image caption: ਤਰਲੋਚਨ ਸਿੰਘ (ਚੰਨ ਜੰਡਿਆਲਵੀ) ਅਤੇ ਤੇਜਿੰਦਰ ਮਨਚੰਦਾ

ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਤਰਲੋਚਨ ਸਿੰਘ (ਚੰਨ ਜੰਡਿਆਲਵੀ) ਨਾਲ ਤੇਜਿੰਦਰ ਮਨਚੰਦਾ ਦੀ ਵਿਸ਼ੇਸ਼ ਮੁਲਾਕਾਤ

* ਅੱਜ-ਕੱਲ ਜੋ ਪੰਜਾਬੀ ਗਾਇਕੀ ਵਿੱਚ ਘੁਸਪੈਠ ਹੋ ਰਹੀ, ਗੀਤਾਂ ਵਿੱਚ ਬੰਦੂਕਾਂ, ਟੈਂਕ, ਗੰਡਾਸੇ, ਨਸ਼ਾ ਦਿਖਾਇਆ ਜਾ ਰਿਹਾ ਹੈ, ਕੀ ਕਹੋਗੇ ਇਸ ਬਾਰੇ ?
ਚੰਨ -ਹੁਣ ਦਾ ਜ਼ਮਾਨਾ ਅਸਲੀਅਤ ਤੋਂ ਦੂਰ ਹੂੰਦਾ ਜਾ ਰਿਹਾ ਹੈ,ਸਾਡੇ ਗਾਇਕ ਗੀਤਾਂ ਵਿੱਚ ਕਿਸਾਨ ਨੂੰ ਬੰਦੂਕ ਫੜੀ ਛਾਲਾਂ ਮਾਰਦਾ ਦਿਖਾ ਰਹੇ ਹਨ, ਪਰ ਕਿਸਾਨ ਤਾਂ ਕਰਜ਼ੇ ਵਿੱਚ ਡੁੱਬਿਆ ਖੁਦਕੁਸ਼ੀਆਂ ਕਰ ਰਿਹਾ ਹੈ, ਫਿਰ ਗੀਤਾਂ ਵਿੱਚ ਕਿਸ ਗੱਲ ਦੀ ਖੁਸ਼ਹਾਲੀ ਦਿਖਾਈ ਜਾ ਰਹੀ ਹੈ! ਸਮਝ ਤੋਂ ਪਰੇ ਹੈ! ਇਹੋ ਜਿਹੇ ਗੀਤ ਲਿਖਣ 'ਤੇ ਗਾਉਣ ਵਾਲਿਆਂ ਨੂੰ ਪੁੱਛੋ ! ਕਿ ਉਹ ਅਸਲੀਅਤ ਨੂੰ ਕਿaੁਂ ਨਹੀਂ ਦਿਖਾ ਰਹੇ !
* ਤੁਸੀਂ ਇਸ ਘੁਸਪੈਠ ਵਿੱਚ ਕਿਸ ਨੂੰ ਕਸੂਰਵਾਰ ਸਮਝਦੇ ਹੋ ! ਗੀਤਕਾਰ, ਗਾਇਕ ਜਾਂ ਸਰੋਤੇ ?
-ਮੈਂ ਤਾਂ ਸਰੋਤਿਆਂ ਨੂੰ ਕਸੂਰਵਾਰ ਸਮਝਦਾ ਹਾਂ।ਗੀਤਕਾਰ ਕਹਿ ਦਿੰਦਾ, ਹੈ, 'ਕਿ ਜੇ ਮੈਂ ਇਸ ਤਰਾਂ੍ਹ ਦਾ ਗੀਤ ਨਾ ਲਿਖਾਂ ਤਾਂ, ਗਾਇਕ ਮੇਰਾ ਗੀਤ ਗਾਉਂਦਾ ਨਹੀਂ! 'ਤੇ ਗਾਇਕ ਦਾ ਕਹਿਣਾ ਹੈ,ਕਿ ਮੈਂ ਇਸ ਤਰਾਂ੍ਹ ਦਾ ਗੀਤ ਨਾ ਗਾਵਾਂ ਤਾਂ ਸਰੋਤੇ ਸੁਣਦੇ ਨਹੀਂ। ਇਸ ਲਈ ਸਰੋਤਿਆਂ ਨੂੰ ਆਪਣਾ ਰੁਝਾਨ ਬਦਲਣਾ ਪਵੇਗਾ, ਤਾਂ ਜੋ ਸਾਨੂੰ ਚੰਗੇ ਗੀਤ ਸੁਣਨ ਨੂੰ ਮਿਲਣ ਅਤੇ ਆਪਣੇ ਅਮੀਰ ਵਿਰਸੇ, ਸੱਭਿਆਚਾਰ ਨੂੰ ਬਚਾਇਆ ਜਾ ਸਕੇ।
* ਪੰਜਾਬੀ ਗੀਤਕਾਰਾਂ ਦੀ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ,'ਕ ਗਾਇਕ ਉਹਨਾਂ ਨੁੰ ਬਣਦਾ ਹੱਕ ਨਹੀਂ ਦਿੰਦੇ ?
