image caption:

ਸਿੱਖ ਕੌਮ ਲਈ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਆਪਣੀ ਵਿਲੱਖਣ ਹੋਂਦ ਹਸਤੀ ਨੂੰ ਬਚਾਅ ਕੇ ਰੱਖਣ ਦੀ ਹੈ - ਜਥੇਦਾਰ ਮਹਿੰਦਰ ਸਿੰਘ ਖਹਿਰਾ

    ਪੰਜਾਬ ਟਾਈਮਜ਼ 24-1-2019 ਅੰਕ ਦੇ ਸਫ਼ਾ 24 ਉੱਤੇ ਖਬਰ ਛਪੀ ਹੈ ਕਿ 'ਪ੍ਰਧਾਨ ਮੰਤਰੀ ਵੱਲੋਂ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਸਮਾਰਕ ਸਿੱਕਾ ਜਾਰੀ, 1947 ਦੀ ਭੁੱਲ ਸੁਧਾਰੇਗਾ ਕਰਤਾਰਪੁਰ ਲਾਂਘਾ" ਨਰਿੰਦਰ ਮੋਦੀ ਜਿਥੇ ਕੌਮ ਨੂੰ ਬੁੱਧੂ ਬਣਾਉਣ ਲਈ ਗੁਰੁ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਸਮਾਰਕ ਸਿੱਕਾ ਜਾਰੀ ਕਰ ਰਿਹਾ ਹੈ, ਇਸੇ ਨਰਿੰਦਰ ਮੋਦੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਹੇਠੀ ਕਰਨ ਵਾਲੇ ਵੱਡੇ ਵੱਡੇ ਪੋਸਟਰ ਛੱਪਵਾ ਕੇ ਪਟਨੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਲੱਗਵਾਏ ਸਨ, ਇਨ੍ਹਾਂ ਪੋਸਟਰਾਂ ਵਿੱਚ ਨਰਿੰਦਰ ਮੋਦੀ ਤੇ ਉਹਦੇ ਮੰਤਰੀਆਂ ਦੀਆਂ ਫੋਟੋਆਂ ਪੋਸਟਰਾਂ ਦੇ ਉੱਪਰ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਹੇਠਾਂ ਛੱਪਵਾਈ ਗਈ ਸੀ। ਅਸੀਂ ਨਰਿੰਦਰ ਮੋਦੀ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਸਾਰੀ ਸਿੱਖ ਕੌਮ ਪ੍ਰਕਾਸ਼ ਸਿੰਘ ਬਾਦਲ ਵਾਗਰਾਂ ਬੇ-ਗੈਰਤ ਨਹੀਂ, ਜਿਹੜਾ ਮੋਦੀ ਦੇ ਕਹਿਣ 'ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਕੀਤੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਬੁਲਾਉਣ ਦੀ ਬਜਾਏ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਉਣ ਲੱਗ ਪਏ।
