image caption: ਰਜਿੰਦਰ ਸਿੰਘ ਪੁਰੇਵਾਲ

ਪਟਨਾ ਤਖ਼ਤ ਕਮੇਟੀ ਦਾ ਜਥੇਦਾਰ ਇਕਬਾਲ ਸਿੰਘ ਬਾਰੇ ਸਹੀ ਫੈਸਲਾ

      ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਾਰੀ ਕੀਤੇ ਗਏ ਆਦੇਸ਼ ਨੂੰ ਪ੍ਰਵਾਨ ਕਰਦਿਆਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ ਦੀ ਅਗਵਾਈ ਵਿਚ ਕਮੇਟੀ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ ਵਿਚ ਜਥੇਦਾਰ ਗਿਆਨੀ ਇਕਬਾਲ ਸਿੰਘ ਦਾ 2 ਦਿਨ ਪਹਿਲਾਂ ਦਿੱਤਾ ਗਿਆ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ, ਜੋ ਕਿ ਸਿਧਾਂਤਕ ਤੌਰ 'ਤੇ ਸਹੀ ਫੈਸਲਾ ਹੈ। ਇਸ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਖ਼ਾਸ ਏਲਚੀ ਰਾਹੀਂ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਤੇ ਮੈਂਬਰਾਂ ਲਈ ਇਕ ਪੱਤਰ ਨੰ: 3428 ਦਸਤੀ ਤੌਰ 'ਤੇ ਭੇਜਿਆ ਸੀ। ਇਸ ਪੱਤਰ ਵਿਚ ਪ੍ਰਬੰਧਕੀ ਬੋਰਡ ਨੂੰ ਆਦੇਸ਼ ਦਿੱਤਾ ਗਿਆ ਕਿ ਜਥੇਦਾਰ ਗਿਆਨੀ ਇਕਬਾਲ ਸਿੰਘ ਦਾ ਅਸਤੀਫ਼ਾ ਪ੍ਰਵਾਨ ਕੀਤਾ ਜਾਵੇ ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਾਣ ਮਰਿਆਦਾ ਅਨੁਸਾਰ ਅਗਲੇਰਾ ਲੋੜੀਂਦਾ ਪ੍ਰਬੰਧ ਕੀਤਾ ਜਾਵੇ। ਪਟਨਾ ਸਾਹਿਬ ਵਿਖੇ ਹੋਈ ਇਸ ਇਕੱਤਰਤਾ ਵਿਚ ਪ੍ਰਧਾਨ ਅਵਤਾਰ ਸਿੰਘ ਹਿਤ ਤੋਂ ਇਲਾਵਾ ਕਮੇਟੀ ਦੇ ਮੈਂਬਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਇੰਦਰਜੀਤ ਸਿੰਘ ਮੀਤ ਪ੍ਰਧਾਨ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਆਦਿ ਮੌਜੂਦ ਸਨ। ਇਸ ਇਕੱਤਰਤਾ ਵਿਚ 14 ਵਿਚੋਂ ਕਮੇਟੀ ਦੇ 10 ਮੈਂਬਰ ਹਾਜ਼ਰ ਸਨ। ਪ੍ਰਬੰਧਕੀ ਬੋਰਡ ਵਲੋਂ ਗਿਆਨੀ ਰਜਿੰਦਰ ਸਿੰਘ ਨੂੰ ਅਗਲੇ ਹੁਕਮਾਂ ਤੱਕ ਤਖ਼ਤ ਸਾਹਿਬ ਦੇ ਅੰਦਰਲੇ ਪ੍ਰਬੰਧਾਂ ਦੀ ਸੇਵਾ ਨਿਭਾਉਣ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਤੁਹਾਨੂੰ ਯਾਦ ਕਰਵਾ ਦੇਈਏ ਕਿ ਗਿਆਨੀ ਇਕਬਾਲ ਸਿੰਘ ਕਈ ਵਿਵਾਦਾਂ ਵਿੱਚ ਘਿਰੇ ਹੋਏ ਸੀ। ਉਨ੍ਹਾਂ ਉਪਰ ਦੋ ਵਿਆਹ ਕਰਵਾਉਣ, ਦੂਜੀ ਪਤਨੀ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਉਨ੍ਹਾਂ ਦੇ ਬੇਟੇ ਵੱਲੋਂ ਸ਼ਰੇਆਮ ਸਿਗਰਟਨੋਸ਼ੀ ਕਰਨ ਦੇ ਇਲਜ਼ਾਮ ਸਨ। ਇਕਬਾਲ ਸਿੰਘ 'ਤੇ ਇਲਜ਼ਾਮ ਸੀ ਕਿ ਜਥੇਦਾਰ ਨੇ ਦੋ ਵਿਆਹ ਕਰਵਾਏ ਹਨ। ਉਨ੍ਹਾਂ ਦੇ ਚਾਲ-ਚਲਣ ਠੀਕ ਨਹੀਂ ਹਨ ਤੇ ਉਹ ਆਰਐਸਐਸ ਦੇ ਏਜੰਟ ਹਨ। ਗਿਆਨੀ ਇਕਬਾਲ ਸਿੰਘ ਆਰ.ਐਸ.ਐਸ ਦੇ ਨਾਲ ਮਿਲ ਕੇ ਸਿੱਖ ਪੰਥ ਨਾਲ ਧ੍ਰੋਹ ਕਮਾਉਂਦੇ ਰਹੇ ਹਨ ਅਤੇ ਪੰਥ ਮਾਰੂ ਨੀਤੀਆਂ ਵਿਚ ਹਿੱਸਾ ਲੈ ਕੇ ਸਿੱਖ ਪੰਥ ਦਾ ਘਾਣ ਕਰ ਰਹੇ ਹਨ। ਇਸ ਸੰਬੰਧੀ ਗੁਗਲ ਵਿਚ ਉਨ੍ਹਾਂ ਦੀਆਂ ਤਸਵੀਰਾਂ ਆਰ ਐਸ ਐਸ ਮੁਖੀ ਮੋਹਨ ਭਾਗਵਤ ਨਾਲ ਦੇਖੀਆ ਜਾ ਸਕਦੀਆਂ ਹਨ।

