image caption: ਰਜਿੰਦਰ ਸਿੰਘ ਪੁਰੇਵਾਲ

ਬਹੁਗਿਣਤੀ ਹਿੰਦੂ ਭਾਈਚਾਰਾ ਭਗਵੇਂਵਾਦੀ ਸਿਆਸਤ ਦਾ ਵਿਰੋਧੀ ਹੈ

      ਭਾਜਪਾ ਆਮ ਕਰਕੇ ਦਾਅਵਾ ਕਰਦੀ ਹੈ ਕਿ ਉਹ ਹਿੰਦੂ ਭਾਈਚਾਰੇ ਦੀ ਜਮਾਤ ਹੈ, ਇਹ ਇਕ ਵੱਡਾ ਝੂਠ ਹੈ। ਸੱਚ ਇਹ ਹੈ ਕਿ ਜਿੰਨੇ ਹਿੰਦੂ ਭਾਜਪਾ ਨੂੰ ਵੋਟ ਦਿੰਦੇ ਹਨ, ਉਸ ਵਿਚ ਜ਼ਿਆਦਾਤਰ ਹਿੰਦੂ ਭਾਜਪਾ ਦੇ ਖਿਲਾਫ਼ ਵੋਟ ਦਿੰਦੇ ਹਨ। ਅੰਕੜਿਆਂ ਵਲ ਝਾਤ ਮਾਰੋ ਤਾਂ ਭਾਰਤ ਦੀ ਆਬਾਦੀ ਬਾਰੇ ਕਿਹਾ ਜਾਂਦਾ ਹੈ ਕਿ ਇਸ ਵਿਚ 80% ਹਿੰਦੂ ਹਨ। ਪਰ ਅਸਲ ਵਿਚ ਇਹ 15% ਹਨ, ਪਰ ਸ਼ੂਦਰਾਂ, ਪੱਛੜਿਆਂ ਤੇ ਕਬੀਲਿਆਂ ਨੂੰ ਮਿਲਾ ਕੇ ਇਹ 80% ਬਣ ਜਾਂਦੇ ਹਨ। ਭਾਰਤੀ ਸੰਵਿਧਾਨ ਵਿਚ ਬਾਬਾ ਸਾਹਿਬ ਅੰਬੇਡਕਰ ਨੇ ਦਲਿਤਾਂ ਤੇ ਪੱਛੜਿਆਂ ਨੂੰ ਹਿੰਦੂ ਨਹੀਂ ਗਿਣਿਆ। ਉਹਨਾਂ ਨੂੰ ਐਸ ਸੀ / ਐਸ ਟੀ ਕਿਹਾ ਹੈ। ਇਹ ਵੱਖਰੀ ਬਹਿਸ ਦਾ ਮੁੱਦਾ ਹੈ। ਚੋਣ ਕਮਿਸ਼ਨ ਦੇ ਮੁਤਾਬਕ 2014 ਦੇ ਦੌਰਾਨ ਲੋਕ ਸਭਾ ਚੋਣ ਵਿਚ ਕੁਲ 54 ਕਰੋੜ ਲੋਕਾਂ ਨੇ ਵੋਟ ਪਾਈ। ਵੋਟ ਪਾਉਣ ਵਾਲਿਆਂ ਵਿਚ ਵੀ ਹਿੰਦੂ ਭਾਈਚਾਰੇ ਦਾ 80% ਅਨੁਪਾਤ ਮੰਨਦੇ ਹੋਏ ਕਿਹਾ ਜਾ ਸਕਦਾ ਹੈ ਕਿ 2014 ਦੌਰਾਨ ਕੁੱਲ 43 ਕਰੋੜ ਹਿੰਦੂ ਭਾਈਚਾਰੇ ਨੇ ਵੋਟ ਪਾਈ ਸੀ। ਤੁਹਾਨੂੰ ਯਾਦ ਕਰਵਾ ਦੇਈਏ ਕਿ ਉਸ ਚੋਣ ਦੌਰਾਨ ਭਾਜਪਾ ਨੂੰ 31% ਵੋਟ ਮਿਲੇ ਸਨ ਤੇ ਉਹਨਾਂ ਦੇ ਸਹਿਯੋਗੀ ਦਲਾਂ ਨੂੰ 7.5% ਮਿਲੇ ਸਨ। 

