image caption: ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ ਕਵੈਂਟਰੀ ਮੋ:07989 927477

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥

ਮਾਰਿਆ ਸਿਕਾ ਜਗਤਿ ਵਿਚਿ  ਨਾਨਕ ਨਿਰਮਲ ਪੰਥ ਚਲਾਇਆ ॥
ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ ॥


     ਭਾਈ ਲਹਿਣੇ ਦੀ ਕਾਇਆ ਨੇ ਅਨੁਭਵੀ ਗਿਆਨ ਰਾਹੀਂ ਪਲਟਾ ਖਾ ਕੇ ਨਵਾਂ ਸਰੂਪ ਧਾਰਿਆ, ਜਿਸ ਦਾ ਨਾਮ ਗੁਰੂ ਨਾਨਕ ਨੇ ਅੰਗਦ ਰੱਖਿਆ। ਇਹ ਇਕ ਮਹਾਨ ਮਹੱਤਵਪੂਰਣ ਘਟਨਾ ਸੀ । ਇਸ ਕੌਤਕ ਤੋਂ ਸਪੱਸ਼ਟ ਹੋਇਆ ਕਿ ਕਿਵੇਂ ਇਕ ਮਰਜੀਵੜਾ ਜਗਿਆਸੂ ਸਿੱਖ ਬਣਦਾ ਹੈ ਅਤੇ ਕਿਵੇਂ ਇਕ ਸਿਦਕ ਨਿਪੁੰਨ ਸਿੱਖ ਅਦਨੇ ਚੇਲੇ ਤੋਂ ਪੂਰਣ ਗੁਰੂ ਬਣ ਜਾਂਦਾ ਹੈ। ਚੇਲਾ ਗੁਰੂ  ਤੇ ਗੁਰੂ ਚੇਲਾ ਬਣਨ ਦਾ ਕੌਤਕ ਸਭ ਤੋਂ ਪਹਿਲਾਂ ਗੁਰੂ ਨਾਨਕ ਨੇ ਵਰਤਾਇਆ ਅਤੇ ਇਸ ਦੀ ਰਵਾਇਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਭੇਂਟ ਕੌਤਕ ਵਰਤਾ ਕੇ ਪੰਚ ਪਰਵਾਣ, ਪੰਚ ਪ੍ਰਧਾਨ ਖਾਲਸਾ ਸਾਜ ਕੇ ਜੁਗੋ ਜੁਗ ਅਟੱਲ ਕਰ ਦਿੱਤਾ । ਪਹਿਲਾਂ ਪੰਜਾਂ ਪਿਆਰਿਆਂ ਕੋਲੋਂ ਸੀਸ ਭੇਂਟ ਲੈ ਕੇ ਉਨ੍ਹਾਂ ਨੂੰ ਅੰਮ੍ਰਿਤ  ਛਕਾਇਆ ਤੇ ਫਿਰ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਛਕ ਕੇ ਆਪਣੇ ਆਪ ਨੂੰ ਖਾਲਸੇ ਵਿੱਚ ਅਭੇਦ ਕਰ ਲਿਆ । ਅਰਥਾਤ,

ਖਾਲਸਾ ਮੇਰਾ ਰੂਪ ਹੈ  ਖਾਸ ॥
ਖਾਲਸੇ ਮੇਂ ਹੌਂ ਕਰੋਂ  ਨਿਵਾਸ ॥
 ਆਪੇ ਗੁਰ ਚੇਲਾ ਦਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਧੁਰ ਕੀ ਬਾਣੀ ਰਾਹੀਂ ਸਪੱਸ਼ਟ ਕੀਤਾ ਹੋਇਆ ਹੈ :

ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ ॥
ਜਨ ਨਾਨਕ ਆਪ ਮਿਲਾਏ ਸੋਈ ਹਰਿ ਮਿਲਸੀ
ਅਵਰ ਸਭ ਤਿਆਗਿ ਓਹਾ ਹਰਿ ਭਾਨੀ ॥
 (ਅੰਗ 669, ਧਨਾਸਰੀ ਮਹਲਾ 4)
ਅਤੇ
ਆਪੇ ਸਤਿਗੁਰੁ ਆਪਿ ਹੈ ਚੇਲਾ ਉਪਦੇਸੁ ਕਰੈ ਪ੍ਰਭੁ ਆਪੈ ॥
- - -
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥
ਲਹਿਣੇ ਧਰਿਓਨੁ ਛਤੁ ਸਿਰਿ ਕੀਰ ਸਿਫਤੀ ਅੰਮ੍ਰਿਤੁ ਪੀਵਦੈ ॥
ਮਤਿ ਗੁਰ ਆਤਮਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥
ਗੁਰਿ ਚੇਲੇ ਰਹਿਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥
ਸਹਿ ਟਿਕਾ ਦਿਤੋਸੁ ਜੀਵਦੈ ॥
(ਅੰਗ 966)

 ਜੋਤੀ ਜੋਤਿ ਸਮਉਣ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਹਿਣੇ ਨੂੰ 'ਅੰਗਦ' ਦੇ ਨਾਂ ਨਾਲ ਨਿਵਾਜਿਆ ਅਤੇ ਬਾਣੀ ਦੀ ਪੋਥੀ ਗੁਰੂ ਅੰਗਦ ਸਾਹਿਬ ਨੂੰ ਸੌਂਪੀ ਤੇ ਆਖਿਆ


ਮੈਂ ਨਿਜ ਸਰੂਪ ਆਪਣਾ ਤੁਮ ਜਾਨਾ ॥
ਅਬ ਲੀਨ ਹੋਵੋ ਮੈਂ ਪਦ ਨਿਰਬਾਨਾ ॥
ਹਰਿ ਕਾ ਪੰਥ ਗੁਰਮੁਖ ਜਗ ਕਰਨਾ ॥
ਦੇ ਨਾਮ ਮੰਤਰ ਤੁਮ ਜਗਤ ਉਧਰਨਾ ॥
ਜੋ ਦੀਸੈ ਸੋ ਸਗਲ ਬਿਨਾਸੀ ॥
ਮਮ ਸਰੂਪ ਸਦ ਤੁਮ ਅਬਿਨਾਸ ॥

(ਮਹਿਮਾਂ ਪ੍ਰਕਾਸ਼)

   ਇਸ ਉਪਰੰਤ ਭਾਈ ਬੁੱਢਾ ਭਾਈ ਭਾਗੀਰਥ ਅਤੇ ਸਭ ਉਘੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੰਗਦ ਜੀ ਨੂੰ ਮੱਥਾ ਟੇਕੋ ਅਤੇ ਅੱਜ ਤੋਂ ਉਨ੍ਹਾਂ ਨੂੰ ਮੇਰਾ ਸੱਚਾ ਸਰੂਪ, ਮੇਰੇ ਸਿੰਘਾਸਣ ਦਾ ਮਾਲਕ ਸਮਝੋ, ਸਭ ਆਈ ਸੰਗਤ ਨੇ ਗੁਰੂ  ਅੰਗਦ ਦੀਆਂ  ਕਮਾਈਆਂ  ਨੂੰ ਧੰਨ ਧੰਨ ਕਹਿੰਦੇ ਹੋਏ ਮੱਥਾ ਟੇਕਿਆ । ਸ੍ਰੀ ਚੰਦ ਅਤੇ ਲਖਮੀ ਚੰਦ ਨੂੰ ਜਦ ਹੁਕਮ ਹੋਇਆ ਕਿ ਗੁਰੂ ਅੰਗਦ ਨੂੰ ਮੱਥਾ ਟੇਕ ਕੇ ਉਨ੍ਹਾਂ  ਨੁੰ  ਆਪਣਾ ਗੁਰੂ ਇਕਬਾਲ ਕਰਨ ਤਾਂ  ਉਹ ਆਪਣੀ ਪੁਰਾਣੀ ਆਦਤ ਅਨੁਸਾਰ ਨਰਾਜ ਹੋ ਕੇ ਚਲੇ ਗਏ। ਇਸ ਗੱਲ ਦੀ ਪ੍ਰੋੜਤਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਿਲਦੀ ਹੈ-ਅਰਥਾਤ

ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ ॥
ਦਿਲਿ ਖੋਟੈ ਆਕੀ ਫਿਰਨਿ  ਬੰਨਿ ਭਾਰੁ ਉਚਾਇਨਿ ਛਟੀਐ ॥

(ਰਾਮਕਲੀ ਕੀ ਵਾਰ ਬਲਵੰਡ ਤਥਾ ਸਤੇ ਡੂਮ ਆਖੀ ਪੰਨਾ 967)
 ਗੁਰੂ ਨਾਨਕ ਸਾਹਿਬ ਨੇ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕੀਤੀ । ਗੁਰੂ ਨਾਨਕ ਨੇ ਗੁਰੂ ਅੰਗਦ ਸਾਹਿਬ ਨੂੰ ਆਪਣੀ ਥਾਂ ਆਪਣੇ ਚਲਾਏ ਨਿਰਮਲ ਪੰਥ ਦਾ ਗੁਰੂ ਥਾਪਿਆ ਅਤੇ ਉਨ੍ਹਾਂ ਨੂੰ ਹੁਕਮ ਕੀਤਾ ਕਿ ਉਹ ਜਗਤ ਉਧਾਰਨ ਤੇ ਪੰਥ ਉਬਾਰਨ ਦੇ ਕਾਰਜ ਨੂੰ ਜਾਰੀ ਰੱਖਣ ਅਤੇ ਸ੍ਰੀ ਚੰਦ ਤੇ ਲਖਮੀ ਦਾਸ ਦੀ ਈਰਖਾ ਦਵੈਤ ਤੋਂ ਦੂਰ ਖਡੂਰ ਵਿਖੇ ਗਿਆਨ ਦੀ ਜੋਤਿ ਜਗਾਵਣ ਆਪਣੇ ਨਾਲ ਬਲਵੰਡਾ ਰਬਾਬੀ ਲੈ ਜਾਣ ਅਤੇ ਲੰਗਰ ਤੇ ਕੀਰਤਨ ਦਾ ਪਰਵਾਹ ਉਥੋਂ ਹੀ ਚਲਦਾ ਰਹੇ ।
  ਗੁਰੂ  ਬਾਬੇ ਨੇ ਆਖਿਆ ਪੁਰਖਾ ਖੰਡੂਰ ਜਾਹ ਉਥੇ ਰੱਬ ਦੀ ਅਨਿਨ ਭਗਤ ਮਾਈ ਭਿਰਾਈ ਰਹਿੰਦੀ ਹੈ, ਜਿਤਨੀ ਵਾਰ ਮੈਂ (ਗੁਰੂ ਨਾਨਕ ਸਾਹਿਬ) ਖੰਡੂਰ ਗਿਆ ਉਸ ਨੇ ਬੜੀ ਸੇਵਾ ਕੀਤੀ, ਮਾਈ ਭਿਰਾਈ ਨੇ ਅੰਮ੍ਰਿਤ ਮਈ ਕਮਾਈ ਵਿਚੋਂ ਮੇਰੇ ਲਈ ਇਕ ਸੁੰਦਰ ਮੰਜੀ ਤਿਆਰ ਕੀਤੀ, ਉਸ ਨੂੰ ਮੈਂ ਵਚਨ ਦਿੱਤਾ ਸੀ ਕਿ ਜਦ ਮੈਂ ਖੰਡੂਰ ਆਵਾਂਗਾ ਇਸੇ ਮੰਜੀ ਨੂੰ ਆਪਣਾ ਤਖਤ ਬਣਾਏਗਾ ਅਤੇ ਖੰਡੂਰ ਗਰਾਮ ਨੂੰ ਭਾਗ ਲਾਏਗਾ । ਬੇਟਾ ਅੰਗਦ ਹੁਣ ਤੂੰ ਜਾਹ ਉਸੇ ਮੰਜੀ 'ਤੇ ਬੈਠ ਕੇ ਨਿਰੰਕਾਰ ਦੀ ਜੋਤਿ ਦਾ ਚਾਨਣਾ, ਇਸ ਅੰਧਕਾਰ ਵਿੱਚ ਪ੍ਰਗਟ ਕਰ । ਇਥੇ ਕਰਤਾਰਪੁਰ ਵਿੱਚ ਸੰਸਾਰੀ ਪੁੱਤਰ ਸ਼ਾਇਦ ਤੇਰਾ ਅਪਮਾਨ ਕਰਨ, ਤੇਰਾ ਅਪਮਾਨ ਮੇਰਾ ਅਪਮਾਨ ਹੋਵੇਗਾ । ਖੰਡੂਰ ਜਾਹ ਤੇਰੀ ਸੇਵਾ ਪ੍ਰਵਾਨ ਚੜ੍ਹੀ । ਤੇਰੇ ਪਿਆਰ ਨੇ ਮੇਰਾ ਅੱਜ ਸਾਰਾ ਆਪਾ ਮੱਲ ਲਿਆ । ਜਾਹ, ਇਸ ਅਜਲੀ ਪਿਆਰ ਦੀ ਮਹਿਕ ਖੰਡੂਰ ਵਿੱਚ ਖਿਲਾਰ । ਖੰਡੂਰ ਨੂੰ ਇਕ ਨਵਾਂ ਕਰਤਾਰਪੁਰ ਬਣਾ ।
 ਖੰਡੂਰ ਗ੍ਰਾਂਵ ਉਸ ਵੇਲੇ ਦੁਰਗਾ ਪੁਜਾਰੀਆਂ ਦਾ ਗੜ੍ਹ ਸੀ, ਸਾਰੇ ਪੰਜਾਬ ਦੇ ਦੁਰਗਾ ਪੁਜਾਰੀ ਲਹਿਣੇ ਨੂੰ ਆਪਣਾ ਮੁਖੀ ਮੰਨਦੇ ਸਨ, ਅੱਜ ਉਹੀਓ ਲਹਿਣਾ ਗੁਰੂ ਨਾਨਕ ਦਾ ਸਿੱਖ ਬਣ ਕੇ ਲਹਿਣੇ ਤੋਂ ਅੰਗਦ ਗੁਰੂ ਬਣ ਕੇ ਗੁਰੂ ਨਾਨਕ ਦੀ ਥਾਪੀ ਮੰਜੀ ਉਤੇ ਆ ਬੈਠਾ । ਸਾਰਾ ਖੰਡੂਰ ਸਾਹਿਬ ਨਿਰਗੁਣ ਸਾਧਨਾ ਤੇ ਗੁਰਮਤਿ ਭਗਤੀ ਨਾਲ ਗੂੰਜ ਉਠਿਆ ਤੇ ਸਾਰੇ ਖੰਡੂਰ ਗ੍ਰਾਂਵ ਦੀ ਕਾਇਆ ਪਲਟ ਗਈ ।
 "ਗੁਰੂ ਨਾਨਕ ਸਾਹਿਬ ਨੇ ਚਿਖਾ ਤਿਆਰ ਕਰਨ ਦਾ ਹੁਕਮ ਦਿੱਤਾ, ਜਿਥੇ ਉਨ੍ਹਾਂ ਨੇ ਜੋਤੀ ਜੋਤਿ ਸਮਾਉਣਾ ਸੀ ਤੇ ਖਾਸ ਕਰ ਚਿਖਾ ਦੇ ਇਰਦ ਗਿਰਦ ਕਨਾਤ ਤਾਨਣ ਦਾ ਹੁਕਮ ਦਿੱਤਾ, ਜਿਸ ਵਿੱਚ ਸਿਵਾਏ ਗੁਰੂ ਅੰਗਦ, ਭਾਈ ਬੁੱਢਾ ਆਦਿ ਮੁੱਖੀ ਸੇਵਕਾਂ ਦੇ ਕਿਸੇ ਨੂੰ ਅੰਦਰ ਜਾਣ ਦਾ ਹੁਕਮ ਨਹੀਂ ਸੀ ।"
 ਗੁਰੂ ਨਾਨਕ ਸਾਹਿਬ 22 ਸਤੰਬਰ 1539 ਈ: ਨੂੰ ਜੋਤੀ ਜੋਤਿ ਸਮਾਏ, ਗੁਰੂ ਸਾਹਿਬ ਦਾ ਪਰਵਾਰ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਤੇ ਉਨ੍ਹਾਂ ਦੀ ਮਾਤਾ ਸੁਲੱਖਣੀ ਉਸ ਵੇਲੇ ਕਰਤਾਰਪੁਰ ਮੌਜੂਦ ਸਨ, ਆਪਣੇ ਅੰਤਿਮ ਸੰਸਕਾਰ ਦੀ ਗੁਰਮਤਿ ਰੀਤੀ ਦੀ ਹਦਾਇਤ ਉਨ੍ਹਾਂ ਨੇ ਗੁਰੂ ਅੰਗਦ, ਬਾਬਾ ਬੁੱਢਾ ਜੀ ਤੇ ਸ੍ਰੀ ਚੰਦ ਨੂੰੰ ਚਿਰੋਕਣੀ ਪਹਿਲਾਂ ਹੀ ਦੇ ਦਿੱਤੀ ਸੀ। ਉਹ ਰੀਤੀ ਕੀ ਸੀ ਇਹ ਜਨਮ ਸਾਖੀਆਂ ਤੋਂ ਇਲਾਵਾ ਹੋਰ ਗ੍ਰੰਥਾਂ ਤੋਂ ਸਪੱਸ਼ਟ ਕਰ ਦਿੱਤੀ । ਗੁਰੂ ਸਾਹਿਬ ਨੇ ਅੰਤ ਸਮੇਂ ਕੇਵਲ ਕੀਰਤਨ ਤੇ ਬਾਣੀ ਪਾਠ ਕਰਨ ਦਾ ਹੀ ਹੁਕਮ ਦਿੱਤਾ । ਗੁਰੂ ਨਾਨਕ ਪੂਰੇ ਜੀਵਨ ਕਾਲ ਵਿੱਚ ਆਪਣੇ ਸਿੱਖਾਂ ਨੂੰ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਰੀਤੀਆਂ ਤੋਂ ਵਰਜਦੇ ਰਹੇ । ਗੁਰੂ ਸਾਹਿਬ ਦੇ ਸੰਸਕਾਰ ਬਾਰੇ ਤਿੰਨੇ ਜਨਮ ਸਾਖੀਆਂ ਭਿੰਨ ਭਿੰਨ ਦੱਸਦੀਆਂ  ਹਨ ਜਿਨ੍ਹਾਂ ਵਿੱਚ ਇਸ ਗੱਲ ਦੇ ਝਗੜੇ ਦਾ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਹਿੰਦੂਆਂ ਦਾ ਸੀ ਜਾਂ ਮੁਸਲਮਾਨਾਂ ਦਾ  ਫਿਰ ਕਿਸੇ ਨੇ ਇਹ ਨਹੀਂ ਦੱਸਿਆ ਕਿ ਜਿਹੜਾ ਗੁਰੂ ਨਾਨਕ ਕਹਿੰਦਾ ਸੀ ਕਿ 'ਨਾ ਮੈਂ ਹਿੰਦੂ ਨਾ  ਮੁਸਲਮਾਨ' ਉਸ ਦੇ ਸਿੱਖ  ਮੁਰੀਦਾਂ ਨੇ ਕੀ ਮੰਗਿਆ ਤੇ ਉਨ੍ਹਾਂ ਨੂੰ ਕੀ ਮਿਲਿਆ, ਇਸ ਗੱਲ ਦਾ ਹਿੰਦੂਆਂ ਤੇ ਮੁਸਲਮਾਨਾਂ ਦੇ ਚਾਦਰ ਪਾੜਨ ਵਾਲੇ ਝਗੜੇ ਵਿੱਚ ਕਿਤੇ ਜ਼ਿਕਰ ਨਹੀਂ ਆਉਂਦਾ ।
