਏ ਰਹੇ ਕਾਰਨ ਸਿੱਖ ਧਰਮ ਵਿਚ ਨਿਰਮਲਿਆਂ, ਉਦਾਸੀਆਂ ਅਤੇ ਹੋਰ ਡੇਰਿਆਂ ਦਾ ਪ੍ਰਚਾਰ ਪ੍ਰਸਾਰ ਵਿਚ ਮੁਖ ਯੋਗਦਾਨ ਰਿਹਾ। ਇਹਨਾ ਡੇਰਿਆਂ ਦੇ ਆਗੂਆਂ ਦੇ ਮਨਾਂ ਵਿਚ ਸਿੱਖ ਗੁਰੂ ਸਾਹਿਬਾਨ ਪ੍ਰਤੀ ਭਾਵੇਂ ਸ਼ਰਧਾ ਸੀ ਪਰ ਇਹ ਬਹੁ ਦੇਵ ਵਾਦ ਅਤੇ ਕਰਮਕਾਂਡ ਦੇ ਧਾਰਨੀ ਵੀ ਸਨ। ਫਿਰੰਗੀ ਦਾ ਰਾਜ ਆਇਆ ਤਾਂ ਸਿੱਖੀ ਵਿਚੋਂ ਤੱਤ ਖਾਲਸਾਈ ਅਸੂਲਾਂ ਨੂੰ ਖਾਰਜ ਕਰਨ ਲਈ ਉਸ ਨੇ ਇਹਨਾ ਡੇਰਿਆਂ ਦਾ ਆਸਰਾ ਲਿਆ ਅਤੇ ਮਹੰਤਾਂ ਦਾ ਕਾਲਾ ਦੌਰ ਸ਼ੁਰੂ ਹੋਇਆ। ਜਿਸ ਵੇਲੇ ਪੰਥ ਦੇ ਪ੍ਰਮੁਖ ਅਸਥਾਨ ਇਹਨਾ ਮਹੰਤਾਂ ਦੇ ਹੱਥਾਂ ਵਿਚ ਚਲੇ ਗਏ ਤਾਂ ਇਹਨਾ ਨੇ ਹਰ ਤਰਾਂ ਦੇ ਕਰਮ ਕਾਂਡ ਅਤੇ ਮੂਰਤੀ ਪੂਜਾ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ। ਗੱਲ ਇਸ ਹੱਦ ਤਕ ਵਿਗੜ ਗਈ ਕਿ ਦਰਬਾਰ ਸਾਹਿਬ ਵਿਚ ਵੀ ਮੂਰਤੀਆਂ ਸਥਾਪਤ ਕਰ ਦਿੱਤੀਆਂ ਗਈਆਂ। ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਸਿੱਖ ਪੰਥ ਦਾ ਅਹਿਮ ਅਸਥਾਨ ਸੀ ਪਰ ਇਥੇ ਵੀ ਮਹੰਤ ਨਰੈਣ ਦਾਸ ਅਤੇ ਉਸ ਦੇ ਗੁੰਡੇ ਮਨ ਆਈਆਂ ਕਰਦੇ ਸਨ। ਜਿਸ ਵੇਲੇ 20 ਫਰਵਰੀ 1921 ਨੂੰ ਮਹੰਤ ਨਰੈਣ ਦਾਸ ਨੇ ਨਨਕਾਣਾ ਸਾਹਿਬ ਵਿਖੇ ਡੇੜ ਸੌ ਤੋਂ ਉਪਰ ਸਿੰਘਾਂ ਨੂੰ ਬੜੀ ਹੀ ਬੇਦਰਦੀ ਨਾਲ ਕਤਲ ਕਰ ਦਿੱਤਾ ਤਾਂ ਇਹ ਖਬਰ ਪੰਥ ਵਿਚ ਅੱਗ ਵਾਂਗ ਫੈਲ ਗਈ। ਖਿਆਲ ਕਰਨ ਵਾਲੀ ਗੱਲ ਇਹ ਹੈ ਕਿ ਮਹੰਤਾਂ ਨੂੰ ਸ਼ਹਿ ਕੇਵਲ ਫਿਰੰਗੀ ਦੀ ਹੀ ਨਹੀਂ ਸੀ ਸਗੋਂ ਆਰੀਆ ਸਮਾਜ, ਹਿੰਦੂ ਨੁਮਾਇੰਦਾ ਕਾਂਗਰਸੀ ਰਾਜਨੀਤਕ ਦਲ ਅਤੇ ਹਿੰਦੂ ਜਥੇਬੰਦੀਆਂ ਵਲੋਂ ਵੀ ਇਹਨਾ ਮਹੰਤਾਂ ਦੀ ਪਿੱਠ ਠੋਕੀ ਜਾਂਦੀ ਸੀ।

 ਸਿੰਘ ਸਭਾ ਲਹਿਰ ਦੀ ਸਥਾਪਨਾ

       ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸਿੱਖ ਗਿਣਤੀ ਵਿਚ ਤੇਜੀ ਨਾਲ ਵਾਧਾ ਹੋਇਆ ਸੀ। ਬਹੁਤ ਸਾਰੇ ਲੋਕ ਸਿਰਫ ਬਾਹਰੀ ਤੌਰ ਤੇ ਸਿੱਖ ਸਜੇ ਸਨ ਪਰ ਅੰਦਰੂਨੀ ਤੌਰ &lsquoਤੇ ਉਹ ਹਿੰਦੂ ਕਰਮ ਕਾਂਡ ਦੇ ਧਾਰਨੀ ਹੀ ਸਨ। ਸਿੱਖੀ ਵਿਚ ਆ ਰਹੀ ਗਿਰਾਵਟ ਨੂੰ ਮਹਿਸੂਸ ਕਰਕੇ ਅਕਤੂਬਰ 1873 ਸ: ਠਾਕਰ ਸਿੰਘ ਸੰਧਾਵਾਲੀਆ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਵਿਖੇ ਇੱਕ ਇਕੱਠ ਕੀਤਾ ਗਿਆ। ਇਸ ਇਕੱਠ ਵਿਚ ਸਿੱਖ ਧਰਮ ਨੂੰ ਵਿਆਪਕ ਚਣੌਤੀਆਂ ਦਾ ਟਾਕਰਾ ਕਰਨ ਲਈ ਸਿੰਘ ਸਭਾ ਅੰਮ੍ਰਤਸਰ ਦਾ ਗਠਨ ਕੀਤਾ ਗਿਆਗਿਆਨੀ ਗਿਆਨ ਸਿੰਘ ਇਸ ਸਭਾ ਦੇ ਸਕੱਤਰ ਸਨ। ਇਸ ਸਭਾ ਦਾ ਮੁਖ ਕਾਰਜ ਸਿੱਖ ਰਹਿਤ ਮਰਿਯਾਦਾ ਦੀ ਸਥਾਪਤੀ ਅਤੇ ਧਾਰਮਕ ਸ੍ਰੋਤਾਂ ਦੀ ਸੋਧ ਕਰਨਾ ਸੀ। ਸਿੱਖੀ ਪ੍ਰਚਾਰ ਨੂੰ ਸਮੇਂ ਦੇ ਹਾਣ ਦਾ ਕਰਨ ਲਈ ਪੰਜਾਬੀ ਵਿਚ ਅਖਬਾਰ ਅਤੇ ਰਸਾਲੇ ਪ੍ਰਕਾਸ਼ਤ ਕਰਨ ਦਾ ਯਤਨ ਕੀਤਾ ਗਿਆ। ਸਿੱਖੀ ਸਿਧਾਂਤ &lsquoਤੇ ਕੁਝ ਮੱਤਭੇਦ ਹੋਣ ਕਾਰਨ ਸਿੰਘ ਸਭਾ ਅੰਮ੍ਰਿਤਸਰ ਅਤੇ ਸਿੰਘ ਸਭਾ ਲਹੌਰ ਦੋਵੇਂ ਲਹਿਰਾਂ ਇੱਕ ਦੂਜੇ ਦੇ ਸਮਾਨ ਅੰਤਰ ਕੰਮ ਕਰਦੀਆਂ ਰਹੀਆਂ। ਗਿਆਨੀ ਦਿੱਤ ਸਿੰਘ, ਗਿਆਨੀ ਗੁਰਮੁਖ ਸਿੰਘ, ਭਾਈ ਕਾਨ ਸਿੰਘ ਨਾਭਾ ਅਤੇ ਭਾਈ ਵੀਰ ਸਿੰਘ ਅਨੇਕਾਂ ਐਸੇ ਨਾਮ ਹਨ ਜਿਹਨਾ ਨੇ ਵਿੱਦਿਅਕ ਘਾਟ ਨੂੰ ਪੂਰਿਆਂ ਕਰਨ ਲਈ ਦਿਨ ਰਾਤ ਇੱਕ ਕਰ ਦਿੱਤਾ। ਇਸ ਦੇ ਨਤੀਜੇ ਵਜੋਂ ਖਾਲਸਾ ਸਕੂਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਟੀ ਸ੍ਰੀ ਅੰਮ੍ਰਿਤਸਰ ਹੋਂਦ ਵਿਚ ਆਏ। ਸਿੰਘ ਸਭਾ ਦਾ ਪੂਰਾ ਇਤਹਾਸ ਲਿਖਣ ਲਈ ਇਕ ਵੱਖਰੇ ਲੇਖ ਦੀ ਲੋੜ ਹੈ ਪਰ ਇਸ ਲੇਖ ਵਿਚ ਇਹ ਪਿਛੋਕੜ ਦੇਣ ਦਾ ਭਾਵ ਇਹ ਹੈ ਕਿ ਅੱਜ ਵੀ ਸਿੱਖੀ ਨੂੰ ਦਰਪੇਸ਼ ਸਮੱਸਿਆਵਾਂ ਦਾ ਮੁਲਾਂਕਣ ਕਰਨ ਅਤੇ ਵਿਆਪਕ ਚਣੌਤੀਆਂ ਨਾਲ ਸਿੱਝਣ ਲਈ ਸਿੰਘ ਸਭਾ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।

ਅਜੋਕੇ ਹਾਲਾਤ

         ਅੱਜ ਸਿੱਖੀ ਨੂੰ ਸਭ ਤੋਂ ਵੱਡਾ ਖਤਰਾ ਸਿੱਖੀ ਦੇ ਸਿਆਸੀ ਕਰਨ ਤੋਂ ਹੈ। ਹੁਣ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਡੇਰਾਵਾਦ ਦੀ ਚੜ੍ਹਤ ਮਗਰ ਅਜੋਕੇ ਅਖੌਤੀ ਅਕਾਲੀ ਦਲ ਬਾਦਲ ਦਾ ਹੱਥ ਰਿਹਾ ਹੈ। ਹਾਲਾਤ ਏਨੇ ਨਿੱਘਰ ਗਏ ਹਨ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਉਹਨਾ ਤਨਖਾਹੀਆਂ ਵਿਚੋਂ ਹੈ ਜਿਹਨਾ ਨੇ ਸੌਦਾ ਸਾਧ ਦੀ ਸਟੇਜ &lsquoਤੇ ਜਾ ਕੇ ਪੰਜਾਬ ਵਿਚ ਉਸ ਦੀ ਨਾਮ ਚਰਚਾ ਕਰਵਾਉਣ ਦਾ ਬਚਨ ਕੀਤਾ ਸੀ। ਸ੍ਰੀ ਅਕਾਲ ਤਖਤ ਦੇ ਹੁਣੇ ਹੁਣੇ ਸੇਵਾ ਮੁਕਤ ਹੋਏ ਜਥੇਦਾਰ ਗਿ: ਗੁਰਬਚਨ ਸਿੰਘ ਨੇ ਬਾਦਲਾਂ ਦੇ ਕਹਿਣ &lsquoਤੇ ਸੌਦਾ ਸਾਧ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਜਥੇਦਾਰ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਰੁਤਬੇ ਦਾ ਮਜ਼ਾਕ ਬਣਾ ਦਿੱਤਾ। ਬਰਗਾੜੀ ਗੋਲੀਕਾਂਡ ਪਿੱਛੇ ਬਾਦਲਾਂ ਦਾ ਹੱਥ ਜੱਗ ਜਾਹਰ ਹੋ ਚੁੱਕਾ ਹੈ। ਇਹ ਖੇਤ ਨੂੰ ਵਾੜ ਦੇ ਖਾਣ ਦੇ ਹਾਲਾਤ ਹਨਜਿਹਨਾ ਵਿਅਤਕਤੀਆਂ ਅਤੇ ਸੰਸਥਾਵਾਂ ਨੇ ਸਿੱਖ ਧਰਮ ਦੀ ਰੱਖਿਆ ਕਰਨੀ ਸੀ ਉਹੀ ਹੀ ਸਿੱਖੀ ਦੇ ਜੜ੍ਹੀਂ ਤੇਲ ਦੇਣ ਲੱਗ ਪਏ