      ਅਰਥਾਤ ਐਨਡੀਏ ਨੂੰ ਕੁੱਲ 38.5% ਵੋਟ ਮਿਲੇ ਸਨ। ਬਾਕੀ ਵੋਟ 62% ਭਾਜਪਾ ਦੇ ਖਾਤੇ ਵਿਚ ਨਹੀਂ ਪਏ। 43 ਕਰੋੜ ਹਿੰਦੂ ਭਾਈਚਾਰੇ ਵਿਚੋਂ ਸਿਰਫ਼ 21 ਕਰੋੜ ਹਿੰਦੂ ਭਾਈਚਾਰੇ ਨੇ ਐਨਡੀਏ ਨੂੰ ਵੋਟ ਦਿੱਤਾ। ਅਰਥਾਤ 22 ਕਰੋੜ ਹਿੰਦੂ ਭਾਈਚਾਰੇ ਨੇ ਐਨਡੀਏ ਦੇ ਖਿਲਾਫ਼ ਵੋਟ ਦਿੱਤਾ। ਅੱਧੇ ਤੋਂ ਜ਼ਿਆਦਾ ਹਿੰਦੂ ਭਾਈਚਾਰੇ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਤੇ ਉਹਨਾਂ ਸਹਿਯੋਗੀ ਦਲਾਂ ਨੂੰ ਵੋਟ ਨਹੀਂ ਦਿੱਤਾ। ਭਾਜਪਾ ਨੂੰ 31% ਦੇ ਹਿਸਾਬ ਨਾਲ ਸਿਰਫ 17 ਕਰੋੜ ਵੋਟ ਮਿਲੇ ਸਨ। ਅਰਥਾਤ 43 ਕਰੋੜ ਹਿੰਦੂਆਂ ਵਿਚੋਂ 26 ਕਰੋੜ ਹਿੰਦੂਆਂ ਨੇ ਭਾਜਪਾ ਨੂੰ ਵੋਟ ਨਹੀਂ ਦਿੱਤਾ ਸੀ। ਭਾਜਪਾ ਨੂੰ ਵੋਟ ਦੇਣ ਵਾਲੇ ਹਿੰਦੂਆਂ ਦੀ ਸੰਖਿਆ ਹੋਰ ਘੱਟ ਹੋ ਜਾਂਦੀ ਹੈ, ਜੇਕਰ ਭਾਜਪਾ ਨੂੰ ਮਹਾਂਰਾਸ਼ਟਰ ਵਿਚ ਸ਼ਿਵ ਸੈਨਾ ਦਾ, ਬਿਹਾਰ ਵਿਚ ਲੋਕ ਜਨ ਸ਼ਕਤੀ ਪਾਰਟੀ ਦਾ, ਆਂਧਰਾ ਪ੍ਰਦੇਸ਼ ਵਿਚ ਤੇਲਗੂ ਦੇਸ਼ਮ ਦਾ ਤੇ ਹੋਰ ਛੋਟੀਆਂ ਪਾਰਟੀਆਂ ਜਿਵੇਂ ਉੱਤਰ ਪ੍ਰਦੇਸ਼ ਵਿਚ ਆਪਣੇ ਦਲ ਦਾ ਸਮਰਥਨ ਪ੍ਰਾਪਤ ਨਾ ਹੁੰਦਾ। ਜਦ ਕਾਂਗਰਸ ਦੀ ਯੂਪੀਏ ਸਰਕਾਰ ਦਸ ਸਾਲ ਸੱਤਾ ਵਿਚ ਸੀ ਤਾਂ ਬਹੁਤ ਸਾਰੇ ਘੁਟਾਲਿਆਂ ਤੇ ਦੋਸ਼ਾਂ ਵਿਚ ਘਿਰੇ ਹੋਣ ਕਾਰਨ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਸੀ। ਉਸ ਸਮੇਂ ਹਿੰਦੂਤਵੀ ਸਮਰਾਟ ਨਰਿੰਦਰ ਮੋਦੀ ਚਮਕਾਇਆ ਗਿਆ। ਭਾਰਤ ਵਿਚ ਦੋ ਹੀ ਪ੍ਰਮੁੱਖ ਪਾਰਟੀਆਂ ਸਨ ਕਾਂਗਰਸ ਤੇ ਭਾਜਪਾ। ਇਸ ਲਈ ਭਾਜਪਾ ਨੂੰ ਹੀ ਸਮਰਥਨ ਮਿਲਣਾ ਸੀ।
 ਜੇ ਭਾਜਪਾ ਨੂੰ ਸੱਚਮੁੱਚ ਹਿੰਦੂ ਭਾਈਚਾਰੇ ਦਾ ਬਹੁਮਤ ਪ੍ਰਾਪਤ ਹੁੰਦਾ ਤਾਂ ਲੋਕ ਸਭਾ ਦੀਆਂ 99% ਸੀਟਾਂ ਉਸ ਦੀ ਝੋਲੀ ਵਿਚ ਡਿੱਗਦੀਆਂ। ਪਰ 2014 ਵਿਚ ਲੋਕ ਸਭਾ ਦੀਆਂ 543 ਸੀਟਾਂ ਵਿਚੋਂ ਕੁੱਲ 336 ਸੀਟਾਂ ਹੀ ਮਿਲੀਆਂ ਸਨ। ਇਸ ਦਾ ਮਤਲਬ ਹੈ ਕਿ 200 ਤੋਂ ਜ਼ਿਆਦਾ ਹਿੰਦੂ ਹਲਕੇ ਵਾਲੀਆਂ ਸੀਟਾਂ ਮੋਦੀ ਗੱਠਜੋੜ ਹਾਰ ਗਿਆ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 2014 ਦੌਰਾਨ ਚੋਣ ਵਿਚ ਭਾਜਪਾ ਨੇ 428 ਸੀਟਾਂ 'ਤੇ ਚੋਣ ਲੜੀ ਜਿਸ ਵਿਚੋਂ 146 ਸੀਟਾਂ 'ਤੇ ਹਾਰ ਗਈ। ਜਾਹਿਰ ਹੈ ਕਿ ਸਾਰੀਆਂ ਸੀਟਾਂ 'ਤੇ ਹਿੰਦੂ ਭਾਈਚਾਰੇ ਦਾ ਬੋਲਬਾਲਾ ਸੀ।

