image caption: ਸ਼ੰਗਾਰਾ ਸਿੰਘ ਭੁੱਲਰ

ਪੰਜਾਬ ਵਿੱਚ ਤੀਸਰਾ ਬਦਲ ਲਗਪਗ ਅਸੰਭਵ - ਸ਼ੰਗਾਰਾ ਸਿੰਘ ਭੁੱਲਰ

      ਲੋਕ ਸਭਾ ਚੋਣਾਂ ਐਨ ਸਿਰ 'ਤੇ ਹਨ। ਕਿਸੇ ਸਮੇਂ ਵੀ ਐਲਾਨ ਹੋ ਸਕਦਾ ਹੈ। ਕੁਝ ਸਿਆਸੀ ਦਰਸ਼ਕਾਂ ਦੀ ਧਾਰਨਾ ਹੈ ਕਿ ਨਰਿੰਦਰ ਮੋਦੀ ਨੇ ਜਿਵੇਂ ਮਕਬੂਜਾ ਕਸ਼ਮੀਰ ਵਿੱਚ ਅੱਤਵਾਦੀ ਟਿਕਾਣਿਆਂ 'ਤੇ ਜ਼ੋਰਦਾਰ ਹਵਾਈ ਹਮਲਾ ਕਰਵਾ ਕੇ ਉਨ੍ਹਾਂ ਦਾ ਲੱਕ ਤੋੜਿਆ ਹੈ ਅਤੇ ਫਿਰ ਜਿਵੇਂ ਇਕ ਭਾਰਤੀ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਦੇ ਜਹਾਜ਼ ਕ੍ਰੈਸ਼ ਹੋਣ 'ਤੇ ਉਸ ਨੂੰ ਬਿਨਾਂ ਸ਼ਰਤਾਂ ਪਾਕਿਸਤਾਨ ਦੀ ਗ੍ਰਿਫ਼ਤ ਵਿੱਚੋਂ ਰਿਹਾਅ ਕਰਵਾ ਲਿਆ ਹੈ ਉਸ ਦਾ ਉਹ ਲਾਹਾ ਚੋਣਾਂ ਸਮੇਂ ਤੋਂ ਪਹਿਲਾਂ ਕਰਵਾ ਕੇ ਲੈਣਾ ਚਾਹੁੰਦੇ ਹਨ। ਹਾਲਾਂਕਿ ਚੋਣ ਕਮਿਸ਼ਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਚੋਣਾਂ ਸਮੇਂ ਸਿਰ ਹੋਣਗੀਆਂ। ਇਸ ਮੁਤਾਬਕ ਚੋਣਾਂ ਦਾ ਐਲਾਨ ਮਾਰਚ ਵਿੱਚ ਕਰ ਦਿੱਤਾ ਜਾਵੇਗਾ, ਕਿਉਂਕਿ ਕੇਂਦਰ ਵਿੱਚ ਨਵੀਂ ਸਰਕਾਰ ਦਾ ਸੰਗਠਨ ਮਈ ਦੇ ਵਿੱਚ ਵਿੱਚ ਲਾਜ਼ਮੀ ਹੈ। ਉਂਜ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਚੋਣ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ ਅਤੇ ਇਨ੍ਹਾਂ ਦਾ ਆਰੰਭ ਖੁਦ ਨਰਿੰਦਰ ਮੋਦੀ ਨੇ ਕੀਤਾ ਹੈ। ਉਧਰ ਐਤਕੀਂ ਕੋਈ ਕਸਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਨਹੀਂ ਰਹਿਣ ਦੇਣਾ ਚਾਹੁੰਦਾ। ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਅਸੈਂਬਲੀ ਚੋਣਾਂ ਜਿੱਤਣ ਪਿੱਛੋਂ ਵੈਸੇ ਵੀ ਕਾਂਗਰਸੀ ਸਫ਼ਾਂ ਵਿੱਚ ਜਾਨ ਪੈਣੀ ਸ਼ੁਰੂ ਹੋ ਗਈ ਹੈ। ਰਾਹੁਲ ਗਾਂਧੀ ਬਕਾਇਦਾ ਇਕ ਨਵੇਂ ਮੁਹਾਜ਼ ਦੀ ਤਲਾਸ਼ ਵਿੱਚ ਜੁੱਟਿਆ ਹੋਇਆ ਹੈ। ਇਸੇ ਆਧਾਰ 'ਤੇ ਸੂਬਿਆਂ ਵਿੱਚ ਵੀ ਨਵੇਂ ਮੁਹਾਜ਼ਾਂ ਦੀ ਤਲਾਸ਼ ਲੱਭੀ ਜਾ ਰਹੀ ਹੈ। ਪੰਜਾਬ ਵਿੱਚ ਵੀ ਕਾਂਗਰਸ ਅਤੇ ਅਕਾਲੀ ਦਲ ਭਾਜਪਾ ਗੱਠਜੋੜ ਨੂੰ ਛੱਡ ਆਮ ਆਦਮੀ ਪਾਰਟੀ ਦੇ ਵੱਖ-ਵੱਖ ਧੜਿਆਂ, ਲੋਕ ਇਨਸਾਫ ਪਾਰਟੀ ਅਤੇ ਅਕਾਲੀ ਦਲ ਵੱਲੋਂ ਟੁੱਟ ਕੇ ਨਵੇਂ ਬਣੇ ਅਕਾਲੀ ਦਲ ਟਕਸਾਲੀ ਅਤੇ ਨਿੱਕੇ ਨਿੱਕੇ ਹੋਰ ਗਰੁੱਪਾਂ ਵੱਲੋਂ ਤੀਜੇ ਬਦਲ ਲਈ ਪੂਰਾ ਟਿਲ ਲਾਇਆ ਜਾ ਰਿਹਾ ਹੈ। ਕਾਂਗਰਸ ਨੂੰ ਤਾਂ ਕੋਈ ਚਿੰਤਾ ਨਹੀਂ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਨੂੰ। ਹਾਂ, ਉਸ ਨੂੰ ਜੇ ਚਿੰਤਾ ਹੈ ਕਿ ਅਕਾਲੀ ਦਲ ਟਕਸਾਲੀ ਇਕੱਲਾ ਜਾਂ ਇਸ ਦਾ ਆਪ ਜਾਂ ਕਿਸੇ ਹੋਰ ਦਲ ਨਾਲ ਗੱਠਜੋੜ ਹੋ ਜਾਂਦਾ ਹੈ ਤਾਂ ਇਹ ਲੋਕਸਭਾ ਦੀ ਕੋਈ ਵੀ ਸੀਟ ਜਿੱਤਣ ਦੇ ਤਾਂ ਫਿਲਹਾਲ ਸਮਰੱਥ ਨਹੀਂ ਹੋਵੇਗਾ, ਉਸ ਦਾ ਸੀਟ ਹਰਾਉਣ ਵਿੱਚ ਨੁਕਸਾਨ ਜ਼ਰੂਰ ਕਰ ਸਕਦਾ ਹੈ। ਉਂਜ ਇਨ੍ਹਾਂ ਦਿਨਾਂ ਵਿੱਚ ਬਹੁਤੀ ਚਰਚਾ ਆਪ ਦੇ ਅਸਲੀ ਗਰੁੱਪ ਅਤੇ ਅਕਾਲੀ ਦਲ ਟਕਸਾਲੀ ਗੱਠਜੋੜ ਦੀ ਹੈ, ਪਰ ਇਸ ਵਿੱਚ ਵੀ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ 'ਤੇ ਉਨ੍ਹਾਂ ਦੀ ਸਹਿਮਤੀ ਨਹੀਂ ਬਣ ਰਹੀ। ਇਸ ਸੀਟ 'ਤੇ ਟਕਸਾਲੀਆਂ ਨੇ ਬੀਰ ਦਵਿੰਦਰ ਸਿੰਘ ਨੂੰ ਪਹਿਲਾਂ ਹੀ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਆਪ ਦੇ ਨਵੇਂ ਖਹਿਰਾ ਵਾਲੇ ਧੜੇ ਦੀ ਵੀ ਇਸੇ ਗੱਲੋਂ ਟਕਸਾਲੀਆਂ ਨਾਲ ਸੁਰ ਰੱਲਦੀ ਰੱਲਦੀ ਤਿੜਕ ਗਈ ਹੈ।


    ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਮੀਦਵਾਰਾਂ ਦੇ ਐਲਾਨ ਕਰਨ ਵਿੱਚ ਟਕਸਾਲੀ ਕੁਝ ਜ਼ਿਆਦਾ ਹੀ ਕਾਹਲੇ ਦਿਖਾਈ ਦੇ ਰਹੇ ਹਨ। ਖਡੂਰ ਸਾਹਿਬ ਤੋਂ ਵੀ ਉਨ੍ਹਾਂ ਨੇ ਭਾਰਤੀ ਫੌਜ ਦੇ ਸਾਬਕਾ ਜਨਰਲ ਜੇ।ਜੇ। ਸਿੰਘ ਨੂੰ ਖੜ੍ਹਾ ਕਰ ਦਿੱਤਾ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਆਗੂ ਪਟਿਆਲਿਉਂ ਐੱਮ।ਐੱਲ।ਏ। ਦੀ ਸੀਟ ਹਾਰ ਗਿਆ ਅਤੇ ਉਦੋਂ ਹਾਰ ਗਿਆ ਜਦੋਂ ਸਰਕਾਰ ਵੀ ਅਕਾਲੀ ਦਲ ਦੀ ਸੀ ਤਾਂ ਕੀ ਉਹ ਹੁਣ ਲੋਕ ਸਭਾ ਦੀ ਸੀਟ ਆਸਾਨੀ ਨਾਲ ਕੱਢ ਲਵੇਗਾ ਕੁਝ ਇਸੇ ਤਰ੍ਹਾਂ ਦੀਆਂ ਸ਼ੰਕਾਵਾਂ ਬੀਰ ਦਵਿੰਦਰ ਸਿੰਘ ਬਾਰੇ ਹਨ। ਬੀਰ ਦਵਿੰਦਰ ਸਿੰਘ ਖੁਦ ਬੜੇ ਸੁਲਝੇ ਸਿਆਣੇ ਅਤੇ ਸਿੱਖ ਇਤਿਹਾਸ ਦੀ ਵਾਕਫ਼ੀ ਰੱਖਣ ਵਾਲੇ ਤੇ ਧੜੱਲੇਦਾਰ ਬੁਲਾਰੇ ਹਨ, ਪਰ ਕਦੀ ਅਕਾਲੀ, ਕਦੀ ਕਾਂਗਰਸ ਅਤੇ ਕਦੀ ਆਪ ਦਾ ਟੈਗ ਲੁਆ ਕੇ ਹੁਣ ਟਕਸਾਲੀਆਂ ਵਿੱਚ ਸ਼ਾਮਿਲ ਹੋਣ ਨਾਲ ਉਨ੍ਹਾਂ ਦੀ ਛਬੀ ਵਿੱਚ ਬਹੁਤਾ ਇਜਾਫ਼ਾ ਨਹੀਂ ਹੋਇਆ। ਟਕਸਾਲੀ ਜਿਸ ਤਰ੍ਹਾਂ ਦੇ ਉਮੀਦਵਾਰ ਐਲਾਨ ਕਰ ਰਹੇ ਹਨ, ਇਸ ਨਾਲੋਂ ਤਾਂ ਚੰਗਾ ਸੀ ਕਿ ਇਸ ਦੇ ਕੁਝ ਸੀਨੀਅਰ ਲੀਡਰ ਖੁਦ ਹੀ ਇਹ ਚੋਣ ਲੜ ਲੈਣ ਤਾਂ ਨਤੀਜੇ ਬਿਹਤਰ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜੇ ਵੀ ਸਮਾਂ ਹੈ ਟਕਸਾਲੀਆਂ ਨੂੰ ਆਪਣੀ ਰਣਨੀਤੀ 'ਤੇ ਨਵੇਂ ਸਿਰਿਉਂ ਅਤੇ ਗੰਭੀਰਤਾ ਨਾਲ ਸੋਚ ਵਿਚਾਰ ਕਰਨੀ ਚਾਹੀਦੀ ਹੈ। ਉਮੀਦਵਾਰਾਂ ਦੇ ਐਲਾਨਾਂ ਤੋਂ ਕੁਝ ਕੁਝ ਝਲਕ ਇਹ ਵੀ ਮਿਲਦੀ ਹੈ ਕਿ ਟਕਸਾਲੀ ਦਲ ਨੂੰ ਹੋਂਦ ਵਿੱਚ ਆਇਆਂ ਅਜੇ ਬਹੁਤਾ ਸਮਾਂ ਨਹੀਂ ਹੋਇਆ, ਪਰ ਇਸ ਦੇ ਅੰਦਰ ਵੀ ਸਭ ਕੁਝ ਚੰਗਾ ਨਹੀਂ ਹੈ। ਚੋਣਾਂ ਦੇ ਨੇੜੇ ਤੇੜੇ ਜਾ ਕੇ ਭਾਵੇਂ ਖੱਬੇ ਪੱਖੀ ਧਿਰਾਂ ਵੀ ਗੱਠਜੋੜ ਦੇ ਰਾਹ ਤੁਰਨਗੀਆਂ, ਪਰ ਇਕ ਗੱਲ ਪੱਕੀ ਹੈ ਕਿ ਪੰਜਾਬ ਵਿੱਚ ਅੱਜ ਤੱਕ ਕਦੀ ਵੀ ਤੀਜਾ ਬਦਲ ਨਹੀਂ ਬਣ ਸਕਿਆ। ਹਾਂ, 2017 ਤੋਂ ਪਹਿਲਾਂ ਇਥੇ ਆਮ ਆਦਮੀ ਪਾਰਟੀ ਦੀ ਤੀਜੇ ਬਦਲ ਦੀ ਬੜੀ ਜ਼ੋਰਦਾਰ ਸੰਭਾਵਨਾ ਬਣੀ ਸੀ, ਪਰ ਇਸ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਗਲਤ ਮਨਸੂਬਿਆਂ ਅਤੇ ਕਾਹਲੀ ਨਾਲ ਸਾਰਾ ਕੁਝ ਗੁੜ ਗੋਬਰ ਹੋ ਗਿਆ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਤੋਂ ਬਿਨਾਂ ਆਪ ਦਾ ਜਿਹੜਾ ਤੀਸਰਾ ਬਦਲ ਉਭਰਨ ਲੱਗਾ ਸੀ, ਉਹ ਮਹਿਜ਼ ਇਕ ਵਿਰੋਧੀ ਧਿਰ ਬਣ ਕੇ ਰਹਿ ਗਿਆ ਅਤੇ ਵਿਰੋਧੀ ਧਿਰ ਵੀ ਉਹ ਜਿਸ ਦੀਆਂ ਅੱਗੋਂ ਫਿਰ ਵੰਡੀਆਂ ਪੈ ਗਈਆਂ। ਇਕ ਸੁਖਪਾਲ ਖਹਿਰੇ ਦੀ ਅਤੇ ਦੂਜੀ ਭਗਵੰਤ ਮਾਨ ਦੀ ਯਾਨੀ ਇਕ ਧੜਾ ਦਿੱਲੀ ਦਾ ਅਤੇ ਦੂਜਾ ਪੰਜਾਬ ਦਾ। ਕੁਝ ਸਿਆਸੀ ਤੇ ਤਕਨੀਕੀ ਕਾਰਨ ਕਰਕੇ ਵਿਰੋਧੀ ਧਿਰ ਦੇ ਲੀਡਰ ਦਾ ਦਰਜਾ ਫਿਲਹਾਲ ਦਿੱਲੀ ਧੜੇ ਕੋਲ ਹੀ ਹੈ। ਤੀਜਾ ਬਦਲ ਨਾ ਬਣ ਸਕਣ ਕਾਰਨ ਜ਼ਾਹਿਰ ਹੈ ਚੋਣਾਂ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਸਿੱਧਾ ਫਾਇਦਾ ਹੋਵੇਗਾ।


    ਇਸ ਵੇਲੇ ਲੋਕ ਸਭਾ ਵਿੱਚ ਪੰਜਾਬ ਦੀਆਂ ਤੇਰ੍ਹਾਂ ਸੀਟਾਂ ਹਨ। ਇਨ੍ਹਾਂ ਵਿੱਚੋਂ ਚਾਰ ਤਾਂ ਸਿੱਧੀਆਂ ਆਮ ਆਦਮੀ ਪਾਰਟੀ ਕੋਲ ਹਨ ਅਤੇ ਚਾਰ ਕਾਂਗਰਸ ਕੋਲ ਅਤੇ ਬਾਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਜਪਾ ਗੱਠਜੋੜ ਕੋਲ। ਆਮ ਆਦਮੀ ਪਾਰਟੀ ਨੇ ਇਹ ਚਾਰੇ ਸੀਟਾਂ 2014 ਦੀਆਂ ਚੋਣਾਂ ਵਿੱਚ ਜਿੱਤ ਕੇ ਪੰਜਾਬ ਵਿੱਚ ਤੀਜੇ ਬਦਲ ਦੀ ਸੰਭਾਵਨਾ ਵਧਾ ਦਿੱਤੀ ਸੀ, ਜਿਹੜਾ ਜਿਵੇਂ ਕਿ ਪਿੱਛੇ ਜ਼ਿਕਰ ਕੀਤਾ ਗਿਆ ਹੈ ਕੇਜਰੀਵਾਲ ਦੀਆਂ ਗਲਤ ਨੀਤੀਆਂ ਕਾਰਨ ਵਿੱਚ ਵਿਚਾਲੇ ਹੀ ਰਹਿ ਗਿਆ। ਇਸ ਦੀ ਬਦਸ਼ਗਨੀ ਵੀ ਛੇਤੀ ਹੀ ਹੋ ਗਈ ਜਦੋਂ ਇਸ ਦੇ ਐੱਮ।ਪੀ। ਪਟਿਆਲਿਉਂ ਡਾ। ਧਰਮਵੀਰ ਗਾਂਧੀ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਅਲੱਗ ਹੋ ਗਏ ਸਨ। ਅੱਜ ਵੀ ਉਹ ਪਾਰਟੀ ਤੋਂ ਅਲੱਗ ਹੀ ਹਨ, ਹਾਲਾਂਕਿ ਗਿਣੇ ਉਹ ਇਸੇ ਦੇ ਮੈਂਬਰ ਹੀ ਜਾਂਦੇ ਹਨ। ਇਸੇ ਦੌਰਾਨ ਇਕ ਪਾਸੇ ਪਾਰਟੀ ਦੇ ਪੰਜਾਬ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਅਤੇ ਦੂਜੇ ਪਾਸੇ ਕੁਝ ਸਮੇਂ ਪਿੱਛੋਂ ਭਗਵੰਤ ਮਾਨ ਨੂੰ ਵੀ ਹਟਾ ਦਿੱਤਾ ਗਿਆ। ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਤੇ ਪਿੱਛੋਂ ਪਾਰਟੀ ਵਿੱਚ ਫਿਰ ਵੰਡੀਆਂ ਪਈਆਂ ਤਾਂ ਇਸ ਉਪਰੰਤ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਤੋਂ ਹਟਾ ਕੇ ਇਹ ਥਾਂ ਹਰਪਾਲ ਚੀਮਾ ਨੂੰ ਦੇ ਦਿੱਤੀ ਗਈ ਅਤੇ ਭਗਵੰਤ ਮਾਨ ਨੂੰ ਫਿਰ ਪੰਜਾਬ ਦੀ ਪ੍ਰਧਾਨਗੀ ਸੌਂਪ ਦਿੱਤੀ ਗਈ। ਭਗਵੰਤ ਮਾਨ ਦੀ ਪਾਰਲੀਮੈਂਟ ਵਿੱਚ ਕਾਰਗੁਜ਼ਾਰੀ ਕੁਝ ਚੰਗੀ ਸੀ, ਪਰ ਉਸ ਦੀਆਂ ਕੁਝ ਨਿੱਜੀ ਕਮਜ਼ੋਰੀਆਂ ਕਰਕੇ ਉਸ ਦੀ ਸ਼ਾਖ ਵਿੱਚ ਯਕੀਨਨ ਹੀ ਕਮੀ ਆਈ ਹੈ। ਇਹ ਪਾਰਟੀ ਭਾਵੇਂ ਪੰਜਾਬ ਵਿੱਚ ਇਕ ਵਿਰੋਧੀ ਧਿਰ ਹੈ, ਪਰ ਇਸ ਦੀ ਕਾਰਗੁਜ਼ਾਰੀ ਬਹੁਤ ਗੌਲਣਯੋਗ ਨਹੀਂ ਬਣ ਸਕੀ। ਕੁੱਲ ਮਿਲਾ ਕੇ ਲੰਬੇ ਅਰਸੇ ਤੋਂ ਪੰਜਾਬ ਦੀ ਰਾਜਨੀਤੀ ਦਾ ਪਿੜ ਹੀ ਅਜਿਹਾ ਰਿਹਾ ਹੈ ਕਿ ਜਿਥੇ ਲੰਬਾ ਸਮਾਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹਕੂਮਤ ਰਹੀ ਹੈ। ਬਾਅਦ ਵਿੱਚ ਭਾਜਪਾ ਨੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਕੇ ਸੱਤਾਧਾਰੀ ਧਿਰ ਬਣਾਈ ਰੱਖਿਆ ਹੈ, ਜੋ ਪਿਛਲੀ ਸਰਕਾਰ ਵੇਲੇ ਤੱਕ ਵੀ ਸੀ। ਵਿੱਚ ਵਿੱਚ ਜਨਤਾ ਪਾਰਟੀ ਅਤੇ ਟਾਵੇਂ ਟਾਵੇਂ ਗਰੁੱਪ ਵੀ ਰਹੇ, ਪਰ ਕੁੱਲ ਮਿਲਾ ਕੇ ਉਤਰ ਕਾਟੋ ਮੈਂ ਚੜ੍ਹਾਂ ਵਾਲੀ ਖੇਡ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਵਿੱਚਕਾਰ ਹੀ ਰਹੀ। ਸਮੇਂ ਦੀਆਂ ਸਰਕਾਰਾਂ ਨੇ ਜਿਵੇਂ ਲੋਕਾਂ ਨੂੰ ਸਬਸਿਡੀਆਂ ਦੇ ਦੇ ਕੇ, ਬੇਰੁਜ਼ਗਾਰੀ ਵਿੱਚ ਵਾਧਾ ਕਰਕੇ, ਸਿੱਖਿਆ ਅਤੇ ਸਿਹਤ ਦਾ ਭੱਠਾ ਬਿਠਾ ਕੇ ਅਤੇ ਕਿਸਾਨਾਂ ਨੂੰ ਖੁਕਦੁਸ਼ੀਆਂ ਦੇ ਰਾਹ ਤੋਰ ਕੇ ਗੁਰਬਤ ਵਿੱਚ ਸੁੱਟ ਦਿੱਤਾ ਹੈ, ਉਸ ਤੋਂ ਲੋਕ ਬਿਨਾਂ ਸ਼ੱਕ ਤੀਜੇ ਬਦਲ ਦੀ ਭਾਲ ਵਿੱਚ ਤਾਂ ਹਨ, ਪਰ ਮੌਜੂਦਾ ਸਿਆਸੀ ਧਿਰਾਂ ਦੀ ਸਖਤ ਜਕੜ ਸੰਘਣੇ ਬੋਹੜ ਦੀ ਛਾਂ ਵਾਂਗ ਕਿਸੇ ਹੋਰ ਨੂੰ ਪਨਪਣ ਹੀ ਨਹੀਂ ਦਿੰਦੀ। ਜੇ ਇਹ ਬਦਲ ਪਣਪਦੇ ਵੀ ਹਨ ਤਾਂ ਪ੍ਰਧਾਨਗੀਆਂ ਅਤੇ ਸੀਟਾਂ ਦੀ ਵੰਡ ਵਿੱਚ ਹੀ ਉਲਝ ਕੇ ਰਹਿ ਜਾਂਦੇ ਹਨ। ਜਦੋਂ ਤੱਕ ਹਰ ਛੋਟੇ ਮੋਟੇ ਗਰੁੱਪ ਦਾ ਆਗੂ ਪ੍ਰਧਾਨਗੀ ਚਾਹੇਗਾ ਅਤੇ ਮਨਮਰਜ਼ੀ ਦੀਆਂ ਸੀਟਾਂ ਫਿਰ ਤਾਂ ਰੱਬ ਹੀ ਰਾਖਾ ਹੈ। ਜਿੰਨਾ ਚਿਰ ਤੱਕ ਸਭ ਧੜੇ ਮੱਤਭੇਦ ਭੁਲਾ ਕੇ ਇਕੱਠੇ ਨਹੀਂ ਹੁੰਦੇ ਅਤੇ ਲੋਕ ਹਿੱਤਾਂ ਨੂੰ ਪਹਿਲ ਨਹੀਂ ਦਿੰਦੇ, ਉਨ੍ਹਾਂ ਚਿਰ ਕਿਸੇ ਵੀ ਬਦਲ ਦੀ ਸੰਭਾਵਨਾ ਨਹੀਂ ਰੱਖੀ ਜਾ ਸਕਦੀ। ਪਹਿਲਾਂ ਵੀ ਅਕਸਰ ਇਹੀਓ ਹੁੰਦਾ ਰਿਹਾ ਹੈ ਅਤੇ ਹੁਣ ਵੀ ਹੋ ਰਿਹਾ ਹੈ। ਇਸੇ ਲਈ ਦੋ ਵੱਡੇ ਗਰੁੱਪ ਕੱਛਾਂ ਵਜਾ ਰਹੇ ਹਨ।

 

ਸ਼ੰਗਾਰਾ ਸਿੰਘ ਭੁੱਲਰ

ਫੋਨ:98141-22870

 Email:shangarasinghbhullar@gmail.com