    ਮੋਦੀ ਦਾ ਇਹ ਐਲਾਨ ਕਿ ਸੱਜਣ ਕੁਮਾਰ ਤੋਂ ਬਾਅਦ ਸਿੱਖਾਂ ਦੇ ਹੋਰ ਕਾਤਲਾਂ ਨੂੰ ਵੀ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇਗਾ ਦੇ ਜੁਆਬ ਵਿੱਚ ਮੋਦੀ ਨੂੰ ਇਹ ਵੀ ਪੁੱਛਣਾ ਬਣਦਾ ਹੈ ਕਿ ਜੇ ਮੋਦੀ ਦੀ ਭਾਜਪਾ ਦੀ ਕੇਂਦਰ ਸਰਕਾਰ ਨੂੰ ਸਿੱਖਾਂ ਨਾਲ ਏਨੀ ਹੀ ਹਮਦਰਦੀ ਹੈ ਤਾਂ ਪੰਜਾਬ ਵਿੱਚਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਸਿੱਖਾਂ ਦੇ ਕਾਤਲਾਂ ਇਜ਼ਹਾਰ ਆਲਮ ਤੇ ਸੁਮੇਧ ਸੈਣੀ ਵਰਗਿਆਂ ਨੂੰ ਜੇਲ੍ਹਾਂ ਅੰਦਰ ਬੰਦ ਕਿਉਂ ਨਹੀਂ ਕੀਤਾ ਇਨ੍ਹਾਂ ਨੂੰ ਸਗੋਂ ਆਪਣੀ ਬੁੱਕਲ ਵਿੱਚ ਲਕੋਇਆ ਹੀ ਨਹੀਂ, ਸਗੋਂ ਉੱਚ-ਅਹੁਦਿਆਂ 'ਤੇ ਬਿਰਾਜਮਾਨ ਵੀ ਕੀਤਾ। ਆਪਣੇ ਰਾਜਕਾਲ ਦੌਰਾਨ ਸੌਦਾ ਸਾਧ ਦੇ ਉਨ੍ਹਾਂ ਚੇਲਿਆਂ ਨੂੰ ਜੇਲ੍ਹਾਂ ਅੰਦਰ ਬੰਦ ਕਿਉਂ ਨਹੀਂ ਕੀਤਾ, ਜਿਨ੍ਹਾਂ ਨੇ ਸਿੱਖ ਕੌਮ ਨੂੰ ਚੈਲਿੰਜ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਤੇ ਫਿਰ ਪਾਵਨ ਪਵਿੱਤਰ ਪੱਤਰੇ ਪਾੜ ਕੇ ਗਲੀਆਂ ਵਿੱਚ ਖਿਲਾਰ ਦਿੱਤੇ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਉਨ੍ਹਾਂ ਪੁਲਸੀਆਂ ਨੂੰ ਜੇਲ੍ਹਾਂ ਅੰਦਰ ਕਿਉਂ ਨਾ ਬੰਦ ਕੀਤਾ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਦੇ ਰੋਸ ਵਜੋਂ ਸ਼ਾਂਤਮਈ ਮੁਜ਼ਾਹਰਾ ਕਰਨ ਸਮੇਂ ਵਾਹਿਗੁਰੂ ਦਾ ਜਾਪ ਕਰਦਿਆਂ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ। ਭਾਰਤ 'ਚ ਕੇਂਦਰ ਦੀ ਸਰਕਾਰ ਭਾਵੇਂ ਕਾਂਗਰਸ ਦੀ ਹੋਵੇ, ਭਾਵੇਂ ਭਾਜਪਾ ਦੀ, ਸਿੱਖਾਂ ਨੂੰ ਸਿਰਫ਼ ਸਿੱਖ ਹੋਣ ਕਰਕੇ ਹੀ ਮਾਰ ਦਿੰਦੀ ਹੈ। ਨਿਸ਼ਚੇ ਹੀ ਮਾਰੇ ਗਏ ਸਿੱਖ ਕੌਮ ਦੇ ਸਿੱਖ ਨੌਜਵਾਨਾਂ ਨੂੰ ਭਾਰਤੀ ਸੰਵਿਧਾਨ 'ਚ ਬਰਾਬਰ ਦੇ ਨਾਗਰਿਕ ਮੰਨਦਾ ਹੁੰਦਾ ਤਾਂ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਬਹੁਤ ਚਿਰ ਪਹਿਲਾਂ ਹੀ ਮਿਲ ਚੁੱਕੀਆਂ ਹੁੰਦੀਆਂ। ਭਾਰਤ ਦੇ ਸੰਵਿਧਾਨ ਦੀ ਧਾਰਾ 25ਬੀ ਦੇ ਅਨੁਸਾਰ ਸਿੱਖਾਂ ਨੂੰ ਭਾਰਤ ਦੇ ਦੂਜੇ ਦਰਜੇ ਦੇ ਸ਼ਹਿਰੀ ਗਰਦਾਨਿਆ ਗਿਆ ਹੈ, ਅਰਥਾਤ ਸਿੱਖ ਭਾਰਤ ਅੰਦਰ ਗੁਲਾਮ ਹਨ ਤੇ ਗੁਲਾਮਾਂ ਲਈ ਕਾਨੂਨ ਵੀ ਵੱਖਰੇ ਹੁੰਦੇ ਹਨ। "ਹੁਣ 34 ਸਾਲਾਂ ਦੀ ਲੰਮੀ ਥਕਾ ਦੇਣ ਵਾਲੀ ਲੜਾਈ ਮਗਰੋਂ ਸੱਜਣ ਕੁਮਾਰ ਬੁੱਚੜ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਭਾਰਤੀ ਨਿਜ਼ਾਮ ਚਾਹੁੰਦਾ ਹੈ ਕਿ ਸਿੱਖ ਜਗਤ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਾਵੇ। ਇਹ ਦੋ ਹੋਰ ਬੁੱਚੜਾਂ ਨੂੰ ਵੀ ਸਜ਼ਾ ਸੁਣਾਈ ਜਾ ਸਕਦੀ ਹੈ। ਅਸਲ ਮਨੋਰਥ ਇਨਸਾਫ ਕਰਨਾ ਨਹੀਂ, ਸਗੋਂ ਸਿੱਖਾਂ ਨੂੰ ਗਧੀ-ਗੇੜ ਪਾਉਣਾ ਹੈ ਕਿ ਮੁਆਵਜ਼ੇ ਲੈ ਲਓ, ਕੁਝ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੰਦੇ ਆਂ, ਪਰ ਇਨਸਾਫ ਨਹੀਂ ਕਰਨਾ। ਪਰ ਸਿੱਖ ਜਗਤ ਦੀ ਸਾਂਝੀ ਰਾਇ ਹੈ ਕਿ ਓਸ ਨਸਲਕੁਸ਼ੀ ਦਾ ਲੇਖਾ ਜੋਖਾ ਮੋਦੀ ਦੇ ਡਰਾਮਿਆਂ ਨਾਲ ਨਹੀਂ ਹੋ ਸਕਦਾ"।
    25-1-2019 ਦੇ ਸਮਕਾਲੀ ਪੇਪਰ ਦੇ ਅੰਕ 2585 ਦੇ ਸਫ਼ਾ 56 ਉੱਤੇ ਇਕ ਲੇਖ ਛਪਿਆ ਹੈ, ਜਿਸ ਦਾ ਸਿਰਲੇਖ ਹੈ "ਹਿੰਦੋਸਤਾਨ ਦੀ ਵੰਢ ਅਤੇ ਸੰਨ 84 ਦਾ ਘੱਲੂਘਾਰਾ, ਸਿੱਖਾਂ ਲਈ ਦੋਵੇਂ ਘੱਲੂਘਾਰੇ ਜਾਨ ਮਾਲ ਦੀ ਤਬਾਹੀ ਦਾ ਸਬੱਬ ਬਣੇ"। ਉਕਤ ਲੇਖ ਵਿੱਚ ਲੇਖਕ ਨੇ 'ਕਰਤਾਰਪੁਰ ਲਾਂਘੇ ਦੀ ਪਰਪੋਜ਼ਲ 'ਤੇ ਭਾਰਤ ਸਰਕਾਰ ਵੱਲੋਂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦੇ ਐਲਾਨ ਨੂੰ ਅਧਾਰ ਬਣਾ ਕੇ ਮੋਦੀ ਸਰਕਾਰ ਦਾ ਪੱਖ ਪੂਰਨ ਦਾ ਯਤਨ ਕੀਤਾ ਹੈ। ਕਰਤਾਰਪੁਰ ਦੇ ਲਾਂਘੇ ਬਾਰੇ ਟੈਲੀਵਿਜ਼ਨਾਂ 'ਤੇ ਕਈ ਪ੍ਰੋਗਰਾਮ ਹੋ ਚੁੱਕੇ ਹਨ ਅਤੇ ਪ੍ਰਿੰਟ ਮੀਡੀਏ ਵਿੱਚ ਵੀ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ, ਪਰ ਲਾਂਘਾ ਹਾਲੇ ਖੁੱਲ੍ਹਾ ਨਹੀਂ ਹੈ, ਜਿਨ੍ਹਾਂ ਚਿਰ ਕਰਤਾਰਪੁਰ ਲਾਂਘਾ ਖੁੱਲ੍ਹ ਨਹੀਂ ਜਾਂਦਾ, ਉਨ੍ਹਾਂ ਚਿਰ ਨਰਿੰਦਰ ਮੋਦੀ ਦੇ ਵਾਅਦਿਆਂ 'ਤੇ ਇਤਬਾਰ ਕਰਨਾ ਸਿੱਖ ਕੌਮ ਦੀ ਬਹੁਤ ਵੱਡੀ ਭੁੱਲ ਹੋਵੇਗੀ।
ਰਾਸ਼ਟਰੀ ਸਵੈਮ ਸੰਘ ਤੇ ਰਾਸ਼ਟਰੀ ਸਿੱਖ ਸੰਗਤ ਨੇ ਭਾਜਪਾ ਦੀ ਮਿਲੀਭੁਗਤ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਜਨਵਰੀ 2017 ਵਿੱਚ 350ਵਾਂ ਪ੍ਰਕਾਸ਼ ਦਿਹਾੜਾ ਅਤੇ ਨਵੰਬਰ 2019 ਨੂੰ ਗੁਰੂ ਨਾਨਕ ਸਾਹਿਬ ਦਾ 550ਵਾਂ ਦਿਹਾੜਾ ਮਨਾਉਣ ਦੀ ਯੋਜਨਾ ਉਸ ਦਿਨ ਹੀ ਬਣਾ ਲਈ ਸੀ, ਜਦੋਂ 2015 ਵਿੱਚ ਅਨੰਦਪੁਰ ਦੀ ਸਥਾਪਨਾ ਦਾ 350ਵਾਂ ਸਥਾਪਨਾ ਦਿਵਸ ਮਨਾਇਆ ਸੀ। ਰਾਸ਼ਟਰੀ ਸਿੱਖ ਸੰਗਤ ਵੱਲੋਂ ਮੋਦੀ ਸਰਕਾਰ ਕੋਲੋਂ ਗਰਾਂਟ ਲੈ ਕੇ ਅਤੇ ਮੋਦੀ ਸਰਕਾਰ ਦੇ ਸਹਿਯੋਗ ਨਾਲ ਜਨਵਰੀ 2017 ਵਿੱਚ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਦਿਹਾੜਾ ਤੇ ਹੁਣ ਨਵੰਬਰ 2019 ਵਿੱਚ ਗੁਰੂ ਨਾਨਕ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦਾ ਅਰਥ ਹੈ ਸੁਤੰਤਰ ਤੇ ਨਿਆਰੇ ਸਿੱਖ ਧਰਮ ਨੂੰ ਹਿੰਦੂ ਧਰਮ ਦੀ ਹੀ ਇਕ ਸ਼ਾਖਾ ਸਿੱਧ ਕਰਨਾ ਅਤੇ ਗੁਰੂ ਗ੍ਰੰਥ, ਗੁਰੂ ਪੰਥ ਦੇ ਸਿੱਖੀ ਸਿਧਾਂਤਾਂ ਦੀ ਮੁੱਖ ਧਾਰਾ ਦਾ ਭਗਵਾਂ ਕਰਨ ਕਰਕੇ ਸਿੱਖ ਕੌਮ ਦੀ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਮਲੀਆਮੇਟ ਕਰ ਦੇਣਾ ਹੈ। ਹਿੰਦੂਤਵ ਦੇ ਦੋ ਪ੍ਰਮੁੱਖ ਨਿਸ਼ਾਨੇ ਹਨ ਪਹਿਲਾ ਛੋਟੀਆਂ ਪਛਾਣਾਂ ਨੂੰ ਖਤਮ ਕਰਨਾ, ਦੂਸਰਾ ਜਿਹੜੀ ਪਛਾਣ ਇਸ ਦੇ ਦਾਇਰੇ ਵਿੱਚ ਨਹੀਂ ਆਉਂਦੀ, ਉਸ ਵਿਰੁੱਧ ਤੁਅੱਸਬੀ (ਜ਼ਹਿਰ) ਭਰ ਕੇ ਪਹਿਲਾਂ  ਨਿੱਸਲ ਕਰ ਦੇਣਾ ਤੇ ਫਿਰ ਉਸ ਨੂੰ ਹਿੰਦੂਤਵ ਦੇ ਖਾਰੇ ਸਮੁੰਦਰ ਵਿੱਚ ਜਜ਼ਬ ਕਰ ਲੈਣਾ, ਸਿੱਖ ਕੌਮ ਨਾਲ ਐਸਾ ਹੀ ਕੀਤਾ ਜਾ ਰਿਹਾ ਹੈ। ਰਾਸ਼ਟਰੀ ਸਿੱਖ ਸੰਗਤ ਜੋ ਸਿਰਫ਼ ਸਿੱਖੀ ਨੂੰ ਹੜੱਪ ਕਰਨ ਲਈ ਬਣਾਈ ਗਈ ਸੰਸਥਾ ਹੈ, ਦਾ ਜਾਲ ਬਹੁਤ ਬਰੀਕ ਤੇ ਮਜਬੂਤ ਹੈ। ਆਮ ਨਜ਼ਰ ਨਾਲ ਇਹ ਜਾਲ ਨਹੀਂ ਦਿੱਸ ਸਕਦਾ। ਆਰ।ਐੱਸ।ਐੱਸ। ਨੇ ਜਿਨ੍ਹਾਂ ਵੀ ਸਾਹਿਤ ਛੱਪਵਾ ਕੇ ਵੰਡਿਆ ਹੈ, ਉਸ ਵਿੱਚ ਥਾਂ-ਥਾਂ 'ਤੇ ਇਹ ਲਿਖਿਆ ਹੈ "ਸਭੀ ਜਾਨਤੇ ਹੈਂ ਕਿ ਸਿੱਖ ਪੰਥ ਕਾ ਜਨਮ ਹੀ ਹਿੰਦੂ ਧਰਮ ਦੀ ਰਖਸ਼ਾ, ਔਰ ਦੇਸ਼ ਕੀ ਆਜ਼ਾਦੀ ਕੇ ਲੀਏ ਹੁਆ ਥਾ। ਸਰਬੱਤ ਦਾ ਭਲਾ ਲਿਖ ਕੇ ਉਸ ਦੇ ਥੱਲੇ ਹਿੰਦੋਸਤਾਨ ਸਮਾਜ ਸੀ ਬੋਲਾ ਅਤੇ ਅੱਗੇ ਸ਼ੁਭ ਕਰਮਨ ਤੇ ਕਬਹੂੰ ਨਾ ਟਰੂ ਵੀ ਜਰੂਰ ਲਿਖਿਆ ਹੁੰਦਾ ਹੈ। ਆਰ.ਐੱਸ.