image caption: -ਰਜਿੰਦਰ ਸਿੰਘ ਪੁਰੇਵਾਲ

ਸਿੱਖ ਲੀਡਰ ਭਗਵੇਂ ਟੋਲੇ ਤੋਂ ਜ਼ਰਾ ਸਾਵਧਾਨ ਰਹਿਣ

      ਭਗਵੇਂ ਟੋਲੇ ਦਾ ਸਿੱਖੀ ਉਤੇ ਇਕ ਹੋਰ ਵਾਰ ਹੋਣ ਵਾਲਾ ਹੈ, ਸਿਆਸੀ ਘੁਸਰ ਮੁਸਰ ਚੱਲ ਰਹੀ ਹੈ ਕਿ ਖਾਸ ਏਜੰਡੇ ਰਾਹੀਂ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਇੱਕ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭਿਜਵਾ ਕੇ ਸਿੱਖ ਪੰਥ ਦੇ ਨਾਇਕ ਬਣੇ ਸੀਨੀਅਰ ਵਕੀਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਚੁਕੇ ਐਚ. ਐਸ. ਫੂਲਕਾ ਨੂੰ ਭਾਜਪਾ ਨੇ ਆਪਣੀ ਛੱਤਰੀ ਤੇ ਬਿਠਾਉਣ ਲਈ ਚੋਗਾ ਖਿਲਾਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੀ ਸਿਆਸਤ ਵਿੱਚ ਬਾਦਲਾਂ ਨੂੰ ਸਿੱਖ ਕੌਮ ਵੱਲੋਂ ਨਕਾਰ ਦਿੱਤੇ ਜਾਣ ਤੋਂ ਬਾਅਦ ਭਾਜਪਾ ਕਿਸੇ ਹੋਰ ਸਿੱਖ ਚਿਹਰੇ ਦੀ ਭਾਲ ਕਰ ਰਹੀ ਹੈ, ਜੀਹਨੂੰ ਅੱਗੇ ਲਾ ਕੇ ਸਿੱਖਾਂ ਨੂੰ ਵਕਤੀ ਤੌਰ ਤੇ ਖੁਸ਼ ਕੀਤਾ ਜਾ ਸਕੇ। ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਰਹੀ ਕਿ  ਬੈਂਸ ਭਰਾਵਾਂ ਤੋਂ ਲੈ ਕੇ ਚੰਦੂਮਾਜਰਾ ਤੇ ਢੀਂਡਸਾ ਤੱਕ ਨੂੰ ਭਾਜਪਾ ਨੇ ਚੋਗਾ ਪਾਉਣ ਦਾ ਹਰ ਸੰਭਵ ਯਤਨ ਕੀਤਾ ਹੈ। ਅੱਜ ਜੋ ਪੰਜਾਬ ਦੀ ਸਿਆਸੀ ਸਥਿਤੀ ਹੈ, ਉਸ ਤੋਂ ਸਾਫ ਹੀ ਝਲਕਦਾ ਹੈ ਕਿ ਪੰਜਾਬ ਦੇ ਬੇਚੈਨ ਲੋਕ ਸਥਾਪਿਤ ਧਿਰਾਂ ਕਾਂਗਰਸ, ਬਾਦਲ ਤੇ ਆਪਕਿਆਂ ਤੋਂ ਅੱਕੇ ਹੋਏ ਹਨ। ਬਾਦਲਾਂ ਪ੍ਰਤੀ ਨਫ਼ਰਤ ਹਾਲੇ ਠੰਡੀ ਨਹੀਂ ਹੋਈ।
