image caption: ਲੇਖਕ - ਸ਼ੰਗਾਰਾ ਸਿੰਘ ਭੁੱਲਰ

ਗ੍ਰੰਥੀ ਸਿੰਘ, ਗੁਰਬਾਣੀ ਤੇ ਸਿੱਖੀ ਦਾ ਪਸਾਰਾ - ਲੇਖਕ - ਸ਼ੰਗਾਰਾ ਸਿੰਘ ਭੁੱਲਰ

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਨਿਆਦੀ ਤੌਰ 'ਤੇ ਇਕ ਧਾਰਮਿਕ ਜਥੇਬੰਦੀ ਹੈ, ਪਰ ਜਾਣਿਆ ਇਸ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਰਕੇ ਜਾਂਦਾ ਹੈ। ਇਸ ਦੇ ਕਈ ਇਕ ਉਦੇਸ਼ਾਂ ਤੋਂ ਬਿਨਾਂ ਇਕ ਗੁਰਬਾਣੀ ਅਤੇ ਸਿੱਖੀ ਦਾ ਦੇਸ਼ ਵਿਦੇਸ਼ ਵਿੱਚ ਪ੍ਰਚਾਰ-ਪ੍ਰਸਾਰ ਕਰਨਾ ਹੈ। ਇਸ ਸੰਸਥਾ ਦੀ ਉਮਰ ਹੋਰ ਦੋ ਵਰ੍ਹਿਆਂ ਨੂੰ ਸੌ ਸਾਲ ਦੀ ਹੋ ਜਾਵੇਗੀ। ਇਸ ਲਈ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਆਪਣੇ ਉਪਰੋਕਤ ਉਦੇਸ਼ਾਂ ਵਿੱਚ ਕਾਮਯਾਬ ਹੋਈ ਹੈ ਜਾਂ ਨਹੀਂ ਜੇ ਨਹੀਂ ਤਾਂ ਫਿਰ ਇਸ ਦੇ ਕੀ ਕਾਰਨ ਹਨ ਇਸ ਦਾ ਜਵਾਬ ਲੱਭਣ ਲਈ ਜ਼ਰਾ ਪਿਛੋਕੜ 'ਤੇ ਝਾਤ ਮਾਰਨੀ ਪਵੇਗੀ। ਪਹਿਲੀ ਗੱਲ ਤਾਂ ਇਹ ਕਿ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵੱਸਦਾ ਹਰ ਸਿੱਖ ਤਨੋਂ ਮਨੋਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਇਆ ਹੈ, ਜੋ ਸਾਨੂੰ ਚੰਗੀ ਸੇਧ ਦੇ ਕੇ ਜੀਵਨ ਜਾਚ ਸਿਖਾਉਂਦਾ ਹੈ। ਇਹ ਬਾਣੀ ਸਿਰਫ਼ ਪੜ੍ਹਨ ਲਈ ਨਹੀਂ, ਸਗੋਂ ਵਿਚਾਰਨ ਅਤੇ ਆਪਣੇ ਜੀਵਨ 'ਤੇ ਲਾਗੂ ਕਰਨ ਵਾਲੀ ਹੈ। ਇਸ ਕੰਮ ਵਿੱਚ ਭਲੇ ਹੀ ਹਰ ਮਨੁੱਖ ਯੋਗ ਨਹੀਂ, ਸਗੋਂ ਇਹ ਗਾਡੀ ਰਾਹ ਸਾਨੂੰ ਉਨ੍ਹਾਂ ਗ੍ਰੰਥੀ ਸਿੰਘਾਂ ਨੇ ਦਿਖਾਉਣਾ ਹੈ, ਜਿਹੜੇ ਜਿਥੇ ਕਿਤੇ ਵੀ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹਨ, ਉਥੇ ਸੇਵਾ ਵਿੱਚ ਲੱਗੇ ਹੋਏ ਹਨ। ਇਹ ਗੁਰਦੁਆਰਾ ਸਾਹਿਬ ਪਿੰਡਾਂ ਵਿੱਚ ਵੀ ਹਨ, ਸ਼ਹਿਰਾਂ ਵਿੱਚ ਵੀ ਜਾਂ ਜਿਥੇ ਕਿਤੇ ਵੀ ਸਿੱਖ ਭਾਈਚਾਰਾ ਰਹਿੰਦਾ ਹੈ, ਉਥੇ ਵੀ ਗ੍ਰੰਥੀ ਸਿਘ ਗੁਰਬਾਣੀ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਬਿਨਾਂ ਸ਼ੱਕ ਗ੍ਰੰਥੀ ਸਿੰਘਾਂ ਸਿਰ ਇਹ ਬੜੀ ਵੱਡੀ ਜ਼ਿੰਮੇਵਾਰੀ ਹੈ, ਪਰ ਜਿਸ ਤਰ੍ਹਾਂ ਦੇ ਹਾਲਾਤ ਵਿੱਚ ਉਹ ਗੁਜ਼ਰ ਬਸਰ ਕਰਦੇ ਹਨ ਜਾਂ ਜੋ ਸੁੱਖ ਸੁਵਿਧਾਵਾਂ ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਮੁਤਾਬਕ ਖੁਦ ਬਖੁਦ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਯਕੀਨਨ ਅਜਿਹੇ ਤਰਸਯੋਗ ਹਾਲਾਤ ਵਿੱਚ ਉਨ੍ਹਾਂ ਵੱਲੋਂ ਗੁਰਬਾਣੀ ਅਤੇ ਸਿੱਖ ਸਿਧਾਂਤਾਂ ਦਾ ਪ੍ਰਚਾਰ ਕਰ ਸਕਣਾ ਲਗਪਗ ਨਾਮੁਮਕਿਨ ਹੈ। ਤਨਖਾਹ ਕਿਸੇ ਸੂਰਤ ਵਿੱਚ ਵੀ ਦੱਸ ਹਜ਼ਾਰ ਤੋਂ ਵੱਧ ਨਹੀਂ। ਰਹਿਣ ਲਈ ਇਕ ਜਾਂ ਡੇਢ ਕਮਰੇ ਦਾ ਘਰ। ਸਥਾਨਕ ਪ੍ਰਬੰਧਕ ਬਹੁਤੀ ਵਾਰ ਉਸ ਨੂੰ ਆਪਣੇ ਮੁਲਾਜ਼ਮ ਤੋਂ ਵੱਧ ਕੁਝ ਨਹੀਂ ਸਮਝਦੇ, ਹਾਲਾਂਕਿ ਗੁਰੂ ਘਰ ਦੀ ਸੇਵਾ ਕਰਨ ਵਾਲਾ ਉਹ ਗ੍ਰੰਥੀ ਸਾਡੇ ਵੱਡੇ ਮਾਣ ਸਨਮਾਨ ਦਾ ਪਾਤਰ ਹੋਣਾ ਚਾਹੀਦਾ ਹੈ। ਇਕ ਨਾਕਾਰਾਤਮਕ ਪਹਿਲੂ ਇਹ ਵੀ ਹੈ ਕਿ ਗ੍ਰੰਥੀ ਸਿੰਘ ਦੀ ਨਿਯੁਕਤੀ ਵੇਲੇ ਉਸ ਦੀ ਵਿੱਦਿਅਕ ਯੋਗਤਾ, ਖਾਸ ਕਰਕੇ ਦੂਸਰੇ ਧਰਮਾਂ ਸਬੰਧੀ ਗਿਆਨ ਨੂੰ ਨਾ ਤਾਂ ਪਹਿਲ ਦਿੱਤੀ ਜਾਂਦੀ ਹੈ ਅਤੇ ਨਾ ਪਰਖਿਆ ਜਾਂਦਾ ਹੈ। ਬੱਸ ਗੁਰਦੁਆਰਾ ਸਾਹਿਬ ਲਈ ਇਕ ਗ੍ਰੰਥੀ ਸਿੰਘ ਦੀ ਜਰੂਰਤ ਹੈ ਅਤੇ ਉਹ ਰੱਖ ਲਿਆ ਜਾਂਦਾ ਹੈ। ਉਹਦੀ ਸਾਲਾਨਾ ਤਰੱਕੀ ਰੱਬ ਆਸਰੇ ਹੈ। ਹਾਂ, ਹੁਣ ਜਿਹੜੀਆਂ ਕੁਝ ਹੋਰ ਗੈਰ ਸਿੱਖੀ ਰਵਾਇਤਾਂ ਸ਼ੁਰੂ ਹੋ ਗਈਆਂ ਹਨ, ਉਸ ਨਾਲ ਉਲਟੇ ਜੀਵਨ ਦੀ ਗੱਡੀ ਰਿੜੀ ਜਾਂਦੀ ਹੈ। ਇਨ੍ਹਾਂਵਿੱਚੋਂ ਇਕ ਰਵਾਇਤ ਅਰਦਾਸ ਕਰਨ ਵੇਲੇ ਉਹਦੇ ਹੱਥਾਂ ਵਿੱਚ ਕੁਝ ਭੇਟਾ ਦੇ ਦੇਣਾ ਹੈ। ਕਈ ਵਾਰੀ ਵੇਖਾ ਵੇਖੀ ਕਈ ਲੋਕ ਅਰਦਾਸ ਦੌਰਾਨ ਹੀ ਭੇਟਾ ਦੇਈ ਜਾਂਦੇ ਹਨ, ਜੋ ਸੱਚੀ ਮੁੱਚੀ ਰੜਕਦਾ ਹੈ। ਇਹੋ ਜਿਹੇ ਹਾਲਾਤ ਵਿੱਚ ਕੀ ਤੁਸੀਂ ਆਸ ਕਰ ਸਕਦੇ ਹੋ ਕਿ ਉਹ ਗੁਰਬਾਣੀ ਅਤੇ ਸਿੱਖੀ ਪ੍ਰਚਾਰ ਵਿੱਚ ਅਹਿਮ ਹਿੱਸਾ ਪਾ ਸਕੇਗਾ ਜਵਾਬ ਸਪੱਸ਼ਟ ਨਾਂਹ ਵਿੱਚ ਹੈ।
  ਉਪਰੋਕਤ ਗਾਥਾ ਇਕ ਦੀ ਨਹੀਂ, ਸਗੋਂ ਕਈ ਗ੍ਰੰਥੀ ਸਿੰਘਾਂ ਦੀ ਹੈ। ਤੁਸੀਂ ਜ਼ਰਾ ਮੋਟਾ ਜਿਹਾ ਅਨੁਮਾਨ ਲਾਓ ਕਿ ਦੇਸ਼ ਵਿਦੇਸ਼ ਵਿੱਚ ਕਿੰਨੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰ ਰਹੇ ਗ੍ਰੰਥੀ ਸਿੰਘ ਹਨ, ਜਿਨ੍ਹਾਂ ਦੀ ਜੀਵਨ ਪੱਖੋਂ ਇਹੋ ਤਰਸ ਯੋਗ ਹਾਲਤ ਹੈ ਅਤੇ ਇਹ ਸਾਰਾ ਕੁਝ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦੇ ਨੱਕ ਹੇਠ ਹੋ ਰਿਹਾ ਹੈ। ਦੇਸ਼ ਵਿਦੇਸ਼ ਦੇ ਜੇ ਕੁੱਲ ਗ੍ਰੰਥੀ ਸਿੰਘਾਂ ਦਾ ਅੰਕੜਾ ਨਾ ਵੀ ਸਾਹਮਣੇ ਰੱਖੀਏ ਤਾਂ ਵੀ ਪੰਜਾਬ ਦੀ ਗੱਲ ਹੀ ਕਰ ਲੈਂਦੇ ਹਾਂ। ਦਰਬਾਰ ਸਾਹਿਬ ਜੋ ਪੰਜਾਬ ਦੀ ਧਰਤੀ 'ਤੇ ਕੇਂਦਰਿਤ ਹੈ ਅਤੇ ਸ਼੍ਰੋਮਣੀ ਕਮੇਟੀ ਦਾ ਦਫਤਰ ਵੀ ਇਥੇ ਹੈ, ਇਸ ਲਈ ਪੰਜਾਬ ਦੇ ਗ੍ਰੰਥੀ ਸਿੰਘਾਂ ਦੀ ਗੱਲ ਕਰਨੀ ਹੀ ਉੱਚਿਤ ਹੋਵੇਗੀ। ਪੰਜਾਬ ਦੇ ਲਗਪਗ ਤੇਰ੍ਹਾਂ ਹਜ਼ਾਰ ਪਿੰਡ ਹਨ ਅਤੇ ਔਸਤਨ ਹਰ ਪਿੰਡ ਵਿੱਚ ਇਕ ਤੋਂ ਦੋ ਗੁਰਦੁਆਰੇ ਹਨ। ਕਈਆਂ ਵਿੱਚ ਇਸ ਤੋਂ ਵੀ ਵੱਧ। ਇਸ ਤੋਂ ਬਿਨਾਂ ਲਗਪਗ ਡੇਢ ਪੌਣੇ ਦੋ ਸੌ ਛੋਟੇ ਛੋਟੇ ਨਗਰ ਅਤੇ ਸ਼ਹਿਰ ਹਨ ਅਤੇ ਇਨ੍ਹਾਂ ਥਾਵਾਂ 'ਤੇ ਗੁਰਦੁਆਰਿਆਂ ਦੀ ਗਿਣਤੀ ਦਾ ਕੋਈ ਅੰਦਾਜ਼ਾ ਹੀ ਨਹੀਂ। ਨਾ ਹੀ ਸ਼ਾਇਦ ਸ਼੍ਰੋਮਣੀ ਕਮੇਟੀ ਕੋਲ ਇਸ ਤਰ੍ਹਾਂ ਦੇ ਕੋਈ ਅੰਕੜੇ ਹੋਣ। ਵੱਡੇ ਸ਼ਹਿਰਾਂ ਵਿੱਚ ਸਕੂਲ ਭਾਵੇਂ ਥਾਂ-ਥਾਂ ਨਾ ਹੋਣ, ਪਰ ਗੁਰਦੁਆਰੇ ਜ਼ਰੂਰ ਹਨ। ਚੰਡੀਗੜ੍ਹ ਜੋ ਕਦੀ ਪੰਜਾਬ ਦੀ ਰਾਜਧਾਨੀ ਸੀ, ਉਥੇ ਅਤੇ ਉਹਦੇ ਨਾਲ ਸ਼ਹਿਰ ਮੁਹਾਲੀ ਦੇ ਤਕਰੀਬਨ ਹਰ ਸੈਕਟਰ ਵਿੱਚ ਗੁਰਦੁਆਰਾ ਹੈ ਅਤੇ ਜਿਥੇ ਗੁਰਦੁਆਰਾ ਹੈ ਉਥੇ ਗ੍ਰੰਥੀ ਸਿੰਘ ਦਾ ਹੋਣਾ ਲਾਜ਼ਮੀ ਹੈ। ਸਵਾਲਾਂ ਦਾ ਸਵਾਲ ਇਹ ਹੈ ਕਿ ਉਪਰੋਕਤ ਜਿੰਨੇ ਵੀ ਗੁਰਦੁਆਰਾ ਸਾਹਿਬ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਕੰਮ ਕਰਦੇ ਗ੍ਰੰਥੀ ਸਿੰਘ ਵਿੱਦਿਅਕ ਯੋਗਤਾਵਾਂ ਪੱਖੋਂ ਮੁਕੰਮਲ ਹਨ ਅਤੇ ਕੀ ਇਨ੍ਹਾਂ ਨੂੰ ਤਨਖਾਹ, ਭੱਤਿਆਂ ਅਤੇ ਰਿਹਾਇਸ਼ ਦੇ ਰੂਪ ਵਿੱਚ ਏਨੀਆਂ ਕੁ ਸੁੱਖ ਸੁਵਿਧਾਵਾਂ ਪ੍ਰਾਪਤ ਹਨ ਕਿ ਉਹ ਨਿਸ਼ਚਿੰਤ ਹੋ ਕੇ ਗੁਰਬਾਣੀ ਅਤੇ ਸਿੱਖੀ ਦੇ ਪ੍ਰਚਾਰ ਵਿੱਚ ਜੁੱਟੇ ਰਹਿਣ। ਜੇ ਤਾਂ ਇਸ ਨਾਲ ਉਨ੍ਹਾਂ ਦੀ ਮਾਨਸਿਕ ਸੰਤੁਸ਼ਟੀ ਹੈ ਫਿਰ ਤਾਂ ਉਹ ਇਸ ਕੰਮ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਜੇ ਅਜਿਹਾ ਨਹੀਂ ਤਾਂ ਉਹ ਵਕਤ ਨੂੰ ਧੱਕਾ ਦੇ ਕੇ ਕਿਸੇ ਹੋਰ ਕੰਮ ਦੀ ਤਲਾਸ਼ ਵਿੱਚ ਰੁੱਝੇ ਰਹਿਣਗੇ। ਵੈਸੇ ਕੀ ਇਨ੍ਹਾਂ ਦੀਆਂ ਤਨਖਾਹਾਂ ਏਨੀਆਂ ਕੁ ਹਨ ਜਿੰਨੀਆਂ ਦਰਬਾਰ ਸਾਹਿਬ ਵਿੱਚ ਹੱਥ ਵਿੱਚ ਬਰਛਾ ਫੜ ਕੇ ਡਿਊਟੀ ਦੇ ਰਹੇ ਸੇਵਾਦਾਰਾਂ ਦੀਆਂ ਹਨ ਭਲੇ ਹੀ ਬਹੁਤ ਸਾਰੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਅਧੀਨ ਨਹੀਂ, ਪਰ ਕੀ ਏਨਾ ਸੰਭਵ ਨਹੀਂ ਕਿ ਅਰਬਾਂ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਚੜ੍ਹਾਵੇ ਰਾਹੀਂ ਪ੍ਰਾਪਤ ਹੋਈ ਆਮਦਨੀ ਦਾ ਇਕ ਡੇਢ ਫੀਸਦੀ ਇਸ ਲੇਖੇ ਲਾ ਸਕਣ। ਯਕੀਨਨ ਗੁਰਬਾਣੀ ਅਤੇ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਪ੍ਰਸਾਰ ਮੁੱਢੋਂ ਸ਼ੁਰੂ ਹੋਵੇਗਾ ਅਤੇ ਇਹ ਉਸ ਦਿਸ਼ਾ ਵੱਲ ਜਾਂਦਾ ਇਕ ਅਹਿਮ ਰਾਹ ਹੋਵੇਗਾ, ਜਿਸ ਪ੍ਰਤੀ ਅਸੀਂ ਕਈ ਵਾਰ ਨਾ ਕੇਵਲ ਝੂਰਦੇ ਹੀ ਹਾਂ, ਸਗੋਂ ਕਦੀ ਕਦੀ ਉਦੋਂ ਤਲਖ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ੫੫੦ ਸਾਲਾ ਪੁਰਾਣਾ ਸਿੱਖ ਧਰਮ ਹੋਣ ਦੇ ਬਾਵਜੂਦ ਬਹੁਤੀ ਥਾਈਂ ਅਜੇ ਤੱਕ ਵੀ ਇਸ ਦੀ ਪਛਾਣ ਨਹੀਂ ਬਣ ਸਕੀ। ਇਨ੍ਹਾਂ ਗ੍ਰੰਥੀ ਸਿੰਘਾਂ ਦੇ ਸਿਖਲਾਈ ਕੈਂਪ ਲਾਏ ਜਾਣ ਅਤੇ ਉਨ੍ਹਾਂ ਨੂੰ ਦੂਸਰੇ ਧਰਮਾਂ ਦੀ ਜਾਣਕਾਰੀ ਦਿੱਤੀ ਜਾਵੇ। ਸਿੱਖ ਧਰਮ ਬੜਾ ਵਿਸ਼ਾਲ ਅਤੇ ਵਿਗਿਆਨਕ ਧਰਮ ਹੈ ਅਤੇ ਦੁਨੀਆਂ ਦਾ ਹਰ ਵਿਅਕਤੀ ਇਸ ਦੇ ਨਿਆਰੇ ਅਤੇ ਵਿਲੱਖਣ ਨਿਵੇਕਲੇਪਣ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਸਿੱਖ ਧਰਮ ਹਾਲਾਂਕਿ ਦੂਜਿਆਂ 'ਤੇ ਕਿਸੇ ਕਿਸਮ ਦਾ ਦਬਾਅ ਨਹੀਂ ਪਾਉਂਦਾ ਅਤੇ ਨਾ ਹੀ ਕਿਸੇ ਦਾ ਵਿਰੋਧ ਕਰਦਾ ਹੈ, ਇਸ ਦੇ ਬਾਵਜੂਦ ਇਸ ਵਿੱਚ ਦੂਜਿਆਂ ਨੂੰ ਆਪਣੇ ਵੱਲ ਖਿੱਚਣ ਦੀ ਬੜੀ ਸ਼ਕਤੀ ਹੈ। ਅਫਸੋਸ ਸਾਡੇ ਰਹਿਨੁਮਾਵਾਂ ਨੇ ਉਸਾਰੂ ਯਤਨ ਹੀ ਨਹੀਂ ਕੀਤੇ।
 ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈ, ਜਿਹੜਾ ਹੌਲੀ ਹੌਲੀ ਪ੍ਰਿੰਟ ਅਤੇ ਬਿਜਲੀ ਮੀਡੀਆ ਨੂੰ ਵੀ ਪਛਾੜਨ ਲੱਗਾ ਹੈ। ਅਖਬਾਰਾਂ ਜਾਂ ਦੂਜਾ ਮੀਡੀਆ ਕਈ ਵਾਰੀ ਕੁਝ ਕਾਨੂੰਨੀ ਜਾਂ ਸਮਾਜਿਕ ਬੰਦਿਸ਼ਾਂ ਕਾਰਨ ਖਾਮੋਸ਼ ਰਹਿੰਦਾ ਹੈ, ਪਰ ਸੋਸ਼ਲ ਮੀਡੀਆ ਤਾਂ ਜੋ ਮਨ ਆਉਂਦਾ ਹੈ ਉਸ ਨੂੰ ਦੂਜਿਆਂ ਨਾਲ ਸਾਂਝਾ ਕਰਕੇ ਹੀ ਸਾਹ ਲੈਂਦਾ ਹੈ। ਇਸੇ ਸੰਦਰਭ ਵਿੱਚ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਵੇਖੀ। ਇਹ ਤਾਂ ਪਤਾ ਨਹੀਂ ਲੱਗ ਸਕਿਆ ਕਿ ਇਹ ਹੈ ਕਿਥੋਂ ਦੀ, ਪਰ ਅੰਦਾਜ਼ੇ ਮੁਤਾਬਕ ਇਹ ਦਿੱਲੀ ਦੀ ਲੱਗਦੀ ਸੀ। ਵੀਡੀਓ ਵਿੱਚ ਇਕ ਬੀਬੀ ਜੀ ਕਥਾ ਕਰ ਰਹੇ ਸਨ ਅਤੇ ਇਸ ਦਾ ਤਆਲੁਕ ਗੰ੍ਰਥੀ ਸਿੰਘਾਂ ਨਾਲ ਸੀ। ਮੋਟੇ ਤੌਰ 'ਤੇ ਬੀਬੀ ਜੀ ਦਾ ਕਹਿਣਾ ਸੀ ਕਿ ਅਸਲ ਵਿੱਚ ਇਹ ਗ੍ਰੰਥੀ ਸਿੰਘ ਹਨ, ਜੋ ਸਿੱਖੀ ਦੀਆਂ ਜੜ੍ਹਾਂ ਮਜ਼ਬੂਤ ਕਰਨ ਅਤੇ ਗੁਰਬਾਣੀ ਨੂੰ ਜੀਵਨ 'ਤੇ ਲਾਗੂ ਕਰਨ ਵਿੱਚ ਬੜੀ ਮਹੱਤਤਾ ਨਿਭਾ ਸਕਦੇ ਹਨ। ਅਫਸੋਸ ਇਹ ਹੈ ਕਿ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਦੇ ਅਤੇ ਬਦਤਰ ਰਿਹਾਇਸ਼ੀ ਹਾਲਾਤ ਵਿੱਚ ਰਹਿੰਦੇ ਇਨ੍ਹਾਂ ਲੋਕਾਂ ਨੂੰ ਬਸ ਦੋ ਵੇਲੇ ਦੀ ਰੋਟੀ ਦੇ ਜੁਗਾੜ ਵਿੱਚ ਹੀ ਪ੍ਰਬੰਧਕਾਂ ਨੇ ਜਕੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਇਸਾਈ ਪਾਦਰੀਆਂ ਦਾ ਵੀ ਸ਼ਾਇਦ ਜ਼ਿਕਰ ਕੀਤਾ ਸੀ ਕਿ ਉਨ੍ਹਾਂ ਨੂੰ ਚੰਗੇ ਅਧਿਐਨ ਅਤੇ ਸਖਤ ਤਪੱਸਿਆ ਪਿੱਛੋਂ ਹੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਅਤੇ ਸਾਡੇ ਇਥੇ ਕੁਝ ਵੀ ਅਜਿਹਾ ਨਹੀਂ।
  ਇਥੇ ਤਾਂ ਗੁਰਮੁਖੀ ਪੜ੍ਹੇ ਲਿਖੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਿਠਾ ਦਿੱਤਾ ਜਾਂਦਾ ਹੈ। ਬਿਨਾਂ ਸ਼ੱਕ ਬੀਬੀ ਜੀ ਦੇ ਕਹੇ ਸ਼ਬਦ ਗੁਰੂ ਘਰ ਦੇ ਪ੍ਰਬੰਧਕਾਂ ਦੀਆਂ ਅੱਖਾਂ ਖੋਲ੍ਹਣ ਵਾਲੇ ਸਨ। ਕਿਹਾ ਨਹੀਂ ਜਾ ਸਕਦਾ ਕਿ ਕਿਸੇ ਵੀ ਕਮੇਟੀ ਨੇ ਇਸ ਦਾ ਨੋਟਿਸ ਲਿਆ ਹੋਵੇ। ਇਕ ਗੱਲ ਪੱਕੀ ਹੈ ਕਿ ਅੱਜ ਜਿਵੇਂ ਸਿੱਖੀ ਸਿਧਾਂਤਾਂ, ਕਦਰਾਂ ਕੀਮਤਾਂ ਵਿੱਚ ਸਿਰੇ ਦਾ ਨਿਘਾਰ ਆ ਗਿਆ ਹੈ, ਧਰਮ ਵਿੱਚ ਸਿਆਸਤ ਦੀ ਦਖਲਅੰਦਾਜ਼ੀ ਵੱਧ ਰਹੀ ਹੈ, ਗੁਰੂ ਘਰਾਂ ਵਿੱਚ ਧਰਮ ਜਾਂ ਸਿੱਖੀ ਪ੍ਰਚਾਰ ਦੀ ਬਜਾਏ ਭ੍ਰਿਸ਼ਟਾਚਾਰ ਭਾਰੂ ਹੋ ਰਿਹਾ ਹੈ, ਸਿੱਖੀ ਪਛਾਣ ਬੇਪਛਾਣ ਹੋਣ ਲੱਗੀ ਹੈ ਅਤੇ ਜਿਨ੍ਹਾਂ ਗੁਰੂ ਸਾਹਿਬਾਨ ਨੇ ਸਾਨੂੰ ਗੁਰਬਾਣੀ ਅਤੇ ਸਿੱਖੀ ਦੇ ਲੜ ਲਾਇਆ ਸੀ, ਉਸ ਸਭ ਕਾਸੇ ਤੋਂ ਬੇਮੁੱਖ ਹੋ ਕੇ ਮੁੜ ਪੁਰਾਣੇ ਵਹਿਮਾਂ, ਭਰਮਾਂ ਅਤੇ ਅੰਧਵਿਸ਼ਵਾਸਾਂ ਵਿੱਚ ਫੱਸਣ ਲੱਗੇ ਹਾਂ। ਸੱਚ ਪੁੱਛੋ ਸਿੱਖੀ ਵੱਡੇ ਸੰਕਟ ਵਿੱਚੋਂ ਲੰਘ ਰਹੀ ਹੈ। ਸਿੱਖ ਧਰਮ ਵਿੱਚ ਆਸਥਾ ਰੱਖਣ ਵਾਲੇ ਤਾਂ ਇਸ 'ਤੇ ਪਹਿਰਾ ਦੇਣਾ ਚਾਹੁੰਦੇ ਹਨ ਅਤੇ ਦੇ ਵੀ ਰਹੇ ਹਨ, ਪਰ ਉਨ੍ਹਾਂ ਨੂੰ ਸਹੀ ਆਗੂ ਨਹੀਂ ਲੱਭ ਰਹੇ। ਲੱਗਦੈ ਜਿਵੇਂ ਗੁਰੂ ਸਾਹਿਬਾਨ ਵੱਲੋਂ ਤਿਆਰ ਕੀਤਾ ਗਿਆ ਨਿਆਰਾ ਸਿੱਖ ਪੰਥ ਲੀਡਰ ਵਿਹੂਣਾ ਮਹਿਸੂਸ ਹੋ ਰਿਹਾ ਹੈ। ਗੁਰੂ ਘਰਾਂ ਦੇ ਪ੍ਰਬੰਧਕ ਸੇਵਾਦਾਰ ਚੁਣਨ ਵੇਲੇ ਇਕਮਤ ਨਹੀਂ ਹੁੰਦੇ । ਸਿੱਖ ਧਰਮ ਅਜਿਹਾ ਤਾਂ ਨਹੀਂ ਸੀ। ਇਹ ਤਾਂ ਖੰਡੇ ਦੀ ਧਾਰ ਵਿੱਚੋਂ ਨਿਕਲਿਆ ਸੀ ਅਤੇ ਅੱਜ ਇਸ ਨੂੰ ਸਾਂਝੇ ਪੰਥਕ ਲੀਡਰਾਂ ਨੇ ਹੀ ਘੱਟੇ ਮਿੱਟੀ ਰੋਲ ਕੇ ਰੱਖ ਦਿੱਤਾ ਹੈ। ਹੁਣ ਇਕ ਤਰ੍ਹਾਂ ਇੰਤਹਾ ਹੋ ਗਈ ਹੈ ਅਤੇ ਬੇੜਾ ਬੰਨਣ ਦੀ ਲੋੜ ਹੈ। ਪਤਾ ਨਹੀਂ ਕੋਈ ਮਾਈ ਦਾ ਲਾਲ ਕਦੋਂ ਮੈਦਾਨ ਵਿੱਚ ਨਿਤਰੇਗਾ

ਲੇਖਕ - ਸ਼ੰਗਾਰਾ ਸਿੰਘ ਭੁੱਲਰ