ਐੱਸ. ਵਾਲੇ ਆਪਣੀਆਂ ਸ਼ਾਖਾਵਾਂ ਵਿੱਚ ਮਹਾਰਾਣਾ ਪ੍ਰਤਾਪ ਤੇ ਸ਼ਿਵਾ ਜੀ ਮਰਹਟਾ ਦੇ ਬਰਾਬਰ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਵੀ ਜਰੂਰ ਰੱਖਦੇ ਹਨ।  ੧ਓ ਦੇ ਊੜੇ ਵਿੱਚ ਇਕ ਹੋਰ ਲੱਤ ਜਿਹੀ ਲਾ ਕੇ ਇਸ ਨੂੰ ਓਮ ਬਣਾਇਆ ਗਿਆ ਹੈ। ਕਈ ਥਾਵਾਂ 'ਤੇ ਭਾਰਤ ਮਾਤਾ ਬਣਾ ਕੇ ਉਸ ਦੇ ਪੈਰਾਂ ਵਿੱਚ ੧ਓ ਲਿਖਿਆ ਹੋਇਆ ਹੈ। ਇਸ ਤਰ੍ਹਾਂ ਦਾ ਜਿੰਨਾਂ ਵੀ ਸਾਹਿਤ ਹੈ ਉਹ ਸਿੱਖਾਂ ਦੇ ਦਿਮਾਗ ਵਿੱਚ ਇਹ ਭਰਨ ਲਈ ਛੱਪਵਾਇਆ ਗਿਆ ਹੈ ਕਿ ਸਿੱਖ ਹਿੰਦੂਆਂ ਦਾ ਹੀ ਇਕ ਅੰਗ ਹਨ ਅਤੇ ਵੱਖਰੇ ਨਹੀਂ ਹਨ। ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਲਈ ਮੋਦੀ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਡੀ ਪੱਧਰ 'ਤੇ ਇਸ਼ਤਿਹਾਰਬਾਜ਼ੀ ਇਸ ਕਰਕੇ ਹੀ ਕੀਤੀ ਜਾ ਰਹੀ ਹੈ ਕਿ ਨਵੰਬਰ 2019 ਨੂੰ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਇਹ ਐਲਾਨ ਕੀਤਾ ਜਾ ਸਕੇ ਕਿ ਸਿੱਖ ਹਿੰਦੂਆਂ ਦਾ ਹੀ ਇਕ ਅੰਗ ਹਨ ਅਤੇ ਸਿੱਖਾਂ ਦੀ ਅੱਡਰੀ ਹੋਂਦ ਹਸਤੀ ਨਹੀਂ ਹੈ ਭਾਵ ਸਿੱਖ ਭਾਰਤ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਹਨ, ਇਸ ਕਰਕੇ ਸਿੱਖਾਂ ਨੂੰ ਬਹੁਗਿਣਤੀ ਹਿੰਦੂਆਂ ਦੇ ਗੁਲਾਮ ਬਣ ਕੇ ਰਹਿਣਾ ਪਵੇਗਾ। ਸਿੱਖ ਗੁਰੂ ਸਾਹਿਬਾਨ ਨੂੰ ਗਊ ਪੂਜਨ ਤੇ ਇਕ ਪਾਸੇ ਸਿੱਖਾਂ ਨੂੰ ਹਿੰਦੂਆਂ ਦਾ ਇਕ ਅੰਗ ਤੇ ਦੂਜੇ ਪਾਸੇ ਸਿੱਖਾਂ ਨੂੰ ਅੱਤਵਾਦੀ ਤੇ ਵੱਖਵਾਦੀ ਦਰਸਾਉਣ ਲਈ ਜੋ ਸਿੱਖ ਵਿਰੋਧੀ ਇਤਿਹਾਸ ਆਰ.ਐੱਸ.ਐੱਸ. ਵੱਲੋਂ ਧੜਾ ਧੜ ਛੱਪਵਾ ਕੇ ਵੰਡਿਆ ਜਾ ਰਿਹਾ ਹੈ, ਉਸ ਦੇ ਕੁਝ ਨਮੂਨੇ ਹੀ ਪਾਠਕਾਂ ਨਾਲ ਸਾਂਝੇ ਕਰਾਂਗੇ-
(1) ਭਾਰਤ ਵਿੱਚ ਹੋ ਰਹੀ ਗਊ ਹੱਤਿਆ ਬਾਰੇ ਗੁਰੂ ਨਾਨਕ ਨੇ ਕਿਹਾ ਦੱਸਵੇਂ ਜਾਮੇਂ ਵਿੱਚ ਅਵਤਾਰ ਧਾਰ ਕੇ ਮਨੇਸ਼ਾਂ ਦਾ ਨਾਸ਼ ਕਰਾਂਗਾ (ਰਾਸ਼ਟਰ ਧਰਮ ਪੰਨਾ 41)
(2) ਸਿੱਖ ਧਰਮ ਦੇ ਗੁਰੂਆਂ ਦੀ ਕੁੱਲ ਦਾ ਸਬੰਧ ਲਵ ਤੇ ਕੁਸ਼ ਦੀ ਵੰਸ਼ ਨਾਲ ਹੈ। (ਰਾਸ਼ਟਰ ਧਰਮ ਪੰਨਾ 44)
(3) ਜਿਸ ਸਮੇਂ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਦੀ ਸੇਵਾ ਅਰੰਭ ਕੀਤੀ ਤਾਂ ਭਗਵਾਨ ਵਿਸ਼ਨੂੰ ਨੇ ਕਿਹਾ ਤੇ ਲਕਸ਼ਮੀ ਗੁਰੂ ਅਰਜਨ ਮੇਰਾ ਸਰੂਪ ਹੈ, ਉਸ ਮੇਂ ਔਰ ਮੁਝ ਮੇਂ ਕੋਈ ਭੇਦ ਨਹੀਂ ਵੋਹ ਮੇਰਾ ਮੰਦਿਰ ਬਣਾਨੇ ਲਗਾ ਹੈ ਚਲੋ ਵਹਾਂ ਚਲ ਕੇ ਆਪਨੇ ਹੋ ਰਹੇ ਮੰਦਿਰ ਕਾ ਨਵਨਿਰਮਾਣ ਦੇਖੇਂ (ਰਾਸ਼ਟਰ ਧਰਮ ਪੰਨਾ 90)
ਨੋਟ: ਆਰ।ਐੱਸ।ਐੱਸ। ਨੇ ਆਪਣੇ ਇਕ ਬਿਆਨ ਵਿੱਚ ਵੀ ਕਿਹਾ ਸੀ ਕਿ ਅੰਮ੍ਰਿਤਸਰ ਵਿਖੇ ਹਰਿਮੰਦਰ ਹਿੰਦੂ ਧਰਮ ਅਸਥਾਨ ਹੈ", ਹੁਣ ਤਾਂ ਸ਼ਰੇਆਮ ਹੀ ਆਖ ਰਹੇ ਹਨ ਕਿ ਹਰਿਮੰਦਰ ਸਾਹਿਬ ਹਿੰਦੂਆਂ ਦਾ ਧਰਮ ਅਸਥਾਨ ਹੈ।
(4) ਗੁਰੂ ਗੋਬਿੰਦ ਸਿੰਘ ਦਾ ਆਦਰਸ਼ ਸ਼੍ਰੀ ਰਾਮ ਕ੍ਰਿਸ਼ਨ, ਭੀਮ ਤੇ ਅਰਜਨ ਵਾਲਾ ਸੀ। ਅੰਮ੍ਰਿਤ ਸੰਚਾਰ ਸਮੇਂ ਗੁਰੂ ਜੀ ਨੇ ਗਊ ਦਾ ਦੁੱਧ ਪਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਇਕ ਸਾਲ ਚੰਡੀ ਦੇਵੀ ਦਾ ਯੱਗ ਕੀਤਾ (ਸੰਤ ਯਾਤਰਾ ਦੀ ਪਤ੍ਰਿੱਕਾ ਵਿੱਚੋਂ)
(5) ਗੁਰੂ ਗੋਬਿੰਦ ਸਿੰਘ ਨੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਦੀ ਕਿਰਪਾ ਨਾਲ ਖਾਲਸਾ ਪੰਥ ਦੀ ਸਥਾਪਨਾ ਕੀਤੀ। ਸਿੱਖ ਪੰਥ ਦਾ ਰਾਸ਼ਟਰ ਸਵਰੂਪ ਗਊ ਪੂਜਾ ਹਿੰਦੂ ਪੂਜਾ ਤੇ ਦੇਵੀ ਪੂਜਾ (ਸੰਗਤ ਸੰਦੇਸ਼ 1999)
(6) ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੇਦਾਂ ਦੀ ਗੰਗਾ ਵਿੱਚੋਂ ਫੁੱਟੀ ਗੰਗੋਤਰੀ ਤੇ ਜਪੁਜੀ ਸਾਹਿਬ ਗੀਤਾ ਦਾ ਛੋਟਾ ਰੂਪ ਹੈ।
(7) ਰਿੱਗ ਵੇਦ ਭਾਰਤ ਦੀ ਆਤਮਾ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਮੁੜ ਪ੍ਰਗਟ ਹੋਈ।
(8) ਗੁਰਮਤਿ ਵਿਰੋਧੀ ਤਤਾਂ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਵਾਲਾ ਬੇਅੰਤ ਸਿੰਘ ਫਰਜ਼ ਦਾ ਪ੍ਰਪੱਕ ਵਿਅਕਤੀ ਸੀ (ਰਾਸ਼ਟਰ ਧਰਮ ਪੰਨਾ 75)
(9) ਇੰਦਰਾ ਗਾਂਧੀ ਸ਼ਹੀਦ ਤੇ ਬੇਅੰਤ ਸਿੰਘ, ਸਤਵੰਤ ਸਿੰਘ ਤੇ ਕੇਹਰ ਸਿੰਘ ਅੱਤਵਾਦੀ ਹਨ (ਰਾਸ਼ਟਰ ਧਰਮ ਪੰਨਾ 75)
