image caption: ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ (ਕਵੈਂਟਰੀ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਅਹਿਮ ਅਸਥਾਨਾਂ ਤੇ ਪ੍ਰਚਾਰਕਾਂ ਦੀ ਚੋਣ ਕਰਨ ਲੱਗਿਆਂ ਤੱਤ ਗੁਰਮਤਿ ਸਿਧਾਂਤ ਦਾ ਖਿਆਲ ਰੱਖਣ ਲਈ ਜਿੰਮੇਵਾਰੀ ਤੋਂ ਕੰਮ ਲਵੇ

   14-02-2019 ਪੰਜਾਬ ਟਾਈਮਜ਼ ਦੇ ਸਫ਼ਾ 11 ਉਤੇ ਖਬਰ ਛਪੀ ਹੈ ਕਿ "ਗੁਰਦੁਆਰਾ ਮੰਜੀ ਸਾਹਿਬ ਵਿਖੇ ਗੁਰਬਾਣੀ ਕਥਾ ਲਈ ਕਥਾਵਾਚਕਾਂ ਦੀ ਚੋਣ ਦਾ ਮਾਮਲਾ, ਸਨਾਤਨੀ ਪ੍ਰਚਾਰਕਾਂ ਨੂੰ ਸ਼੍ਰੋਮਣੀ ਕਮੇਟੀ ਦੇ ਰਹੀ ਏ ਤਰਜੀਹ, ਸਿੰਘ ਸਭਾਈ ਪ੍ਰਚਾਰਕਾਂ ਨੂੰ ਕੀਤਾ ਜਾ ਰਿਹਾ ਏ ਅੱਖੋਂ ਪਰੋਖੇ, ਆਪਣੇ ਹੀ ਗੁਣੀ ਪ੍ਰਚਾਰਕਾਂ ਨੂੰ ਮੌਕਾ ਦੇਣ ਤੋਂ ਆਕੀ ਹੈ ਸ਼੍ਰੋਮਣੀ ਕਮੇਟੀ, ਇਸ ਖਬਰ ਦਾ ਸਾਰ ਅੰਸ਼ ਹੈ: ਸਿੱਖ ਕੌਮ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਕੰਪਲੈਕਸ ਸਥਿਤ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਬਦ ਗੁਰਬਾਣੀ ਦੀ ਕਥਾ ਕਰਨ ਲਈ (ਇਥੇ ਵਖਿਆਨ ਦਾ ਜ਼ਿਕਰ ਹੀ ਨਹੀਂ ਹੈ) ਸ਼੍ਰੋਮਣੀ ਕਮੇਟੀ ਸੱਚਖੰਡ ਵਿਖੇ ਸੇਵਾ ਨਿਭਾਅ ਰਹੇ ਗ੍ਰੰਥੀ ਸਾਹਿਬਾਨ ਅਤੇ ਕਮੇਟੀ ਪ੍ਰਬੰਧ ਹੇਠਲੀ ਧਰਮ ਪ੍ਰਚਾਰ ਕਮੇਟੀ ਦੇ ਗੁਣੀ ਕਥਾਵਾਚਕਾਂ ਨੂੰ ਸਮਾਂ ਦੇਣ ਤੋਂ ਕਿਨਾਰਾ ਕਰ ਰਹੀ ਹੈ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਚਰਚਾ ਦੇ ਘੇਰੇ ਵਿੱਚ ਹੈ, ਕਿਉਂਕਿ ਇਥੇ ਗੁਰਬਾਣੀ ਕਥਾ ਲਈ ਪੁੱਜਣ ਵਾਲੇ ਕਥਾਵਾਚਕਾਂ ਉੱਪਰ ਸੰਗਤਾਂ ਵਿੱਚ ਦੁਬਿਧਾ ਪਾਣ ਜਾਂ ਅਕਾਲ ਤਖ਼ਤ ਜਾਂ ਅਕਾਲ ਤਖ਼ਤ ਸਾਹਿਬ ਦੁਆਰਾ ਪ੍ਰਵਾਨਿਤ ਤੇ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਿਤ ਸਿੱਖ ਰਹਿਤ ਮਰਿਯਾਦਾ 'ਤੇ ਕਿੰਤੂ ਪ੍ਰੰਤੂ ਕਰਨ ਜਾਂ ਆਪਣੀਆਂ ਸੰਸਥਾਵਾਂ ਦੀ ਰਹਿਤ ਮਰਿਯਾਦਾ ਨੂੰ ਪ੍ਰਚਾਰਨ ਤੇ ਪ੍ਰਸਾਰਨ ਦੇ ਦੋਸ਼ ਲੱਗਣ ਪਏ ਹਨ"।
  ਉਕਤ ਖਬਰ ਨਿਰਸੰਦੇਹ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਨਾਨਕ ਨਾਮ ਲੇਵਾ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਜਾਂ ਧਰਮ ਪ੍ਰਚਾਰ ਕਮੇਟੀ ਸਿੱਖ ਕੌਮ ਦੀ ਕੌਮੀ ਪ੍ਰਚਾਰਕ ਸੰਸਥਾ ਹੈ, ਜਿਸ ਦੀ ਜ਼ਿੰਮੇਵਾਰੀ ਗੁਰਮਤਿ ਅਨੁਸਾਰ ਗੁਰੂ ਗ੍ਰੰਥ, ਗੁਰੂ ਪੰਥ ਦੇ ਸਿੱਖੀ ਸਿਧਾਂਤਾਂ ਦਾ ਪ੍ਰਚਾਰ, ਪ੍ਰਸਾਰ ਕਰਨਾ ਅਤੇ ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇਣ ਦੀ ਹੈ। ਜੇ ਸਿੱਖ ਕੌਮ ਦੀ ਕੌਮੀ ਪ੍ਰਚਾਰਨ ਸੰਸਥਾ ਸ਼੍ਰੋਮਣੀ ਕਮੇਟੀ ਹੀ ਕੁਰਾਹੇ ਪੈ ਗਈ ਤਾਂ 'ਹਮ ਹਿੰਦੂ ਨਹੀਂ' ਦੀ ਧਾਰਨਾ ਵਾਲੇ ਗੁਰੂ ਨਾਨਕ ਦੇ ਨਿਰਮਲ ਤੇ ਨਿਰਾਲੇ ਪੰਥ (ਸਿੱਖ ਕੌਮ) ਦਾ ਵਜੂਦ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਹਿ ਸਕੇਗਾ। "ਨਿਆਰੀ ਹੋਂਦ ਹੀ ਸਿੱਖੀ ਦਾ ਬੁਨਿਆਦੀ ਸਿਧਾਂਤ ਹੈ।
'ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ।।
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ"।।
   ਗੁਰੂ ਜੋਤਿ, ਦੱਸ ਗੁਰੂ ਸਾਹਿਬਾਨ ਨੇ ਸਿੱਖ-ਧਰਮ ਨੂੰ ਇਕ ਅਜਿਹਾ ਸੰਪੰਨ ਧਰਮ ਪ੍ਰਬੰਧ ਐਲਾਨਿਆ ਹੈ, ਜਿਸ ਦੇ ਉਪਦੇਸ਼ ਅਕਾਲ ਪੁਰਖ ਪ੍ਰਮਾਤਮਾ ਦੀ ਸਿੱਧੀ ਉਪਜ ਹਨ (ਧੁਰ ਕੀ ਬਾਣੀ ਆਈ) ਸਿੱਖ ਗੁਰੂ ਸਾਹਿਬਾਨ ਨੇ ਆਰੀਅਨਾਂ ਤੇ ਨਾਲ ਹੀ ਸਾਮੀ ਧਰਮ-ਗ੍ਰੰਥਾਂ ਦੀ ਪ੍ਰਭੁਤਾ ਨੂੰ ਨਾ-ਮਨਜ਼ੂਰ ਕਰ ਦਿੱਤਾ, ਬ੍ਰਾਹਮਣੀ ਹਿੰਦੂ ਦੇਵੀ ਦੇਵਤਿਆਂ ਨੂੰ ਤਿਆਗ ਦਿੱਤਾ, ਨਿੰਦਣ ਯੋਗ ਜਾਤ ਪ੍ਰਥਾ ਨੂੰ ਰੱਦ ਕਰ ਦਿੱਤਾ ਅਤੇ ਕਰਮ-ਕਾਂਡਾਂ ਦਾ ਖੰਡਨ ਕੀਤਾ"। (ਸ਼ਹੀਦ-ਬਿਲਾਸ ਸੰਤ ਜਰਨੈਲ ਸਿੰਘ-ਸਫ਼ਾ 126)
ਇਸੇ ਸਿੱਖ ਕੌਮ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੰਪਲੈਕਸ ਸਥਿਤ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ, ਦੀਵਾਨ ਹਾਲ ਵਿੱਚੋਂ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸਿੱਖ ਕੌਮ ਦੀ ਵੱਖਰੀ ਹੋਂਦ ਨੂੰ ਸਥਾਪਤ ਕਰਨ ਲਈ ਜੱਦੋ-ਜਹਿਦ ਨੂੰ ਪ੍ਰਚੰਡ ਕੀਤਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂ ਸੱਤਾ ਸੰਪੰਨ ਹੋਂਦ ਨੂੰ ਦਿੱਲੀ ਦਰਬਾਰ ਦੇ ਤਖ਼ਤ ਨਾਲੋਂ ਉੱਚਿਆ ਕੇ ਉਭਾਰਿਆ ਅਤੇ ਸਿੱਖ ਸੰਸਥਾਵਾਂ ਦੇ ਕੱਦ ਨੂੰ ਉੱਚਾ ਚੁੱਕਣ ਲਈ ਗੁਰਬਾਣੀ ਦੀ ਮੁਕੰਮਲ ਨੁਹਾਰ ਨੂੰ ਸਿੱਖ ਜੀਵਨ ਵਿੱਚ ਢਾਲਣ ਦਾ ਸਫਲਤਾ ਪੂਰਵਕ ਇਨਕਲਾਬੀ ਕਦਮ ਪੁੱਟਿਆ। ਸੰਤ ਜਰਨੈਲ ਸਿੰਘ ਨੇ ਸਿੱਖ ਲਹਿਰ ਨੂੰ ਜਿਹੜਾ ਇਨਕਲਾਬੀ ਰੰਗ ਗੁਰਬਾਣੀ ਨੂੰ ਸਿੱਖ ਜੀਵਨ ਵਿੱਚ ਢਾਲ ਕੇ ਦਿੱਤਾ ਉਸ ਨਾਲ ਦਲਿਤ ਵਰਗ ਸਿੱਖੀ ਵੱਲ ਪ੍ਰੇਰਿਤ ਹੋਇਆ, ਜਿਸ ਨਾਲ ਜਾਤ-ਪਾਤ ਰਹਿਤ ਸਿੱਖ ਸਮਾਜ ਦੀ ਖਾਲਸ ਨੁਹਾਰ ਵਾਲੀ ਸਿਰਜਣਾ ਪ੍ਰਗਟ ਹੋ ਰਹੀ ਸੀ। ਅੱਜ ਉਸੇ ਹੀ ਗੁਰਦੁਆਰਾ ਮੰਜੀ ਸਾਹਿਬ ਤੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਵਾਰਸ ਕਹਾਉਣ ਵਾਲੇ ਪ੍ਰਚਾਰਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਚਾਰਧਾਰਾ ਦੇ ਬਿਲਕੁੱਲ ਉਲਟ ਸਨਾਤਨੀ ਵਿਚਾਰਧਾਰਾ ਦਾ ਪ੍ਰਚਾਰ ਕਰ ਰਹੇ ਹਨ।
  ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕੀਤੇ ਵਿਆਖਿਆਨਾਂ ਦੀ ਵੰਨਗੀ ਤੋਂ ਉਨ੍ਹਾਂ ਦੀ ਵਿਚਾਰਧਾਰਾ ਸਪੱਸ਼ਟ ਹੋ ਜਾਂਦੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵਿਆਖਾਨਾਂ ਦਾ ਪੂਰਾ ਵਿਸਥਾਰ-ਭਾਈ ਨਰਾਇਣ ਸਿੰਘ ਜੀ ਦੀ ਸੰਪਾਦਿਤ ਕੀਤੀ ਪੁਸਤਕ 'ਸਿੰਘ ਗਰਜ' ਵਿੱਚ ਮਿਲ ਜਾਂਦਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕੀਤੇ ਵਿਆਖਿਆਨਾਂ ਦੀ ਵੰਨਗੀ ਹੇਠ ਲਿਖੇ ਅਨੁਸਾਰ ਹੈ। (1) ਸਿੱਖ ਦੇ ਦਿਮਾਗ ਵਿੱਚ ਇਹ ਗੱਲ ਘਰ ਕਰ ਜਾਣੀ ਚਾਹੀਦੀ ਹੈ ਕਿ ਮੈਂ ਸਿੱਖ ਹਾਂ ਤੇ ਸਿੱਖ ਰਹਿਣਾ ਕੇਸਾਧਾਰੀ ਹਿੰਦੂ ਬਣ ਕੇ ਨਹੀਂ ਰਹਿਣਾ। (2) ਜਦੋਂ ਤੱਕ ਸਿੱਖ ਕੌਮ ਦੇ ਗਲੋਂ ਗੁਲਾਮੀ ਨਹੀਂ ਲਹਿੰਦੀ, ਉਦੋਂ ਤੱਕ ਇਹ ਸੰਘਰਸ਼ ਚੱਲਦਾ ਰਹਿਣਾ। (3) ਸਿੱਖ ਲਈ ਬੰਦਾ ਮਾਰਨਾ ਪਾਪ ਹੈ, ਪਰ ਹੱਕ ਨਾ ਲੈਣਾ ਵੀ ਪਾਪ ਹੈ। (4) ਨਿਖੇਧੀ ਕਰਨੀ ਛੱਡ ਕੇ ਹੱਕ ਲੈਣ ਲਈ ਕਮਰ ਕੱਸ ਕਰੋ। (5) ਸਿੱਖ ਕੌਮ ਦੀ ਹੋਂਦ ਕਾਇਮ ਰੱਖਣ ਲਈ ਅਤੇ ਜਲਾਲਤ ਤੋਂ ਬਚਣ ਦਾ ਤਰੀਕਾ ਇਕੋ ਇਕ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਤਨੋ, ਜਿੰਮੇਦਾਰਾਂ ਦਾ ਹੁਕਮ ਮੰਨੋ, ਮਿਲ ਕੇ ਰਹੋ, ਸ਼ਸ਼ਤਰਧਾਰੀ ਬਣੋ ਤੇ ਨਸ਼ਿਆਂ ਦਾ ਤਿਆਗ ਕਰੋ। (6) ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਸਭ ਜਾਤਾਂ ਦੇ ਭਗਤਾਂ ਦੀ ਬਾਣੀ ਦਰਜ ਹੈ, ਪਰ ਕੁਰਾਨ ਵਿੱਚ ਹਿੰਦੂ ਦੀ ਨਹੀਂ ਤੇ ਗੀਤਾ ਵਿੱਚ ਮੁਸਲਮਾਨ ਦੀ ਨਹੀਂ। ਦਰਬਾਰ ਸਾਹਿਬ ਵਿੱਚ ਤਾਂ ਹਰ ਕੋਈ ਮੱਥਾ ਟੇਕ ਸਕਦਾ ਹੈ। ਪਰ ਮਸੀਤ ਵਿੱਚ ਹਿੰਦੂ ਅਤੇ ਸ਼ਿਵਦੁਆਲੇ ਵਿੱਚ ਮੁਸਲਮਾਨ ਮੱਥਾ ਟੇਕ ਨਹੀਂ ਸਕਦਾ। (7) ਕਦੇ ਕਿਸੇ ਨੇ ਹਿੰਦੂ, ਮੁਸਲਮਾਨ, ਇਸਾਈ ਜਾਂ ਕਿਸੇ ਹੋਰ ਫਿਰਕੇ ਦੇ ਮਨੁੱਖ 'ਤੇ ਦਰਬਾਰ ਸਾਹਿਬ ਜਾਣ ਦੀ ਬੰਦਸ਼ ਨਹੀਂ ਲਾਈ, ਪਰ ਕ੍ਰਿਪਾਨ ਵਾਲੇ ਸਿੱਖ ਨੂੰ ਦੁਰਗਿਆਨਾ ਮੰਦਿਰ ਵਿੱਚ ਜਾਣ ਦੀ ਖੁੱਲ੍ਹ ਨਹੀਂ ਹੈ (ਮੰਜੀ ਸਾਹਿਬ 'ਤੇ ਪ੍ਰਚਾਰ ਕਰਨ ਵਾਲੇ ਅੱਜ ਦੇ ਪ੍ਰਚਾਰਕ ਕੀ ਸਿੱਖ ਸੰਗਤਾਂ ਨੂੰ ਦੁਰਗਿਆਨਾ ਮੰਦਿਰ ਵਿਖੇ ਹੋ ਰਹੇ ਅੰਮ੍ਰਿਤਧਾਰੀ ਸਿੰਘਾਂ ਨਾਲ ਉਕਤ ਵਿਤਕਰੇ ਬਾਰੇ ਜਾਣੂੰ ਕਰਾਉਣ ਦੀ ਜੁਅਰਤ ਕਰ ਸਕਦੇ ਹਨ) (8) ਜਦ ਛਾਤੀ ਵਿੱਚ ਗੋਲੀ ਲੱਗਣ ਦਾ ਖਤਰਾ ਹੋਵੇ, ਉਦੋਂ ਤਾਂ ਸਿੱਖ ਕੌਮ ਬਹਾਦਰ ਹੈ, ਇਹ ਅੱਗੇ ਲੱਗੇ, ਪਰ ਜਦ ਕੁਰਸੀ ਸੰਭਾਲਨੀ ਹੋਵੇ, ਉਦੋਂ ਟੱਲੀ ਰਾਮ ਅੱਗੇ ਹੋਣਾ ਚਾਹੀਦਾ ਹੈ। (9) ਜੇ ਸਿੱਖ ਅੱਤਵਾਦੀ ਆ ਤਾਂ ਮੰਨੋ ਸਿੱਖ ਵੱਖਰੀ ਕੌਮ ਆ ਤੇ ਜੇ ਸਿੱਖ ਹਿੰਦੂਆਂ ਦਾ ਇਕ ਅੰਗ ਆ ਤਾਂ ਲਿਖੋ ਹਿੰਦੂ ਅੱਤਵਾਦੀ ਆ। (10) ਅਸੀਂ ਨਾ ਤਾਂ ਖਾਲਿਸਤਾਨ ਦੇ ਹਮਾਇਤੀ ਹਾਂ ਤੇ ਨਾ ਵਿਰੋਧੀ ਹਾਂ। ਹਿੰਦੋਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ, ਪਰ ਬਰਾਬਰ ਦੇ ਸ਼ਹਿਰੀ ਬਣਕੇ ਸੈਂਟਰ ਸਰਕਾਰ ਸਾਨੂੰ ਦੱਸੇ ਨਾਲ ਰੱਖਣਾ ਕਿ ਨਹੀਂ ਜੇ ਨਾਲ ਰੱਖਣਾ ਚਾਹੁੰਦੀ ਆ ਤਾਂ ਸਾਨੂੰ ਸਾਡੇ ਹੱਕ ਦਏ। (11) ਪ੍ਰਣ ਉਹੋ ਕਰਿਉ ਜਿਨ੍ਹਾਂ ਨੇ ਪਰਿਵਾਰ, ਜਾਇਦਾਦ ਤੇ ਸੰਸਾਰ ਦਾ ਮੋਹ ਛੱਡ ਦਿੱਤਾ ਅਤੇ ਭੈਣਾਂ ਦੀ ਲੁੱਟੀ ਇੱਜ਼ਤ, ਮਸੂਮਾਂ ਦੇ ਪੀਤੇ ਗਏ ਖੂਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਗਈ ਬੇ-ਅਦਬੀ ਦਾ ਹੱਕ ਲੈਣ ਵਾਸਤੇ ਸਾਵਧਾਨ ਨੇ। (12) ਇਹ ਫਿਕਰ ਨਾ ਕਰੋ ਕਿ ਸਿੱਖ ਆਟੇ ਵਿੱਚ ਲੂਣ ਦੀ ਤਰ੍ਹਾਂ ਨੇ, ਜੇ ਆਟੇ ਵਿੱਚ ਲੂਣ ਦੀ ਡਲੀ ਜ਼ਰਾ ਕੁ ਜ਼ਿਆਦਾ ਪੈ ਜਾਵੇ ਤਾਂ ਖਾਧਾ ਨਹੀਂ ਜਾਂਦਾ। (13) ਐਸੀ ਸ਼ਾਂਤੀ ਦਾ ਮੈਂ ਬਿਲਕੁੱਲ ਹਾਮੀ ਨਹੀਂ, ਜਿਥੇ ਸਿੱਖਾਂ ਦੀਆਂ ਲੜਕੀਆਂ ਦੀ ਬੇ-ਪਤੀ ਕਰਕੇ ਕਿਹਾ ਜਾਵੇ ਸ਼ਾਂਤੀ ਰੱਖੋ। ਜੇ ਗੌਰਮਿੰਟ ਸ਼ਾਂਤੀ ਚਾਹੁੰਦੀ ਆ ਤਾਂ ਅਨੰਦਪੁਰ ਦੇ ਮਤੇ ਦਾ ਐਲਾਨ ਕਰ ਦੇਵੇ। ਜਦ ਤੱਕ ਅਨੰਦਪੁਰ ਦੇ ਮਤੇ ਦਾ ਐਲਾਨ ਨਹੀਂ ਹੁੰਦਾ, ਤੱਦ ਤੱਕ ਸ਼ਾਂਤੀ ਨਹੀਂ ਹੋ ਸਕਦੀ।
ਨੋਟ:- (ਸੰਤ ਜਰਨੈਲ ਸਿੰਘ ਭਿੰਡਰਵਾਲਿਆਂ ਦੇ ਵਿਆਖਾਨਾਂ ਤੇ ਮੁਲਾਕਾਤਾਂ ਦਾ ਵਿਸਥਾਰ ਜਾਨਣ ਲਈ ਭਾਈ ਨਰਾਇਣ ਸਿੰਘ ਦੀ ਸੰਪਾਦਿਤ ਕੀਤੀ 760 ਸਫ਼ਿਆਂ ਦੀ ਪਸੁਤਕ 'ਸਿੱਖ ਗਰਜ' ਜਰੂਰ ਪੜ੍ਹੋ ਜੀ)
ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਮਰਤਾ ਸਾਹਿਤ ਬੇਨਤੀ ਕਰਦੇ ਹਾਂ ਕਿ ਅਨੰਦਪੁਰ ਸਾਹਿਬ ਦੇ ਉਹ ਮਤੇ ਜਿਨ੍ਹਾਂ ਨੂੰ ਅਕਾਲੀ ਦਲ ਨੇ ਆਪ ਪੂਰਾ ਕਰਨ ਦਾ ਵਚਨ ਦਿੱਤਾ ਹੋਇਆ ਹੈ, ਉਨ੍ਹਾਂ ਮਤਿਆਂ ਨੂੰ ਪ੍ਰਚਾਰਨ ਲਈ ਮੰਜੀ ਸਾਹਿਬ ਤੋਂ ਬੋਲਣ ਵਾਲੇ ਪ੍ਰਚਾਰਕਾਂ ਨੂੰ ਹਦਾਇਤਾਂ ਜਾਰੀ ਕਰਨ। ਉਦਾਹਰਣ ਵਜੋਂ ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤ ਹੈ, "ਸਿੰਘਾਂ ਵਿੱਚ ਪੰਥਕ ਅਜ਼ਾਦ ਹਸਤੀ ਦਾ ਅਹਿਸਾਸ ਕਾਇਮ ਰੱਖਣਾ ਅਤੇ ਅਜਿਹਾ ਦੇਸ਼ ਕਾਲ ਘੜਨਾ, ਜਿਸ ਵਿੱਚ ਸਿੱਖ ਪੰਥ ਦੇ ਕੌਮੀ ਜਜ਼ਬੇ ਤੇ ਕੌਮੀਅਤ ਦਾ ਪ੍ਰਗਟਾਓ ਪੂਰਨ ਤੌਰ 'ਤੇ ਮੂਰਤੀਮਾਨ ਤੇ ਪ੍ਰਜਵਲਤ ਹੋ ਸਕੇ ਅਤੇ 'ਸਿੱਖ ਪੰਥ ਦਾ ਰਾਜਸੀ ਨਿਸ਼ਾਨਾ'। ਸ਼੍ਰੋਮਣੀ ਅਕਾਲੀ ਦਲ ਦਾ ਰਾਜਸੀ ਨਿਸ਼ਾਨਾ ਨਿਸ਼ਚੇ ਤੌਰ 'ਤੇ ਸਾਹਿਬ ਦਸਮ ਪਾਤਸ਼ਾਹ ਦੇ ਆਦੇਸ਼ਾਂ, ਸਿੱਖ ਇਤਿਹਾਸ ਦੇ ਪੰਨਿਆਂ ਅਤੇ ਖਾਲਸਾ ਪੰਥ ਦੇ 'ਮਨ ਮੰਦਰ' ਵਿੱਚ ਉਕਰਿਆ ਚੱਲਿਆ ਆ ਰਿਹਾ ਹੈ, ਜਿਸ ਦਾ ਮਨੋਰਥ 'ਖਾਲਸਾ ਜੀ ਦੇ ਬੋਲ-ਬਾਲੇ ਹੈ। ਖਾਲਸੇ ਜੀ ਦੇ ਇਸ ਜਨਮ-ਸਿੱਧ ਅਧਿਕਾਰ ਨੂੰ ਦ੍ਰਿਸ਼ਟਾਮਾਨ ਕਰਨ ਲਈ ਲੋੜੀਂਦੇ ਦੇਸ਼-ਕਾਲ ਅਤੇ ਰਾਜਸੀ ਵਿਧਾਨ ਦੀ ਸਿਰਜਨਾ-ਪ੍ਰਾਪਤੀ, ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਢਾਂਚੇ ਦੀ ਨੀਂਹ ਹੈ।" ਜੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਸਿੱਖ ਕੌਮ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਕੰਪਲੈਕਸ ਸਥਿਤ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਿੱਖ ਧਰਮ ਦਾ ਸਨਾਤਨੀ ਧਰਮ ਨਾਲ ਮਿਲਗੋਭਾ ਕਰਨ ਵਾਲੇ ਪ੍ਰਚਾਰਕਾਂ ਉੱਤੇ ਪਾਬੰਦੀ ਨਾ ਲਾਈ ਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਨਾਨਕ ਨਾਮ ਲੇਵਾ ਸਿੱਖ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਨਗੇ।
  ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਨ ਲਈ 22 ਗੁਰਸਿੱਖਾਂ ਨੂੰ 22 ਮੰਜੀਆਂ ਬਖਸ਼ੀਆਂ ਸਨ। ਉਨ੍ਹਾਂ 22 ਪ੍ਰਚਾਰਕਾਂ ਨੇ ਅਣਵੰਡੇ ਪੰਜਾਬ ਦੇ ਕੋਨੇ ਕੋਨੇ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਗੈਰ-ਸਿੱਖਾਂ ਨੂੰ ਸਿੱਖ ਧਰਮ ਨਾਲ ਜੋੜਿਆ ਸੀ। ਪੁਰਾਤਨ ਸਰੋਤਾਂ ਅਨੁਸਾਰ ਉਸ ਵੇਲੇ ਗੁਰੂ ਨਾਨਕ ਦੇ ਸਿੱਖਾਂ ਦੀ ਗਿਣਤੀ ਵੀ ਤਿੰਨ ਕਰੋੜ ਤੱਕ ਦੱਸੀ ਜਾਂਦੀ ਹੈ ਤੇ ਹੁਣ ਕੇਵਲ ਮੰਜੀ ਸਾਹਿਬ ਤੋਂ ਏਨਾ ਪ੍ਰਚਾਰ ਹੋਣ ਦੇ ਬਾਵਜੂਦ ਅੰਮ੍ਰਿਤਸਰ ਦੇ ਆਲੇ-ਦੁਆਲੇ, ਗੁਰਦਾਸਪੁਰ, ਤਰਨਤਾਰਨ ਆਦਿ ਸਿੱਖਾਂ ਦੀ ਬਹੁ-ਗਿਣਤੀ ਵਾਲੇ ਪਿੰਡਾਂ ਵਿੱਚੋਂ ਸਿੱਖ ਧੜਾ ਧੜ ਇਸਾਈ ਬਣ ਰਹੇ ਹਨ, ਚਰਚਾਂ ਦੀ ਗਿਣਤੀ ਵੱਧ ਰਹੀ ਹੈ। ਮੰਜੀ ਸਾਹਿਬ 'ਤੇ ਸਨਾਤਨੀ ਪ੍ਰਚਾਰ ਦਾ ਇਹ ਅਸਰ ਹੋ ਰਿਹਾ ਹੈ ਕਿ ਅੱਜ ਸਿੱਖ ਨੌਜਵਾਨ ਪੀੜੀ ਨੂੰ ਬ੍ਰਹਮਾ, ਵਿਸ਼ਨੂੰ, ਮਹੇਸ਼, ਗਣੇਸ਼ ਦੇਵੀ-ਦੇਵਤਿਆਂ ਅਤੇ ਨੈਣਾ ਦੇਵੀ, ਚਿੰਤਪੁਰਨੀ, ਰਮਾਇਣ ਤੇ ਮਹਾਂਭਾਰਤ ਦੇ ਸਾਰੇ ਪਾਤਰਾਂ ਬਾਰੇ ਤਾਂ ਪਤਾ ਹੈ, ਪਰ ਅਠਾਰਵੀਂ ਸਦੀ ਦੇ ਸਿੱਖ ਜਰਨੈਲਾਂ, ਛੋਟੇ ਘੱਲੂਘਾਰੇ, ਵੱਡੇ ਘੱਲੂਘਾਰੇ ਦੇ ਸ਼ਹੀਦਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਗੁਰੂ ਯਾਤਰਾ ਤੇ ਨਗਰ ਕੀਰਤਨਾਂ 'ਤੇ ਜੋਰ ਦੇਣ ਦੀ ਬਜਾਏ ਸਿੱਖ ਨੌਜਵਾਨ ਪੀੜੀ ਵਾਸਤੇ 18ਵੀਂ ਸਦੀ ਦਾ ਇਤਿਹਾਸ ਤੇ 1984 ਦੀ ਹੋਈ ਸਿੱਖ ਨਸਲਕੁਸ਼ੀ ਦੇ ਇਤਿਹਾਸ ਬਾਰੇ ਲਿਟਰੇਚਰ ਛੱਪਵਾ ਕੇ ਵੰਡਿਆ ਜਾਵੇ, ਗੁਰੂ ਗ੍ਰੰਥ, ਗੁਰੂ ਪੰਥ ਦੇ ਸਿਧਾਂਤ ਬਾਰੇ ਉਚ ਪੱਧਰੀ ਸੈਮੀਨਾਰ ਕਰਵਾਏ ਜਾਣ ।

 

- ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ (ਕਵੈਂਟਰੀ)
ਮੋ: 07989 927477