      ਯਾਦ ਰਹੇ ਕਿ ਅਕਾਲ ਤਖ਼ਤ ਸਾਹਿਬ ਵਲੋਂ ਪੁੱਜੀਆਂ ਸ਼ਿਕਾਇਤਾਂ ਦੀ ਪੜਤਾਲ ਕਰਨ ਲਈ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਉਕਤ ਕਮੇਟੀ ਵਲੋਂ 4 ਮਾਰਚ ਨੂੰ ਪੇਸ਼ ਕੀਤੀ ਰਿਪੋਰਟ ਅਨੁਸਾਰ ਜਥੇਦਾਰ ਗਿਆਨੀ ਇਕਬਾਲ ਸਿੰਘ ਨਾਲ ਵਿਚਾਰ ਕਰਨ ਲਈ ਪਟਨਾ ਸਾਹਿਬ ਵਿਖੇ ਪੁੱਜੇ ਸਬ-ਕਮੇਟੀ ਮੈਂਬਰਾਂ ਦੇ ਵਫ਼ਦ ਨੂੰ ਮਿਲਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ। ਕਮੇਟੀ ਨੇ ਮੀਟਿੰਗ ਕਰਕੇ ਕੀਤੀ ਵਿਚਾਰ ਉਪਰੰਤ ਜਥੇਦਾਰ ਦੇ ਅਸਤੀਫ਼ੇ ਨੂੰ ਪ੍ਰਵਾਨ ਕਰਨ ਦੀ ਸਿਫ਼ਾਰਸ਼ ਕੀਤੀ ਹੈ।

      ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਗਿਆਨੀ ਇਕਬਾਲ ਸਿੰਘ ਉੱਪਰ ਲੱਗੇ ਦੋਸ਼ ਸਹੀ ਪਾਏ ਗਏ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਉੱਪਰ ਲੱਗੇ ਦੋਸ਼ਾਂ ਦੀ ਸੱਤ ਮੈਂਬਰੀ ਪੜਤਾਲੀਆ ਕਮੇਟੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਗਿਆਨੀ ਇਕਬਾਲ ਸਿੰਘ ਆਪਣੇ ਦੋਸ਼ਾਂ ਬਾਰੇ ਹਾਲੇ ਤੱਕ ਆਪਣਾ ਵਧੀਆ ਤੇ ਠੋਸ ਪੱÎਖ ਪੇਸ਼ ਨਹੀਂ ਕਰ ਸਕੇ। ਪਰ ਉਨ੍ਹਾਂ ਨੇ ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਤੇ ਹੋਰ ਸਿੰਘ ਸਾਹਿਬਾਨਾਂ ਦੇ ਭੇਦ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਗਿਆਨੀ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਇਹ ਕੰਮ ਉਸ ਵੇਲੇ ਦੇ ਤਖ਼ਤ ਸ਼੍ਰੀ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਆਪਣੇ ਇੱਕ ਨਜ਼ਦੀਕੀ ਅਤੇ ਵਿਸ਼ਵਾਸਪਾਤਰ ਨੂੰ ਦਿੱਲੀ ਤੋਂ ਬੁਲਾ ਕੇ ਕਰਵਾਇਆ ਸੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਰੱਖੇ ਕੰਪਿਊਟਰ ਰਾਹੀਂ ਡੇਰਾ ਮੁਖੀ ਦੀ ਚਿੱਠੀ 'ਤੇ 'ਖਿਮਾਂ ਦਾ ਜਾਚਕ' ਅੱਖਰ ਦਰਜ਼ ਕਰਵਾ ਦਿੱਤੇ ਸਨ। ਗਿਆਨੀ ਹੁਰਾਂ ਕਿਹਾ ਕਿ ਉਨ੍ਹਾਂ ਨੇ ਉਸ ਛੇੜਛਾੜ ਕੀਤੀ ਗਈ ਚਿੱਠੀ 'ਤੇ ਹਸਤਾਖ਼ਰ ਇਸ ਪ੍ਰਭਾਵ ਹੇਠ ਕਰ ਦਿੱਤੇ ਸਨ ਕਿ ਅਜਿਹਾ ਕਰਨ ਨਾਲ ਪੰਜਾਬ ਵਿੱਚ ਸ਼ਾਂਤੀ ਕਾਇਮ ਹੋਵੇਗੀ। ਉਨ੍ਹਾਂ ਕਿਹਾ ਕਿ ਅਸਲ ਜ਼ਮੀਨੀ ਹਲਾਤ ਤੋਂ ਉਹ ਜਾਣੂ ਨਹੀਂ ਸਨ। ਜਥੇਦਾਰ ਅਨੁਸਾਰ 16 ਅਕਤੂਬਰ 2015 ਨੂੰ ਜਦੋਂ ਉਨ੍ਹਾਂ ਨੂੰ ਦੁਆਰਾ ਬੁਲਾਇਆ ਗਿਆ ਤਾਂ ਡੇਰਾ ਮੁਖੀ ਦੀ ਜਿਸ ਚਿੱਠੀ ਨਾਲ ਛੇੜਛਾੜ ਕੀਤੀ ਗਈ ਸੀ ਉਸ ਅੰਦਰ ਬਾਅਦ ਵਿੱਚੋਂ ਛੇੜਛਾੜ ਕਰਕੇ ਦਰਜ਼ ਕੀਤੇ ਗਏ ਅੱਖਰ ਹਟਾ ਦਿੱਤੇ ਗਏ ਸਨ।

