image caption: ਨਵਜੋਤ ਸਿੰਘ ਸਿੱਧੂ ਤੇ ਸੁਖਪਾਲ ਸਿੰਘ ਖਹਿਰਾ

ਸਿੱਧੂ ਤੇ ਖਹਿਰੇ ਦੇ ਬਿਆਨਾਂ ਨੇ ਫਿਰਕਾਪ੍ਰਸਤਾਂ ਦੇ ਕਿਹੜਾ ਭੂੰਡ ਲੜਾਤਾ !!!

    ਜੰਮੂ ਕਸ਼ਮੀਰ ਦੇ ਪੁਲਵਾਨਾ ਵਿੱਚ ਪਿਛਲੇ ਦਿਨੀਂ ਦਹਿਸ਼ਤ ਗਰਦੀ ਫਿਦਾਇਨ ਹਮਲੇ ਚ ਮਰਨ ਵਾਲੇ ੪੪ ਭਾਰਤੀ ਫ਼ੌਜੀ ਜਵਾਨਾਂ ਤੇ ਅਨੇਕਾਂ ਦੇ ਗੰਭੀਰ ਰੂਪ ਵਿੱਚ ਫੱਟੜ ਹੋ ਜਾਣ ਦੀ ਘਟਨਾ ਤੋਂ ਬਾਅਦ ਦੇਸ਼ ਦਾ ਮਾਹੌਲ ਜਿੱਥੇ ਅਤਿ ਗ਼ਮਗੀਨ ਹੈ ਉੱਥੇ ਨਾਲ ਹੀ ਰੋਹ ਭਰਪੂਰ ਵੀ । ਇਸ ਘਟਨਾ ਨੂੰ ਲੈ ਕੇ ਸਿਆਸੀ ਲੋਕਾਂ ਵੱਲੋਂ ਕਈ ਪ੍ਰਕਾਰ ਦੀਆ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ । ਬੇਸ਼ੱਕ ਸਰਹੱਦ ਉੱਤੇ ਸਖ਼ਤ ਪੈਰਾ ਹੈ, ਫਿਰ ਵੀ ਕੁਵੰਟਲਾਂ ਦੇ ਹਿਸਾਬ ਬਰੂਦ ਜੀਪ ਵਿਚ ਭਰਕੇ ਸਰਹੱਦ ਪਾਰੋਂ ਆਇਆ, ਇਹ  ਗੱਲ  ਕਿਸੇ  ਦੇ  ਵੀ  ਗਲੇ  ਤੋਂ ਥੱਲੇ ਨਹੀਂ ਉਤਰਦੀ । ਅਗਲੀ ਗੱਲ ਇਹ ਕਿ ਇਸ  ਬਾਰੇ ਅਜੇ ਤੱਕ ਵੀ ਕੋਈ ਸਬੂਤ ਨਾ ਮਿਲਣ ਦੇ ਬਾਵਦੂਦ ਵੀ ਸਾਰੇ ਦਾ ਸਾਰਾ ਦੋਸ਼ ਪਾਕਿਸਤਾਨ ਦੇ ਸਿਰ ਮੜ੍ਹਿਆ ਜਾ ਰਿਹਾ ਹੈ । ਰਹੀ ਗੱਲ ਜੈਸ਼ ਏ ਮੁਹੰਮਦ ਨਾਮ ਦੀ ਇਕ ਮੁਸਲਿਮ ਜਥੇਬੰਦੀ ਵਲੋ ਲਈ ਜਿੰਮੇਵਾਰੀ ਦੀ ।ਇਸ ਨੂੰ ਵੀ ਕੋਈ  ਪੁਖਤਾ ਸਬੂਤ ਨਹੀ ਮੰਨਿਆ ਜਾ ਸਕਦਾ ਕਿਉਕਿ ਇਸ ਤਰਾ ਦੀ ਕਾਗਜੀ ਇਬਾਦਤ ਕੋਈ ਵੀ ਕਿਸੇ ਦੇ ਨਾਮ 'ਤੇ ਲਿਖ ਕੇ ਕਿਸੇ ਵਿਅਕਤੀ ਜਾ ਜਥੇਬੰਦੀ ਨੂੰ ਬਦਨਾਮ ਕਰਨ ਵਾਸਤੇ ਪਰੈਸ ਚ ਸੁੱਟ ਸਕਦਾ ਸਕਦਾ ਹੈ ਤੇ ਇਹ ਵਰਤਾਰਾ ਪੰਜਾਬ ਵਿਚ ੧੯੮੦ - ੧੯੯੦ ਦੇ ਦਹਾਕੇ ਚ ਆਮ ਹੀ ਚਲਦਾ ਰਿਹਾ ਹੈ । ਜਥੇਬੰਦੀਆਂ ਦੇ ਫਰਜੀ ਲੈਟਰ ਪੈਡਾਂ ਤੇ ਧਮਕੀਆ ਦੇਣ ਤੇ ਫਿਰੋਤੀਆਂ ਵਸੂਲਣ ਦੇ ਹੁਕਮਨਾਮੇ ਉਹਨਾਂ ਦਿਨਾ ਚ ਚੋਰ ਉਚੱਕਿਆਂ ਵਲੋਂ ਆਮ ਹੀ ਜਾਰੀ ਕੀਤੇ ਜਾਂਦੇ ਸਨ ਜਿਹਨਾਂ ਬਾਰੇ  ਉਸ ਸੰਘਰਸ਼ ਵਿਚ ਕੁੱਦੇ ਹੋਏ ਜੁਝਾਰੂ ਨੌਜਵਾਨਾ ਤੇ ਜਥੇਬੰਦੀਆ ਨੂੰ ਵੀ ਬਹੁਤੀ ਵਾਰ ਪਤਾ ਤੱਕ ਵੀ ਨਹੀ ਸੀ ਹੁੰਦਾ ।
    ਪਰ ਪੁਲਵਾਮਾ ਵਾਲੀ ਦੁਖਾਤਕ ਘਟਨਾ ਤੋ ਬਾਅਦ ਇਸ ਵੇਲੇ ਹਿੰਦੁਸਤਾਨ ਦੇ ਫਿਰਕੂ ਨਾਤਾਵਾ ਤੇ ਉਹਨਾਂ ਦੇ ਪਿੱਛਲੱਗ ਮੀਡੀਏ ਵਲੋਂ ਮਾਹੌਲ ਪਾਕਿਸਤਾਨ  ਵਿਰੁਧ ਬਿਲਕੁਲ ਉਸੇ ਤਰਾਂ ਦਾ ਤਿਆਰ ਕੀਤਾ ਜਾ ਰਿਹਾ ਹੈ ਜਿਸ ਤਰਾਂ ਦਾ ੧੯੮੪ ਵਿਚ ਇੰਦਰਾ ਗਾਂਧੀ ਦੀ ਦੋ ਸਿੱਖ ਨੌਜਵਾਨਾ ਵਲੋ ਕੀਤੀ ਗਈ ਹੱਤਿਆ ਤੋਂ ਬਾਦ ਜਦੋੰ ਸਮੁੱਚੇ ਸਿੱਖ ਭਾਈਚਾਰੇ ਨੂੰ ਹੀ ਬੁਰਾ ਸਮਝਕੇ ਮਾਰ ਮੁਕਾਉਣ ਦਾ ਨਿਸ਼ਾਨਾ ਬਣਾਇਆ ਗਿਆ ਸੀ ।
    ਘਟਨਾ ਦੀ ਜਾਚ ਤੋ ਪਹਿਲਾ ਕਿਆਫੇਬਾਜੀ ਜਾਂ ਅਟਕਲਾਂ ਲਗਾਉਣੀਆ ਅਤਿ ਖਤਰਨਾਕ ਤੇ ਤਬਾਹਕੁੰਨ ਸਾਬਤ ਹੋ ਸਕਦੀਆ ਹਨ । ਹਿੰਦੁਸਤਾਨ ਚ ਇਸ ਵੇਲੇ ਹਵਾ ਦਾ ਜੋ ਤੁਅਸਬੀ ਰੁਖ  ਚੱਲ ਰਿਹਾ ਹੈ, ਉਸ ਵਿਚ ਸੱਚ ਤੇ ਤਰਕ ਦਾ ਤਾਰਾ ਡੁਬਦਾ ਨਜਰ ਆ ਰਿਹਾ ਹੈ । ਬਲਦੀ ਤੇ ਤੇਲ ਪਾਉਣ ਵਾਲੇ ਇਹ ਨਹੀ ਜਾਣਦੇ ਕਿ ਜੇਕਰ ਹਾਲਾਤ ਬੇਕਾਬੂ ਹੋ ਗਏ ਤਾ ਏਸ਼ੀਆ ਦੇ ਇਸ ਖਿੱਤੇ ਚੋਂ ਹਿੰਦੁਸਤਾਨ ਤੇ ਪਾਕਿਸਤਾਨ ਦੋਹਾਂ ਦਾ ਹੀ ਨਹੀਂ ਸਗੋਂ ਆਸ ਪਾਸ ਦੇ ਹੋਰ ਕਈ ਮੁਲਖਾਂ ਦਾ ਵੀ ਨੇਸਤੋ ਨਾਬੂਤ ਹੋ ਜਾਵੇਗਾ । ਨਿਊਕਲੀਅਰ ਕਦੇ ਬੰਦੇ ਦੀ ਜਾਤ ਜਾਂ ਮਜ੍ਹਬ ਦੇਖ ਕੇ ਆਪਣੀ ਦਿਸ਼ਾ ਨਹੀ ਬਦਲਦਾ । ਇਹ ਇਕ ਅਜਿਹਾ ਘਾਤੁਕ ਹਥਿਆਰ ਹੈ ਜਿਸ ਨੂੰ ਵਰਤਣ ਵਾਲਾ ਵੀ ਤੇ ਜਿਸ  ਤੇ ਵਰਤਿਆ ਗਿਆ ਹੋਵੇ ਉਸਦੀ ਵੀ ਅਰਥਾਤ ਦੋਪਾਸੜ ਤਬਾਹੀ ਕਰਦਾ ਹੈ ।
ਸਮਝ ਨਹੀ ਆਉਂਦੀ ਕਿ ਨਵਜੋਤ ਸਿੰਘ ਤੇ ਸੁਖਪਾਲ ਸਿੰਘ ਖਹਿਰੇ ਨੇ ਮੌਕੇ ਮੁਤਾਬਕ ਸਹੀ ਬਿਆਨਬਾਜੀ ਕਰਕੇ ਫਿਰਕੂ ਕਿਸਮ ਦੇ ਕਥਿਤ ਸਿਆਸੀ ਲੋਕਾ ਦੇ ਕਿਹੜਾ ਭੂੰਡ ਲੜਾ ਦਿੱਤਾ ਜਿਸ ਨਾਲ ਉਹਨਾ ਦਾ ਤੜਫਨਾ  ਬੰਦ ਹੀ ਨਹੀ ਹੋ ਰਿਹਾ । ਸਿੱਧੂ ਨੇ ਸਿਰਫ ਇੰਨਾ ਹੀ ਕਿਹਾ ਕਿ ਚਾਰ ਵਿਅਕਤੀਆਂ ਵਲੋਂ ਕੀਤੇ ਇਸ ਅਣਮਨੁੱਖੀ ਕਾਰੇ ਕਰਕੇ ਕਿਸੇ  ਮੁਲਖ ਦੇ ਸਾਰੇ ਨਾਗਰਿਕਾਂ ਨੂੰ ਮਾੜੇ ਨਹੀ ਕਿਹਾ ਜਾ ਸਕਦਾ ਤੇ ਦੂਸਰਾ ਗੋਲੀ ਕਿਸੇ ਮਸਲੇ ਦਾ ਹੱਲ ਨਹੀ, ਨਫਰਤ ਨੂੰ ਪਿਆਰ ਨਾਲ ਹੀ ਜਿੱਤਿਆ ਜਾ ਸਕਦਾ ਹੈ । ਇਸੇ ਤਰਾ ਸੁਖਪਾਲ ਖਹਿਰੇ ਦਾ ਬਿਆਨ ਕੰਧ 'ਤੇ ਲਿਖਿਆ ਸੱਚ ਹੈ ਕਿ ਭਾਵੇਂ ਸਾਰੇ ਫੌਜੀ ਬੁਰੇ ਨਹੀ ਹੁੰਦੇ ਪਰ ਇਹ ਇਕ ਹਕੀਕਤ ਹੈ ਕਿ ਭਾਰਤੀ ਫੌਜ ਨੇ ਜੰਮੂ ਕਸ਼ਮੀਰ ਚ ਮਨੁੱਖੀ ਅਧਿਕਾਰਾਂ ਦਾ ਘਾਣ ਪਿਛਲੇ ਕਈ ਦਹਾਕਿਆ ਚ ਰੱਜਕੇ ਕੀਤਾ ਹੈ । ਇਹ ਦੋਵੇ ਬਿਆਨ ਫਿਰਕਾਪ੍ਰਸਤਾ ਦੀ ਸਮਝ ਤੋ ਬਾਹਰ ਹਨ ਪਰ ਜੋ ਇਕ ਬਿਆਨ ਭਾਰਤੀ ਜਨਤਾ ਪਾਰਟੀ ਦੇ ਇਕ ਲੀਡਰ ਨੇ ਦਿੱਤਾ ਹੈ ਕਿ ਫੌਜੀ ਤਾ ਹੁੰਦੇ ਹੀ ਮਰਨ ਵਾਸਤੇ ਹਨ, ਉਹ ਫਿਰਕੂਆਂ ਮੁਤਾਬਿਕ ਸਹੀ ਹੈ ਜਦ ਕਿ ਸਹੀ ਮਾਨਿਆ ਚ ਇਹ ਉਹ ਬਿਆਨ ਹੈ ਜੋ ਭਾਰਤੀ ਫੌਜ ਦੇ ਮੋਰਾਲ ਨੂੰ ਸਿੱਧੇ  ਤੌਰ 'ਤੇ ਸੱਟ ਹੀ ਨਹੀਂ ਮਾਰਦਾ ਸਗੋਂ ਲੀਰੋ ਲੀਰ ਵੀ ਕਰਦਾ ਹੈ । ਇਸ ਬਿਆਨ ਵੱਲ ਹਿੰਦੂ ਫਿਰਕਾਪਰਸਤਾਂ ਲੋਕਾਂ ਤੇ ਨੇਤਾਵਾਂ ਦਾ ਕੋਈ ਧਿਆਨ ਹੀ ਨਹੀ ।
    ਆਖਿਰ ਚ ਆਪਣੀ ਗੱਲ ਸਮਾਪਤ ਕਰਦਿਆ ਏਹੀ ਕਹਾਂਗਾ ਕਿ ਹਿੰਦੁਸਤਾਨ ਦੀ ਸਿਆਸਤ ਏਨੀ ਘਟੀਆ ਤੇ ਨੀਚ ਦਰਜੇ 'ਤੇ ਜਾ ਪਹੁੰਚੀ ਹੈ ਕਿ ਜਿੰਨਾ ਚਿਰ ਮੁਲਖ ਦੇ ਲੋਕ ਇਸਦਾ ਸ਼ੁੱਧੀਕਰਨ ਕਰਨ ਬਾਰੇ ਨਹੀ ਸੋਚਦੇ ਉੰਨਾ ਚਿਰ ਮੁਲਖ ਅੰਦਰ ਮਾਰ ਮਰਾਈਆ, ਧਮਾਕੇ, ਬਲਾਤਕਾਰ, ਗੁੰਡਾਬਾਜੀ, ਲੁੱਟ ਖਸੁੱਟ ਤੇ ਇਸੇ ਤਰਾਂ ਦਾ ਹੋਰ ਹਰ ਦਾ ਅਨਰਥ ਦਾ ਸਿਲਸਿਲਾ ਰੁਕ ਸਕਣਾ ਅਸੰਭਵ ਹੈ । ਇਸ ਦੇ ਨਾਲ ਹੀ ਇਹ ਕਹਿਣਾ ਵੀ ਵਾਜਬ ਸਮਝਦਾਂ ਹਾਂ ਕਿ ਸਿੱਧੂ ਤੇ ਖਹਿਰੇ ਨੂੰ ਫਿਰਕਾਪ੍ਰਸਤਾਂ ਸਾਹਮਣੇ ਆਪਣੇ  ਸਟੈਂਡ 'ਤੇ ਡਟਕੇ ਖੜ੍ਹੇ ਰਹਿਣਾ ਚਾਹੀਦਾ ਹੈ । ਉਹਨਾਂ ਨੇ ਕੁਝ ਵੀ ਗਲਤ ਨਹੀਂ ਕਿਹਾ ਕੇ ਨਾ ਹੀ ਫੌਜ ਹੌਸਲਾ ਪਸਤ ਕਰਨ ਵਾਲੀ ਗੱਲ ਕੀਤੀ ਹੈ । ਸੱਚ ਬੋਲਣਾ ਕੋਈ ਗੁਨਾਹ ਨਹੀਂ ਤੇ ਜੇਕਰ ਫਿਰਕੂ ਤਾਕਤਾਂ ਇਸ ਨੂੰ ਗੁਨਾਹ ਕਹਿੰਦੀਆਂ ਹਨ ਤਾਂ ਫੇਰ ਅਜਿਹਾ ਗੁਨਾਹ ਵਾਰ ਵਾਰ ਕਰਨਾ ਚਾਹੀਦਾ ਹੈ ।


ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