image caption: ਰਜਿੰਦਰ ਸਿੰਘ ਪੁਰੇਵਾਲ

ਨਿਊਜ਼ੀਲੈਂਡ ਹਮਲਾ ਕਰੁਸੇਡ ਨਹੀਂ, ਅੱਤਵਾਦ ਤੇ ਨਸਲਵਾਦ ਏ

      ਨਿਊਜ਼ੀਲੈਂਡ ਹਮਲਾ ਕਰੁਸੇਡ ਨਹੀਂ, ਅੱਤਵਾਦ ਤੇ ਨਸਲਵਾਦ ਹੈ। ਨਿਊਜ਼ੀਲੈਂਡ ਵਰਗਾ ਦੇਸ ਜਿੱਥੇ ਹਿੰਸਾ ਬਹੁਤ ਘੱਟ ਵਾਪਰੀ ਹੈ। ਪਰ ਅਚਾਨਕ ਮਸਜਿਦ ਵਿਚ ਖ਼ੂਨ ਦੀ ਹੋਲੀ ਖੇਡੀ ਜਾਏ ਤਾਂ ਪੁਲੀਸ, ਸਰਕਾਰ ਤੇ ਆਮ ਨਾਗਰਿਕ ਦੀ ਕੀ ਮਾਨਸਿਕ ਦਸ਼ਾ ਹੋਵੇਗੀ, ਇਸ ਦਾ ਅਨੁਮਾਨ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਗਲੋਬਲ ਪੀਸ ਇਡੈਂਕਸ ਵਿਚ ਨਿਊਜ਼ੀਲੈਂਡ 2017-18 ਦੌਰਾਨ ਦੁਨੀਆਂ ਦਾ ਦੂਸਰਾ ਸਭ ਤੋਂ ਸ਼ਾਂਤ ਦੇਸ ਮੰਨਿਆ ਗਿਆ ਹੈ। 2007 ਤੋਂ 2016 ਵਿਚਾਲੇ ਇੱਥੇ ਹੱਤਿਆਵਾਂ ਦੇ ਮਾਮਲੇ 20 ਤੋਂ ਉੱਪਰ ਨਹੀਂ ਸਨ ਟੱਪੇ। ਹਾਂ 2017 ਵਿਚ ਪੈਂਤੀ ਮਾਮਲੇ ਸਾਹਮਣੇ ਆਏ ਤੇ ਪੂਰੇ ਦੇਸ ਵਿਚ ਚਰਚਾ ਦਾ ਵਿਸ਼ਾ ਬਣੇ। ਅਜਿਹੇ ਦੇਸ ਵਿਚ ਪੰਜਾਹ ਲੋਕਾਂ ਨੂੰ ਦਿਨ ਦਿਹਾੜੇ ਇਕ ਨਸਲਵਾਦੀ ਗੋਰੇ ਵੱਲੋਂ ਭੁੰਨ ਦਿੱਤਾ ਜਾਵੇ, ਦੂਸਰੇ ਧਰਮ ਦੇ ਲੋਕਾਂ ਨੂੰ ਤਾਂ ਨਿਊਜ਼ੀਲੈਂਡ ਵਰਗੇ ਦੇਸ ਲਈ ਚਿੰਤਾ ਦੀ ਗੱਲ ਬਣਦੀ ਹੈ। ਇਹ ਚਿੰਤਾ ਪੂਰੇ ਵਿਸ਼ਵ ਦੇ ਲੋਕਾਂ ਦੀ ਹੈ, ਜੋ ਸ਼ਾਂਤੀ ਚਾਹੁੰਦੇ ਹਨ ਤੇ ਸਰਬੱਤ ਦਾ ਭਲਾ ਚਾਹੁੰਦੇ ਹਨ।

    ਹਮਲਾਵਰ ਨੇ ਕਰਾਈਸਟ ਚਰਚ ਦੇ ਅਲ ਨੂਰ ਮਸਜਿਦ ਅਤੇ ਉਪ ਨਗਰੀ ਇਲਾਕੇ ਲਿਨਵੁੱਡ ਮਸਜਿਦ ਵਿਚ ਜੁੰਮੇ ਦੀ ਨਮਾਜ਼ ਦਾ ਸਮਾਂ ਚੁਣਿਆ ਤਾਂ ਕਿ ਇਕੱਠੇ ਹੋਏ ਮੁਸਲਮਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿਚ ਮਾਰਿਆ ਜਾ ਸਕੇ। ਦੁਨੀਆਂ ਭਰ ਵਿਚ ਹੋ ਰਹੇ ਅੱਤਵਾਦੀ ਹਮਲਿਆਂ ਦੀ ਪ੍ਰਵਿਰਤੀ ਦੇ ਵਿਚਾਲੇ ਇਸ ਹਮਲੇ ਦੇ ਪਿੱਛੇ ਪਿਆ ਵਿਚਾਰ ਏਨਾ ਖਤਰਨਾਕ ਹੈ ਜੇਕਰ ਇਸ ਦਾ ਪ੍ਰਭਾਵ ਵਿÎਸ਼ਾਲ ਹੋ ਗਿਆ ਤਾਂ ਦੁਨੀਆਂ ਦਾ ਵੱਡਾ ਭਾਗ ਨਸਲਵਾਦੀ ਤੇ ਅੱਤਵਾਦੀ ਹਿੰਸਾ ਵਿਚਾਲੇ ਪੀੜਿਆ ਜਾਵੇਗਾ। ਅਸਲ ਵਿਚ ਇਸ ਹਮਲੇ ਨੂੰ ਨਸਲਵਾਦੀ ਹਮਲਾ ਕਿਹਾ ਜਾਣਾ ਚਾਹੀਦਾ ਹੈ। ਇਹ ਨਸਲਵਾਦ ਪੂਰੇ ਵਿਸ਼ਵ ਵਿਚ ਫੈਲਿਆ ਹੈ। ਦੁਨੀਆਂ ਇਸਾਈਅਤ ਤੇ ਇਸਲਾਮ ਵਿਚ ਵੰਡੀ ਜਾ ਚੁੱਕੀ ਹੈ। ਪੱਛਮੀ ਦੇਸਾਂ ਵਿਚ ਮੁਸਲਮਾਨਾਂ ਬਾਰੇ ਇਹ ਨਸਲੀ ਵਿਚਾਰ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਮੁਸਲਮਾਨ ਅੱਤਵਾਦੀ ਹੁੰਦੇ ਹਨ ਤੇ ਮੁਸਲਮਾਨਾਂ ਵਿਚ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਪੱਛਮੀ ਦੇਸਾਂ ਦੇ ਲੋਕ ਮੁਸਲਮਾਨਾਂ ਤੇ ਇਸਲਾਮੀ ਦੇਸਾਂ ਦਾ ਸ਼ੋਸ਼ਣ ਕਰ ਰਹੇ ਹਨ ਤੇ ਇਨ੍ਹਾਂ ਨੂੰ ਮਾਰਨਾ ਜਿਹਾਦ ਹੈ। ਇਸ ਨਸਲੀ ਵਿਚਾਰ ਨੂੰ ਲੈ ਕੇ ਕਥਿਤ ਜਿਹਾਦੀ ਜਥੇਬੰਦੀਆਂ ਹੋਂਦ ਵਿਚ ਆ ਰਹੀਆਂ ਹਨ। ਇਸਲਾਮਿਕ ਸਟੇਟ ਇਸ ਗੱਲ ਦੀ ਪ੍ਰਮੁਖ ਉਦਾਹਰਣ ਹੈ। ਸੀਰੀਆ ਵਿਚ ਇਨ੍ਹਾਂ ਦਾ ਬੋਲਬਾਲਾ ਹੈ ਤੇ ਪੂਰਾ ਵਿਸ਼ਵ ਇਸ ਦਹਿਸ਼ਤ ਦਾ ਸ਼ਿਕਾਰ ਹੈ। ਜੋ ਦਹਿਸ਼ਤ ਨਸਲਵਾਦੀ ਹਮਲਿਆਂ ਕਾਰਨ ਫੈਲੀ ਹੋਈ ਹੈ, ਉਹ ਇਸ ਜਿਹਾਦੀ ਹਿੰਸਾ ਨੂੰ ਹੋਰ ਭੜਕਾਏਗੀ।

     ਨਿਊਜ਼ੀਲੈਂਡ ਵਿਚ ਨਸਲੀ ਹਿੰਸਾ ਦੇ ਜ਼ਿੰਮੇਵਾਰ 28 ਸਾਲਾ ਬਰੈਂਟਨ ਟੈਰੇਂਟ ਨੇ ਫੇਸਬੁੱਕ 'ਤੇ ਇਸ ਹਿੰਸਕ ਤੇ ਮਨੁੱਖਤਾ ਵਿਰੋਧੀ ਕਾਰਵਾਈ ਨੂੰ 17 ਮਿੰਟ ਫੇਸਬੁੱਕ 'ਤੇ ਲਾਈਵ ਕਰਕੇ ਸ਼ੈਤਾਨੀਅਤ ਦਾ ਚਿਹਰਾ ਦਿਖਾਇਆ। ਉਸ ਨੇ ਫੇਸਬੁੱਕ ਤੇ ਇਹ ਲਿਖਿਆ ਸੀ ਕਿ ਇਹ ਜਿਹਾਦੀ ਹਮਲਾਵਰਾਂ ਦੁਆਰਾ ਹਜ਼ਾਰਾਂ ਲੋਕਾਂ ਦੀ ਮੌਤ ਦਾ ਬਦਲਾ ਲੈਣ ਲਈ ਹੈ। ਮੈਨੀਫੈਸਟੋ ਵਿਚ ਟੈਰੇਂਟ ਨੇ 2017 ਵਿਚ ਸਵੀਡਨ ਦੇ ਸਟਾਕਹੋਮ ਵਿਚ ਇਕ ਓਜਬੇਗ ਮੁਸਲਮਾਨ ਦੁਆਰਾ ਭੀੜ 'ਤੇ ਟਰੱਕ ਚਾੜਨ ਦੀ ਘਟਨਾ ਦਾ ਜ਼ਿਕਰ ਕੀਤਾ। ਇਸ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ। 11 ਸਾਲ ਦੀ ਬੱਚੀ ਦੀ ਹੋਈ ਮੌਤ ਨੇ ਉਸ ਨੂੰ ਅਜਿਹਾ ਕਰਨ ਲਈ ਮਜ਼ਬੂਰ ਕਰ ਦਿੱਤਾ। ਇੱਥੇ ਜਦ ਫਰਾਂਸ ਪਹੁੰਚਿਆ ਤਾਂ ਸ਼ਹਿਰਾਂ ਤੇ ਕਸਬਿਆਂ ਵਿਚ ਮੁਸਲਮਾਨਾਂ ਦੀ ਭੀੜ ਦੇਖ ਕੇ ਉਸ ਨੇ ਬਦਲਾ ਲੈਣ ਦੀ ਠਾਣ ਲਈ। ਹੁਣੇ ਜਿਹੇ ਕਈ ਸਾਲਾਂ ਤੋਂ ਜਿਹਾਦੀਆਂ ਦੁਆਰਾ ਬ੍ਰਿਟੇਨ, ਫਰਾਂਸ, ਬੈਲਜੀਅਮ, ਸਵੀਡਨ ਵਿਚ ਹੋਏ ਹਮਲਿਆਂ ਨੇ ਉਸ ਦੇ ਅੰਦਰ ਵਿਚਾਰ ਪੈਦਾ ਕੀਤਾ ਕਿ ਮੁਸਲਮਾਨ ਸੰਸਾਰ 'ਤੇ ਆਪਣਾ ਕਬਜ਼ਾ ਕਰਨ ਦੇ ਲਈ ਅਜਿਹੀ ਹਿੰਸਾ ਨੂੰ ਉਤਸ਼ਾਹਿਤ ਕਰ ਰਹੇ ਹਨ। ਇਹ ਧਾਰਨਾ ਨਸਲਵਾਦ ਨੂੰ ਜਨਮ ਦੇ ਰਹੀ ਹੈ। ਮੁਸਲਮਾਨਾਂ ਨੂੰ ਸ਼ਰਨ ਦੇਣ ਦਾ ਵਿਰੋਧ ਇਸੇ ਨਸਲਵਾਦ ਦਾ ਨਤੀਜਾ ਹੈ। ਨਵੀਂ ਪੱਛਮੀ ਪੀੜ੍ਹੀ ਦੇ ਅੰਦਰ ਇਸਲਾਮ ਤੇ ਇਸਾਈਅਤ ਦੇ ਸੰਬੰਧਾਂ ਬਾਰੇ ਇਤਿਹਾਸ ਪੜ੍ਹਨ ਦੀ ਰੁਚੀ ਜਾਗੀ ਹੈ। ਇਸ ਬਾਰੇ ਪੁਸਤਕਾਂ ਤੇ ਵੈਬਸਾਈਟਾਂ ਆ ਰਹੀਆਂ ਹਨ। ਉਹਨਾਂ ਵਿਚ ਕਰੁਸੇਡ ਦਾ ਇਤਿਹਾਸ ਪੜ੍ਹਨ ਦੀ ਭਾਵਨਾ ਵਧੀ ਹੈ। ਯਾਦ ਰਹੇ ਕਿ ਇਸਲਾਮ ਵਾਲੇ ਇਸਾਈਅਤ ਦੇ ਖਿਲਾਫ਼ ਧਰਮ ਯੁੱਧ ਨੂੰ ਜਿਹਾਦ ਆਖਦੇ ਸਨ ਤੇ ਇਸਾਈਅਤ ਇਸਲਾਮ ਵਿਰੁੱਧ ਧਰਮ ਯੁੱਧ ਨੂੰ ਕਰੁਸੇਡ। ਇਸ ਜੰਗ ਵਿਚ ਮੁਸਲਮਾਨ ਹਾਰੇ ਸਨ ਤੇ ਇਸਾਈਅਤ ਦੀ ਜਿੱਤ ਹੋਈ ਸੀ। ਪਰ ਜਿਸ ਤਰ੍ਹਾਂ ਮੁਸਲਮਾਨਾਂ ਦੀ ਅਬਾਦੀ ਵਧ ਰਹੀ ਹੈ, ਉਸ ਤੋਂ ਇਸਾਈਅਤ ਨਾਲ ਸੰਬੰਧਿਤ ਲੋਕ ਡਰਨ ਲੱਗ ਪਏ ਹਨ। ਇਹੀ ਵਿਚਾਰ ਨਸਲਵਾਦੀ ਹਿੰਸਾ ਨੂੰ ਜਨਮ ਦੇ ਰਿਹਾ ਹੈ। ਨਿਊਜ਼ੀਲੈਂਡ ਵਿਚ ਕਿਸੇ ਨੂੰ ਸ਼ਰਨ ਮਿਲਣਾ ਬਹੁਤ ਸੌਖਾ ਹੈ। ਨਿਊਜ਼ੀਲੈਂਡ ਦੀ ਤਕਰੀਬਨ 49.5 ਲੱਖ ਦੀ ਅਬਾਦੀ ਵਿਚ ਮੁਸਲਮਾਨਾਂ ਦੀ ਸੰਖਿਆ ਡੇਢ ਲੱਖ ਦੇ ਕਰੀਬ ਹੋਵੇਗੀ। ਪਰ ਉਹਨਾਂ ਦੀ ਬਿਲਕੁਲ ਅਲੱਗ ਮਜ਼ਹਬ ਆਧਾਰਿਤ ਜੀਵਨ ਸ਼ੈਲੀ ਉਥੋਂ ਦੇ ਲੋਕ ਪਚਾ ਨਹੀਂ ਸਕਦੇ। ਹਮਲਾਵਰ ਨੇ ਇਹ ਵੀ ਲਿਖਿਆ ਕਿ ਉਸ ਦੇ ਨਿਊਜ਼ੀਲੈਂਡ ਵਿਚ ਹਮਲੇ ਦਾ ਉਦੇਸ਼ ਇਹੀ ਸੀ ਕਿ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਮੁਸਲਮਾਨਾਂ ਦੇ ਲਈ ਕੋਈ ਜਗ੍ਹਾ ਸੁਰੱਖਿਅਤ ਨਹੀਂ ਹੈ। ਅਸਟ੍ਰੇਲੀਆ ਦੀ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਇਸ ਨੂੰ ਨਸਲਵਾਦੀ ਹਿੰਸਕ ਅੱਤਵਾਦੀ ਹਮਲਾ ਕਰਾਰ ਦਿੱਤਾ। ਮੈਂ ਸਮਝਦਾ ਹਾਂ ਕਿ ਜਿੱਥੇ ਜਿਹਾਦੀ ਅੱਤਵਾਦ ਖਤਰਨਾਕ ਹੈ, ਉੱਥੇ ਇਹ ਨਸਲਵਾਦੀ ਵਰਤਾਰਾ ਅਤੇ ਸਰਮਾਏਦਾਰ ਦੇਸਾਂ ਵਲੋਂ ਅਰਬ ਦੇਸਾਂ ਦੀ ਲੁੱਟ ਵੀ ਖਤਰਨਾਕ ਹੈ। ਇਹੀ ਇਸ ਭੇੜ ਦਾ ਕਾਰਨ ਬਣ ਰਹੀ ਹੈ। ਇਹਨਾਂ ਨਸਲਵਾਦ ਵਰਤਾਰੇ ਤੋਂ ਭਾਰਤ ਵੀ ਨਹੀਂ ਬਚਿਆ। ਉਹ ਭਗਵੇਂਵਾਦੀ ਨਸਲੀ ਵਰਤਾਰੇ ਦਾ ਸ਼ਿਕਾਰ ਹੈ, ਜੋ ਭਾਰਤ ਦੀ ਜਮਹੂਰੀਅਤ ਦਾ ਭੋਗ ਪਾ ਰਿਹਾ ਹੈ। ਇਹ ਕਰੁਸੇਡ, ਜਿਹਾਦ, ਭਗਵਾਂ ਰਾਸ਼ਟਰਵਾਦ ਇਕੋ ਹੀ ਵਰਤਾਰੇ ਹਨ। ਜੋ ਮਾਨਵਤਾ ਨੂੰ ਕੁਚਲ ਰਹੇ ਹਨ। ਗੁਰੂ ਨਾਨਕ ਸਾਹਿਬ ਦਾ ਮਿਸ਼ਨ ਹੀ ਮਨੁੱਖਤਾ ਦੇ ਹਿੱਤ ਵਿਚ ਹੈ, ਜੋ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿਚ ਲੈ ਕੇ ਸਰਬੱਤ ਦਾ ਭਲਾ ਲੋਚਦਾ ਹੈ। ਇਸ ਦਾ ਸੁਨੇਹਾ ਸਮੁੱਚੇ ਪੰਜਾਬੀਆਂ ਨੂੰ ਪੂਰੇ ਵਿਸ਼ਵ ਵਿਚ ਫੈਲਾਉਣਾ ਚਾਹੀਦਾ ਹੈ, ਕਿਉਂਕਿ ਹੁਣ ਅਸੀਂ ਗੁਰੂ ਨਾਨਕ ਸਾਹਿਬ ਦਾ 550 ਸਾਲਾਂ ਦਾ ਪ੍ਰਕਾਸ਼ ਉਤਸਵ ਮਨਾਉਣ ਚੱਲੇ ਹਾਂ।

ਰਜਿੰਦਰ ਸਿੰਘ ਪੁਰੇਵਾਲ