    ਪਰ ਹੁਣ ਚੋਣਾਂ ਵਿਚ ਹਿੰਦੂ ਵੋਟਰਾਂ ਨੇ ਭਾਜਪਾ ਦੇ ਇਸ ਦਾਅਵੇ ਨੂੰ ਤਹਿਸ ਨਹਿਸ ਕਰ ਦਿੱਤਾ ਕਿ ਉਹ ਹਿੰਦੂ ਪਾਰਟੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਚਾਰ ਮਹੀਨੇ ਪਹਿਲੇ ਮੱਧ ਪ੍ਰਦੇਸ਼, ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਹੋਈਆਂ ਸਨ। ਇਹਨਾਂ ਦੋਨਾਂ ਰਾਜਾਂ ਵਿਚ ਹਿੰਦੂਆਂ ਦੀ ਸੰਖਿਆ ਦਾ ਅਨੁਪਾਤ ਭਾਰਤ ਦੇ ਔਸਤ ਤੋਂ ਜ਼ਿਆਦਾ 90% ਹੈ। ਅਰਥਾਤ ਇੱਥੋਂ ਦਸ ਵਿਚੋਂ 9 ਵੋਟਰ ਹਿੰਦੂ ਹਨ। ਇਸ ਦੇ ਬਾਵਜੂਦ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹਿੰਦੂਆਂ ਨੇ ਕਾਂਗਰਸ ਨੂੰ ਵੋਟ ਦਿੱਤਾ। ਜਿਸ ਦੇ ਕਾਰਨ ਕਾਂਗਰਸ ਦਾ ਵੋਟ ਸ਼ੇਅਰ 2013 ਦੇ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ 5 ਤੋਂ 6% ਵਧਿਆ। ਇਹਨਾਂ ਦੋਨਾਂ ਰਾਜਾਂ ਵਿਚ 2013 ਦੇ ਮੁਕਾਬਲੇ ਘੱਟ ਹਿੰਦੂਆਂ ਨੇ ਇਸ ਵਾਰ ਭਾਜਪਾ ਨੂੰ ਵੋਟ ਦਿੱਤਾ। ਰਾਜਸਥਾਨ ਵਿਚ ਭਾਜਪਾ ਦਾ ਵੋਟ ਸ਼ੇਅਰ 7% ਡਿਗਿਆ ਤੇ ਮੱਧ ਪ੍ਰਦੇਸ਼ ਵਿਚ 3%। ਇਹ ਸਭ ਕੁਝ ਇਸ ਲਈ ਵਾਪਰਿਆ ਕਿਉਂਕਿ ਮੋਦੀ ਸਰਕਾਰ ਲੋਕਾਂ ਦੇ ਵਾਅਦੇ ਪੂਰੇ ਨਹੀਂ ਕਰ ਸਕੀ। ਲੋਕਾਂ ਦਾ ਹਿੰਦੂਤਵ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਸ਼ਾਂਤੀ ਤੇ ਵਿਕਾਸ ਚਾਹੁੰਦੇ ਹਨ। ਹਰੇਕ ਸਰਕਾਰ ਦਾ ਪੈਮਾਨਾ ਇਨਸਾਫ਼, ਸ਼ਾਂਤੀ, ਵਿਕਾਸ ਤੇ ਭ੍ਰਿਸ਼ਟਾਚਾਰ ਤੋਂ ਰਹਿਤ ਰਾਜ ਹੁੰਦਾ ਹੈ। ਪਰ ਮੋਦੀ ਸਰਕਾਰ ਇਸ ਪੈਮਾਨੇ ਤੋਂ ਉਲਟ ਚੱਲ ਰਹੀ ਹੈ। ਇਸ ਲਈ ਉਸ ਨੂੰ ਭਗਵੇਂ ਰਾਸ਼ਟਰਵਾਦ ਦੀ ਲੋੜ ਪੈ ਰਹੀ ਹੈ, ਪਰ ਇਹ ਭਾਜਪਾ ਦੀ ਸਿਆਸੀ ਬੇੜੀ ਨੂੰ ਡੋਬ ਦੇਵੇਗਾ।

ਰਜਿੰਦਰ ਸਿੰਘ ਪੁਰੇਵਾਲ