(10) ਹਿੰਦੂਆਂ ਅਤੇ ਹਿੰਦੂ ਧਰਮ ਨੂੰ ਬਚਾਉਣ ਲਈ ਜਿੰਨੀ ਸਿੱਖ ਕੌਮ ਬਹਾਦਰੀ ਨਾਲ ਲੜੀ, ਉਨੀ ਹੋਰ ਕੌਮ ਨਹੀਂ ਲੜੀ (ਭਾਵ ਸਿੱਖ ਇਕ ਕੌਮ ਹੈ) ਦਸਾਂ ਗੁਰੂਆਂ ਵਿੱਚੋਂ ਅਖੀਰਲੇ ਗੁਰੂ, ਗੁਰੂ ਗੋਬਿੰਦ ਸਿੰਘ ਨੇ ਹਿੰਦੂ ਧਰਮ ਨੂੰ ਕੱਟੜ ਮੁਸਲਮਾਨ ਹਾਕਮਾਂ ਤੋਂ ਬਚਾਉਣ ਲਈ 300 ਸਾਲ ਪਹਿਲਾਂ ਖਾਲਸਾ ਪੰਥ ਪੈਦਾ ਕੀਤਾ ਸੀ (ਐੱਲ।ਕੇ। ਅਡਵਾਨੀ ਮਾਈ ਕੰਟਰੀ ਮਾਈ ਲਾਈਫ ਪੰਨਾ 424) ਭਾਜਪਾ ਦੇ ਜੋਰ ਪਾਉਣ 'ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਅੰਤ ਮਜਬੂਰ ਹੋ ਕੇ ਗੋਲਡਨ ਟੈਂਪਲ ਨੂੰ ਇਸ ਦੇ ਰਾਸ਼ਟਰ ਵਿਰੋਧੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਸ ਦੇ ਸਾਥੀਆਂ ਤੋਂ ਆਜ਼ਾਦ ਕਰਾਉਣ ਲਈ ਫੌਜ ਦੀ ਵਰਤੋਂ ਕਰਨੀ ਪਈ (ਐੱਲ।ਕੇ। ਅਡਵਾਨੀ ਮਾਈ ਕੰਟਰੀ ਮਾਈ ਲਾਈਫ-ਪੰਨਾ 430/431)
ਇਥੇ ਇਹ ਵੀ ਵਰਨਣਯੋਗ ਹੈ ਕਿ 'ਸਿੱਖ ਕੌਮ' ਦਾ ਕੌਮੀ ਸਰੂਪ 'ਖਾਲਸਾ ਪੰਥ' ਹੈ। 1947 ਦੀ ਦੇਸ਼ ਦੀ ਵੰਡ ਸਮੇਂ ਸ਼ਾਤਰ ਦਿਮਾਗ ਹਿੰਦੂ ਨੇਤਾਵਾਂ ਵੱਲੋਂ ਹਿੰਦੂ, ਸਿੱਖ ਤੇ ਮੁਸਲਮਾਨ ਭਾਈਚਾਰਿਆਂ ਵਿੱਚ ਕਰਵਾਏ ਗਏ ਫਸਾਦਾਂ ਨੂੰ ਜੂਨ 1984 ਦੇ ਘੱਲੂਘਾਰੇ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਜੂਨ 1984 ਦਾ ਘੱਲੂਘਾਰਾ ਹਿੰਦੂ-ਸਿੱਖ ਭਾਈਚਾਰਿਆਂ ਦੀ ਲੜਾਈ ਨਹੀਂ ਸੀ। ਇਹ ਤਾਂ ਭਾਰਤ ਸਰਕਾਰ ਵੱਲੋਂ ਆਪਣੇ ਹੀ ਦੇਸ਼ ਵਾਸੀ ਸਿੱਖਾਂ ਦੇ ਸਰਵ ਉੱਚ ਧਾਰਮਿਕ ਅਸਥਾਨ ਤੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਤੋਪਾਂ ਟੈਂਕਾਂ ਨਾਲ ਕੀਤਾ ਗਿਆ ਫੌਜੀ ਹਮਲਾ ਸੀ।
ਰਾਸ਼ਟਰ ਸਵੈਮ ਸੰਘ ਤੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਸਿੱਖ ਧਰਮ, ਸਿੱਖ ਕੌਮ ਦਾ ਹਿੰਦੂਕਰਨ ਕਰਨ ਲਈ ਜੋ ਸਿੱਖ ਵਿਰੋਧੀ ਇਤਿਹਾਸ ਲਿਖਵਾਇਆ ਜਾ ਰਿਹਾ ਹੈ, ਉਸ ਦੇ ਕੁਝ ਹਵਾਲੇ ਇਸ ਕਰਕੇ ਦਿੱਤੇ ਹਨ ਕਿ ਮੋਦੀ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਵਸ ਦੇ ਨਾਲ-ਨਾਲ, ਨਾਮਧਾਰੀਆਂ ਦੇ ਦੇਹਧਾਰੀ ਗੁਰੂ, ਸਤਿਗੁਰੂ ਰਾਮ ਸਿੰਘ ਦਾ 200ਵਾਂ ਜਨਮ ਦਿਹਾੜਾ ਅਤੇ ਗਵਾਲੀਅਰ ਰਾਜ ਘਰਾਣੇ ਦੀ ਰਾਜ ਮਾਤਾ ਵਿਜੈ ਸਿੰਧੀਆ ਦਾ ਜਨਮ ਦਿਨ ਵੀ ਮਨਾਉਣ ਦਾ ਐਲਾਨ ਕੀਤਾ ਹੈ ਅਤੇ ਮੋਦੀ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ 'ਵਿਸ਼ਵ ਭਾਈਚਾਰਾ ਦਿਵਸ' ਵਜੋਂ ਮਨਾਇਆ ਜਾਵੇਗਾ ਭਾਵ ਸਤਿਗੁਰੂ ਨਾਨਕ, ਸਤਿਗੁਰੂ ਰਾਮ ਸਿੰਘ ਤੇ ਵਿਜੈ ਸਿੰਧੀਆ ਦੇ ਬਰਾਬਰ ਸਮਝਿਆ ਜਾਵੇਗਾ। ਅੰਤ ਵਿੱਚ ਸਿੱਖ ਕੌਮ ਦੇ ਵਿਚਾਰਨਯੋਗ ਤੱਥ ਇਹ ਹੈ ਕਿ ਗਵਾਲੀਅਰ ਰਾਜ ਘਰਾਣੇ ਦੀ ਰਾਜਮਾਤਾ ਕਹਿਲਾਉਣਵਾਲੀ ਵਿਜੈ ਸਿੰਧੀਆ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਮੁੱਢਲੀ ਟਰੱਸਟੀ, ਜਨਸੰਘ ਤੇ ਭਾਰਤੀ ਜਨਤਾ ਪਾਰਟੀ ਦੇ ਮੁੱਢਲੇ ਲੀਡਰਾਂ ਦੀ ਕਤਾਰ ਵਿੱਚੋਂ ਰਾਸ਼ਟਰੀ ਸਿੱਖ ਸੰਗਤ ਦੀ ਸਥਾਪਨਾ ਕਰਨ ਵਾਲੀ ਸਿੱਖ ਧਰਮ ਦੀ ਕੱਟੜ ਵਿਰੋਧੀ ਔਰਤ ਸੀ। ਤੇ ਰਾਸ਼ਟਰੀ ਸਿੱਖ ਸੰਗਤ ਸਿੱਖ ਧਰਮ ਦਾ ਹਿੰਦੂਕਰਨ, ਕਰਨ ਲਈ ਅਹਿਮ ਭੂਮਿਕਾ ਨਿਭਾਅ ਰਹੀ ਹੈ।
ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਨਾਲ-ਨਾਲ ਗੁਰੂ ਨਾਨਕ ਦੀ ਸਿੱਖੀ ਦੀ ਵਿਚਾਰਧਾਰਾ ਦੇ ਵਿਰੋਧੀਆਂ ਦੇ ਜਨਮ ਦਿਨ 'ਵਿਸ਼ਵ ਭਾਈਚਾਰੇ ਦਿਵਸ' ਵਜੋਂ ਮਨਾ ਕੇ ਨਰਿੰਦਰ ਮੋਦੀ ਦੀ ਸਰਕਾਰ ਵਿਸ਼ਵ ਭਰ ਵਿੱਚ ਇਹ ਸੁਨੇਹਾ ਦੇਣਾ ਚਾਹੁੰਦੀ ਹੈ, ਸਿੱਖ ਧਰਮ ਹਿੰਦੂ ਧਰਮ ਦੀ ਸ਼ਾਖਾ ਹੈ, ਸਿੱਖ ਹਿੰਦੂਆਂ ਦਾ ਅੰਗ ਹਨ, ਸਿੱਖ ਕੌਮ ਦੀ ਕੋਈ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਨਹੀਂ ਹੈ। ਹਿੰਦੂਆਂ ਨੇ ਸਿੱਖ ਧਰਮ ਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਇਸ ਦੀ ਵੱਖਰੀ ਹਸਤੀ ਨੂੰ ਪ੍ਰਵਾਨ ਨਹੀਂ ਕੀਤਾ। ਸਿੱਖ ਕੌਮ ਲਈ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਆਪਣੀ ਵਿਲੱਖਣ ਹੋਂਦ ਹਸਤੀ ਨੂੰ ਬਚਾਅ ਕੇ ਰੱਖਣ ਦੀ ਹੈ।
 ਭੁੱਲਾਂ ਚੁੱਕਾਂ ਦੀ ਖਿਮਾ - ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਖਹਿਰਾ