image caption: ਰਜਿੰਦਰ ਸਿੰਘ ਪੁਰੇਵਾਲ

ਲੋਕ ਸਭਾ ਚੋਣਾਂ ਬਾਰੇ ਪੰਜਾਬ ਦਾ ਏਜੰਡਾ ਕੀ ਹੋਵੇ

      ਭਾਰਤ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਲੋਕ ਸਭਾ ਲਈ ਚੋਣਾਂ ਤਰੀਕਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ ਵਾਰ ਇਹ ਪਾਰਲੀਮੈਂਟ ਚੋਣਾਂ 7 ਗੇੜ ਵਿੱਚ ਹੋਣਗੀਆਂ। ਵੋਟਾਂ ਪਾਉਣ ਵਾਲਾ ਅਮਲ 11 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਤੇ ਆਖਰੀ ਗੇੜ ਲਈ 19 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਦੇ ਬਾਅਦ 23 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਸਾਹਮਣੇ ਆਉਣਗੇ। 19 ਮਈ ਨੂੰ ਪੰਜਾਬ 'ਚ ਵੋਟਾਂ ਪੈਣਗੀਆਂ। ਇਸ ਵਾਰ ਰਾਜਨੀਤਕ ਤਬਦੀਲੀ ਇਹ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਨਰਾਜ਼ਗੀ ਕਾਰਨ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਹੈ ਤੇ ਕਾਂਗਰਸ ਦੀ ਪੁਜੀਸ਼ਨ ਮਜ਼ਬੂਤ ਦਿਖਾਈ ਦੇ ਰਹੀ ਹੈ। ਪੰਥਕ ਲੋਕਾਂ ਦੀ ਰਾਇ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਪੰਥਕ ਕੇਡਰ ਮਜ਼ਬੂਤ ਕਰਨਾ ਚਾਹੀਦਾ ਹੈ ਤੇ ਪੁਰਾਣੀਆਂ ਗਲਤੀਆਂ ਨੂੰ ਮੰਨ ਕੇ ਪੰਜਾਬ ਦੇ ਭਲੇ ਦੇ ਲਈ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਜਿਹੜੇ ਹੁਣ ਤੱਕ ਚੋਣ ਸਰਵੇਖਣ ਆਏ ਹਨ, ਉਸ ਵਿਚ ਕਾਂਗਰਸ ਦਾ ਹੀ ਪੱਲੜਾ ਭਾਰਾ ਦਿਖਾਈ ਦੇ ਰਿਹਾ ਹੈ। ਤੀਸਰਾ ਬਦਲ ਸ਼੍ਰੋਮਣੀ ਅਕਾਲੀ ਦਲ ਦੇ ਨੁਕਸਾਨ ਤੇ ਕਾਂਗਰਸ ਦੀ ਮਜ਼ਬੂਤੀ ਦਾ ਕਾਰਨ ਬਣ ਰਿਹਾ ਹੈ, ਕਿਉਂਕਿ ਚੋਣ ਸਰਵੇਖਣ ਵੀ ਇਸ ਤੀਸਰੇ ਬਦਲ ਨੂੰ ਕੋਈ ਸੀਟ ਨਹੀਂ ਦੇ ਰਹੇ। ਚੋਥਾ ਬਦਲ ਟਕਸਾਲੀ ਅਕਾਲੀਆਂ ਤੇ 'ਆਪ' ਦਾ ਉਸਰ ਰਿਹਾ ਹੈ, ਪਰ ਹਾਲੇ ਤੱਕ ਉਨ੍ਹਾਂ ਦਾ ਸਮਝੌਤਾ ਨਹੀਂ ਹੋ ਸਕਿਆ। ਤੀਸਰੇ ਤੇ ਚੋਥੇ ਬਦਲ ਕੋਲ ਸੰਗਠਨ ਦੀ ਬਹੁਤ ਘਾਟ ਹੈ। ਤੀਸਰਾ ਬਦਲ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੇ ਗਰੁੱਪ ਨੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਨਾਮ ਉੱਤੇ ਆਪ ਦੇ ਪੁਰਾਣੇ ਬਾਗੀ ਡਾ. ਧਰਮਵੀਰ ਗਾਂਧੀ, ਬਹੁਜਨ ਸਮਾਜ ਪਾਰਟੀ, ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ, ਸੀਪੀਆਈ ਅਤੇ ਆਰਸੀਪੀਆਈ ਨਾਲ ਗੱਠਜੋੜ ਕਰ ਚੁੱਕੇ ਹਨ। ਪੰਜਾਬ ਡੈਮੋਕਰੈਟਿਕ ਅਲਾਇੰਸ ਵਿਚ ਸੀਪੀਐੱਮ ਨੂੰ ਵੀ ਇੱਕ ਸੀਟ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਸੀਟ ਪਸੰਦ ਦੀ ਨਾ ਹੋਣ ਕਰਕੇ ਸਹਿਮਤੀ ਨਹੀਂ ਬਣੀ।
ਜੇਕਰ ਅਸੀਂ ਪਿਛਲੇ ਦਸ ਸਾਲਾਂ ਦੇ ਰੁਝਾਨਾਂ ਤੋਂ ਦੇਖੀਏ ਤਾਂ ਪੰਜਾਬ ਤੇ ਪੰਥ ਦਾ ਏਜੰਡਾ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਚੋਣ ਮੈਨੀਫੈਸਟੋ ਵਿਚੋਂ ਗਾਇਬ ਹੈ, ਇਸ ਵਿਚ ਪੰਜਾਬ ਦੇ ਵਧ ਅਧਿਕਾਰ ਨਜ਼ਰ ਨਹੀਂ ਆਉਂਦੇ। ਜਦੋਂ ਇਹ ਧਿਰਾਂ ਪੰਜਾਬ ਦੀ ਸੱਤਾ ਉੱਪਰ ਕਾਬਜ਼ ਹੁੰਦੀਆਂ ਹਨ ਤਾਂ ਇਹ ਕੇਂਦਰ ਦੀ ਗੁਲਾਮੀ ਕਬੂਲ ਕਰ ਲੈਂਦੀਆਂ ਹਨ। ਇਹ ਗੱਲ ਸੱਚ ਹੈ ਕਿ ਰਾਜਨੀਤਕ ਪਾਰਟੀਆਂ ਲੋਕਸੇਵਾ ਤੋਂ ਮੂੰਹ ਮੋੜ ਕੇ ਪੰਜਾਬੀਆਂ ਦੀ ਲੁੱਟ ਕਰ ਰਹੀਆਂ ਹਨ ਤੇ ਸਮਾਜ ਵਿਰੋਧੀ ਡੇਰੇਦਾਰਾਂ ਨੂੰ ਪਾਲਣਾਂ ਇਨ੍ਹਾਂ ਦਾ ਮਨੋਰਥ ਬਣ ਗਿਆ ਹੈ। ਪੰਜਾਬ ਦੇ ਕਿਸਾਨ ਆਤਮ-ਹੱਤਿਆਵਾਂ ਕਰ ਰਹੇ ਹਨ, ਕਿਉਂਕਿ ਆੜਤੀਏ ਤੇ ਸਰਮਾਏਦਾਰ ਘਿਓ ਖਿੱਚੜੀ ਹੋ ਕੇ ਇਨ੍ਹਾਂ ਦੀ ਲੁੱਟ ਕਰ ਰਹੇ ਹਨ। ਲੋੜ ਹੈ ਆੜਤੀ ਸਿਸਟਮ ਖਤਮ ਕਰਕੇ ਕਾਰਪੋਰੇਟਿਵ ਸੁਸਾਇਟੀਆਂ ਬਣਾਈਆਂ ਜਾਣ। ਇਹ ਪੰਜਾਬ ਦੀ ਸਥਿਤੀ ਦੇ ਲਈ ਬਹੁਤ ਖਤਰਨਾਕ ਹੈ, ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ। ਪਰ ਪੰਜਾਬ ਦੇ ਅਧਿਕਾਰਾਂ ਲਈ ਦ੍ਰਿੜ੍ਹ ਫੈਸਲਾ ਨਹੀਂ ਲੈਂਦੀਆਂ, ਜਿਵੇਂ ਮਮਤਾ ਬੈਨਰਜੀ ਬੰਗਾਲ, ਨਿਤਿਸ਼ ਕੁਮਾਰ ਬਿਹਾਰ ਆਪਣੇ ਰਾਜਾਂ ਦੇ ਦ੍ਰਿੜ੍ਹ ਫੈਸਲੇ ਲੈਂਦੇ ਹਨ।
ਪੰਜਾਬ ਦਾ ਦੁਖਾਂਤ ਇਹ ਹੈ ਕਿ ਇਸ ਸਥਿਤੀ ਨੂੰ ਅਮਲੀ ਰੂਪ ਦੇਣ ਵਾਲੀ ਅਫ਼ਸਰਸ਼ਾਹੀ ਹੈ ਜੋ ਨਿਰੰਤਰ ਪੰਜਾਬ ਨੂੰ ਤਬਾਹੀ ਵੱਲ ਲੈ ਕੇ ਜਾਂਦੀ ਰਹੀ ਹੈ, ਕਿਉਂਕਿ ਉਹ ਭ੍ਰਿਸ਼ਟ ਮਾਰਗ ਅਪਨਾ ਕੇ ਰਾਜਨੀਤਕਾਂ ਨੂੰ ਸੇਧ ਦੇਣ ਦੀ ਥਾਂ ਖੁਸ਼ ਕਰਦੀ ਰਹੀ ਹੈ। ਇਸੇ ਕਾਰਨ ਪੰਜਾਬ ਦੀਆਂ ਸਰਕਾਰਾਂ ਫੇਲ੍ਹ ਹੋ ਰਹੀਆਂ ਹਨ।  