-ਮੇਰਾ ਅਸੂਲ ਹੈ, 'ਕਿ ਮੈਂ ਗਾਇਕ ਨੂੰ ਘਰ ਆਏ ਨੂੰ ਹੀ ਗੀਤ ਦਿੰਦਾ ਹਾਂ, ਮੈਂ ਕਦੀ ਆਪਣੇ ਗੀਤ ਵੰਡਣ ਨਹੀਂ ਗਿਆ। ਜਦੋਂ ਗੀਤਕਾਰ ਗੀਤ ਵੰਡਣ ਲੱਗ ਜਾਂਦਾ ਹੈ, ਤਾਂ ਉਸ ਦੇ ਗੀਤ ਨੂੰ ਮੁਫ਼ਤ ਸਮਝਿਆ ਜਾਂਦਾ ਹੈ, ਤੇ ਗਾਇਕ ਉਸ ਗੀਤ ਅਤੇ ਗੀਤਕਾਰ ਦੀ ਕਦਰ ਨਹੀਂ ਕਰਦਾ। ਪੈਸੇ ਦਾ ਜ਼ਮਾਨਾ ਹੋਣ ਕਰਕੇ ਗਾਉਣ ਦਾ ਸ਼ੌਕੀਨ ਆਪਣੇ ਆਪ ਨੂੰ ਵੱਡਾ ਗਾਇਕ ਕਹਾਉਂਦਾ ਹੈ, ਤੇ ਆਪਣੀ ਨਜ਼ਰ ਵਿੱਚ ਗੀਤਕਾਰ ਨੂੰ ਆਪਣੇ ਤੋਂ ਥੱਲੇ ਸਮਝਦਾ ਹੈ, ਇਹ ਸਭ ਪੈਸੇ ਦੇ ਪ੍ਰਭਾਵ ਕਾਰਣ ਹੋ ਰਿਹਾ ਹੈ।
* ਕਦੀ ਤੁਹਾਡੇ ਆਪਣੇ ਲਿਖੇ ਗੀਤ ਨੂੰ ਕਿਸੇ ਨੇ ਚੋਰੀ ਕਰ ਕੇ ਆਪਣਾ ਨਾਮ ਪਾ ਲਿਆ ਹੋਵੇ ?
-ਮੇਰਾ ਗੀਤ 'ਵਾਹਗੇ ਦੀਏ ਸਰਹੱਦੇ, ਤੈਨੂੰ ਤੱਤੀ ਵਾਅ ਨਾ ਲੱਗੇ' ਨੂੰ ਗਾਇਕ ਨੇ ਗੀਤ ਵਿੱਚੋਂ ਮੇਰਾ ਨਾਮ ਕੱਟ ਕੇ, ਆਪਣਾ ਨਾਮ ਪਾ ਕੇ ਰਿਕਾਰਡ ਕਰਵਾ ਦਿੱਤਾ, ਉਸ ਤੋਂ ਬਾਅਦ ਮੈਂ ਉਸ ਗਾਇਕ ਨੂੰ ਕਦੀ ਆਪਣਾ ਗੀਤ ਨਹੀਂ ਦਿੱਤਾ। ਇੱਕ ਵਾਰੀ ਜਲੰਧਰ ਇਕ ਸਮਾਗਮ ਵਿੱਚ ਇੱਕ ਗਾਇਕ ਨੇ ਮੇਰੇ ਸਾਹਮਣੇ ਹੀ ਸਟੇਜ 'ਤੇ ਮੇਰਾ ਲਿਖਿਆ ਗੀਤ ਆਪਣਾ ਗੀਤ ਕਹਿ ਕੇ ਗਾ ਦਿੱਤਾ, ਤੇ ਉਸ ਸਮਾਗਮ ਵਿੱਚ ਸ਼ਾਮਿਲ ਇੱਕ ਪੱਤਰਕਾਰ ਨੇ ਉਸ ਨੂੰ ਸਟੇਜ 'ਤੇ ਹੀ ਟੋਕ ਦਿੱਤਾ। ਇਸ ਤਰਾਂ੍ਹ ਦੇ ਹੋਰ ਵੀ ਬਹੁਤ ਵਾਕਿਆ ਹੋਏ ਹਨ।
* ਤੁਸੀਂ ਹੁਣ ਤੱਕ ਦੇ ਆਪਣੇ ਗੀਤਕਾਰੀ ਦੇ ਸਫ਼ਰ ਤੋਂ ਸੰਤੁਸ਼ਟ ਹੋ ?
