image caption: ਰਜਿੰਦਰ ਸਿੰਘ ਪੁਰੇਵਾਲ

ਅਜੀਤ ਡੋਵਾਲ ਦੇ ਬੇਟੇ ਦੇ ਘੁਟਾਲੇ ਦੇ ਸੱਚ ਪਿੱਛੇ ਕੀ ਹੈ ਰਾਜ ਕਾਰਵਾ ਮੀਡੀਆ ਦੀ ਖੋਜ ਕਿੰਨੀ ਕੁ ਸੱਚੀ ?

      ਕੋਸ਼ਲ ਸ਼ਰਾਫ ਨਾਮ ਦੇ ਇਕ ਖੋਜੀ ਪੱਤਰਕਾਰ ਨੇ ਅਮਰੀਕਾ, ਇੰਗਲੈਂਡ, ਸਿੰਗਾਪੁਰ, ਕੇਮੈਨ ਆਈਲੈਂਡ ਤੋਂ ਦਸਤਾਵੇਜ਼ ਜੁਟਾ ਕੇ ਡੋਵਾਲ ਦੇ ਬੇਟਿਆਂ ਦੀ ਕੰਪਨੀ ਦਾ ਖੁਲਾਸਾ ਕੀਤਾ ਹੈ। ਕਾਰਵਾ ਪੱਤਰਿਕਾ ਦੇ ਅਨੁਸਾਰ ਕੰਪਨੀਆਂ ਹੇਜ ਫੰਡ ਅਤੇ ਆਫਸ਼ੋਰ (ਕਾਲੇ ਧਨ) ਦੇ ਦਾਇਰੇ ਵਿਚ ਆਉਂਦੀਆਂ ਹਨ। ਟੈਕਸ ਹੈਵਨ ਵਾਲੀ ਜਗ੍ਹਾ ਵਿਚ ਕੰਪਨੀ ਖੋਲ੍ਹਣ ਦਾ ਮਤਲਬ ਹੀ ਹੈ ਕਿ ਸ਼ੱਕ ਦੇ ਘੇਰੇ ਵਿਚ ਆ ਜਾਣਾ ਤੇ ਨੈਤਿਕਤਾ ਦੇ ਵੀ। ਇਹ ਕੰਪਨੀ 13 ਦਿਨਾਂ ਦੇ ਬਾਅਦ 21 ਨਵੰਬਰ 2016 ਨੂੰ ਟੈਕਸ ਕੇਮੈਨ ਆਈਲੈਂਡ ਵਿਚ ਵਿਵੇਕ ਡੋਵਾਲ ਆਪਣੀ ਕੰਪਨੀ ਦਾ ਰਜਿਸਟਰੇਸ਼ਨ ਕਰਵਾਉਂਦੇ ਹਨ। ਕਾਰਵਾ ਦੇ ਐਡੀਟਰ ਵਿਨੋਦ ਹੋਜੇ ਨੇ ਟਵੀਟ ਕੀਤਾ ਸੀ ਕਿ ਨੋਟਬੰਦੀ ਦੇ ਬਾਅਦ ਵਿਦੇਸ਼ੀ ਨਿਵੇਸ਼ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਪੈਸਾ ਭਾਰਤ ਵਿਚ ਕੇਮੈਨ ਆਈਲੈਂਡ ਤੋਂ ਆਇਆ ਸੀ। 2017 ਵਿਚ ਕੇਮੈਨ ਆਈਲੈਂਡ ਤੋਂ ਆਉਣ ਵਾਲੇ ਨਿਵੇਸ਼ ਵਿਚ 2226 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ। ਹੁਣ ਇਸ ਦਾ ਮਤਲਬ ਸਿੱਧਾ ਭ੍ਰਿਸ਼ਟਾਚਾਰ ਤੋਂ ਹੈ ਜਾਂ ਮਹਿਜ ਨੈਤਿਕਤਾ ਤੋਂ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਬੇਟੇ ਵਿਵੇਕ ਡੋਵਾਲ ਭਾਰਤ ਦੇ ਨਾਗਰਿਕ ਨਹੀਂ ਹਨ। ਉਹ ਇੰਗਲੈਂਡ ਦੇ ਨਾਗਰਿਕ ਹਨ। ਸਿੰਗਾਪੁਰ ਵਿਚ ਰਹਿੰਦੇ ਹਨ ਜੀਐਨਵਾਈ ਏਸ਼ੀਆ ਫੰਡ ਦੇ ਡਾਇਰੈਕਟਰ ਹਨ। ਕੇਮੈਨ ਆਈਲੈਂਡ ਟੈਕਸ ਚੋਰਾਂ ਦੇ ਗਿਰੋਹ ਦਾ ਅੱਡਾ ਮੰਨਿਆ ਜਾਂਦਾ ਹੈ। ਕੋਸ਼ਲ ਸਰਾਫ ਨੇ ਲਿਖਿਆ ਹੈ ਕਿ ਵਿਵੇਕ ਡੋਵਾਲ ਇੱਥੋਂ ਹੀ ਅਜਿਹੇ ਫੰਡ ਦਾ ਕਾਰੋਬਾਰ ਕਰਦੇ ਹਨ। ਭਾਜਪਾ ਨੇਤਾ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਬੇਟੇ ਸ਼ੋਰੀਆ ਤੇ ਵਿਵੇਕ ਦਾ ਬਿਜਨਸ ਇਕ ਦੂਸਰੇ ਨਾਲ ਜੁੜਿਆ ਹੋਇਆ ਹੈ। ਰਿਪੋਰਟ ਵਿਚ ਕੁਝ ਜਟਿਲ ਗੱਲਾਂ ਵੀ ਹਨ, ਜਿਸ ਨੂੰ ਸਮਝਣ ਦੇ ਲਈ ਬਿਜਨੈਸ ਅਕਾਊਂਟ ਨੂੰ ਦੇਖਣ ਦੀ ਤਕਨੀਕ ਸਮਝ ਹੋਣੀ ਚਾਹੀਦੀ ਹੈ। ਕਾਰਵਾ ਦੀ ਰਿਪੋਰਟ ਵਿਚ ਇਸ ਦਾ ਪੂਰਾ ਜ਼ਿਕਰ ਹੈ। 2011 ਵਿਚ ਅਜੀਤ ਡੋਵਾਲ ਨੇ ਇਕ ਰਿਪੋਰਟ ਲਿਖੀ ਸੀ ਕਿ ਟੈਕਸ ਚੋਰੀ ਦੇ ਅੱਡਿਆਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੇ ਹੀ ਬੇਟੇ ਦੀ ਕੰਪਨੀ ਦਾ ਨਾਮ ਹੇਜ ਫੰਡ ਤੇ ਅਜਿਹੀ ਜਗ੍ਹਾ 'ਤੇ ਕੰਪਨੀ ਬਣਾ ਕੇ ਕਾਰੋਬਾਰ ਕਰਨ ਦੇ ਮਾਮਲੇ ਵਿਚ ਸਾਹਮਣੇ ਆਉਂਦਾ ਹੈ। ਵਿਵੇਕ ਡੋਵਾਲ ਦੀ ਕੰਪਨੀ ਦੇ ਨਿਰੇਦਸ਼ਕ ਹਨ ਡਾਨ ਡਬਲਿਊ ਈ ਬੈਕਸ ਤੇ ਮੁਹੰਮਦ ਅਲਤਾਫ ਮੁਸਲਯਾਮ। ਈਬੈਂਕਸ ਦਾ ਨਾਮ ਪੈਰਾਡਾਇਜ਼ ਪੇਪਰ ਵਿਚ ਆ ਚੁੱਕਾ ਹੈ। ਅਜਿਹੀਆਂ ਕਈ ਫਰਜ਼ੀ ਕੰਪਨੀਆਂ ਦੇ ਲੱਖਾਂ ਦਸਤਾਵੇਜ਼ ਲੀਕ ਹੋਏ ਤਾਂ ਇੰਡੀਅਨ ਐਕਸਪ੍ਰੈਸ ਨੇ ਭਾਰਤ ਵਿਚ ਪੈਰਾਡਾਈਜ਼ ਪੇਪਰ ਦਾ ਨਾਮ ਨਾਲ ਛਾਪਿਆ ਸੀ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਫਰਜ਼ੀ ਕੰਪਨੀਆਂ ਬਣਾ ਕੇ ਨਿਵੇਸ਼ ਦੇ ਨਾਮ 'ਤੇ ਪੈਸਾ ਇਧਰ ਉਧਰ ਕਰਨ ਦਾ ਗੋਰਖਧੰਦਾ ਪੈਨਾਮਾ ਪੇਪਰ ਦੇ ਨਾਮ 'ਤੇ ਛਪਿਆ ਸੀ। ਪੈਰਾਡਾਈਜ਼ ਪੇਪਰਜ਼ ਤੇ ਪਨਾਮਾ ਪੇਪਰ ਦੋਨਾਂ ਵਿਚ ਹੀ ਬਾਲਕਰਸ ਕਾਰਪੋਰੇਟ ਲਿਮਟਿਡ ਦਾ ਨਾਮ ਹੈ, ਜੋ ਵਿਵੇਕ ਡੋਵਾਲ ਕੰਪਨੀ ਦੀ ਸਰਪ੍ਰਸਤ ਕੰਪਨੀ ਹੈ। ਕਾਰਵਾ ਨੇ ਆਪਣੀ ਰਿਪੋਟ ਵਿਚ ਲਿਖਿਆ ਹੈ ਕਿ ਵਿਵੇਕ ਡੋਵਾਲ ਦੀ ਕੰਪਨੀ ਵਿਚ ਕੰਮ ਕਰਨ ਵਾਲੇ ਕਈ ਅਧਿਕਾਰੀ ਸ਼ੋਰੀਆ ਡੋਵਾਲ ਦੀ ਕੰਪਨੀ ਵਿਚ ਕੰਮ ਕਰਦੇ ਹਨ। ਪੱਤਰਕਾ ਨੇ ਇਹ ਵੀ ਲਿਖਿਆ ਹੈ ਕਿ ਇਸ ਦਾ ਮਤਲਬ ਹੋਇਆ ਕਿ ਬਹੁਤ ਵੱਡਾ ਫਾਈਨੇਸ਼ੀਅਲ ਨੈਟਵਰਕ ਚਲ ਰਿਹਾ ਹੈ। ਉਨ੍ਹਾਂ ਦੀ ਕੰਪਨੀ ਦਾ ਨਾਤਾ ਸਾਊਦੀ ਅਰਬ ਦੇ ਸਾਹੀ ਖਾਨਦਾਨ ਦੀਆਂ ਕੰਪਨੀਆਂ ਨਾਲ ਵੀ ਹੈ।
    ਇਸ ਦੇ ਅਗਲੇ ਹਫਤੇ ਬਾਅਦ ਅਜੀਤ ਡੋਵਾਲ ਦੇ ਬੇਟੇ ਵਿਵੇਕ ਡੋਵਾਲ ਦੇ ਉੱਪਰ ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਉਨ੍ਹਾਂ ਦੇਸਾਂ ਤੋਂ ਆਏ ਐਫਡੀਆਈ 'ਤੇ ਸੁਆਲ ਵੀ ਉਠਾਏ ਸਨ। ਹੁਣ ਅਜੀਤ ਡੋਵਾਲ ਦੇ ਬੇਟੇ ਵਿਵੇਕ ਨੇ ਕਾਰਵਾ ਪੱਤਰਕਾ ਤੇ ਜੈਰਾਮ ਰਮੇਸ਼ ਦੇ ਖਿਲਾਫ਼ ਅਪਰਾਧਿਕ ਮਾਣਹਾਨੀ ਦਾ ਕੇਸ ਕਰ ਦਿੱਤਾ ਹੈ। ਇਸ ਦੀ ਸੁਣਵਾਈ ਹੁਣ ਆਉਣ ਵਾਲੇ ਮੰਗਲਵਾਰ ਦੌਰਾਨ ਮੁੱਖ ਮੈਟਰੋ ਪੋਲੀਟਿਨ ਮਜਿਸਟ੍ਰੇਟ ਸਮਰ ਵਿਸ਼ਾਲ ਕਰਨਗੇ।