     ਯਾਦ ਰਹੇ ਕਿ ਸਾਲ 2015 ਦੌਰਾਨ ਜਿਸ ਵੇਲੇ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਸੀ, ਉਸ ਵੇਲੇ ਗਿਆਨੀ ਇਕਬਾਲ ਸਿੰਘ ਵੀ ਉਨ੍ਹਾਂ ਪੰਜਾਂ ਜਥੇਦਾਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਉਸ ਮਾਫੀਨਾਮੇ 'ਤੇ ਹਸਤਾਖ਼ਰ ਕੀਤੇ ਸਨ। ਇਨ੍ਹਾਂ ਪੰਜਾਂ ਜਥੇਦਾਰਾਂ ਵਿੱਚੋਂ 3 ਜਥੇਦਾਰ ਨਿਯਮਾਂ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਕੀਤੇ ਗਏ ਸਨ ਤੇ 2 ਜਥੇਦਾਰ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ, ਜੋ ਕਿ ਸ਼੍ਰੋਮਣੀ ਕਮੇਟੀ ਦੇ ਸਿੱਧੇ ਤੌਰ 'ਤੇ ਅਧੀਨ ਨਹੀਂ ਹਨ। ਪਰ ਸੁਆਲ ਪੈਦਾ ਹੁੰਦਾ ਹੈ ਕਿ ਇਸ ਸਾਜ਼ਿਸ਼ ਦਾ ਜਥੇਦਾਰ ਇਕਬਾਲ ਸਿੰਘ ਕਿਉਂ ਹਿੱਸਾ ਬਣੇ ਰਹੇ?

     ਸਾਬਕਾ ਜਥੇਦਾਰ ਇਕਬਾਲ ਸਿੰਘ ਤਖ਼ਤ ਆਪਣੇ ਅਹੁਦੇ ਤੋਂ ਛੁੱਟੀ ਪਿੱਛੋਂ ਗੁੱਟਬਾਜ਼ੀ ਪੈਦਾ ਕਰ ਰਹੇ ਹਨ, ਜਿਸ ਕਾਰਨ ਹਿੰਸਾ ਫੈਲਣ ਦਾ ਖਤਰਾ ਹੋ ਗਿਆ ਹੈ। ਇਸ ਕਾਰਨ ਦੋ ਧੜੇ ਆਪਸ ਵਿਚ ਭਿੜੇ ਵੀ ਹਨ। ਜਥੇਦਾਰ ਇਕਬਾਲ ਸਿੰਘ ਦੀਆਂ ਨੀਤੀਆਂ ਤੋਂ ਪਤਾ ਲੱਗਦਾ ਹੈ ਕਿ  ਭਗਵੇਂਵਾਦ ਤੇ ਭਗਵੀਂ ਨੀਤੀਆਂ ਦੇ ਤਹਿਤ ਉਹ ਸਿੱਖ ਧਰਮ ਵਿਚ ਦਖਲਅੰਦਾਜ਼ੀ ਕਰ ਰਹੇ ਹਨ। ਹਾਲਾਂਕਿ ਉਹ ਅਨੇਕਾਂ ਦੁਰਾਚਾਰੀ ਦੋਸ਼ਾਂ ਵਿਚ ਘਿਰੇ ਹੋਏ ਹਨ। ਅਜਿਹੇ ਵਿਅਕਤੀ ਦਾ ਜਥੇਦਾਰ ਬਣੇ ਰਹਿਣਾ ਠੀਕ ਨਹੀਂ। ਕਮੇਟੀ ਨੇ ਤੇ ਅਕਾਲ ਤਖ਼ਤ ਸਾਹਿਬ ਨੇ ਇਸ ਸੰਬੰਧੀ ਜੋ ਫੈਸਲਾ ਕੀਤਾ ਹੈ, ਉਹ ਉਚਿਤ ਹੈ। ਸਮੁੱਚੀ ਸੰਗਤ ਤੇ ਪੰਥਕ ਜਥੇਬੰਦੀਆਂ ਨੂੰ ਜਥੇਦਾਰ ਇਕਬਾਲ ਸਿੰਘ ਦਾ ਕਰੜਾ ਵਿਰੋਧ ਕਰਨਾ ਚਾਹੀਦਾ ਹੈ, ਜੋ ਆਰ ਐਸ ਐਸ ਦਾ ਟੂਲ ਬਣੇ ਰਹੇ।

ਰਜਿੰਦਰ ਸਿੰਘ ਪੁਰੇਵਾਲ