-ਬਿਲਕੁਲ ਸੰਤੁਸ਼ਟ ਹਾਂ ਜੀ। ਸੰਤੁਸ਼ਟ ਬੰਦਾ ਉਦੋਂ ਹੁੰਦਾ ਹੈ, ਜਦੋਂ ਲੋਕ ਤੁਹਾਡੇ ਕੰਮ ਨੂੰ ਪੰਸਦ ਕਰਦੇ ਹਨ, ਪਰ ਸੰਤੁਸ਼ਟ ਦਾ ਮਤਲਬ ਇਹ ਵੀ ਨਹੀਂ, ਕਿ ਤੁਸੀਂ ਸੰਤੁਸ਼ਟ ਹੋ ਗਏ, ਅੱਗੇ ਕੋਈ ਕੰਮ ਨਾ ਕਰੋ। ਮੇਰੀ ਕਲਮ ਗੀਤਕਾਰੀ ਦੇ ਖੇਤਰ ਵਿੱਚ ਨਿਰੰਤਰ ਚੱਲ ਰਹੀ ਹੈ, ਤੇ ਸਰੋਤੇ, ਪਾਠਕ ਮੈਨੂੰ ਪਿਆਰ ਦੇ ਰਹੇ ਹਨ, ਬਾਕੀ ਆਉਣ ਵਾਲੇ ਸਮੇਂ ਵਿੱਚ ਵੀ, ਇਹ ਸਰੋਤੇ, ਪਾਠਕਾਂ 'ਤੇ ਨਿਰਭਰ ਕਰਦਾ ਹੈ, ਕਿ ਉਹ ਮੇਰੇ ਕੰਮ ਨੂੰ ਕਿੰਨਾ ਪਿਆਰ ਦਿੰਦੇ ਹਨ।
* ਅੱਜ ਕੱਲ ਦੇ ਗਇਕ ਅਤੇ ਗੀਤਕਾਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ?
-ਗਾਇਕ ਅਤੇ ਗੀਤਕਾਰਾਂ ਨੂੰ ਬੇਨਤੀ ਹੈ, ਕਿ ਉਹ ਵਧੀਆ ਸਾਫ ਸੁਥਰੇ ਗੀਤਾਂ ਵਿੱਚ ਅਸਲੀਅਤ ਪੇਸ਼ ਕਰਨ, ਲੋਕਾਂ ਨੂੰ ਭੰਬਲਭੂਸੇ ਵਿੱਚ ਨਾ ਪਾਉਣ। ਪੁਰਾਣੇ ਗਾਇਕ ਆਪਣੀ ਸਾਫ ਸੁਥਰੀ ਗਾਇਕੀ ਕਰ ਕੇ ਹੁਣ ਵੀ ਸਦਾ ਬਹਾਰ ਹਨ। ਜੇ ਅੱਜ ਦਾ ਗਾਇਕ ਵੀ ਆਪਣੇ ਗੀਤਾਂ ਵਿੱਚ ਅਸਲੀਅਤ, ਆਪਣਾ ਸੱਭਿਆਚਾਰ ਦਿਖਾਵੇਗਾ ਤਾਂ, ਉਸ ਦਾ ਨਾਮ  ਵੀ ਸਦਾ ਬਹਾਰ ਗਾਇਕਾਂ ਦੀ ਲਾਇਨ ਵਿੱਚ ਦਰਜ਼ ਹੋ ਜਾਵੇਗਾ। ਜੇ ਨਹੀਂ ਹਟਣਾਂ ਤਾਂ ਕਾਰਟੂਨ ਬਣਾਉਣ ਵਾਲੇ ਤੁਹਾਨੂੰ ਨੰਗਾ ਕਰਨਗੇ ।
-ਤਰਲੋਚਨ ਸਿੰਘ (ਚੰਨ ਜੰਡਿਆਲਵੀ) ਦੇ ਬਾਰੇ ਹੋਰ ਜਾਣਕਾਰੀ-
* ਜਨਮ ਅਤੇ ਜਨਮ ਸਥਾਨ&ndash ੪ ਫਰਵਰੀ ੧੯੪੩ ਜੰਡਿਆਲਾ ਮੰਜਕੀ (ਜਲੰਧਰ)