       ਸੁਆਲ ਤਾਂ ਇਹ ਹੈ ਕਿ ਕੌਣ ਸੱਚਾ ਕੌਣ ਝੂਠਾ ਇਸ ਦਾ ਫੈਸਲਾ ਅਦਾਲਤ ਹੀ ਕਰੇਗੀ। ਪਰ ਅਸੀਂ ਅਜਿਹੇ ਹੋਰ ਮਸਲਿਆਂ ਬਾਰੇ ਇਹ ਕਹਿਣਾ ਚਾਹਾਂਗੇ ਕਿ ਭਾਰਤ ਘੁਟਾਲਿਆਂ ਦਾ ਦੇਸ ਬਣਦਾ ਜਾ ਰਿਹਾ ਹੈ। ਭਾਰਤੀ ਬਾਜ਼ਾਰ ਵਿਚ ਕਮਾਈ ਜ਼ਿਆਦਾ ਹੈ। ਪਰ ਦੋ ਜੂਨ ਦੀ ਰੋਟੀ ਲਈ ਤਰਸਣ ਵਾਲੇ ਕਰੋੜਾਂ ਗਰੀਬ ਲੋਕ ਭੁੱਖੇ ਸੌਦੇ ਹਨ, ਜਿਨ੍ਹਾਂ ਦੇ ਸਿਰ 'ਤੇ ਛੱਤ ਵੀ ਨਹੀਂ ਹੁੰਦੀ। ਕੀ ਇਸ ਨੂੰ ਰਾਸ਼ਟਰਵਾਦ ਦੇਸ਼ ਭਗਤੀ ਦਾ ਨਾਮ ਦਿੱਤਾ ਜਾ ਸਕਦਾ ਹੈ? ਭਾਰਤ ਵਿਚ ਕਿਵੇਂ ਸੱਤਾ ਦੀ ਲੁੱਟ ਚੱਲ ਰਹੀ ਹੈ। ਭਾਰਤ ਵਿਚ ਪ੍ਰੋਫੈਸ਼ਨਲ ਡਿਗਰੀਆਂ ਕੀਤੇ ਯੂਥ ਦੀ ਵੀ ਕਦਰ ਨਹੀਂ ਹੈ। ਉਹ ਭਾਰਤੀ ਨਾਗਰਿਕਤਾ ਤਿਆਗ ਰਹੇ ਹਨ। ਵਿਦੇਸ਼ਾਂ ਵਿਚ ਵਸੇ ਭਾਰਤੀ ਨੰਬਰ ਇਕ 'ਤੇ ਵਸੇ ਹੋਏ ਹਨ, ਉਸ ਤੋਂ ਬਾਅਦ ਚੀਨ, ਜਾਪਾਨ ਦਾ ਨੰਬਰ ਆਉਂਦਾ ਹੈ। ਚੀਨੀ ਤੇ ਜਾਪਾਨੀ ਦੇਸ ਪਰਤਦੇ ਹਨ, ਪਰ ਨਾਗਰਿਕਤਾ ਨਹੀਂ ਛੱਡਦੇ। ਆਪਣੇ ਦੇਸ ਲਈ ਕੰਮ ਕਰਦੇ ਹਨ। ਪਰ ਦੁਨੀਆਂ ਵਿਚ ਫੈਲੇ ਭਾਰਤੀਆਂ ਦੀ ਗਿਣਤੀ ਨਾ ਵਾਪਸ ਪਰਤਣ ਦੇ ਲਈ  ਵਧ ਰਹੀ ਹੈ। ਭਾਰਤ ਵਿਚ ਵਿਦੇਸ਼ਾਂ ਵਰਗਾ ਸਿਸਟਮ ਨਹੀਂ ਹੈ। ਹਰ ਪਾਸੇ ਭ੍ਰਿਸ਼ਟਾਚਾਰ ਹੈ। ਪ੍ਰਵਾਸੀ ਭਾਰਤੀ ਦੁੱਖੀ ਹਨ, ਇਸ ਸਿਸਟਮ ਤੋਂ, ਕਿਉਂਕਿ ਉਨ੍ਹਾਂ ਨੂੰ ਵਿਦੇਸ਼ਾਂ ਵਰਗਾ ਵਧੀਆ ਸਿਸਟਮ ਭਾਰਤ ਵਿਚ ਨਹੀਂ ਮਿਲ ਰਿਹਾ। ਹਰ ਪਾਸੇ ਰਿਸ਼ਵਤਖੋਰੀ, ਦੰਗੇਬਾਜ਼ ਲੋਕ, ਘਟੀਆ ਸੜਕਾਂ, ਸਮੇਂ ਸਿਰ ਇਨਸਾਫ਼ ਨਾ ਮਿਲਣਾ ਹਰ ਪ੍ਰਵਾਸੀ ਭਾਰਤੀ ਨੂੰ ਬੇਚੈਨ ਕਰ ਰਿਹਾ ਹੈ। ਸਿਰਫ਼ ਵੱਡੇ ਪੂੰਜੀਪਤੀਆਂ ਬਨਮ ਮਲਿਕ ਭਾਗੋਆ ਦੇ ਲਈ ਭਾਰਤ ਸਵਰਗ ਹੈ। ਤਾਜਾ ਰਿਪੋਰਟ ਦੱਸਦੀ ਹੈ ਕਿ ਭਾਰਤ ਦੇ ਟਾਪ ਮੋਸਟ ਸਿਰਫ 9 ਲੋਕਾਂ ਦੀ ਆਮਦਨ ਕਮਾਈ ਜਾਂ ਸੰਪਤੀ ਦਾ ਕੁੱਲ ਅੰਕੜਾ ਦੇਸ ਦੇ 65 ਕਰੋੜ ਲੋਕਾਂ ਦੀ ਆਮਦਨ ਸੰਪਤੀ ਜਾਂ ਆਮਦਨੀ ਦੇ ਬਰਾਬਰ ਹੈ। ਦੁਨੀਆਂ ਵਿਚ ਭਾਰਤ ਨੂੰ ਲੈ ਕੇ ਵੱਡੀ ਚਕਾਚੌਂਧ ਬਿਖੇਰਨ ਦੇ ਬਾਵਜੂਦ ਦੁਨੀਆਂ ਭਰ ਤੋਂ ਭਾਰਤ ਦੇ ਬਜ਼ਾਰ ਵਿਚ ਡਾਲਰ ਝੌਂਕਣ ਵਾਲੇ ਵਧ ਕਿਉਂ ਰਹੇ ਹਨ, ਇਹ ਸੁਆਲ ਅਣਸੁਲਝਿਆ ਜਿਹਾ ਹੈ? 2017 ਵਿਚ ਭਾਰਤ ਵਿਚ 40 ਬਿਲੀਅਨ ਡਾਲਰ ਨਿਵੇਸ਼ ਹੋਇਆ ਤੇ 2018 ਵਿਚ 43 ਬਿਲੀਅਨ ਡਾਲਰ। ਭਾਰਤ ਦਾ ਅਨੋਖਾ ਸੱਚ ਇਹ ਹੈ ਕਿ ਇੱਥੇ ਸਕੂਲ ਜਾਣ ਵਾਲੇ 50 ਫੀਸਦੀ ਤੋਂ ਜ਼ਿਆਦਾ ਬੱਚੇ ਜੋੜ ਘਟਾਅ ਨਹੀਂ ਕਰ ਸਕਦੇ। ਅੰਗਰੇਜ਼ੀ ਤਾਂ ਦੂਰ ਦੀ ਗੱਲ ਹੈ ਕਿ ਉਹ ਆਪਣੀ ਮਾਂ ਬੋਲੀ ਵੀ ਠੀਕ ਤਰ੍ਹਾਂ ਨਹੀਂ ਪੜ੍ਹ ਸਕਦੇ। ਭਾਰਤ ਵਿਚ ਸਿਰਫ ਭ੍ਰਿਸ਼ਟ ਬਿਉਰੋਕ੍ਰੇਸੀ ਤੇ ਨੇਤਾਗਿਰੀ ਦਾ ਬੋਲਬਾਲਾ ਹੈ। ਕਰੋੜਾਂ ਦੇ ਘੁਟਾਲੇ ਤੇ ਘਪਲੇ ਇਸ ਦੇਸ਼ ਦੀ ਵਿਰਾਸਤ ਹੈ। ਕੀ ਬਣੇਗਾ ਭਾਰਤ ਦਾ? ਕੀ ਬਣੇਗਾ ਇਸ ਦੇਸ ਦੇ ਲੋਕਤੰਤਰ ਦਾ? ਇਹ ਸਭ ਭਾਰਤੀਆਂ, ਪੰਜਾਬੀਆਂ ਲਈ ਅਹਿਮ ਸੁਆਲ ਹੈ।
ਰਜਿੰਦਰ ਸਿੰਘ ਪੁਰੇਵਾਲ