image caption: ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ ਕਵੈਂਟਰੀ

"ਸਿੱਖ ਮਿਸ਼ਨਰੀ ਸੁਸਾਇਟੀ ਯੂ ਕੇ ਵੱਲੋਂ 'ਸਿੱਖ ਇਕ ਵੱਖਰੀ ਕੌਮ ਹੈ' ਦੇ ਵਿਸ਼ੇ 'ਤੇ 29 ਦਸੰਬਰ 2018 ਨੂੰ ਕਰਵਾਏ ਗਏ ਸੈਮੀਨਾਰ ਵਿੱਚ ਜਥੇਦਾਰ ਮਹਿੰਦਰ ਸਿੰਘ ਖਹਿਰਾ ਵੱਲੋਂ ਪੜਿਆ ਗਿਆ ਪਰਚਾ"

     ਰਾਜਨੀਤਕ ਤੌਰ 'ਤੇ ਵਿਸ਼ਵ ਦੇ ਇਤਿਹਾਸ ਵਿੱਚ ਸਿੱਖ ਧਰਮ ਹੀ ਇਕ ਅਜਿਹਾ ਧਰਮ ਹੈ, ਜਿਸ ਨੇ ਇਕ ਕੌਮ ਨੂੰ ਜਨਮ ਦਿੱਤਾ। ਤ੍ਰੈਕਾਲ ਦਰਸ਼ੀ ਸਤਿਗੁਰੂ ਨਾਨਕ ਨੇ ਇਕ ਨਵਾਂ ਧਰਮ ਹੀ ਨਹੀਂ ਚਲਾਇਆ, ਸਗੋਂ ਨਵੀਂ ਕੌਮ ਦੇ ਬੀਜ ਵੀ ਬੀਜੇ। ਸਿੱਖ ਧਰਮ ਬਕਾਇਦਾ ਇਕ ਅਜਿਹਾ ਸਥਾਪਿਤ ਧਰਮ ਹੈ, ਜਿਸ ਦੇ ਬੁਨਿਆਦੀ ਸਿਧਾਂਤ ਸਪੱਸ਼ਟ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਗਏ ਹਨ। ਗੁਰੂ ਨਾਨਕ ਸਾਹਿਬ ਨੇ ਸਿੱਖ ਸਮਾਜ ਨੂੰ ਨਵੇਂ ਵਿਚਾਰਾਂ ਨਾਲ ਲੈਸ ਕੀਤਾ ਅਤੇ ਇਸ ਨਵੇਂ ਧਰਮ ਨੂੰ ਪਹਿਲਾਂ ਦੇ ਧਰਮਾਂ ਨਾਲੋਂ ਵੱਖਰਾ ਜਾਂ ਅੱਡਰਾ ਕਰ ਦਿੱਤਾ, "ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਾਂ ਗੁਰੂ ਸਾਹਿਬਾਨ ਰਾਹੀਂ ਪਰਵਾਣਤ ਅਤੇ ਉਨ੍ਹਾਂ ਦੀ ਆਪਣੀ ਨਿਗਰਾਨੀ ਹੇਠ 'ਪੋਥੀ ਪਰਮੇਸਰ ਕਾ ਥਾਨ' (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਸੰਪੂਰਣ ਹੋਇਆ ਹੈ। ਇਸ ਕਰਕੇ ਇਸ ਵਿੱਚ ਕਿਸੇ ਵੀ ਰਲਾਵਟ ਜਾਂ ਕਿਸੇ ਆਖੇਪ ਲਿਖਤ ਹੋਣ ਦੀ ਕੋਈ ਵੀ ਗੁੰਜਾਇਸ਼ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਬਾਣੀ ਦੀ ਸੰਭਾਲ ਹੋਣੀ ਸ਼ੁਰੂ ਹੋ ਗਈ ਸੀ, ਹਰ ਉਤਰਾਧਿਕਾਰੀ ਗੁਰੂ ਨੂੰ ਵਿਰਸੇ ਵਿੱਚ ਗੁਰ ਗੱਦੀ ਮਿਲਣ ਦੇ ਸਮੇਂ ਪੂਰਬ ਗੁਰੂ ਦੀ ਬਾਣੀ ਵੀ ਪ੍ਰਾਪਤ ਹੁੰਦੀ ਸੀ, ਇਸ ਤਰ੍ਹਾਂ ਦੂਸਰੇ, ਤੀਸਰੇ ਤੇ ਚੌਥੇ ਗੁਰੂ ਦੇ ਸਮੇਂ ਪਰਵਾਣਤ ਲਿਖਤ ਸੰਭਾਲ ਕੇ ਰੱਖੀ ਜਾਂਦੀ ਸੀ। ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਪਹਿਲੇ ਚਾਰ ਗੁਰੂ ਸਾਹਿਬਾਨ ਅਤੇ ਗੁਰੂ ਨਾਨਕ ਸਾਹਿਬ ਵੱਲੋਂ ਸਾਂਭੀ ਹੋਈ ਭਗਤਾਂ ਦੀ ਬਾਣੀ ਸੰਪਾਦਤ ਕਰਕੇ 1604 ਈ: ਵਿੱਚ ਬਕਾਇਦਾ ਗ੍ਰੰਥ ਦਾ ਰੂਪ ਦੇ ਕੇ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰ ਦਿੱਤਾ।
   ਸਿੱਖ ਧਰਮ ਵਿੱਚ ਸ਼ਬਦ ਗੁਰੂ ਦੇ ਸਿਧਾਂਤ ਦੀ ਸਰਬ ਉੱਚਤਾ ਹੋਣ ਕਰਕੇ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਗੁਰੂ ਸਾਹਿਬਾਨ ਵੱਲੋਂ ਪਰਵਾਣਤ ਹੋਣ ਕਰਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਖਿਰ ਸਿੱਖਾਂ ਦੇ ਆਤਮਿਕ ਗੁਰੂ ਦੇ ਤੌਰ 'ਤੇ ਮੰਨਿਆ ਗਿਆ ਹੈ, ਇਸ ਲਈ ਜਿਥੇ ਤੱਕ ਸਿੱਖ ਵਿਚਾਰਧਾਰਾ ਦਾ ਸਿੱਖ ਸਿਧਾਂਤਾਂ ਦਾ ਅਤੇ ਉਨ੍ਹਾਂ ਵੇਰਵਿਆਂ ਦਾ ਸਬੰਧ ਹੈ, ਜਿਹੜੇ ਗੁਰੂ ਸਾਹਿਬਾਨ ਦੀਆਂ ਜੀਵਨ ਘਟਨਾਵਾਂ ਬਾਰੇ ਇਤਿਹਾਸਕ ਜਾਣਕਾਰੀ ਦਿੰਦੇ ਹਨ, ਉਨ੍ਹਾਂ ਸਭ ਦੇ ਸਬੰਧ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਣਕਾਰੀ ਅੰਤਿਮ ਹੈ।
 ਸਿੱਖ ਇਕ ਵੱਖਰਾ ਧਰਮ ਤੇ ਵੱਖਰੀ ਕੌਮ ਹੈ, ਗੁਰੂ ਅਰਜਨ ਦੇਵ ਜੀ ਨੇ ਆਪਣੇ ਇਕ ਸ਼ਬਦ ਵਿੱਚ ਐਲਾਨਿਆ ਫੁਰਮਾਇਆ ਹੈ, - (ਡਾ: ਗੁਰਦਰਸ਼ਨ ਸਿੰਘ ਢਿੱਲੋਂ)

ਵਰਤ ਨ ਰਹਉ ਨ ਮਹ ਰਮਦਾਨਾ ।। ਤਿਸੁ ਸੇਵੀ ਜੋ ਰਖੈ ਨਿਦਾਨਾ ।।1।।
ਏਕੁ ਗੁਸਾਈ ਅਲਹੁ ਮੇਰਾ ।। ਹਿੰਦੂ ਤੁਰਕ ਦੁਹਾਂ ਨੇਬੇਰਾ ।।1।। ਰਹਾਉ ।।
ਹਜ ਕਾਬੈ ਜਾਉ ਨ ਤੀਰਥ ਪੂਜਾ ।। ਏਕੋ ਸੇਵੀ ਅਵਰੁ ਨ ਦੂਜਾ ।।2।।
ਪੂਜਾ ਕਰਉ ਨ ਨਿਵਾਜ ਗੁਜਾਰਉ ।। ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ।।3।।
ਨਾ ਹਮ ਹਿੰਦੂ ਨ ਮੁਸਲਮਾਨ ।। ਅਲਹ ਰਾਮ ਕੇ ਪਿੰਡੁ ਪਰਾਨ ।।4।।

ਭੈਰਉ ਮਹਲਾ 5 ।। ਅੰਗ 1136

 ਸਮੁੱਚੇ ਸਿੱਖ ਇਤਿਹਾਸ ਵਿੱਚ ਕਈ ਅਲੌਕਿਕ ਜੁਗ ਪਲਟਾਊ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੁਆਰਾ ਸਿੱਖ ਧਰਮ ਸੰਸਾਰ ਵਿੱਚ ਇਨਕਲਾਬੀ ਰੂਪ ਵਿੱਚ ਪ੍ਰਗਟ ਹੋਇਆ। ਸਭ ਤੋਂ ਪਹਿਲੀ ਅਦੁੱਤੀ ਘਟਨਾ ਉਦੋਂ ਵਾਪਰੀ, ਜਦੋਂ ਸ੍ਰੀ ਗੁਰੂ ਨਾਨਕ ਜੀ ਤਿੰਨ ਦਿਨਾਂ ਪਿੱਛੋਂ ਰੂਹਾਨੀ ਅਤੇ ਇਤਿਹਾਸਕ ਨਿਰਣਾ ਲੈ ਕੇ ਵੇਈਂ ਨਦੀ ਵਿੱਚੋਂ ਪ੍ਰਗਟ ਹੋਏ, ਜਿਥੇ ਤ੍ਰੈਕਾਲ ਦਰਸ਼ੀ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਦਾ ਉਚਾਰਣ ਕੀਤਾ, ਉਥੇ ਵਚਨ ਕੀਤਾ 'ਨਾ ਕੋਈ ਹਿੰਦੂ ਨਾ ਮੁਸਲਮਾਨ' ਗੁਰੂ ਨਾਨਕ ਸਾਹਿਬ ਨੇ ਫੁਰਮਾਇਆ ਕਿ ਦੁਨੀਆਂ ਵਿੱਚ ਸੱਚ ਨੂੰ ਦ੍ਰਿੜ ਕਰਨਾ ਹੀ ਅਸਲ ਧਰਮ ਹੈ ਅਰਥਾਤ 'ਏਕੋ ਧਰਮ ਦ੍ਰਿੜੈ ਸਚਿ ਕੋਇ।।' ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰ ਜੀ ਦੀ ਦਿੱਤੀ ਜਾਣ ਵਾਲੀ ਪਹਿਚਾਣ

'ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ।।
ਤਾ ਤੇ ਅੰਗਦੁ ਭਯਉ ਤਤੁ ਸਿਉ ਤਤੁ ਮਿਲਾਯਉ।। (ਅੰਗ 1408)
 ਅਨੁਸਾਰ,
'ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ।।' (ਅੰਗ 966)

