image caption: ਫੋਟੋ ਕੈਪਸ਼ਨ : ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ, ਬਾਬਾ ਜਸਪਾਲ ਸਿੰਘ ਬੱਦੋਵਾਲ, ਬਾਬਾ ਗੁਰਚਰਨ ਸਿੰਘ ਦੁੱਲਚੀਮਾਜਰਾ ਤੇ ਹਰਜੀਤ ਸਿੰਘ ਗਰੇਵਾਲ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਗੱਤਕਾ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਉਂਦੇ ਹੋਏ।

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਹੋਲੇ-ਮਹੱਲੇ ਮੌਕੇ ਵਿਰਸਾ ਸੰਭਾਲ ਗੱਤਕਾ ਕੱਪ -ਬੱਚਿਆਂ ਨੂੰ ਸਵੈ-ਰੱਖਿਆ ਲਈ ਵਿਰਾਸਤੀ ਖੇਡ 'ਚ ਵੱਧ ਤੋਂ ਵੱਧ ਭਾਗ ਲੈਣ ਲਈ ਕੀਤਾ ਪ੍ਰੇਰਿਤ

ਅਨੰਦਪੁਰ ਸਾਹਿਬ - ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਆਰੰਭੀ ਵਿਰਸਾ ਸੰਭਾਲ ਗੱਤਕਾ ਲੜੀ ਤਹਿਤ ਹੋਲੇ-ਮਹੱਲੇ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ 5ਵਾਂ ਵਿਰਸਾ ਸੰਭਾਲ ਹੋਲਾ ਮਹੱਲਾ ਗੱਤਕਾ ਕੱਪ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਸਮਾਪਤ ਹੋਇਆ ਜਿਸ ਵਿੱਚ ਵੱਖ-ਵੱਖ ਜਿਲ੍ਹਿਆਂ ਤੋਂ ਅੱਠ ਚੋਟੀ ਦੀਆਂ ਟੀਮਾਂ ਨੇ ਜੰਗਜੂ ਕਰਤਬ ਦਿਖਾਏ।
     ਇਸ ਮੌਕੇ ਸੰਬੋਧਨ ਕਰਦਿਆਂ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ, ਬਾਬਾ ਜਸਪਾਲ ਸਿੰਘ ਬੱਦੋਵਾਲ, ਬਾਬਾ ਗੁਰਚਰਨ ਸਿੰਘ ਦੁੱਲਚੀਮਾਜਰਾ ਅਤੇ ਸੰਤ ਬਾਬਾ ਬਖਸ਼ੀਸ ਸਿੰਘ ਚੱਕ ਮਾਹੋਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੱਤਕਾ ਗੁਰੂ ਸਾਹਿਬਾਨ ਵੱਲੋਂ ਵਰੋਸਾਈ ਵਿਰਾਸਤੀ ਯੁੱਧ ਕਲਾ ਹੈ ਅਤੇ ਸਵੈ-ਰੱਖਿਆ ਲਈ ਸਹਾਈ ਹੋਣ ਕਰਕੇ ਇਸ ਖੇਡ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਭਾਗ ਲੈਣਾ ਚਾਹੀਦਾ ਹੈ। ਸਮੂਹ ਮਹਾਂਪੁਰਸ਼ਾਂ ਨੇ ਦਿੱਲੀ ਵਾਸੀ ਨੌਜਵਾਨ ਵੱਲੋਂ ਸਿੱਖ ਵਿਰਾਸਤੀ ਖੇਡ ਗੱਤਕਾ ਕਲਾ ਨੂੰ ਟਰੇਡਮਾਰਕ ਕਾਨੂੰਨ ਤਹਿਤ ਪੇਟੈਂਟ ਕਰਵਾਉਣ ਦੀ ਸਖਤ ਨਿੰਦਾ ਕਰਦਿਆਂ ਇਸ ਧਾਰਮਿਕ ਮੁੱਦੇ 'ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਸਮੂਹ ਬੱਚਿਆਂ ਨੂੰ ਗੁਰਬਾਣੀ ਦੇ ਲੜ ਲੱਗਣ ਅਤੇ ਬਾਣੀ-ਬਾਣੇ ਦੇ ਧਾਰਨੀ ਬਣਨ ਦੀ ਪ੍ਰੇਰਿਤ ਕੀਤਾ ਅਤੇ ਸਮੂਹ ਟੀਮਾਂ ਨੂੰਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ।
    ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਐਸੋਸੀਏਸ਼ਨ ਵੱਲੋਂ ਗੱਤਕਾ ਖੇਡ ਲਈ ਕੀਤੀਆਂ ਪ੍ਰਾਪਤੀਆਂ ਬਾਰੇ ਵੇਰਵੇ ਦਿੰਦਿਆਂ ਖਿਡਾਰੀਆਂ ਨੂੰ ਐਸੋਸੀਏਸ਼ਨ ਦੀ ਪ੍ਰਚੱਲਤ ਗੱਤਕਾ ਨਿਯਮਾਂਵਲੀ ਅਨੁਸਾਰ ਹੀ ਸਿਖਲਾਈ ਲੈਣ ਅਤੇ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਵਿਸ਼ਵ ਗੱਤਕਾ ਫ਼ੈਡਰੇਸ਼ਨ ਤੇ ਏਸ਼ੀਅਨ ਗੱਤਕਾ ਫ਼ੈਡਰੇਸ਼ਨ ਦੀ ਅਗਵਾਈ ਹੇਠ ਗੱਤਕੇ ਨੂੰ ਉਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਇਆ ਜਾਵੇਗਾ।
     ਗੱਤਕਾ ਪ੍ਰਦਰਸ਼ਨੀ ਮੁਕਾਬਿਲਆਂ ਵਿੱਚ ਧੰਨ ਧੰਨ ਬਾਬਾ ਸ਼ਾਦੀ ਸਿੰਘ ਗੱਤਕਾ ਅਖਾੜਾ ਰੂਪਨਗਰ, ਖਾਲਸਾ ਮੀਰੀ-ਪੀਰੀ ਗੱਤਕਾ ਅਖਾੜਾ ਘਨੌਲੀ, ਖਾਲਸਾ ਖ਼ਾਸ ਗੱਤਕਾ ਅਖਾੜਾ ਸ਼ਾਹਬਾਦ ਮਾਰਕੰਡਾ, ਹਰਿਆਣਾ, ਦਸਮੇਸ਼ ਗੱਤਕਾ ਅਖਾੜਾ ਹਰਿਆਣਾ, ਤੱਤ ਖਾਲਸਾ ਗੱਤਕਾ ਗਰੁੱਪ ਕੋਟਲਾ ਨਿਹੰਗ ਖਾਂ, ਰੂਪਨਗਰ ਅਤੇ ਬਾਬਾ ਜੀਵਨ ਸਿੰਘ ਗੱਤਕਾ ਅਖਾੜਾ ਮੋਰਿੰਡਾ ਦੇ ਗੱਤਕੇਬਾਜ਼ਾਂ ਨੇ ਯੁਧਧ ਕਲਾ ਦੇ ਜੌਹਰ ਦਿਖਾਏ।
      ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਸ਼ੇਰ ਸਿੰਘ ਚੱਕ ਮਾਹੋਰਾਣਾ, ਅਮਰਜੀਤ ਸਿੰਘ ਵਾਲੀਆ ਅਨੰਦਪੁਰ ਸਾਹਿਬ, ਰਣਜੀਤ ਸਿੰਘ ਢਿੱਲੋਂ ਰੂਪਨਗਰ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ, ਗੱਤਕਾ ਐਸੋਸੀਏਸਨ ਪੰਜਾਬ ਦੇ ਜਨਰਲ ਸਕੱਤਰ ਉਦੇ ਸਿੰਘ ਸਰਹਿੰਦ, ਇਸਮਾ ਦੇ ਮੀਤ ਪ੍ਰਧਾਨ ਜਸਵੰਤ ਸਿੰਘ ਛਾਪਾ, ਕੋਆਰਡੀਨੇਟਰ ਯੋਗਰਾਜ ਸਿੰਘ, ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਪ੍ਰੈਸ ਸਕੱਤਰ ਹਰਜਿੰਦਰ ਕੁਮਾਰ, ਜ਼ਿਲ੍ਹਾ ਰੂਪਨਗਰ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਸੈਣੀ, ਗੁਰਵਿੰਦਰ ਸਿੰਘ ਕਾਕੂ, ਸਵਰਨ ਸਿੰਘ ਸਰਪੰਚ ਬਹਾਦਰਪੁਰ, ਦਰਸ਼ਨ ਸਿੰਘ ਲੋਧੀਮਾਜਰਾ, ਪਰਮਿੰਦਰ ਕੌਰ ਖਾਨਕਾ, ਭੁਪਿੰਦਰ ਸਿੰਘ ਮੁੰਡੀ ਖਰੜ, ਗੁਰਦੀਪ ਸਿੰਘ ਭਿਓਰਾ, ਪਰਮਿੰਦਰ ਸਿੰਘ ਮੁੰਡੀ ਖਰੜ ਆਦਿ ਵੀ ਹਾਜ਼ਰ ਸਨ।