image caption: -ਰਜਿੰਦਰ ਸਿੰਘ ਪੁਰੇਵਾਲ

ਬੇਗੁਨਾਹ ਕਸ਼ਮੀਰੀਆਂ ਦਾ ਰੱਖਿਅਕ ਗੁਰੂ ਵਿਧਾਨ ਮੁਤਾਬਕ ਖਾਲਸਾ ਪੰਥ ਆਪਣੇ 'ਚ ਬਫਰ ਸਟੇਟ

    ਬੀਤੇ ਦਿਨੀਂ ਜੰਮੂ ਕਸ਼ਮੀਰ ਵਿਚ ਸੀਆਰਪੀਐੱਫ਼ 'ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਭਾਰਤ ਵਿਚ ਇਕ ਪਾਸੇ ਰੋਸ ਦਾ ਮਾਹੌਲ ਹੈ ਤੇ ਦੂਸਰੇ ਪਾਸੇ ਸਿਆਸਤਦਾਨਾਂ ਤੇ ਫਿਰਕਾਪ੍ਰਸਤਾਂ ਵੱਲੋਂ ਮੁਸਲਮਾਨਾਂ ਖਿਲਾਫ ਮਾਹੌਲ ਭੜਕਾਇਆ ਜਾ ਰਿਹਾ ਸੀ। ਜੰਮੂ ਦੇ ਗੁੱਜਰ ਨਗਰ ਵਿੱਚ ਭਗਵੀਆਂ ਜਥੇਬੰਦੀਆਂ ਨੇ ਮੁਸਲਮਾਨਾਂ ਦੇ ਘਰਾਂ ਉੱਤੇ ਹਮਲੇ ਕੀਤੇ ਤੇ ਉੱਥੇ ਖੜੀਆਂ ਦਰਜਨਾਂ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਗੁੰਡਾਗਰਦੀ ਨੂੰ ਰੋਕਣ ਲਈ ਆਖਰ ਪ੍ਰਸ਼ਾਸਨ ਨੂੰ ਜੰਮੂ ਵਿੱਚ ਕਰਫ਼ਿਊ ਲਾਉਣਾ ਪਿਆ। ਹਮਲੇ ਦੇ ਅਗਲੇ ਦਿਨ 15 ਫ਼ਰਵਰੀ ਦੀ ਰਾਤ ਨੂੰ ਮੈਟਰੋ ਸਟੇਸ਼ਨ ਦੇ ਬਾਹਰ ਤਿਰੰਗਾ ਲਈ ਭੀੜ ਦੀ ਅਗਵਾਈ ਕਰ ਰਹੀ ਇੱਕ ਭਗਵੀਂ ਔਰਤ ਭੀੜ ਨੂੰ ਲਲਕਾਰਿਆ ਕਿ 'ਮੈਂ ਹਮਲਾ ਕਰੂੰਗੀ ਤਾਂ ਕੀ ਤੁਸੀਂ ਮੇਰਾ ਸਾਥ ਦਿਓਗੇ?' ਪਾਗਲ ਫਿਰਕੂ ਭੀੜ ਪੂਰੇ ਜ਼ੋਰ ਨਾਲ ਜਵਾਬ ਦਿੱਤਾ ਕਿ 'ਹਾਂ, ਹਾਂ, ਹਾਂ।' ਫਿਰ ਉਹ ਔਰਤ ਕਹਿੰਦੀ ਹੈ ਕਿ ਅਸੀਂ ਜੇ ਐੱਨ ਯੂ ਦੇ ਗੱਦਾਰ ਵਿਦਿਆਰਥੀਆਂ ਉੱਤੇ ਹਮਲਾ ਕਰਾਂਗੇ। ਸਵਾਲ ਪੈਦਾ ਹੁੰਦਾ ਹੈ ਕਿ ਪੁਲਵਾਮਾ ਹਮਲੇ ਨਾਲ ਜੇ ਐੱਨ ਯੂ ਦਾ ਕੀ ਸੰਬੰਧ? ਅਸਲ ਵਿਚ ਜੋ ਵੀ ਅਮਨ ਦੀ ਗੱਲ ਕਰੇਗਾ, ਉਹ ਭਗਵਿਆਂ ਦੇ ਨਿਸ਼ਾਨੇ 'ਤੇ ਹੋਵੇਗਾ। ਇਨ੍ਹਾਂ ਭਗਵਿਆਂ ਨੂੰ ਮਾਰੇ ਗਏ ਫੌਜੀਆਂ ਦਾ ਕੋਈ ਦੁੱਖ ਨਹੀਂ, ਉਹ ਤਾਂ ਉਨ੍ਹਾਂ ਦੀਆਂ ਲਾਸ਼ਾਂ ਉੱਤੇ ਸਿਆਸਤ ਦੀਆਂ ਰੋਟੀਆਂ ਸੇਕ ਰਹੇ ਹਨ। ਉਤਰਾਖੰਡ ਵਿੱਚ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁੰਨਾਂ ਵੱਲੋਂ 12 ਕਸ਼ਮੀਰੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਗਈ।  ਬੀਤੇ ਸ਼ਨੀਵਾਰ ਨੂੰ ਹਿੰਦੂਤਵੀਆਂ ਦੀ ਭੀੜ ਵੱਲੋਂ ਕੁੜੀਆਂ ਦੇ ਹੋਸਟਲ ਨੂੰ ਘੇਰਾ ਪਾ ਲੈਣ ਤੋਂ ਬਾਅਦ 20 ਕਸ਼ਮੀਰੀ ਕੁੜੀਆਂ ਨੇ ਆਪਣੇ-ਆਪ ਨੂੰ ਕਮਰੇ ਵਿੱਚ ਬੰਦ ਕਰਕੇ ਬਚਾਇਆ। ਪਰ ਪੁਲੀਸ ਤਮਾਸ਼ਾ ਦੇਖਦੀ ਰਹੀ। ਦੇਹਰਾਦੂਨ ਤੇ ਹੋਰ ਸ਼ਹਿਰਾਂ ਵਿਚ ਭੜਕੀਆਂ ਹੋਈਆਂ ਭੀੜਾਂ ਨੇ ਕਸ਼ਮੀਰੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਤੇ ਮੁਸਲਮਾਨਾਂ ਦੀਆਂ ਦੁਕਾਨਾਂ ਨੂੰ ਲੁੱਟਿਆ। ਕੁਝ ਥਾਵਾਂ 'ਤੇ ਜਥੇਬੰਦੀਆਂ ਨੇ ਮਕਾਨ ਮਾਲਕਾਂ ਨੂੰ ਇਹ ਧਮਕੀਆਂ ਦਿੱਤੀਆਂ ਕਿ ਉਹ ਕਿਰਾਏ 'ਤੇ ਰਹਿ ਰਹੇ ਕਸ਼ਮੀਰੀ  ਵਿਦਿਆਰਥੀਆਂ ਨੂੰ ਆਪਣੇ ਘਰਾਂ ਵਿਚੋਂ ਕੱਢ ਦੇਣ। ਕੁਝ ਮਕਾਨ ਮਾਲਕਾਂ ਨੇ ਖ਼ੁਦ ਹੀ ਕਸ਼ਮੀਰੀ ਕਿਰਾਏਦਾਰਾਂ ਨੂੰ ਘਰ ਛੱਡ ਦੇਣ ਲਈ ਕਿਹਾ ਹੈ। ਇਸੇ ਦੌਰਾਨ ਦੇਹਰਾਦੂਨ ਦੇ ਬਾਬਾ ਫਰੀਦ ਇੰਸਟੀਚਿਊਸ਼ਨ ਆਫ਼ ਟੈਕਨਾਲੋਜੀ ਦੇ ਪ੍ਰਿੰਸੀਪਲ ਨੇ ਇੱਕ ਲਿਖਤੀ ਨੋਟ ਜਾਰੀ ਕਰਕੇ ਕਿਹਾ ਹੈ ਕਿ ਆਉਣ ਵਾਲੇ ਵਿਦਿਅਕ ਸੈਸ਼ਨ ਵਿੱਚ ਕਿਸੇ ਵੀ ਕਸ਼ਮੀਰੀ ਵਿਦਿਆਰਥੀ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ। ਅਜਿਹਾ ਬਿਆਨ ਹੀ ਐਲਪਾਈਨ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵੱਲੋਂ ਵੀ ਜਾਰੀ ਕੀਤਾ ਗਿਆ ਹੈ। ਕੀ ਇਹ ਇਕ ਵਤਨ ਹੈ? ਕੀ ਇਹ ਦੇਸ਼ਭਗਤੀ ਹੈ? ਕੀ ਕਸ਼ਮੀਰੀ ਭਾਰਤ ਦੇ ਨਾਗਰਿਕ ਨਹੀਂ ਹਨ? ਇਹ ਕਿਹੋ ਜਿਹਾ ਮਾਹੌਲ ਮੋਦੀ ਸਰਕਾਰ ਵੱਲੋਂ ਸਿਰਜਿਆ ਜਾ ਰਿਹਾ ਹੈ।
    ਇਸ ਮਾਮਲੇ 'ਤੇ ਸਿੱਖਾਂ ਨੇ ਭਗਵੇਂ ਹਮਲਿਆਂ ਦੇ ਪੀੜਤ ਬੇਗੁਨਾਹ ਕਸ਼ਮੀਰੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਤੇ ਗੁਰਦੁਆਰਿਆਂ ਵਿਚ ਉਨ੍ਹਾਂ ਦੀ ਸੁਰੱਖਿਆ ਕੀਤੀ ਤੇ ਵਾਪਸ ਕਸ਼ਮੀਰ ਵਿਚ ਪੁਲੀਸ ਪ੍ਰਸ਼ਾਸ਼ਨ ਦੀ ਸਹਾਇਤਾ ਨਾਲ ਸੁਰੱਖਿਅਤ ਭੇਜਿਆ। ਇਸ ਸੰਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਚੰਡੀਗੜ੍ਹ ਤੋਂ ਸਾਬਕਾ ਮੈਂਬਰ ਅਮਰਿੰਦਰ ਸਿੰਘ, ਖਾਲਸਾ ਏਡ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਅਹਿਮ ਭੂਮਿਕਾ ਨਿਭਾਈ। ਮੁਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਚ ਕਸ਼ਮੀਰੀ ਵਿਦਿਆਰਥੀਆਂ ਲਈ ਰਿਹਾਇਸ਼ ਦੇ ਪ੍ਰਬੰਧ ਕੀਤੇ ਗਏ ਹਨ ਤੇ ਲੰਗਰ ਲਗਾਇਆ ਗਿਆ ਹੈ।  ਕਸ਼ਮੀਰੀ ਵਿਦਿਆਰਥੀਆਂ ਨੂੰ ਮੁਹਾਲੀ ਦੇ 3-ਬੀ-2 ਦੇ ਸਾਚਾ ਧਨੁ ਗੁਰਦੁਆਰਾ ਅਤੇ ਸੈਕਟਰ-71 ਦੇ ਗੁਰਦੁਆਰਿਆਂ ਵਿਚ ਵੀ ਰੱਖੇ ਜਾਣ ਦੇ ਪ੍ਰਬੰਧ ਕੀਤੇ ਗਏ। ਗੁਰਦੁਆਰਾ ਸਿੰਘ ਸ਼ਹੀਦਾਂ ਵਿਚ ਦੇਹਰਾਦੂਨ ਸਮੇਤ ਹੋਰ ਥਾਵਾਂ ਤੋਂ ਵੱਡੀ ਗਿਣਤੀ ਵਿਚ ਕਸ਼ਮੀਰੀ ਵਿਦਿਆਰਥੀਆਂ ਨੂੰ ਪਨਾਹ ਦਿੱਤੀ ਗਈ। ਇਸੇ ਦੌਰਾਨ ਆਇਸਾ ਵਲੋਂ ਚੰਡੀਗੜ੍ਹ ਵਿਚਲਾ ਆਪਣਾ ਦਫ਼ਤਰ ਕਸ਼ਮੀਰੀ ਵਿਦਿਆਰਥੀਆਂ ਲਈ ਖੋਲ੍ਹ ਦਿੱਤਾ ਗਿਆ। ਪੰਥਕ ਆਗੂ ਅਮਰਿੰਦਰ ਸਿੰਘ ਨੇ ਖਾਲਸਾ ਪੰਥ ਨੂੰ ਸੁਨੇਹਾ ਦਿੱਤਾ ਕਿ ਪੰਜਾਬ ਨੂੰ ਤੇ ਸਿੱਖਾਂ ਨੂੰ ਇਸ ਔਖੀ ਘੜੀ ਦਿਲ ਖੋਲ੍ਹ ਕੇ ਕਸ਼ਮੀਰੀ ਬੱਚਿਆਂ ਦੇ ਹੱਕ ਵਿਚ ਖਲੋਣਾ ਚਾਹੀਦਾ ਹੈ। ਸ਼ੋਸ਼ਲ ਮੀਡੀਆ 'ਤੇ ਵੀ ਸਿੱਖਾਂ ਵੱਲੋਂ ਬੇਗੁਨਾਹ ਕਸ਼ਮੀਰੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਕੌਮਾਂਤਰੀ ਪੱਤਰਕਾਰ ਬਰਖ਼ਾ ਦੱਤ ਨੇ ਵੀ ਕਸ਼ਮੀਰੀਆਂ ਦੀ ਮਦਦ ਵਿੱਚ ਲਿਖਿਆ, ''ਮਾਸੂਮ ਨਾਗਰਿਕਾਂ ਨੂੰ ਤੰਗ ਕਰਨ ਵਾਲੇ ਭਗਵੇਂਵਾਦੀ ਲੋਕ ਅੱਤਵਾਦੀਆਂ ਦੇ ਹਮਦਰਦ ਹਨ। ਉਹ ਉਹੀ ਕਰ ਰਹੇ ਹਨ ਜੋ ਜੈਸ਼ ਚਾਹੁੰਦਾ ਹੈ।''
     ਦੂਸਰੇ ਪਾਸੇ ਕਸ਼ਮੀਰੀ ਵਿਦਿਆਰਥੀਆਂ ਨੇ ਖਾਲਸਾ ਪੰਥ ਦੀਆਂ ਹੋਰ ਜਥੇਬੰਦੀਆਂ ਦਾ ਸ਼ੁਕਰਾਨਾ ਵੀ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਪੂਰੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਆਪਣੇ ਖਰਚੇ 'ਤੇ ਸੁਰੱਖਿਅਤ ਕਸ਼ਮੀਰ ਪਹੁੰਚਾਇਆ। ਕਸ਼ਮੀਰ ਦੇ ਆਗੂਆਂ ਨੇ ਵੀ ਕਸ਼ਮੀਰੀਆਂ ਦੀ ਰੱਖਿਆ ਲਈ ਸਿੱਖ ਪੰਥ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਿੱਖਾਂ ਨੇ ਰੋਹਿੰਗਿਆ ਮੁਸਲਮਾਨਾਂ ਦੀ ਸਹਾਇਤਾ ਕਰਕੇ ਸਾਡਾ ਪਹਿਲਾਂ ਹੀ ਦਿਲ ਜਿਤਿਆ ਹੈ ਤੇ ਅਸੀਂ ਸਿੱਖ ਪੰਥ ਦੇ ਧੰਨਵਾਦੀ ਹਾਂ ਤੇ ਉਨ੍ਹਾਂ ਦਾ ਕਰਜ਼ਾ ਕਦੇ ਵੀ ਨਹੀਂ ਮੋੜ ਸਕਾਂਗੇ।
     ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦਹਿਸ਼ਤੀ ਹਮਲਿਆਂ ਲਈ ਅੱਤਵਾਦੀ ਜਥੇਬੰਦੀਆਂ ਜ਼ਿੰਮੇਵਾਰ ਹਨ, ਨਾ ਕਿ ਸਾਰੇ ਕਸ਼ਮੀਰੀ, ਜਿਵੇਂ ਕਿ ਸੱਤਾਧਾਰੀਆਂ ਨੇ  ਇਹ ਫਿਰਕੂ ਮਾਹੌਲ ਚੋਣਾਂ ਜਿੱਤਣ ਲਈ ਬਣਾਇਆ ਹੈ। ਅਜਿਹੀ ਘਟਨਾ ਸੰਨ 1984 ਵਿਚ ਸਿੱਖਾਂ ਨਾਲ ਬੀਤੀ ਸੀ। ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਦੀ ਹੱਤਿਆ ਹੋਈ ਤਾਂ ਖਮਿਆਜ਼ਾ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਹੋਏ ਸਿੱਖ ਕਤਲੇਆਮ ਦੇ ਰੂਪ ਵਿਚ ਭੁਗਤਣਾ ਪਿਆ। ਸਿੱਖ ਇਸ ਖਤਰਨਾਕ ਦੁਖਾਂਤ ਨੂੰ ਭੁੱਲੇ ਨਹੀਂ, ਪਰ ਉਨ੍ਹਾਂ ਨੂੰ ਗੁਰੂ ਨਾਨਕ ਦੇ ਸਰਬੱਤ ਦਾ ਭਲਾ ਚੇਤੇ ਹੈ ਤੇ ਹਮੇਸ਼ਾ ਚੇਤੇ ਰਹੇਗਾ।  ਹਿੰਦੂ, ਮੁਸਲਮ ਦਾ ਕੋਈ ਭੇਦ ਨਹੀਂ ਹੈ। ਸ਼ਾਂਤੀ ਤੇ ਇਨਸਾਫ਼ ਖਾਲਸਾ ਪੰਥ ਦਾ ਨਿਸ਼ਾਨਾ ਹੈ, ਜੋ ਗੁਰੂ ਨਾਨਕ ਸਾਹਿਬ ਉਦਾਸੀਆਂ ਦੌਰਾਨ ਲੈ ਕੇ ਤੁਰੇ ਸਨ। ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਅਰਥਾਤ ਮਨੁੱਖਤਾ ਹੀ ਮਹਾਨ ਹੈ। ਧਰਮ ਕਾਰਨ ਕੋਈ ਛੋਟਾ ਵੱਡਾ ਨਹੀਂ ਹੈ। ਇਹ ਚੰਗੀ ਗੱਲ ਹੈ ਕਿ ਇਸ ਮੱਸਲੇ 'ਤੇ ਕੈਪਟਨ ਅਮਰਿੰਦਰ ਸਿੰਘ ਕਸ਼ਮੀਰੀਆਂ ਦੇ ਹੱਕ ਵਿਚ ਸਖ਼ਤ ਸਟੈਂਡ ਲਿਆ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਵੀ ਇਸ ਮੱਸਲੇ 'ਤੇ ਸਿੱਖਾਂ ਨੂੰ ਸੁਨੇਹਾ ਦਿੱਤਾ ਕਿ ਕਸ਼ਮੀਰੀਆਂ ਦੀ ਸਹਾਇਤਾ ਕੀਤੀ ਜਾਵੇ ਅਤੇ ਕਸ਼ਮੀਰੀਆਂ 'ਤੇ ਸਰਕਾਰ ਹਮਲੇ ਬੰਦ ਕਰਵਾਏ।
    ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਦੇ ਉੱਚਿਤ ਪ੍ਰਬੰਧ ਕੀਤੇ ਜਾਣ। ਜਿਹੜੇ ਕਾਲਜ ਇਹ ਕਹਿ ਰਹੇ ਹਨ ਕਿ ਉਹ ਕਸ਼ਮੀਰੀ ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਦੇਣਗੇ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਗੱਲ ਅਸੀਂ ਜ਼ੋਰ ਦੇ ਕਹਿੰਦੇ ਹਾਂ ਕਿ ਅਜਿਹਾ ਨਫਰਤ ਭਰਪੂਰ ਮਾਹੌਲ ਭਾਰਤ ਨੂੰ ਇਕ ਨਹੀਂ ਰਹਿਣ ਦੇਵੇਗਾ। ਭਾਜਪਾ ਜਰੂਰ ਚੋਣਾਂ ਜਿੱਤ ਜਾਵੇਗੀ, ਪਰ ਭਾਜਪਾ ਜੋ ਉੱਚੇ ਉੱਚੇ ਦੇਸ਼ ਭਗਤੀ ਦੇ ਨਾਅਰੇ ਸਿਆਸੀ ਡਰਾਮੇ ਵਜੋਂ ਲਗਾ ਰਹੀ ਹੈ, ਪਰ ਗੁਪਤ ਏਜੰਡਾ ਕੁਝ ਹੋਰ ਹੈ, ਉਹੀ ਦੇਸ਼ ਨੂੰ ਤੋੜੇਗਾ।

-ਰਜਿੰਦਰ ਸਿੰਘ ਪੁਰੇਵਾਲ