ਪੰਜਾਬ ਨੂੰ ਇਸ ਬਦਹਾਲ ਸਥਿਤੀ ਵਿਚੋਂ ਕੱਢਣ ਲਈ ਲੋਕਾਂ ਦੀ ਆਵਾਜ਼ ਦੀ ਸ਼ਕਤੀ, ਸਮਰੱਥਾ ਤੇ ਸੁਹਿਰਦਤਾ ਹੋਣੀ ਚਾਹੀਦੀ ਹੈ ਅਤੇ ਇਹ ਸਥਿਤੀ ਹੀ ਪੰਜਾਬ ਨੂੰ ਸਦਭਾਵਨਾ ਵਾਲਾ ਸੁਹਿਰਦ ਤੇ ਖੁਸ਼ਹਾਲ ਸੂਬਾ ਬਣਾ ਸਕਦੀ ਹੈ, ਜਿਸ ਦੀ ਆਰਥਿਕ ਸਮਰੱਥਾ ਨੂੰ ਵਧਾਉਣਾ, ਸਮਾਜਿਕ ਕਸ਼ੀਦਗੀ ਨੂੰ ਦੂਰ ਕਰਨਾ, ਧਾਰਮਿਕ ਸੰਕੀਰਣਤਾ ਨੂੰ ਲਾਂਭੇ ਕਰਨਾ ਤੇ ਪੰਜਾਬ ਵਿੱਚ ਖੁਸ਼ਗਵਾਰ ਮਾਹੌਲ ਪੈਦਾ ਕਰਨਾ ਸਮੇਂ ਦੀ ਜ਼ਰੂਰਤ ਹੈ।
ਲੋੜ ਤਾਂ ਪੰਜਾਬ ਬਾਰੇ ਕੋਈ ਲੰਮੀ ਤੇ ਭਵਿੱਖਮਈ ਸੋਚ ਸਿਰਜਣ ਦੀ ਹੈ। ਪੰਜਾਬ ਵਿਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ, ਪਰਿਵਾਰਵਾਦ ਦੀ ਰਾਜਨੀਤੀ ਦਾ ਅੰਤ ਕਰਨਾ, ਗੁੰਡਿਆਂ ਤੇ ਡਰੱਗ ਦੀ ਰਾਜਨੀਤੀ ਤੋਂ ਜਕੜ ਤੋੜਨੀ, ਕੇਂਦਰ ਦੀ ਲੁੱਟ ਨੂੰ ਨੱਥ ਪਾਉਣੀ, ਪੰਜਾਬੀ ਬੋਲੀ ਦੀ ਰੱਖਿਆ ਕਰਨੀ ਤੇ ਸਟੇਟ ਦੇ ਵੱਧ ਅਧਿਕਾਰਾਂ 'ਤੇ ਪਹਿਰੇਦਾਰੀ ਕਰਨੀ ਸਭ ਪਾਰਟੀਆਂ ਦਾ ਚੋਣ ਏਜੰਡਾ ਹੋਣਾ ਚਾਹੀਦਾ ਹੈ। ਨੌਕਰੀਆਂ, ਸਵੈ ਰੁਜ਼ਗਾਰ, ਸਿਹਤ ਸਹੂਲਤਾਂ ਤੇ ਵਿਦਿਅਕ ਸਹੂਲਤਾਂ ਦੀ ਪੰਜਾਬ ਦੇ ਲੋਕਾਂ ਨੂੰ ਪਹਿਲੀ ਲੋੜ ਹੈ। ਇਸ ਨੂੰ ਹਰੇਕ ਪਾਰਟੀ ਆਪਣੇ ਚੋਣ ਏਜੰਡੇ ਵਜੋਂ ਪ੍ਰਮੁਖ ਰੱਖੇ। ਇਸ ਤਰ੍ਹਾਂ ਜਾਪਦਾ ਹੈ ਕਿ ਪੰਜਾਬ ਦੇ ਸੰਕਟ ਦਾ ਹੱਲ ਪੰਜਾਬ ਦੀਆਂ ਮੌਜੂਦਾ ਸਿਆਸੀ ਪਾਰਟੀਆਂ ਕੋਲ ਨਹੀਂ, ਪੰਜਾਬ ਦੇ ਲੋਕਾਂ ਕੋਲ ਹੈ। ਇਸ ਲਈ ਪੰਜਾਬੀਆਂ ਨੂੰ ਨਵੇਂ ਸਿਆਸੀ ਪ੍ਰੋਗਰਾਮ ਦੁਆਲੇ ਨਵੇਂ ਸਿਰਿਓਂ ਜਥੇਬੰਦ ਹੋਣ ਦੀ ਲੋੜ ਹੈ ਤਾਂ ਜੋ ਪੰਜਾਬ ਦੇ ਕੁਦਰਤੀ ਸੋਮਿਆਂ ਦੀ ਰਾਖੀ ਕੀਤੀ ਜਾ ਸਕੇ ਤੇ ਪੰਜਾਬੀ ਏਕਤਾ ਨੂੰ ਕਾਇਮ ਰੱਖਿਆ ਜਾ ਸਕੇ। ਇਸ ਤੋਂ ਬਿਨਾਂ ਪੰਜਾਬ ਦੇ ਸਾਰੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੋਣ ਤੇ ਨਾਲ ਹੀ ਪੰਜਾਬ ਦਾ ਚੌਗਿਰਦਾ ਵੀ ਸਿਹਤਮੰਦ ਤੇ ਨਰੋਆ ਰੱÎਖਣ ਦੇ ਲਈ ਪਹਿਰੇਦਾਰੀ ਦੀ ਵੀ ਲੋੜ ਹੈ।

-੦-੦-੦-

ਰਾਜਨੀਤੀ ਦੀ ਆੜ ਵਿਚ ਨਫ਼ਰਤ ਭਰੀ ਦੇਸ਼ ਭਗਤੀ

      ਭਾਰਤੀ ਮੀਡੀਆ ਦਾ ਇਕ ਵੱਡਾ ਹਿੱਸਾ ਜਿਸ ਦਾ ਧਰਮ ਸੱਤਾ ਵਿਚ ਬੈਠੇ ਲੋਕਾਂ ਤੋਂ ਇਹ ਸੁਆਲ ਪੁੱਛਣਾ ਹੋਣਾ ਚਾਹੀਦਾ ਹੈ ਕਿ ਉਹ ਮਨੁੱਖ ਦੀਆਂ ਅਸਲ ਸਮੱਸਿਆਵਾਂ ਵਲ ਧਿਆਨ ਕਿਉਂ ਨਹੀਂ ਦੇ ਰਹੇ? ਧਰਮ, ਸਮਾਜ ਅਤੇ ਰਾਜਨੀਤੀ ਵਿਚ ਭ੍ਰਿਸ਼ਟਾਚਾਰ ਕਿਉਂ ਚਲ ਰਿਹਾ ਹੈ? ਲੋਕਾਂ ਦੀਆਂ ਅਸਲ ਸਮੱਸਿਆਵਾਂ ਵਲ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ? ਹੁਣੇ ਜਿਹੇ ਸਰਕਾਰੀ ਵਿਮਾਨ ਕੰਪਨੀ ਏਅਰ ਇੰਡੀਆ ਨੂੰ ਹਰ ਫਲਾਈਟ ਦੇ ਦੌਰਾਨ ਹਰ ਐਲਾਨ ਦੇ ਬਾਅਦ ਜੈ ਹਿੰਦ ਕਹਿਣ ਦਾ ਹੁਕਮ ਦਿੱਤਾ ਗਿਆ ਹੈ। ਇਸ ਫੈਸਲੇ ਬਾਰੇ ਸ਼ੋਸ਼ਲ ਮੀਡੀਆ 'ਤੇ  ਮਜ਼ਾਕ ਉਡਣਾ ਸ਼ੁਰੂ ਹੋ ਗਿਆ ਹੈ। ਕੀ ਵਿਮਾਨ ਕੰਪਨੀ ਦੇ ਮੈਂਬਰ ਜਦੋਂ ਭੋਜਨ ਵੰਡਣ ਜਾਣਗੇ ਤਾਂ ਉਹ ਜੈ ਹਿੰਦ ਕਹਿਣਗੇ? ਕੀ ਯਾਤਰੀਆਂ ਨੂੰ ਹੁਣ ਉਡਾਨ ਭਰਨ ਤੋਂ ਪਹਿਲਾਂ ਰਾਸ਼ਟਰੀ ਗੀਤ ਗਾਉਣਾ ਹੋਵੇਗਾ? ਸਰਕਾਰ ਹੁਣ ਲੋਕਾਂ ਦੀਆਂ ਅਸਲ ਸਮੱਸਿਆਵਾਂ ਤੋਂ ਧਿਆਨ ਹਟਾਉਣ ਲਈ ਅਜਿਹੇ ਦੇਸ਼ਭਗਤੀ ਦੇ ਦਿਲਚਸਪ ਨਾਅਰੇ ਮਾਰ ਰਹੀ ਹੈ। ਪਹਿਲਾਂ ਸਿਨੇਮਾ ਘਰਾਂ ਵਿਚ ਰਾਸ਼ਟਰੀ ਗੀਤ ਗਾਉਣ ਦਾ ਹੁਕਮ ਦਿੱਤਾ ਗਿਆ, ਫਿਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰਾਸ਼ਟਰੀ ਝੰਡੇ ਲਗਾਏ ਗਏ। ਬਾਅਦ ਵਿਚ ਬਾਲਾ ਕੋਟ ਏਅਰ ਸਟ੍ਰਾਈਕ ਤੇ ਕਸ਼ਮੀਰੀਆਂ 'ਤੇ ਹਮਲੇ। ਕੇਂਦਰ ਸਰਕਾਰ ਵੱਲੋਂ ਕੋਈ ਸਖ਼ਤੀ ਨਹੀਂ? ਜੇ ਸਖ਼ਤੀ ਹੁੰਦੀ ਤਾਂ ਕਸ਼ਮੀਰੀਆਂ 'ਤੇ ਹਮਲੇ ਨਾ ਹੁੰਦੇ। ਸੰਘ ਪਰਿਵਾਰ ਦੀ ਸੱਤਾ ਵਿਚ ਦਖਲਅੰਦਾਜ਼ੀ ਖਤਰਨਾਕ ਹੈ, ਇਸ ਕਰਕੇ ਦੇਸ਼ ਦਾ ਵਾਤਾਵਰਨ ਨਫ਼ਰਤ ਭਰੀ ਦੇਸ਼ਭਗਤੀ ਵਿਚ ਬਦਲਦਾ ਜਾ ਰਿਹਾ ਹੈ। ਸਰਜੀਕਲ ਸਟ੍ਰਾਈਕ ਤੋਂ ਪਹਿਲਾਂ ਜਿਨ੍ਹਾਂ ਇਹ ਪੁੱਛਿਆ ਕਿ ਪੁਲਵਾਮਾ ਹਮਲਾ ਕਿਉਂ ਹੋਇਆ, ਸੁਰੱਖਿਆ ਕਿੱਥੇ ਸੀ? ਏਨਾ ਵਿਸਫੋਟ ਕਿੱਥੋਂ ਆਇਆ, ਉਨ੍ਹਾਂ ਸਭ ਨੂੰ ਗੱਦਾਰ ਕਹਿ ਦਿੱਤਾ। ਜੇਕਰ ਨਵਜੋਤ ਸਿੰਘ ਸਿੱਧੂ ਤੇ ਸੁਖਪਾਲ ਸਿੰਘ ਖਹਿਰਾ ਨੇ ਜੰਗ ਨਹੀਂ, ਅਮਨ ਦੇ ਫਲਸਫੇ ਪੇਸ਼ ਕੀਤੇ ਤਾਂ ਉਨ੍ਹਾਂ ਨੂੰ ਗੱਦਾਰ ਕਹਿ ਦਿੱਤਾ। ਹਰ ਮਨੁੱਖ ਨੂੰ ਆਪਣੀ ਗੱਲ ਕਹਿਣ ਦੀ ਅਜ਼ਾਦੀ ਹੋਣੀ ਚਾਹੀਦੀ ਹੈ। ਇਹੀ ਅਸਲ ਵਿਚ ਲੋਕਤੰਤਰ ਹੈ। ਲੋਕਤੰਤਰ ਨਫ਼ਰਤ ਭਰੀ ਦੇਸ਼ਭਗਤੀ ਨਹੀਂ ਹੁੰਦੀ ਤੇ ਨਾ ਹੀ ਇਸ ਨੂੰ ਹਿਟਲਰ ਦੀ ਦੇਸ਼ਭਗਤੀ ਨਾਲ ਜੋੜਿਆ ਜਾ ਸਕਦਾ ਹੈ। ਸੁਪਰੀਮ ਕੋਰਟ ਨੂੰ ਇਹੋ ਜਿਹੀ ਨਫ਼ਰਤ ਭਰੀ ਦੇਸ਼ਭਗਤੀ ਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਕਰੜੀ ਕਾਰਵਾਈ ਕਰਨੀ ਚਾਹੀਦੀ ਹੈ।

ਰਜਿੰਦਰ ਸਿੰਘ ਪੁਰੇਵਾਲ