    ਗੁਰੂ ਨਾਨਕ ਨੇ ਹਿੰਦੂ ਮੁਸਲਮਾਨ ਤੋਂ ਵੱਖਰਾ ਵੀ ਤੀਸਰਾ ਪੰਥ ਚਲਾਇਆ, ਹਿੰਦੂ ਮੁਸਲਮਾਨ ਤੋਂ ਵੱਖਰੇ ਤੀਸਰੇ ਸੁਤੰਤਰ ਸਿੱਖ ਧਰਮ ਦੀ ਨੀਂਹ ਰੱਖੀ ਜਿਸ ਗੁਰੂ ਨਾਨਕ ਨੇ ਬਚਪਨ ਤੋਂ ਹੀ ਹਿੰਦੂ ਰਸਮਾਂ, ਸੰਸਕਾਰ ਤੇ ਰੀਤੀਆਂ ਨਾ ਅਪਣਾਈਆਂ ਤੇ ਨਾ ਹੀ ਮੁਸਲਮਾਨ ਧਰਮ ਦੀਆਂ ਰੀਤੀਆਂ ਅਪਣਾਈਆਂ 'ਫਿਰ ਹਿੰਦੂਆਂ ਵਲੋਂ ਅੱਧੀ ਚਾਦਰ ਦਾ ਸੰਸਕਾਰ ਕਰਨਾ ਤੇ ਮੁਸਲਮਾਨਾਂ ਵੱਲੋਂ ਅੱਧੀ ਚਾਦਰ ਦਾ ਦਫਨਾ ਦੇਣਾ ਵਿੱਚ ਕੋਈ ਸਚਾਈ ਨਜ਼ਰ ਨਹੀਂ ਆਉਂਦੀ । ਇਹ ਕੇਵਲ ਹਿੰਦੂ ਮਹਾਜਨਾਂ ਤੇ ਮੁਸਲਮਾਨਾਂ ਵਿੱਚ ਝਗੜਾ ਵਧਾਉਣ ਲਈ ਜਨਮ ਸਾਖੀਆਂ ਵਿੱਚ ਸਾਖੀ ਪਾਈ ਗਈ ਜਾਪਦੀ ਹੈ । ਗੁਰੂ ਸਾਹਿਬ ਦੇ ਅੰਗੀਠੇ ਤੇ ਇਕ ਸਮਾਧ ਬਣਾਈ ਗਈ ਸੀ ਜੋ ਰਾਵੀ ਦਰਿਆ ਨੇ ਰੋੜ੍ਹ ਦਿੱਤੀ । ਇਸੇ ਤਰ੍ਹਾਂ ਗੁਰੂ ਸਾਹਿਬ ਦੇ ਸਮੇਂ ਦਾ ਨਗਰ ਵੀ ਰਾਵੀ ਦਰਿਆ ਨੇ ਤਬਾਹ ਕਰ ਦਿੱਤਾ ਸੀ । ਹੁਣ ਉਸ ਨਗਰ ਦੀ ਥਾਂ ਕੇਵਲ ਕਰਤਾਰਪੁਰ ਨਾਂ ਦਾ ਗੁਰਦੁਆਰਾ ਹੀ ਹੈ  ਜੋ 1870 ਈ: ਵਿੱਚ ਮਹਾਰਾਜਾ ਪਟਿਆਲਾ ਤੇ ਹੋਰ ਸਿੱਖ ਸੰਗਤਾਂ ਨੇ ਰਾਵੀ ਦਰਿਆ ਨੂੰ ਬੰਨ੍ਹ ਲਾ ਕੇ ਬਣਾਇਆ ਸੀ।

   (ਹਵਾਲਾ ਜਨਮ ਸਾਖੀ ਪਰੰਪਰਾ ਇਤਿਹਾਸ ਦ੍ਰਿਸ਼ਟੀਕੋਨ ਤੋਂ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਜੀਵਨ ਚਰਿਤ੍ਰ ਗੁਰੂ ਨਾਨਕ ਦੇਵ ਜੀ, ਲੇਖਕ ਡਾ: ਤਰਲੋਚਨ ਸਿੰਘ ਪ੍ਰਕਾਸ਼ਕ ਦਿੱਲੀ ਸਿੱਖ ਗੁਰਦੁਆਰਾ ਬੋਰਡ)

 

ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ ਕਵੈਂਟਰੀ

ਮੋ:07989 927477