        ਪੰਜਾਬ ਦਾ ਸੰਤ ਸਮਾਜ ਵੀ ਬਾਦਲਾਂ ਦੀ ਜੀ ਹਜੂਰੀ ਵਿਚ ਲੱਗ ਗਿਆ ਅਤੇ ਉਹਨਾ ਦੀ ਕਾਮਯਾਬੀ ਲਈ ਅਰਦਾਸਾਂ ਕਰਨ ਲੱਗ ਪਿਆ। ਸੰਤ ਸਮਾਜ ਦੇ ਆਗੂ ਅਤੇ ਉਹਨਾ ਦੇ ਅਹਿਲਕਾਰ ਸਿੱਖ ਰਹਿਤ ਮਰਿਯਾਦਾ ਤੋਂ ਬਾਗੀ ਹੋ ਗਏ ਅਤੇ ਇਹਨਾ ਆਗੂਆਂ ਨੇ ਆਪਣੀ ਸੰਪ੍ਰਦਾ ਨੂੰ ਹੀ ਸਿੱਖ ਪੰਥ ਗਰਦਾਨਣ ਲਈ ਸਾਜਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹਨਾ ਸਾਜਸ਼ਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕਾ ਕਰਨਾ, ਸਿੱਖ ਰਹਿਤ ਮਰਿਯਾਦਾ ਨੂੰ ਅੰਗ੍ਰੇਜ਼ਾਂ ਦੁਆਰਾ ਕਹਿ ਕੇ ਭੰਡਣਾਂ, ਤੱਤ ਗੁਰਮਤ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨੂੰ ਪੰਥ ਦੀਆਂ ਸਟੇਜਾਂ ਤੋਂ ਲਾਂਹਬੇ ਕਰਨਾ ਅਤੇ ਉਹਨਾ ਤੇ ਜਾਨੀ ਹਮਲੇ ਕਰਨੇ ਅਤੇ ਉਹਨਾ ਦੀਆਂ ਦਸਤਾਰਾਂ ਉਤਾਰਨੀਆਂ ਸ਼ਾਮਲ ਹੈ। ਪੰਜਾਬ ਵਿਚਲੇ ਆਪਣੇ ਆਗੂਆਂ ਦੇ ਇਸ਼ਾਰੇ &lsquoਤੇ ਇਸ ਤਰਾਂ ਦੀਆਂ ਸਾਜਸ਼ਾਂ ਬਾਹਰਲੇ ਦੇਸ਼ਾਂ ਵਿਚ ਵੀ ਜਾਰੀ ਹਨ। ਇਹਨਾ ਦੇ ਕਾਰਨ ਗੁਰਦੁਆਰਿਆਂ ਦਾ ਮਹੌਲ ਖਰਾਬ ਹੋ ਰਿਹਾ ਹੈ। ਕਿਸੇ ਵੀ ਹੋਰ ਧਰਮ ਵਿਚ ਇਸ ਤਰਾਂ ਦੀ ਮਾਰ ਕੁਟਾਈ ਅਤੇ ਆਪਣੇ ਇਸ਼ਟ ਦੀ ਬੇਅਦਬੀ ਨਹੀਂ ਹੋ ਰਹੀ ਜਿਵੇਂ ਕਿ ਅੱਜ ਸਿੱਖ ਧਰਮ ਵਿਚ ਹੋ ਰਹੀ ਹੈ।

       ਗੁਰਦੁਆਰਿਆਂ ਵਿਚ ਪੂਰਨ ਤੌਰ &lsquoਤੇ ਪੰਥ ਪ੍ਰਵਾਣਤ ਰਹਿਤ ਮਰਿਯਾਦਾ ਲਾਗੂ ਹੋਵੇ ਅਤੇ ਪੰਥਕ ਪ੍ਰਚਾਰਕਾਂ &lsquoਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਖਤਮ ਕਰਨ ਦਾ ਇੱਕੋ ਇੱਕ ਹੱਲ ਇਹ ਹੀ ਹੈ ਕਿ ਸਿੰਘ ਸਭਾ ਲਹਿਰ ਨੂੰ ਮੁੜ ਤੋਂ ਸੁਰਜੀਤ ਕੀਤਾ ਜਾਵੇ। ਬਾਰਹਲੇ ਦੇਸ਼ਾਂ ਵਿਚ ਪੰਥ ਵਿਰੋਧੀਆਂ ਨੂੰ ਅਖੌਤੀ ਅਕਾਲੀਆਂ , ਭਾਰਤੀ ਸਰਕਾਰ ਜਾਂ ਆਰ ਐਸ ਐਸ ਵਰਗੀਆਂ ਸ਼ਕਤੀਆਂ ਦੀ ਹੱਲਾਸ਼ੇਰੀ ਪ੍ਰਾਪਤ ਨਹੀਂ ਹੈ, ਇਸ ਕਾਰਨ ਇਹਨਾ ਦੇ ਜੱਫੇ ਤੋਂ ਗੁਰਦੁਆਰੇ ਅਜ਼ਾਦ ਕਰਾਉਣੇ  ਏਨੇ ਮੁਸ਼ਕਲ ਨਹੀਂ ਹਨ, ਲੋੜ ਸਿਰਫ ਜਥੇਬੰਦਕ ਹੋਣ ਦੀ ਹੈ। ਚੇਤੇ ਰਹੇ ਕਿ ਸਿੰਘ ਸਭਾ ਲਹਿਰ ਦਾ ਆਪਣਾ ਮਾਣ ਮੱਤਾ ਇਤਹਾਸ ਰਿਹਾ ਹੈ ਜਿਸ ਤੋਂ ਕੋਈ ਵੀ ਹੋਸ਼ਮੰਦ ਵਿਅਕਤੀ ਇਨਕਾਰੀ ਨਹੀਂ ਹੋ ਸਕਦਾ। ਚੇਤੇ ਰਹੇ ਕਿ ਸਿੰਘ ਸਭਾ ਲਹਿਰ, ਸਿੰਘ ਸਭਾ ਗੁਰਦੁਆਰਿਆਂ ਅਤੇ ਪੰਥਕ ਰਹਿਤ ਮਰਿਯਾਦਾ ਦਾ ਵਿਰੋਧ ਕਰਨ ਵਾਲੇ ਚੰਦ &lsquoਤੇ ਥੁੱਕਣ ਦੀ ਕੋਸ਼ਿਸ਼ ਵਿਚ ਆਪਣੇ ਹੀ ਚਿਹਰੇ ਕਰੂਪ ਕਰ ਰਹੇ ਹਨ। ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਚੰਗਾ ਹੈ ਇਹਨਾ ਭੁੱਲੜਾਂ ਨੂੰ ਇਸ ਭੁੱਲ ਦਾ ਗਿਆਨ ਹੋ ਜਾਵੇ। ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਅਸਿੱਧੇ ਤੌਰ &lsquoਤੇ ਚਣੌਤੀ ਦੇਣ ਵਾਲਿਆਂ ਤੋਂ ਸਿੱਖ ਸੰਗਤਾਂ ਨੂੰ ਖਬਰਦਾਰ ਹੋਣਾ ਬਹੁਤ ਜਰੂਰੀ ਹੈ। ਸਿੱਖੀ ਦਾ ਭਵਿੱਖ ਇੱਕ ਗ੍ਰੰਥ ਅਤੇ ਇੱਕ ਪੰਥ ਨਾਲ ਹੈ। ਸਿੰਘ ਸਭਾ ਲਹਿਰ ਨੂੰ ਮੁੜ ਸੁਰਜੀਤ ਕਰਕੇ ਸਰਕਾਰੀ ਸਾਧਾਂ ਅਤੇ ਉਹਨਾ ਦੇ ਇਸ਼ਾਰਿਆਂ &lsquoਤੇ ਚੱਲਣ ਵਾਲੇ ਪੰਥ ਵਿਰੋਧੀਆਂ ਤੋਂ ਗੁਰਦੁਆਰਿਆਂ ਨੂੰ ਅਜ਼ਾਦ ਕਰਵਾਉਣਾ ਮੌਕੇ ਦੀ ਫੌਰੀ ਲੋੜ ਹੈ।

ਲੇਖਕ: ਕੁਲਵੰਤ ਸਿੰਘ &lsquoਢੇਸੀ&rsquo

 

 

======================