 ਇਸ ਰਾਜ ਦਾ ਸੰਵਿਧਾਨ ਮਨੁੱਖੀ ਏਕਤਾ ਜਾਤ ਪਾਤ ਰਹਿਤ ਸਮਾਜ, ਤੇ ਰੱਬੀ ਏਕਤਾ ਦਾ ਸੀ, ਇਸ ਸੰਵਿਧਾਨ ਨੂੰ ਲਾਗੂ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਨਿਰਮਲ ਪੰਥ ਦਾ ਅਰਥਾਤ ਤੀਸਰੇ ਪੰਥ ਦਾ ਨਿਰਮਾਣ ਕੀਤਾ। ਇਥੇ ਇਹ ਵੀ ਦੱਸਣਯੋਗ ਹੈ ਕਿ ਪੰਦਰਵੀਂ ਸਦੀ ਵਿੱਚ ਗੁਰੂ ਨਾਨਕ ਸਾਹਿਬ ਨੇ ਨਾਨਕ ਨਿਰਮਲ ਪੰਥ ਦਾ ਸੰਕਲਪ ਸਿੱਖ ਕੌਮ ਦੇ ਕੌਮੀ ਸਰੂਪ ਵਜੋਂ ਹੀ ਲਿਆ ਸੀ ਅਰਥਾਤ ਵਰਤਮਾਨ ਵਿੱਚ ਸਿੱਖ ਕੌਮ ਦਾ ਕੌਮੀ ਸਰੂਪ 'ਖਾਲਸਾ ਪੰਥ' ਹੈ ਅਤੇ ਇਸ ਦਾ ਸੰਵਿਧਾਨ, ਗੁਰੂ ਗ੍ਰੰਥ, ਗੁਰੂ ਪੰਥ ਹੈ। "ਸੰਕਲਪ ਤੇ ਸੰਸਥਾਵਾਂ ਦਾ ਸੰਯੋਗ ਵੀ ਸਿੱਖ ਧਰਮ ਦੇ ਨਿਵੇਕਲੇ ਮੁਹਾਂਦਰੇ ਦੀ ਸਾਖੀ ਭਰਦਾ ਹੈ। ਇਹ ਸੰਸਥਾਵਾਂ ਕਿਸੇ ਖਾਸ ਵੇਲੇ ਦੀ ਲੋੜ ਸਾਰਨ ਲਈ ਹੋਂਦ ਵਿੱਚ ਨਹੀਂ ਆਈਆਂ। ਇਹ ਸਰਬਕਾਲ ਲਈ ਹਨ ਅਤੇ ਉਨ੍ਹਾਂ ਦੇ ਪੈਰ ਡੂੰਘੇ ਸਿਧਾਂਤਾਂ ਸੰਕਲਪਾਂ ਵਿੱਚ ਹਨ।" ਸਿੱਖ ਧਰਮ (ਸਿੱਖ ਕੌਮ) ਦਾ ਇਹ ਲਛਣ ਇਸ ਨੂੰ ਹਿੰਦੂ ਅਧਿਆਤਮ ਪਰੰਪਰਾ ਸਮੇਤ ਭਗਤੀ ਲਹਿਰ ਦੇ ਨਾਲੋਂ ਅਹਿਮ ਰੂਪ ਵਿੱਚ ਨਿਖੇੜਦਾ ਹੈ।"
 ਨਿਰਮਲ ਪੰਥ ਦਾ ਇਤਿਹਾਸ ਇਨਕਲਾਬੀ ਦੌਰ ਸੀ, ਜਿਸ ਨੇ ਪੰਜਾਬ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ। ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੇ ਮਨੁੱਖ ਦੀ ਸੋਚ ਨੂੰ ਹੀ ਬਦਲ ਸੁੱਟਿਆ। ਗੁਰੂ ਨਾਨਕ ਸਾਹਿਬ ਦੇ ਪ੍ਰਚਾਰਕ ਦੌਰਿਆਂ ਦਾ ਅਸਰ ਇਹ ਹੋਇਆ ਕਿ ਮਾਨਵਵਾਦੀ ਅਧਿਕਾਰਾਂ ਬਾਰੇ ਨਵੀਂ ਚੇਤਨਤਾ ਪੈਦਾ ਹੋਈ, ਨਵਾਂ ਸਮਾਜ, ਨਵਾਂ ਫਲਸਫਾ ਤੇ ਨਵੇਂ ਸਿਧਾਂਤ ਪੈਦਾ ਹੋਏ, ਇਸ ਨੂੰ ਭਾਵੇਂ ਸਿੱਖ ਲਹਿਰ ਦਾ ਨਾਂ ਦਿੱਤਾ ਜਾਵੇ, ਭਾਵੇਂ ਨਵੇਂ ਇਨਕਲਾਬ ਦਾ ਦੋਵੇਂ ਹੀ ਠੀਕ ਹਨ। ਬ੍ਰਾਹਮਣਵਾਦ ਤੇ ਇਸਲਾਮ ਦੋਹਾਂ ਨੇ ਹੀ ਇਸ ਦੀ ਵਿਰੋਧਤਾ ਕੀਤੀ, ਪਰ ਇਸ ਵਿਲੱਖਣ ਅਤੇ ਸੰਪੂਰਨ ਸਿੱਖ ਧਰਮ ਦੀ ਵਿਚਾਰਧਾਰਾ ਦਾ ਰਸਤਾ ਰੋਕਣ ਵਿੱਚ ਨਾਕਾਮਯਾਬ ਰਹੇ। (ਸ਼੍ਰੋਮਣੀ ਸਿੱਖ ਇਤਿਹਾਸ, 1469-1108) ਡਾ: ਸੁਖਦਿਆਲ ਸਿੰਘ
 "ਤੀਸਰੇ ਪੰਥ ਦੀ ਸਿੱਖ ਲਹਿਰ ਨਿਰੋਲ ਸਿੱਖ ਲਹਿਰ ਸੀ, ਗੁਰਮਤਿ ਅਤੇ ਮਾਨਵਵਾਦੀ ਵਿਚਾਰਧਾਰਾ ਸੀ, ਇਸ ਨੇ ਇਸਲਾਮ ਅਤੇ ਬ੍ਰਾਹਮਣਵਾਦ ਦੋਹਾਂ ਨੂੰ ਹੀ ਪਛਾੜਿਆ ਹੈ, ਜਦੋਂ ਭਾਈ ਗੁਰਦਾਸ ਜੀ ਇਹ ਲਿਖਦੇ ਹਨ ਕਿ

'ਮਾਰਿਆ ਸਿੱਕਾ ਜਗਤ ਵਿਚਿ ਨਾਨਕ ਨਿਰਮਲ ਪੰਥ ਚਲਾਇਆ'।।
ਥਾਪਿਆ ਲਹਿਣਾ ਜੀਵ ਦੇ ਗੁਰਿਆਈ ਸਿਰ ਛਤਰ ਫਿਰਾਇਆ।।
ਜੋਤੀ ਜੋਤਿ ਮਿਲਾਇਕੈ ਸਤਿਗੁਰੂ ਨਾਨਕ ਰੂਪ ਵਟਾਇਆ।।
ਲੱਖ ਨਾ ਕੋਈ ਸਕਈ ਆਚਰਜੈ ਆਚਰਜ ਦਿਖਾਇਆ।।
ਕਾਇਆ ਪਲਟ ਸਰੂਪ ਬਣਾਇਆ।"

 ਗੁਰੂ ਨਾਨਕ ਸਾਹਿਬ ਨੇ ਤੀਸਰੇ ਪੰਥ ਦੀ ਮੰਜਿਲ ਤੇ ਦਿਸ਼ਾਵਾਂ ਸਾਫ ਉਲੀਕ ਦਿੱਤੀਆਂ ਸਨ, ਗੁਰੂ ਨਾਨਕ ਤੋਂ ਬਾਅਦ ਅਗਲੇ ਗੁਰੂ ਨਾਨਕ ਸਾਹਿਬ ਦੇ ਗੱਦੀ ਨਸ਼ੀਨ ਗੁਰੂਆਂ ਨੇ ਜੋ ਵੀ ਕਦਮ ਪੁੱਟੇ ਉਹ ਮਿੱਥੀ ਹੋਈ ਮੰਜ਼ਿਲ ਦੀ ਦਿਸ਼ਾ ਵਿੱਚ ਹੀ ਪੁੱਟੇ। ਜੋ ਉਸਾਰੀ ਹੋਈ ਉਹ ਸੁਚੇਤ ਤੇ ਯੋਜਨਾਬੱਧ ਰੂਪ ਵਿੱਚ ਹੋਈ। ਹਰ ਚੀਜ਼ ਸਿਰਜੀ ਗਈ, ਕੁਝ ਵੀ ਆਪ ਮੁਹਾਰਾ ਜਾਂ ਇਤਫਾਕੀਆ ਨਹੀਂ ਵਾਪਰਿਆ। 200 ਸਾਲਾਂ ਤੋਂ ਵੀ ਵਧੇਰੇ ਲੰਮੇ ਸਮੇਂ ਤੱਕ (1486 ਤੋਂ 1708) ਸਿੱਖ ਗੁਰੂ ਸਾਹਿਬਾਨ ਨੇ ਨਾਨਕ ਪੰਥ ਅਰਥਾਤ ਸਿੱਖ ਪੰਥ ਦੀ ਆਪ ਸਿੱਧੇ ਰੂਪ ਵਿੱਚ ਰਹਿਨੁਮਾਈ ਕੀਤੀ।
 "ਸਿੱਖ ਧਰਮ ਵਾਂਗ ਹੋਰ ਕਿਸੇ ਵੀ ਧਰਮ ਨੇ ਪੂਰੀ ਸ਼ਿਦਤ ਨਾਲ ਐਨੀ ਸੰਯੁਕਤਤਾ ਸਾਹਿਤ 200 ਸਾਲ ਉੱਤੇ ਫੈਲੇ ਦੌਰ ਨੂੰ ਆਪਣੀ ਪੈਗੰਬਰੀ ਅਜਮਤ ਦਾ ਪਾਤਰ ਨਹੀਂ ਬਣਾਇਆ। ਸਿੱਖ ਧਰਮ ਵਾਂਗ ਕਿਸੇ ਵੀ ਹੋਰ ਧਰਮ ਨੇ ਦੈਵੀ ਅਨੁਭਵ ਨੇ ਮਨੁੱਖੀ ਫਿਤਰਤ ਅਤੇ ਅਮਲ ਨੂੰ ਐਨੀ ਦੇਰ ਐਨੇ ਛਿੰਨ ਛਿੰਨ ਰੂਪਾਂ ਅਤੇ ਐਨੀਆਂ ਬਦਲਦੀਆਂ ਹਾਲਾਤਾਂ ਵਿੱਚ ਆਪਣਾ ਸੰਗੀ ਨਹੀਂ ਬਣਾਇਆ।" -(ਪੁਸਤਕ ਨਵੀਂ ਰਚਨਾ ਕਿਸ ਬਿਧ ਹੋਈ ਪੰਨਾ 183)

 ਸਿੱਖ ਧਰਮ ਦੀ ਰਾਜਨੀਤਕ ਤੇ ਧਾਰਮਿਕ ਰੁਚੀ ਦੇ ਸੰਗਮ ਦਾ ਨਾਂ ਪੰਥ ਹੈ, ਪੰਥ ਕੋਈ ਨਿਰੋਲ ਧਾਰਮਿਕ ਸੰਸਥਾ ਦਾ ਨਾਂ ਨਹੀਂ ਤੇ ਨਾ ਹੀ ਕਿਸੇ ਇਕ ਸਮੇਂ ਦੀ ਲੋੜ ਪੂਰਨ ਦਾ। ਪੰਥ ਉਨ੍ਹਾਂ ਮਰਜੀਵੜਿਆਂ ਦਾ ਇਕੱਠ ਹੈ, ਜਿਨ੍ਹਾਂ ਦੀਨ ਤੇ ਦੂਨੀ ਦੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਆਸ਼ਿਆਂ ਤੇ ਨਿਸ਼ਾਨਿਆਂ ਨੂੰ ਪ੍ਰਵਾਣ ਕਰ ਲਿਆ ਹੈ ਅਤੇ ਉਨ੍ਹਾਂ ਨਿਸ਼ਾਨਿਆਂ ਤੇ ਆਸ਼ਿਆਂ ਦੀ ਪੂਰਤੀ ਲਈ ਆਪਾ ਵਾਰਨ ਲਈ ਤੱਤਪਰ ਹਨ ਅਤੇ ਨਿੱਜੀ ਘਾਲਣਾ ਦੇ ਨਾਲ ਨਾਲ ਸਮੂਹਿਕ ਘਾਲਣਾ ਕਰਨਾ ਵੀ ਆਪਣਾ ਫਰਜ਼ ਸਮਝਦੇ ਹਨ। "ਗੁਰੂ ਨਾਨਕ ਸਾਹਿਬ ਨੇ ਨਿਰਮਲ ਪੰਥ ਧਰਮ ਤੇ ਮਾਨਵਤਾ ਦੇ ਆਦਰਸ਼ਾਂ ਦੀ ਰੱਖਿਆ ਲਈ ਕੀਤਾ ਤੇ ਇਸ ਰਾਹ ਉੱਤੇ ਮੌਤ ਕਬੂਲਣ ਨੂੰ ਸਿੱਖ ਪੰਥ ਦੇ ਜੀਵਨ ਦਾ ਆਰੰਭ ਤੇ ਆਧਾਰ ਦੱਸਿਆ। ਅਰਥਾਤ:
ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ।। (ਅੰਗ 1412)
(ਸਿੰਘ ਨਾਦ, ਪੰਨਾ 19, ਸ: ਗੁਰਤੇਜ ਸਿੰਘ)

 ਸੁਆਮੀ ਰਾਮ ਤੀਰਥ ਦੰਡੀ ਸਨਿਆਸੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿਚਾਰਧਾਰਾ ਪੜ੍ਹ ਕੇ ਸਨਿਆਸੀ ਤੋਂ ਸਿੱਖ ਹੋ ਗਿਆ ਸੀ, ਉਸ ਨੇ ਇਕ ਕਿਤਾਬਚਾ ਲਿਖਿਆ ਹੈ 'ਸਰਬੋਤਮ ਧਰਮ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਰਬੋਤਮ ਧਰਮ: ਖਾਲਸਾ ਪੰਥ' ਦੇ ਪੰਨਾ 92 ਉੱਤੇ ਲਿਖਦੇ ਹਨ। 'ਜੇਕਰ ਗੁਰੂ ਜੀ ਹਿੰਦੂ ਰਹਿਣਾ ਪਸੰਦ ਕਰਦੇ ਤਾਂ ਉਹ ਹਿੰਦੂ ਤੁਰਕ ਤੇ ਰਹੇ ਨਿਆਰਾ, ਹਿੰਦੂ ਤੇ ਮੁਸਲਮਾਨਾਂ ਤੋਂ ਵੱਖਰਾ ਕਰਨ ਵਾਲਾ ਉਪਦੇਸ਼ ਆਪਣੇ ਸਿੱਖਾਂ ਨੂੰ ਨਾ ਦਿੰਦੇ, ਜੇਕਰ ਗੁਰੂ-ਘਰ ਹਿੰਦੂ ਧਰਮ ਅਰਥਾਤ ਬ੍ਰਾਹਮਣ ਗ੍ਰੰਥਾਂ ਦੇ ਧਰਮ ਨੂੰ ਅਸਲੀ ਧਰਮ ਮੰਨਦਾ ਹੁੰਦਾ ਤਾਂ ਗੁਰੂ ਸਾਹਿਬ ਇਸ ਦਾ ਤਿਆਗ ਨਾ ਕਰਦੇ। ਜੇਕਰ ਹਿੰਦੂ ਰਹਿੰਦੇ ਹੋਏ ਵੀ ਅਸਲੀ ਧਰਮ ਦੀ ਰੱਖਿਆ ਹੋ ਸਕਦੀ ਹੈ ਤਾਂ ਗੁਰੂ ਜੀ ਹਿੰਦੂ ਅਤੇ ਮੁਸਲਮਾਨਾਂ ਤੋਂ ਵੱਖਰੇ ਤੀਸਰੇ ਸਿੱਖ ਪੰਥ ਵਾਲੇ ਪੰਥ ਦਾ ਨਿਰਮਾਣ ਨਾ ਕਰਦੇ, ਇਸ ਲਈ ਹਿੰਦੂ ਧਰਮ ਨਾਮ ਤੋਂ ਵੱਖਰੇ ਧਰਮ ਵਾਲੇ ਸਿੱਖਾਂ ਨੂੰ ਹਿੰਦੂ ਮੰਨਣਾ ਮਹਾ ਮੂਰਖਤਾ ਹੈ।'
 ਸਿੱਖ ਧਰਮ ਦੀ ਵਿਚਾਰਧਾਰਾ ਅਨੁਸਾਰ ਆਤਮਿਕ ਸੁਤੰਤਰਤਾ ਨੂੰ ਸਮਾਜਿਕ ਸੁਤੰਤਰਤਾ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਲੋਕਾਈ ਵਿੱਚ ਰਾਜਸੀ, ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਅਧੋਗਤੀ ਨੂੰ ਅਨੁਭਵ ਕਰਕੇ ਇਸ ਨੂੰ ਦੂਰ ਕਰਨ ਦਾ ਯਤਨ ਕੀਤਾ। ਇਸ ਕਾਰਜ ਨੂੰ ਅਮਲੀ ਜਾਮਾ ਪਹਿਨਾਉਣ ਲਈ ਹੀ ਉਨ੍ਹਾਂ ਨਾਨਕ ਨਿਰਮਲ ਪੰਥ ਦੀ ਆਧਾਰਸ਼ਿਲਾ ਰੱਖੀ ਸੀ, ਇਹ ਨਿਰਮਲ ਪੰਥ ਨਿਰੋਲ ਇਕ ਅਧਿਆਤਮਕ ਲਹਿਰ ਹੀ ਨਹੀਂ ਸੀ, ਸਗੋਂ ਇਹ ਆਦਿ ਅਰੰਭ ਤੋਂ ਭਗਤੀ ਸ਼ਕਤੀ ਨੂੰ ਇਕ ਦੂਸਰੇ ਦੀ ਹੋਂਦ ਲਈ ਜਰੂਰੀ ਮੰਨਣਾ ਹੈ। ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਵਿੱਚ ਸ਼ਕਤੀ ਦੀ ਵਰਤੋਂ ਨੂੰ ਜਾਇਜ਼ ਦੱਸਿਆ ਹੈ ਅਰਥਾਤ

'ਮੂਰਖ ਗੰਢ ਪਵੇ ਮੁਹਿ ਮਾਰ।। (ਅੰਗ 143)

  ਸਿਧਾਂਤ ਰੂਪ ਵਿੱਚ ਗੁਰੂ ਨਾਨਕ ਸਾਹਿਬ ਦਾ ਬਾਬਰ ਨੂੰ ਜਾਬਰ ਕਹਿਣਾ ਇਸ ਦਾ ਪਹਿਲਾ ਪ੍ਰਮਾਣ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ 'ਨਾਨਕ ਨਿਰਮਲ ਪੰਥ ਦੀ ਨਿਰਮਲ ਵਿਚਾਰਧਾਰਾ ਦਾ ਇਕ ਮਹੱਤਵਪੂਰਨ ਪੜਾਅ ਹੈ। ਸਿੱਖ ਧਰਮ ਦੇ ਵਿਕਾਸ ਤੇ ਸਥਾਪਤੀ ਵਿੱਚ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਨੇ ਮੀਲ ਪੱਥਰ ਦਾ ਕਾਰਜ ਕੀਤਾ ਹੈ।
 ਛੇਵੇਂ ਪਾਤਸ਼ਾਹ ਦੇ ਸਮਕਾਲੀ ਲਿਖਾਰੀ ਮੋਹਸਨਫਾਨੀ 'ਚਬਿਸਤਾਨਿ ਮਜਾਹਬ' ਵਿੱਚ ਵੀ ਨਾਨਕ ਪੰਥੀਆਂ ਦੀ ਵੱਖਰੀ ਪਹਿਚਾਣ ਬਾਰੇ ਲਿਖਦਾ ਹੈ 'ਨਾਨਕ ਪੰਥੀਆਂ ਕਿ ਮਾਰੂਫ ਬ ਗੁਰੂ ਸਿਖਾਨੰਦ ਬ ਬੁਤ ਵ ਬੁਤ ਖਾਨਾ ਅਹਿਤਕਾਦ ਨਾਦਾਰਦ। ਜਿਸ ਦਾ ਭਾਵ ਹੈ ਕਿ ਗੁਰੂ ਨਾਨਕ ਦੇ ਨਾਮ ਲੇਵਿਆਂ, ਜਿਨ੍ਹਾਂ ਨੂੰ ਗੁਰਮੁਖ ਵੀ ਕਹਿੰਦੇ ਹਨ, ਉਨ੍ਹਾਂ ਦੀ ਬੁਤ ਪੂਜਣ ਵਿੱਚ ਕੋਈ ਅਕੀਦਤ ਸ਼ਰਧਾ ਨਹੀਂ ਹੈ। ਇਸੇ ਤਰ੍ਹਾਂ ਕਾਜੀ ਨੂਰ ਮੁਹੰਮਦ ਅਹਿਮਦ ਸ਼ਾਹ ਦੁਰਾਨੀ ਦੇ ਸੱਤਵੇਂ ਹੱਲੇ ਵੇਲੇ ਸੰਨ 1764 ਈ: ਨੂੰ ਅਫਗਾਨੀ ਫੌਜਾਂ ਨਾਲ ਆਇਆ ਸੀ। ਜਿਥੇ ਉਸ ਨੇ ਸਿੱਖ ਕੌਮ ਦੇ ਕਿਰਦਾਰ ਦੀ ਸਿਫ਼ਤ ਕੀਤੀ ਹੈ, ਉਥੇ ਉਹ ਦੇ ਨਿਆਰੇ ਪੰਥ ਬਾਰੇ ਲਿਖਦਾ ਹੋਇਆ ਕਹਿੰਦਾ ਹੈ, ਇਨ੍ਹਾਂ ਦਾ ਪੰਥ ਨਾਨਕ ਤੋਂ ਸ਼ੁਰੂ ਹੋਇਆ ਹੈ, ਜਿਸ ਨੇ ਸਿੱਖਾਂ ਨੂੰ ਨਿਰਾਲਾ ਪੰਥ ਦਿੱਤਾ ਹੈ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਗੁਰੂ ਹੋਇਆ ਹੈ। ਉਸ ਤੋਂ ਇਨ੍ਹਾਂ ਨੂੰ ਸਿੰਘ ਪਦਵੀ ਪ੍ਰਾਪਤ ਹੋਈ ਹੈ। ਇਹ ਸਭ ਹਿੰਦੂਆਂ ਵਿੱਚੋਂ ਨਹੀਂ ਹਨ, ਇਨ੍ਹਾਂ ਭੈੜਿਆਂ ਦਾ ਪੰਥ ਵੱਖਰਾ ਹੀ ਹੈ।  (ਪੁਸਤਕ ਖਾਲਸੇ ਦੀ ਵਾਸੀ ਪੰਨਾ 191)

 ਅਠ੍ਹਾਰਵੀਂ ਸਦੀ ਵਿੱਚ ਵੀ ਮੁਗਲਾਂ ਨੂੰ ਕੋਈ ਸ਼ੱਕ ਸ਼ੁਭਾ ਨਹੀਂ ਸੀ ਕਿ ਨਾਨਕ ਪੰਥੀ ਕੌਣ ਹਨ, ਕਹਿਣ ਤੋਂ ਭਾਵ ਹੈ ਕਿ ਉਹ ਭਲੀ ਭਾਂਤ ਜਾਣਦੇ ਸਨ ਕਿ ਨਾਨਕ ਪੰਥੀ, ਕੇਸਾਧਾਰੀ, ਸਾਬਤ ਸਰੂਪ ਪੰਜਾਂ ਕਕਾਰਾਂ ਦੇ ਧਾਰਨੀ ਹੁੰਦੇ ਹਨ। ਜਿਨ੍ਹਾਂ ਵਿੱਚ ਜੁਅਰਤ ਇੰਨੀ ਕਿ ਭਾਰੀ ਨਿਰਬਾਹੂ ਸਿੰਘ ਵਰਗੇ ਹਾਥੀ ਦੀ ਪੂਛ ਪਕੜ ਕੇ ਹੁੰਦੇ ਵਿੱਚ ਬੈਠੇ ਜਸਪਤ ਰਾਇ ਨੂੰ ਮਾਰ ਦੇਣ ਦੀ ਸ਼ਕਤੀ ਰੱਖਦੇ ਸਨ ਤੇ ਸਹਿਣ ਸ਼ਕਤੀ ਇਤਨੀ ਕਿ ਭਾਈ ਤਾਰੂ ਸਿੰਘ ਵਰਗਾ ਸਿਰ ਉਪਰੋਂ ਖੋਪਰੀ ਲੁਹਾਉਂਦਾ ਹੋਇਆ ਜਪੁਜੀ ਸਾਹਿਬ ਦਾ ਪਾਠ ਕਰ ਰਿਹਾ ਹੈ। ਪ੍ਰੰਤੂ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਕੱਲ੍ਹ ਬਹੁਤ ਸਾਰੇ ਪੜ੍ਹੇ-ਲਿਖੇ ਗੈਰ ਸਿੱਖਾਂ ਅਤੇ ਸਿੱਖਾਂ ਨੂੰ ਵੀ ਸ੍ਰੀ ਗੁਰੂ ਨਾਨਕ ਦੀ ਵਿਚਾਰਧਾਰਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਵਿੱਚ ਵੱਖਰੇਵਾਂ ਨਜ਼ਰ ਆਉਂਦਾ ਹੈ। ਮੁਗਲੀਆਂ ਫੁਰਮਾਨ ਵਿੱਚ ਸਿੱਖਾਂ ਲਈ ਇਸ ਕਿਸਮ ਦੀਆਂ ਵੱਖਰੀਆਂ ਵੱਖਰੀਆਂ ਪਹਿਚਾਣਾਂ ਗੁਰੂ ਨਾਨਕ ਦੇ ਸਿੱਖ ਹੋਰ ਤੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੋਰ ਦੀ ਕੋਈ ਗੁੰਜਾਇਸ਼ ਨਹੀਂ ਸੀ। ਇਕ ਹੋਰ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਅਠ੍ਹਾਰਵੀਂ ਸਦੀ ਵਿੱਚ ਕਿਸੇ ਵੀ ਹਿੰਦੂ ਨੂੰ ਉਹ ਜ਼ੁਲਮ ਤੇ ਤਸ਼ੱਦਦ ਨਹੀਂ ਝੱਲਣਾ ਪਿਆ, ਜੋ ਕਿ ਸਿੱਖ ਕੌਮ ਨੇ ਆਪਣੀ ਵੱਖਰੀ ਪਹਿਚਾਣ ਨੂੰ ਕਾਇਮ ਰੱਖਣ ਲਈ ਆਪਣੇ ਪਿੰਡੇ 'ਤੇ ਹੰਢਾਇਆ ਅਰਥਾਤ ਬੰਦ ਬੰਦ ਕੱਟਵਾਏ, ਚਰਖੜੀਆਂ 'ਤੇ ਚੜ੍ਹੇ, ਸਣੇ ਕੇਸ ਖੋਪਰੀਆਂ ਲੁਹਾਈਆਂ, ਬੀਬੀਆਂ ਨੇ ਆਪਣੇ ਬੱਚਿਆਂ ਦੇ ਹਾਰ ਆਪਣੇ ਗਲਾਂ ਵਿੱਚ ਪੁਆਏ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਕੇ ਸਿੱਖ ਕੌਮ ਦੀ ਅੱਡਰੀ ਪਹਿਚਾਣ ਨੂੰ ਕਾਇਮ ਰੱਖਿਆ।

   ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ 29 ਮਾਰਚ 1981 ਨੂੰ 'ਸਿੱਖ ਇਕ ਵੱਖਰੀ ਕੌਮ' ਦਾ ਮਤਾ ਪਾਸ ਕੀਤਾ ਹੋਇਆ ਹੈ। ਪ੍ਰਿੰਸੀਪਲ ਲਾਭ ਸਿੰਘ ਦੀ ਲਿਖੀ ਪੁਸਤਕ 'ਹਮ ਹਿੰਦੂ ਨਹੀਂ' ਦੇ ਪੰਨਾ 157 ਉੱਤੇ ਇਹ ਇਸ ਪ੍ਰਕਾਰ ਦਰਜ ਹੈ ਕਿ "ਸਿੱਖ ਪੰਥ ਦੀ ਪ੍ਰਤੀਨਿੱਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਮਾਗਮ 29 ਮਾਰਚ 1981 ਨੂੰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਸ: ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਹੇਠ ਹੋਇਆ। ਇਸ ਸਮਾਗਮ ਵਿੱਚ 112 ਮੈਂਬਰਾਂ ਨੇ ਹਾਜ਼ਰੀ ਭਰੀ। ਸੰਤ ਹਰਚੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਹੇਠ ਲਿਖਿਆ ਮਤਾ ਨੰ: 37 ਹਾਊਸ ਦੇ ਪੇਸ਼ ਕੀਤਾ ਗਿਆ"।
ਮਤਾ ਨੰ: 37
    ਸ਼੍ਰੋ: ਗੁ: ਪ੍ਰ: ਕਮੇਟੀ ਦਾ ਜਨਰਲ ਸਮਾਗਮ ਇਹ ਸਪੱਸ਼ਟ ਐਲਾਨ ਕਰਦਾ ਹੈ ਕਿ ਸਿੱਖ ਇਕ ਵੱਖਰੀ ਕੌਮ ਹੈ, ਜਿਸ ਦਾ ਧਾਰਮਿਕ, ਰਾਜਨੀਤਕ, ਇਤਿਹਾਸਕ ਤੇ ਸੱਭਿਆਚਾਰਕ ਪਿਛੋਕੜ ਇਸ ਗੱਲ ਨੂੰ ਭਲੀ ਭਾਂਤ ਪ੍ਰਗਟ ਕਰ ਰਿਹਾ ਹੈ। ਇਸ ਮਤੇ ਦੀ ਸ: ਗੁਰਬਚਨ ਸਿੰਘ 'ਲਖਮੀਰ ਵਾਲਾ' ਮੈਂਬਰ ਸ਼੍ਰੋ: ਗੁ: ਪ੍ਰ: ਕਮੇਟੀ ਨੇ ਤਾਈਦ ਕੀਤੀ। ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਹਾਊਸ ਵੱਲੋਂ ਇਹ ਮਤਾ ਸਰਬ ਸੰਮਤੀ ਨਾਲ ਪ੍ਰਵਾਨ ਹੋਇਆ"
   ਇਸੇ ਹੀ ਪੁਸਤਕ (ਹਮ ਹਿੰਦੂ ਨਹੀਂ, ਲੇਖਕ ਪ੍ਰਿੰਸੀਪਲ ਲਾਭ ਸਿੰਘ) ਦੇ ਪੰਨਾ 154 ਉੱਤੇ ਸਿਰਦਾਰ ਕਪੂਰ ਸਿੰਘ ਜੀ ਦੀ ਪੁਸਤਕ ਸਾਚੀ ਸਾਖੀ ਦੇ ਪੰਨਾ 11 ਦਾ ਇਹ ਹਵਾਲਾ ਵੀ ਦਰਜ ਹੈ ਕਿ "ਅੰਗ੍ਰੇਜ਼ ਨੇ ਕਮਿਊਨਲ ਅਵਾਰਡ ਵਿੱਚ ਤਿੰਨ ਪ੍ਰਜਾਤੀਆਂ  ਹਿੰਦੋਸਤਾਨ ਵਿੱਚ ਤਸਲੀਮ ਕੀਤੀਆਂ ਸਨ, ਜੋ ਕਿ ਇਥੇ ਪ੍ਰੱਭੂਸਤਾ ਮਾਨਣ ਦੀਆਂ ਜਨਮ ਸਿੱਧ ਅਧਿਕਾਰੀ ਸਨ, ਹਿੰਦੂ, ਮੁਸਲਮਾਨ ਅਤੇ ਸਿੱਖ" ਅਤੇ ਉਕਤ ਪੁਸਤਕ ਦੇ ਇਸੇ ਹੀ ਪੰਨਾ 154 ਉੱਤੇ 'ਸਿਖ ਇਕ ਵੱਖਰੀ ਕੌਮ' ਬਾਰੇ ਮਹਾਤਮਾ ਗਾਂਧੀ ਦੇ ਹੇਠ ਲਿਖੇ ਸ਼ਬਦ ਵੀ ਦਰਜ ਹਨ।
 "ਇੰਡੀਅਨ ਨੈਸ਼ਨਲ ਕਾਂਗਰਸ ਦੇ ਤਿਰੰਗੇ ਝੰਡੇ ਦੀ ਤਿੰਨ ਰੰਗਾਂ ਦੀ ਵਿਆਖਿਆ ਕਰਦਿਆਂ ਮਹਾਤਮਾ ਗਾਂਧੀ ਨੇ ਸੰਨ 1935 ਈ: ਜੋ ਸ਼ਬਦ ਕਹੇ ਉਹ ਗਾਂਧੀ ਜੀ ਦੇ ਜੀਵਨ ਇਤਿਹਾਸ ਨਾਲ ਸੰਬੰਧਿਤ 'ਤੰਦੁਲਕਰ' ਦੀ ਅੰਗ੍ਰੇਜ਼ੀ ਪੁਸਤਕ 'ਮਹਾਤਮਾ' ਦੀ ਸੱਤਵੀਂ ਜਿਲਦ ਦੇ ਪੰਨਾ 374 ਉੱਤੇ ਦਰਜ ਹਨ। ਗਾਂਧੀ ਜੀ ਦਾ ਕਥਨ ਸੀ ਕਿ ਕਾਂਗਰਸ ਦੇ ਤਿਰੰਗੇ ਝੰਡੇ ਦੇ ਤਿੰਨ ਰੰਗ ਹਿੰਦੂ, ਮੁਸਲਮਾਨ ਤੇ ਸਿੱਖ, ਹਿੰਦੋਸਤਾਨ ਅੰਦਰ ਵੱਸਦੀਆਂ ਇਨ੍ਹਾਂ ਭਿੰਨ-ਭਿੰਨ ਤਿੰਨ ਕੌਮਾਂ ਦੀ ਪ੍ਰਤੀਨਿੱਧਤਾ ਕਰਦੇ ਹਨ"।
 ਅੰਤ ਵਿੱਚ ਸਵੈ ਪੜਚੋਲ ਲਈ ਇਨ੍ਹਾਂ ਸ਼ਬਦਾਂ ਨਾਲ ਸਮਾਪਤੀ ਕਰਦਾ ਹਾਂ "ਸ਼ੇਰ ਨੂੰ ਭਾਵੇਂ ਕਦੇ ਇਹ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਜੰਗਲ ਵਿੱਚਲੇ ਬਾਕੀ ਇੱਜੜ ਨਾਲੋਂ ਵੱਖਰਾ, ਪਰ ਜੇਕਰ ਸ਼ੇਰ ਆਪਣੀ ਗਰਜ ਨੂੰ ਭੁੱਲ ਜਾਣ, ਆਪਣੇ ਤੌਰ ਤਰੀਕੇ ਭੁੱਲ ਜਾਣ ਤਾਂ ਫਿਰ ਉਹ ਬਾਕੀ ਇੱਜੜ ਦੇ ਨਾਲ ਰਲ ਗੱਡ ਹੋ ਜਾਂਦੇ ਹਨ, ਉਨ੍ਹਾਂ ਦੀ ਵੱਖਰੀ ਤੇ ਵਿਸ਼ੇਸ਼ ਹਸਤੀ ਨਹੀਂ ਰਹਿੰਦੀ। ਇਸੇ ਲਈ ਗੁਰੂ ਸਾਹਿਬਾਨ, ਜਿਨ੍ਹਾਂ ਨੇ ਸਿੱਖਾਂ ਨੂੰ ਨਿਆਰੀ ਜੀਵਨ ਜਾਚ, ਵਿਲੱਖਣ ਵਿਚਾਰਧਾਰਾ ਦਿੱਤੀ, ਉਨ੍ਹਾਂ ਨੇ ਇਸ ਵਿਚਾਰਧਾਰਾ 'ਤੇ ਪਹਿਰਾ ਦੇਣ ਦੀ ਤਕੀਦ ਵੀ ਕੀਤੀ ਹੈ। ਅੱਜ ਸਿੱਖਾਂ ਦੇ ਅੰਦਰ ਆਪਣੇ ਇਸ ਨਿਆਰੇਪਣ ਨੂੰ ਕਾਇਮ ਰੱਖਣ ਪ੍ਰਤੀ ਅਵੇਸਲਾਪਣ ਤਾਂ ਆਇਆ ਹੀ ਹੈ, ਪਰ ਦੁਸ਼ਮਣ ਇਸ ਨਿਆਰੇਪਣ ਨੂੰ ਖਤਮ ਕਰਨ ਲਈ ਕਈ ਗੁਣਾ ਵੱਧ ਉੱਦਮ ਕਰ ਰਿਹਾ ਹੈ, ਘਿਨਾਉਣੇ ਯਤਨਾਂ ਦੇ ਰੂਪ ਵਿੱਚ। 1947 ਤੋਂ ਬਾਅਦ ਭਾਰਤੀ ਲੋਕਤੰਤਰ 'ਤੇ ਹਾਵੀ ਹਿੰਦੂ ਬਹੁਗਿਣਤੀ ਦੇ ਨੁਮਾਇੰਦੇ ਲਗਾਤਾਰ ਸਿੱਖਾਂ ਦੀ ਵੱਖਰੀ ਹੋਂਦ ਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੋਏ ਬੈਠੇ ਹਨ । (ਪੁਸਤਕ ਸਿੱਖ ਇਕ ਵੱਖਰੀ ਕੌਮ ਪੰਨਾ 6 ਲੇਖਕ ਬਲਜੀਤ ਸਿੰਘ ਖਾਲਸਾ)

ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ ਕਵੈਂਟਰੀ

ਮੋਬਾਈਲ ਫੋਨ: 07989 927477

* * * * * * *