image caption: ਰਜਿੰਦਰ ਸਿੰਘ ਪੁਰੇਵਾਲ

ਲੋਕ ਸਭਾ ਚੋਣਾਂ ਤੇ ਸਿੱਖ ਲੀਡਰਸ਼ਿਪ ਦਾ ਰੋਲ ਘਚੋਲਾ

   ਪੰਜਾਬ ਵਿਚ ਲੋਕ ਸਭਾ ਚੋਣਾਂ ਬਹੁਤ ਦਿਲਚਸਪ ਹੋਣਗੀਆਂ। ਹੁਣੇ ਜਿਹੇ ਚੋਣ ਵਿਸ਼ਲੇਸ਼ਣਾਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿਚ ਕਾਂਗਰਸ ਦਾ ਪੱਤਾ ਭਾਰੂ ਹੈ ਤੇ ਉਹ 13 ਵਿਚੋਂ 12 ਸੀਟਾਂ ਲਿਜਾ ਸਕਦੀ ਹੈ। ਹਾਲੇ ਇਹ ਗੱਲ ਕਹਿਣਾ ਵਕਤ ਤੋਂ ਪਹਿਲਾਂ ਦੀ ਗੱਲ ਹੈ। ਪਰ ਕਾਂਗਰਸ ਇਸ ਸਮੇਂ ਪੰਜਾਬ ਵਿਚ ਸਭ ਤੋਂ ਮਜ਼ਬੂਤ ਧਿਰ ਹੈ। ਇਸ ਪਿੱਛੇ ਕਾਰਨ ਹੈ ਕਿ ਅਕਾਲੀ-ਭਾਜਪਾ ਗੱਠਜੋੜ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕਾ ਹੈ ਤੇ ਪੰਜਾਬੀਆਂ ਵਿਚੋਂ ਉਨ੍ਹਾਂ ਦੀਆਂ ਜੜ੍ਹਾਂ ਹਿੱਲ ਚੁੱਕੀਆਂ ਹਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਤੇ ਸੌਦਾ ਸਾਧ ਨਾਲ ਨਜ਼ਦੀਕੀਆਂ ਕਾਰਨ ਅਤੇ ਬਹਿਬਲ ਕੋਟਕਪੂਰਾ ਗੋਲੀ ਕਾਂਡ ਬਾਅਦ ਪੰਥਕ ਹਲਕਿਆਂ ਵਿਚ ਬਾਦਲ ਦਲ ਦੀ ਹੋਂਦ ਬੁਰੀ ਤਰ੍ਹਾਂ ਖਤਮ ਹੋਈ ਹੈ। ਹਾਲੇ ਬਾਦਲ ਅਕਾਲੀ ਦਲ ਦਾ ਕੇਡਰ ਜਿੰਦਾ ਹੈ, ਉਹ ਹਾਲੇ ਤੱਕ ਨਹੀਂ ਹਿੱਲਿਆ। ਪਰ ਭਾਜਪਾ ਨੇ ਬਾਦਲ ਅਕਾਲੀ ਦਲ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦੋਵੇਂ ਬਾਦਲਾਂ ਨੂੰ ਭਰੋਸੇ ਵਿੱਚ ਲੈਣ ਤੋਂ ਬਿਨਾਂ ਹੀ ਕੇਂਦਰੀ ਭਾਜਪਾ ਲੀਡਰਸ਼ਿਪ ਨੇ ਅਕਾਲੀ ਦਲ ਤੋਂ ਨਾਰਾਜ਼ ਹੋਏ ਬੈਠੇ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਤੇ ਵਕੀਲ ਐੱਚ ਐੱਸ ਫੂਲਕਾ ਨੂੰ ਵੀ ਪਦਮਸ੍ਰੀ ਦਿਵਾ ਕੇ ਅਕਾਲੀ ਲੀਡਰਸ਼ਿਪ ਨੂੰ ਚੈਲਿੰਜ ਕਰ ਦਿੱਤਾ। ਇਸ ਦੌਰਾਨ ਆਈ ਇਹ ਖ਼ਬਰ ਆਈ ਸੀ ਕਿ ਭਾਜਪਾ ਨੇ ਲੁਧਿਆਣੇ ਜਾਂ ਕਿਸੇ ਹੋਰ ਢੁਕਵੀਂ ਸੀਟ ਤੋਂ ਵਕੀਲ ਐੱਚ ਐੱਸ ਫੂਲਕਾ ਨੂੰ ਟਿਕਟ ਦੇ ਸਕਦੀ ਹੈ ਭਾਜਪਾ ਦੀ  ਇਹ ਉਹ ਕਾਰਵਾਈ ਹੈ ਜੋ ਸਿੱਧਾ ਸੰਦੇਸ਼ ਹੈ ਕਿ ਅਸੀਂ ਹੁਣ ਬਾਦਲ ਦਲ ਤੋਂ ਵੱਖਰਾ ਰਾਹ ਵੀ ਚੁਣ ਸਕਦੇ ਹਾਂ। ਖ਼ਬਰਾਂ ਅਨੁਸਾਰ ਭਾਜਪਾ ਨਵੀਂ ਪੰਥਕ ਧਿਰ ਤੇ ਨਵੇਂ ਅਕਾਲੀ ਲਭ ਰਹੀ ਹੈ ਤਾਂ ਜੋ ਉਨ੍ਹਾਂ ਨਾਲ ਗੱਠਜੋੜ ਕਰਕੇ ਪੰਜਾਬ ਵਿਚ ਆਪਣੀ ਹੋਂਦ ਸਥਾਪਤ ਰੱਖੀ ਜਾ ਸਕੇ। ਇਹੀ ਕਾਰਨ ਹੈ ਕਿ ਟਕਸਾਲੀ ਅਕਾਲੀ ਦਲ, ਸੁਖਦੇਵ ਸਿੰਘ ਢੀਂਡਸਾ ਤੇ ਬੈਂਸ ਭਰਾਵਾਂ ਬਾਰੇ ਭਾਜਪਾ ਨਾਲ ਗੱਲਬਾਤ ਦੀਆਂ ਅਫ਼ਵਾਹਾਂ ਦਾ ਦੌਰ ਮੀਡੀਏ ਵਿਚ ਚਲ ਰਿਹਾ ਹੈ। ਸੁਖਦੇਵ ਸਿੰਘ ਢੀਂਡਸਾ ਨੂੰ ਪੰਜਾਬੀ ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਸੱਜੀ ਬਾਂਹ ਦੇ ਰੂਪ ਵਿੱਚ ਵੇਖਦੇ ਆਏ ਸਨ। ਉਹ ਹੁਣ ਚੁੱਪ ਨਹੀਂ, ਬਾਦਲ ਅਕਾਲੀ ਦਲ ਦੀਆਂ ਪਾਲਿਸੀਆਂ 'ਤੇ ਅਟੈਕ ਕਰ ਰਹੇ ਹਨ ਤੇ ਸੁਖਬੀਰ ਬਾਦਲ ਨੂੰ ਦੋਸ਼ੀ ਠਹਿਰਾ ਰਹੇ ਹਨ।
    ਬਾਦਲ ਅਕਾਲੀ ਦਲ ਇਸ ਸਮੇਂ ਬੁਰੀ ਤਰ੍ਹਾਂ ਘਬਰਾਇਆ ਹੋਇਆ ਹੈ। ਇਕ ਪਾਸੇ ਉਸ ਨੇ ਭਾਜਪਾ ਦੇ ਵਿਰੁੱਧ ਮੁਹਿੰਮ ਵਿੱਢ ਦਿੱਤੀ ਕਿ ਉਹ ਗੁਰਦੁਆਰਿਆਂ ਵਿਚ ਦਖਲਅੰਦਾਜ਼ੀ ਦੇ ਰਹੀ ਹੈ ਤੇ ਦੂਸਰੇ ਪਾਸੇ ਜਲਦ ਹੀ ਸਮਝੌਤਾ ਵੀ ਕਰ ਲਿਆ। ਇਸ ਤੋਂ ਸਾਫ਼ ਜਾਹਿਰ ਹੈ ਕਿ ਅਕਾਲੀ ਦਲ ਦਾ ਸਟੈਂਡ ਮਜ਼ਬੂਤ ਨਹੀਂ ਤੇ ਉਹ ਆਪਣਾ ਆਧਾਰ ਹਾਲੇ ਵੀ ਭਾਜਪਾ ਵਿਚ ਦੇਖ ਰਿਹਾ ਹੈ। ਜੇਕਰ ਅਕਾਲੀ ਦਲ ਫੈਡਰਲ ਢਾਂਚੇ 'ਤੇ ਪਹਿਰਾ ਦਿੰਦਿਆਂ ਆਪਣਾ ਪੰਥਕ ਆਧਾਰ ਮਜ਼ਬੂਤ ਕਰਦਿਆਂ ਪੰਜਾਬੀ ਭਾਈਚਾਰੇ ਦੀ ਏਕਤਾ ਬਣਾ ਕੇ ਆਪਣੀ ਰਾਜਨੀਤੀ ਸਿਰਜੀ ਰੱਖਦਾ ਤਾਂ ਉਸ ਨੂੰ ਇਹ ਨੁਕਸਾਨ ਨਹੀਂ ਸੀ ਹੋਣਾ। ਉਸ ਦੇ ਨੁਕਸਾਨ ਦਾ ਇਕ ਹੋਰ ਵੱਡਾ ਕਾਰਨ ਸ਼੍ਰੋਮਣੀ ਕਮੇਟੀ ਵਿਚ ਭ੍ਰਿਸ਼ਟਾਚਾਰ ਤੇ ਸਿਆਸੀ ਦਖਲਅੰਦਾਜ਼ੀ ਹੈ। ਸਿੱਖ ਮਹਿਸੂਸ ਕਰਦੇ ਹਨ ਕਿ ਪਿੰਡਾਂ ਵਿਚ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ, ਸਿੱਖ ਵਿਦਿਅਕ ਢਾਂਚਾ ਗਰਕ ਚੁੱਕਾ ਹੈ ਤੇ ਮੈਡੀਕਲ ਸਹੂਲਤਾਂ ਪਿੰਡਾਂ ਵਿਚ ਨਹੀਂ ਪਹੁੰਚ ਰਹੀਆਂ। ਹਾਲਾਂਕਿ ਇਸ ਦੇ ਉਲਟ ਇਸਾਈ ਮਿਸ਼ਨਰੀ ਤੇਜ਼ੀ ਨਾਲ ਪ੍ਰਚਾਰ ਕਰਕੇ ਕਈ ਗਰੀਬ ਸਿੱਖਾਂ ਨੂੰ ਇਸਾਈ ਬਣਾ ਚੁੱਕੇ ਹਨ। ਮੇਰਾ ਖਿਆਲ ਹੈ ਕਿ ਜਿੰਨਾ ਚਿਰ ਤੱਕ ਅਸੀਂ ਗਰੀਬਾਂ ਨੂੰ ਦਸਵੰਧ ਰਾਹੀਂ ਵਿਦਿਅਕ ਤੇ ਮੈਡੀਕਲ ਸਹੂਲਤਾਂ ਨਹੀਂ ਦਿੰਦੇ, ਓਨਾ ਚਿਰ ਤੱਕ ਜੋ ਅਸੀਂ ਕਾਰਜ ਕਰ ਰਹੇ ਹਾਂ, ਉਹ ਸਭ ਨਖਿੱਧ ਤੇ ਕਰਮਕਾਂਡ ਸਿੱਧ ਹੋਣਗੇ। ਸਿੱਖ ਲਹਿਰ ਦਾ ਆਧਾਰ ਹੀ ਗੁਰੂ ਸਾਹਿਬ ਨੇ ਕਿਰਤੀਆਂ ਤੇ ਗਰੀਬਾਂ ਨੂੰ ਮੰਨਿਆ ਹੈ। ਇਸ ਸਮੁੱਚੇ ਹਾਲਾਤ ਅਕਾਲੀ ਦਲ ਦੇ ਲਈ ਯੋਗ ਨਹੀਂ ਹਨ। ਉਸ ਨੂੰ ਆਪਣੀ ਸਥਿਤੀ ਨੂੰ ਸੰਭਾਲਣ ਦੇ ਲਈ ਨਵੀਂ ਲੀਡਰਸ਼ਿਪ ਉਭਾਰਨੀ ਪਵੇਗੀ, ਜੋ ਪੰਥ ਤੇ ਪੰਜਾਬ ਨੂੰ ਸਮਰਪਿਤ ਹੋਵੇ। ਬਰਗਾੜੀ ਮੋਰਚਾ ਵਾਲੀ ਪੰਥਕ ਲੀਡਰਸ਼ਿਪ ਵੀ ਲੋਕ ਸਭਾ ਚੋਣਾਂ ਦੌਰਾਨ ਆਪਣਾ ਝੰਡਾ ਗੱਡ ਰਹੀ ਹੈ ਤੇ ਤੀਸਰੀ ਧਿਰ ਵਜੋਂ ਮਹਾਂਗਠਜੋੜ ਵੀ ਸਰਗਰਮ ਹੈ। 'ਆਪ' ਦਾ ਕਿਸੇ ਨਾਲ ਗੱਠਜੋੜ ਨਹੀਂ ਹੋਇਆ ਤੇ ਉਹ ਕਾਫੀ ਪਛੜ ਸਕਦੀ ਹੈ, ਕਿਉਂਕਿ ਉਸ ਦਾ ਰਾਜਨੀਤਕ ਢਾਂਚਾ ਪੰਜਾਬ ਵਿਚ ਬੁਰੀ ਤਰ੍ਹਾਂ ਡਿੱਗ ਚੁੱਕਾ ਹੈ। ਕੁਲ ਮਿਲਾ ਕੇ ਇਹ ਸਾਰੀਆਂ ਸਥਿਤੀਆਂ ਕਾਂਗਰਸ ਦੇ ਲਈ ਲਾਭਦਾਇਕ ਹਨ।

ਰਜਿੰਦਰ ਸਿੰਘ ਪੁਰੇਵਾਲ