ਕਾਂਗਰਸ ਨੇ ਪੰਜਾਬ ਦਾ ਬੇੜਾ ਬਿਠਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਆਪ ਦੀ ਫੁੱਟ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੋਇਆ ਹੈ। ਇਸ ਕਾਰਣ ਪੰਜਾਬ 'ਚ ਨਵੇਂ ਬਦਲ ਦੀ ਲੋੜ ਤਾਂ ਮਹਿਸੂਸ ਕੀਤੀ ਜਾ ਰਹੀ ਹੈ, ਅਜਿਹੇ ਸਮੇਂ ਖਾਲੀ ਮੈਦਾਨ ਵਿਚ ਸਿੱਖ ਚਿਹਰੇ ਨੂੰ ਅੱਗੇ ਕਰਕੇ ਭਾਜਪਾ ਸਿੱਖ ਵੋਟਰਾਂ 'ਚ ਸੰਨ੍ਹ ਲਾਉਣ ਦੀ ਕੋਸ਼ਿਸ਼ 'ਚ ਹੈ। ਕਰਤਾਰਪੁਰ ਸਾਹਿਬ ਲਾਂਘਾ ਅਤੇ ਸੱਜਣ ਕੁਮਾਰ ਨੂੰ ਜੇਲ ਆਦਿ ਮੁਦਿਆਂ ਦੀ ਡਫਲੀ ਵਜਾ ਕੇ ਭਾਜਪਾ ਪਹਿਲਾਂ ਹੀ ਖੁਦ ਨੂੰ ਸਿੱਖਾਂ ਦੀ ਹਮਦਰਦ ਐਲਾਨਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਵੀ ਚੱਟੇ ਦਿਨ ਵਾਂਗ ਸਾਫ ਹੈ ਕਿ ਇਸ ਵਾਰ ਵੀ ਭਾਜਪਾ ਨੇ  ਲੋਕ ਸਭਾ ਚੋਣਾਂ ਰਾਮ ਮੰਦਿਰ ਨੂੰ ਮੁੱਦਾ ਬਣਾਕੇ ਲੜਨੀਆਂ ਹਨ। ਉਹ ਹਿੰਦੂ ਵੋਟਰਾਂ ਦੇ ਧਰੁੱਵੀਕਰਨ ਦੀ ਆਸ ਲਾਈ ਬੈਠੀ ਹੈ, ਤੇ ਨਾਲ ਹੀ ਅਸੀਂ ਜਾਣਦੇ ਹਾਂ ਕਿ ਭਗਵਾਂ ਬ੍ਰਿਗੇਡ ਸਿੱਖਾਂ ਦੀ ਹੋਂਦ ਨੂੰ ਖ਼ਤਮ ਕਰਨ ਲਈ ਦ੍ਰਿੜ ਸੰਕਲਪ ਹੈ। ਇਸ ਲਈ ਉਹ ਸਿੱਖਾਂ ਨੂੰ ਵਰਤਣ ਤੋਂ ਬਾਅਦ ਆਪਣੀ ਅਸਲੀ ਖੇਡ ਵੱਲ ਮੁੜੇਗੀ ਹੀ। ਅਸੀਂ ਜਾਣਦੇ ਹਾਂ ਕਿ ਸਿਆਸੀ ਆਗੂ ਸਿਆਸੀ ਲਾਹੇ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਉਨ੍ਹਾਂ ਦਾ ਭਾਜਪਾ ਦੀ ਝੋਲੀ ਪੈਣਾ ਵੀ ਸੁਭਾਵਿਕ ਹੈ, ਉਹ ਭਾਂਵੇ ਫੂਲਕਾ ਹੀ ਕਿਉਂ ਨਾ ਹੋਣ, ਪਰ ਉਹਨਾਂ ਨੂੰ ਵੀ ਤੇ ਹੋਰਨਾਂ ਨੂੰ ਵੀ ਚੇਤਾ ਰੱਖਣਾ ਚਾਹੀਦਾ ਹੈ ਕਿ ਸਿੱਖ ਬਾਦਲ ਅਕਾਲੀ ਦਲ, ਕਾਂਗਰਸ, ਮੋਦੀ, ਤਿੰਨਾਂ ਤੋਂ ਹੀ ਛੁਟਕਾਰਾ ਚਾਹੁੰਦੇ ਹਨ। ਉਨ੍ਹਾਂ ਲਈ ਇਹ ਤਿੰਨੋ ਧਿਰਾਂ 19-21 ਦੇ ਫ਼ਰਕ ਨਾਲ ਖ਼ਤਰਨਾਕ ਹਨ, ਇਸ ਲਈ ਕੋਈ ਵੀ ਸਿੱਖ ਆਗੂ ਕਿਸੇ ਤਰ੍ਹਾਂ ਦਾ ਫੈਸਲਾ ਲੈਣ ਤੋਂ ਪਹਿਲਾਂ ਸਿੱਖ ਭਾਵਨਾਵਾਂ ਦਾ ਖ਼ਿਆਲ ਜ਼ਰੂਰ ਕਰ ਲਵੇ। ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਭਗਵਾਂ ਬ੍ਰਿਗੇਡ ਦੇ ਮਨਸੂਬੇ ਦੇਸ਼ ਦੀਆਂ ਘੱਟ-ਗਿਣਤੀਆਂ ਲਈ ਖ਼ਤਰਨਾਕ ਹਨ। ਉਹ ਵਾਰ-ਵਾਰ ਦੇਸ਼ ਦੇ ਹਿੰਦੂਕਰਨ ਦੀ ਗੱਲ ਦੁਹਰਾ ਰਹੇ ਹਨ ਅਤੇ ਸਿੱਖ ਧਰਮ ਨੂੰ ਵਾਰ-ਵਾਰ ਹਿੰਦੂ ਧਰਮ ਦਾ ਅੰਗ ਦੱਸਿਆ ਜਾ ਰਿਹਾ ਹੈ। ਸਿੱਖਾਂ ਪ੍ਰਤੀ ਸੰਘ ਦੀ ਸੋਚ ਫਿਰਕੂ ਹੀ ਨਹੀਂ ਸਗੋਂ ਨਫ਼ਰਤ ਭਰੀ ਵੀ ਹੈ। ਇਸ ਲਈ ਜਦੋਂ ਵੀ ਸਿੱਖਾਂ ਨੇ ਆਪਣੀਆਂ ਹੱਕੀ ਮੰਗਾਂ ਅਤੇ ਅਧਿਕਾਰਾਂ ਲਈ ਲੜਾਈ ਲੜੀ ਤਾਂ ਭਗਵਾਂ ਬ੍ਰਿਗੇਡ ਨੇ ਖੁੱਲ੍ਹ ਕੇ ਹੀ ਨਹੀਂ, ਸਗੋਂ ਡੱਟ ਕੇ ਸਿੱਖਾਂ ਦਾ ਵਿਰੋਧ ਕੀਤਾ।
     ਅੱਜ ਜਦੋਂ ਪੰਜਾਬ ਦੀ ਸੱਤਾ ਤੇ ਕਬਜ਼ੇ ਲਈ ਭਾਜਪਾ ਸਿੱਖਾਂ ਨੂੰ ਭਰਮਾਉਣ ਲੱਗੀ ਹੋਈ ਹੈ ਅਤੇ ਆਮ ਸਿੱਖ ਬਾਦਲ ਤੋਂ ਦੁਖੀ ਹੋਇਆ ਇਹ ਆਖ਼ੀ ਜਾ ਰਿਹਾ ਹੈ ਕਿ, ''ਚਲ! ਬਾਦਲਾਂ ਨਾਲੋਂ ਤਾਂ ਭਾਜਪਾ ਚੰਗੀ ਹੀ ਹੈ।'' ਪਰ ਭਗਵਾਂ ਬ੍ਰਿਗੇਡ ਕਦੇ ਵੀ ਸਿੱਖਾਂ ਦੀ ਮਿੱਤ ਨਹੀਂ ਹੋ ਸਕਦੀ। ਬਾਦਲਾਂ ਨੂੰ ਆਪਣੇ ਭਾਈਵਾਲ ਬਣਾਉਣ ਸਮੇਂ ਭਗਵਾਂ-ਬ੍ਰਿਗੇਡ ਨੇ ਉਨ੍ਹਾਂ ਦੀ ਸੱਤਾ ਭੁੱਖ ਨੂੰ ਦੇਖਦਿਆਂ, ਉਨ੍ਹਾਂ ਸਿੱਖਾਂ ਨੂੰ ਖੋਰਾ ਲਾਉਣ ਵਾਲਾ ਕਾਰਗਰ ਹਥਿਆਰ ਮੰਨ ਕੇ ਹੀ ਭਾਈਵਾਲ ਬਣਾਇਆ ਸੀ।  ਹੁਣ ਜਦੋਂ ਬਾਦਲਾਂ ਦਾ ਸਿੱਖਾਂ 'ਚ ਅਧਾਰ ਲਗਭਗ ਖ਼ਤਮ ਹੋ ਰਿਹਾ ਹੈ ਤੇ ਉਹ ਭਾਜਪਾ ਦੀ ਮਾਂ ਸੰਘ ਦੇ ਮਿਸ਼ਨ ਦੀ ਪੂਰਤੀ ਲਈ ਕਾਰਗਰ ਨਹੀਂ ਰਹੇ, ਜਿਸ ਕਾਰਣ ਉਨ੍ਹਾਂ ਦੀ ਛੁੱਟੀ ਕਰਨ ਦੀ ਸਾਜ਼ਿਸ ਨਾਲ ਭਾਜਪਾ ਪੰਜਾਬ 'ਚ ਇਕੱਲੇ ਸੱਤਾ ਪ੍ਰਾਪਤੀ ਲਈ, ਸਿੱਖਾਂ ਤੇ ਡੋਰੇ ਪਾ ਰਹੀ ਹੈ।