* ਉਸਤਾਦ- ਨੰਦ ਲਾਲ ਨੂਰਪੁਰੀ।
* ਮਨ ਪਸੰਦ ਗੀਤਕਾਰ &ndash ਦੇਵ ਥਰੀਕਿਆਂ ਵਾਲਾ, ਨੰਦ ਲਾਲ ਨੂਰਪੁਰੀ, ਇੰਦਰਜੀਤ ਹਸਨਪੁਰੀ, ਚਮਨ ਲਾਲ ਸ਼ੁਗਲ ਅਤੇ ਜੋ ਅੱਜ-ਕੱਲ ਵਧੀਆ ਲਿਖ ਰਹੇ ਹਨ।
* ਪੁਸਤਕਾਂ- ੧੮ ਪੁਸਤਕਾਂ ਸਮਾਜਿਕ ਅਤੇ ਧਾਰਮਿਕ ਪ੍ਰਕਾਸ਼ਿਤ ਹੋਈਆਂ।
* ਕਿੰਨੇ ਗੀਤ ਰਿਕਾਰਡ ਹੋਏ- ਹਜ਼ਾਰ ਤੋਂ ਵੱਧ ਗੀਤ ਰਿਕਾਰਡ ਹੋਏ।
* ਗਾਇਕ ਅਤੇ ਗਾਇਕਾਵਾਂ ਨੇ ਗਾਇਆ- ਸੁਰਿੰਦਰ ਕੌਰ, ਅਵਤਾਰ  ਫਲੌਰੀਆ, ਜਗਮੋਹਣ ਕੌਰ, ਹਰਬੰਸ ਅਰੋੜਾ, ਸਰੂਪ ਸਿੰਘ ਸਰੂਪ, ਰਮੇਸ਼ ਨੂਸੀਵਾਲ, ਸਵਰਨ ਲਤਾ, ਪੰਮੀ ਪੋਹਲੀ, ਡੋਲੀ ਗੁਲੇਰੀਆ, ਕੁਲਦੀਪ ਮਾਣਕ, ਕੁਲਦੀਪ ਪਾਰਸ, ਪਾਲੀ ਦੇਤਵਾਲੀਆ, ਸ਼ੌਕਤ ਅਲੀ (ਪਾਕਿਸਤਾਨ), ਮਲਕੀਤ ਸਿੰਘ (ਗੋਲਡਨ ਸਟਾਰ), ਜਸਪਿੰਦਰ ਨਰੂਲਾ, ਸ਼ਿੰਦਾ ਸੁਰੀਲਾ, ਬਲਵਿੰਦਰ ਸਫਰੀ, ਸੁਰਿੰਦਰ ਪ੍ਰਦੇਸੀ, ਰੀਪੂ ਦਮਨ ਸ਼ੈਲੇ, ਸੁਰਿੰਦਰ ਕੋਹਲੀ, ਗੁਲਜ਼ਾਰ ਲਾਹੌਰੀਆ ਅਤੇ ਹੋਰ ਹਜ਼ਾਰਾਂ ਗਾਇਕ।
* ਹਿੱਟ ਗੀਤ- ਮਧਾਣੀਆਂ ਹਾਏ ਓਹ ਮੇਰੇ ਡਾਢਿਆ ਰੱਬਾ, ਮੂੰਹ ਵਿੱਚ ਨਣਦ ਬੁਰਕੀਆਂ ਪਾਵੇ, ਮਾਵਾਂ ਠੰਡੀਆਂ ਛਾਵਾਂ, ਸਾਨੂੰ ਅੱਲੜ੍ਹਾਂ ਨੂੰ ਨੀਂਦ ਪਿਆਰੀ, ਪਿੱਪਲੀ ਤੇ ਪੀਂਘ ਝੂਟਦੀ, ਨੱਚਾਂ ਮੈਂ ਲੁਧਿਆਣੇ ਧਮਕ ਜਲੰਧਰ ਪੈਂਦੀ, ਮੇਰੇ ਕਲਗੀਆਂ ਵਾਲੇ ਪ੍ਰੀਤਮ, ਵਾਹਗੇ ਦੀਏ ਸਰਹੱਦੇ, ਖਾਲਸਾ ਅਮਰ ਰਹੂਗਾ, ਚਰੀਆਂ ਛੂਕਦੀਆਂ, ਬਾਬਲੇ ਦੇ ਵਿਹੜੇ ਵੇਲਾ ਲਾਡੋ ਦੇ ਸੁਹਾਗ ਦਾ ਅਦਿ।