ਪ੍ਰੰਤੂ ਯਾਦ ਰੱਖਣਾ ਜਦੋਂ ਸਿੱਖ ਜਜ਼ਬਾਤਾਂ, ਸਿੱਖ ਭਾਵਨਾਵਾਂ ਤੇ ਸਿੱਖੀ ਦੀ ਚੜ੍ਹਦੀ ਕਲਾ ਦਾ ਕੋਈ ਮੁੱਦਾ ਸਾਹਮਣੇ ਆਉਂਦਾ ਵਿਖਾਈ ਦੇਵੇਗਾ ਤਾਂ ਭਾਜਪਾ ਝੱਟ-ਛੜੱਪਾ ਮਾਰ ਕੇ ਪਾਸੇ ਹੋ ਜਾਵੇਗੀ, ਜਿਸ ਦਾ ਸਬੂਤ ਭਾਜਪਾ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮੁੱਦੇ ਤੇ ਸਿਰ ਮਾਰ ਕੇ ਦੇ ਦਿੱਤਾ ਹੈ। ਮੋਦੀਕਿਆਂ ਦੇ ਗ੍ਰਹਿ ਵਿਭਾਗ ਨੇ ਇਹ ਦੀ ਮੰਗ ਮੰਨਣ ਤੋਂ ਕੋਰਾ ਇਨਕਾਰ ਕਰ ਦਿੱਤਾ। ਸੰਘ ਦਾ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਐਲਾਨ, ਹਵਾ 'ਚ ਛੱਡਿਆ ਗਿਆ ਤੀਰ ਨਹੀਂ, ਸਗੋਂ ਇਹ ਡੂੰਘੀ ਸਾਜ਼ਿਸ ਹੈ, ਜਿਸ ਦੀ ਭਗਵਾਂ ਡੂੰਘੀ ਸੋਚ ਵਿਚਾਰ ਨਾਲ ਨੀਂਹ ਰੱਖੀ ਗਈ ਹੈ, ਉਭਰ ਰਹੇ ਸਿੱਖ ਨਾਇਕਾਂ ਉਤੇ ਡੋਰੇ ਪਾਉਣਾ ਇਸੇ ਸਾਜ਼ਿਸ਼ ਦਾ ਹਿੱਸਾ ਹੈ। ਭਾਜਪਾ ਲਈ ਸਿੱਖ ਮੁੱਦੇ ਵੋਟ ਰਾਜਨੀਤੀ ਦਾ ਹਿੱਸਾ ਤਾਂ ਹੋ ਸਕਦੇ ਹਨ, ਪ੍ਰੰਤੂ ਸਿੱਖ ਹਮਦਰਦੀ ਦੇ ਨਹੀਂ। ਅਸੀਂ ਕੀ ਕੋਈ ਵੀ ਸਿੱਖ ਇਹ ਕਿਵੇਂ ਭੁੱਲ ਸਕਦਾ ਹੈ ਕਿ ਸਾਕਾ ਦਰਬਾਰ ਸਾਹਿਬ ਵੇਲੇ ਭਗਵਾਂ ਬ੍ਰਿਗੇਡ ਨੇ ਲੱਡੂ ਵੰਡੇ ਸਨ ਅਤੇ ਇੰਦਰਾ ਗਾਂਧੀ ਨੂੰ ''ਦੇਰ ਆਏ ਦਰੁੱਸਤ ਆਏ'' ਆਖਿਆ ਸੀ। ਜਿਸ ਕੌਮ ਦੇ ਗੁਰੂਆਂ ਨੇ ਜਿਸ ਧਰਮ ਦੇ ਪੈਰੋਕਾਰਾਂ ਦੀ ਰਾਖੀ ਲਈ ਕੁਰਬਾਨੀਆਂ ਦਿਤੀਆਂ ਹੋਣ, ਜਿਹਨਾਂ ਦੀਆਂ ਧੀਆਂ ਭੈਣਾਂ ਉਧਾਲੇ ਵਿਚੋਂ ਜਾਨਾਂ ਹੂਲ ਕੇ ਬਚਾਈਆਂ ਹੋਣ, ਅੱਜ ਉਸੇ ਕੌਮ ਨੂੰ ਉਸੇ ਧਰਮ ਦੇ ਅਖੌਤੀ ਠੇਕੇਦਾਰ ਅਜਗਰ ਵਾਂਗ ਹੜਪਣ ਲਈ ਕਾਹਲੇ ਹਨ, ਇਸ ਤੋਂ ਵੱਡੀ ਤਰਾਸਦੀ ਹੋਰ ਕੀ ਹੋਵੇਗੀ।
-ਰਜਿੰਦਰ ਸਿੰਘ ਪੁਰੇਵਾਲ