image caption: ਲੇਖਕ - ਸ਼ੰਗਾਰਾ ਸਿੰਘ ਭੁੱਲਰ

ਸੋਸ਼ਲ ਮੀਡੀਆ ਅਤੇ ਟੀ।ਵੀ। ਚੈਨਲਾਂ 'ਤੇ ਕੂੜ ਕਬਾੜ ਨੂੰ ਠੱਲ੍ਹਣ ਦਾ ਸਮਾਂ

    ਪਿਛਲੇ ਕੁਝ ਕੁ ਸਾਲਾਂ ਤੋਂ ਇਕ ਪਾਸੇ ਸੋਸ਼ਲ ਮੀਡੀਆ ਅਤੇ ਦੂਜੇ ਪਾਸੇ ਇਸ ਤੋਂ ਕਾਫੀ ਸਮਾਂ ਪਹਿਲਾਂ ਸ਼ੁਰੂ ਹੋਏ ਟੀ.ਵੀ. ਚੈਨਲਾਂ ਨੇ ਆਪਣੀ ਟੀ.ਆਰ.ਪੀ. ਵਧਾਉਣ ਲਈ ਜਿਸ ਤਰ੍ਹਾਂ ਦੇ ਹੱਥਕੰਡੇ ਸ਼ੁਰੂ ਕੀਤੇ ਹਨ, ਇਸ ਸਭ ਨੇ ਸੂਝਵਾਨ ਲੋਕਾਂ ਨੂੰ ਬੜਾ ਚਿੰਤਤ ਕਰ ਦਿਤਾ ਹੈ ਅਤੇ ਸੋਚਣ 'ਤੇ ਲਾ ਦਿੱਤਾ ਹੈ ਕਿ ਆਖਰ ਇਸ ਦਾ ਹੱਲ ਕੀ ਹੋਵੇਗਾ ਸੋਸ਼ਲ ਮੀਡੀਆ 'ਤੇ ਜਿਸ ਤਰ੍ਹਾਂ ਕੂੜ ਕਬਾੜ ਅਤੇ ਇਕ ਹੱਦ ਨੰਗੇਜ਼ ਤੇ ਝੂਠ ਸੱਚ ਨੂੰ ਪੇਸ਼ ਕੀਤਾ ਜਾ ਰਿਹਾ ਹੈ ਇਸ ਨਾਲ ਚੰਗੇ ਭਲੇ ਪਰਿਵਾਰ ਵੀ ਇਸ ਤੋਂ ਤ੍ਰਭਕਣ ਲੱਗੇ ਹਨ। ਕੋਈ ਪਤਾ ਨਹੀਂ ਕਦੋਂ ਕਿਸ ਨੇ ਕਿਸੇ ਚੰਗੇ ਭਲੇ ਆਦਮੀ ਦੀ ਪੱਤ ਮਿੱਟੀ ਵਿੱਚ ਰੋਲ ਛੱਡਣੀ ਹੈ। ਦੂਜੇ ਪਾਸੇ ਟੀ।ਵੀ। ਚੈਨਲਾਂ ਨੇ ਸਮਾਜ ਨੂੰ ਕੋਈ ਨਵੀਂ ਸੇਧ ਦੇਣ ਵਾਲੇ ਲੜੀਵਾਰ ਤਾਂ ਘੱਟ ਵੱਧ ਹੀ ਪੇਸ਼ ਕੀਤੇ ਹੋਣਗੇ, ਸਗੋਂ ਨੰਗੇਜ਼ ਅਤੇ ਅੰਧਵਿਸ਼ਵਾਸੀ ਸੀਰੀਅਲਾਂ ਨੂੰ ਪੇਸ਼ ਕਰਕੇ ਪਰਿਵਾਰਾਂ ਨੂੰ ਚੈਨਲ ਬੰਦ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਖਬਰਾਂ ਪੱਖੋਂ ਤਾਂ ਇਨ੍ਹਾਂ ਚੈਨਲਾਂ ਨੇ ਮਹਿਜ਼ ਦੌੜ ਵਿੱਚ ਅਵੱਲ ਰਹਿਣ ਦੀ ਖਾਤਰ ਹੋਲੀ ਹੋਲੀ ਆਪਣੀ ਭਰੋਸੇਯੋਗਤਾ ਹੀ ਗੁਆ ਲਈ ਹੈ। ਇਸ ਦੇ ਟਾਕਰੇ 'ਤੇ ਪ੍ਰਿੰਟ ਮੀਡੀਆ ਦੀ ਭਰੋਸੇਯੋਗਤਾ ਅਜੇ ਵੀ ਬਣੀ ਹੋਈ ਹੈ ਕਿਉਂਕਿ ਇਸ ਨੇ ਸਵੇਰੇ ਲੋਕਾਂ ਦੇ ਹੱਥਾਂ ਵਿੱਚ ਪਹੁੰਚਣਾ ਹੈ ਅਤੇ ਇਸ ਲਈ ਜਵਾਬਦੇਹੀ ਵੀ ਹੈ। ਟੀ।ਵੀ। ਚੈਨਲਾਂ ਲਈ ਤਾਂ ਲਗਦੈ ਕਿਸੇ ਦੀ ਜਵਾਬਦੇਹੀ ਹੈ ਹੀ ਨਹੀਂ ਜੋ ਸਿਰੇ ਦਾ ਨੰਗੇਜ਼, ਅੰਧ-ਵਿਸ਼ਵਾਸ ਅਤੇ ਅੱਖਾਂ ਵਿੱਚ ਘੱਟਾ ਪਾਉਣ ਵਾਲੇ ਦ੍ਰਿਸ਼ ਬਿਨਾ ਹਿੱਚਕਿਚਾਹਟ ਪੇਸ਼ ਕਰ ਰਹੇ ਹਨ। ਲੱਗਦਾ ਕਿ ਸਰਕਾਰ ਨੂੰ ਵੀ ਇਸ ਦੀ ਕੋਈ ਪ੍ਰਵਾਹ ਨਹੀਂ ਜਾਂ ਸਰਕਾਰ ਜਾਣਬੁੱਝ ਕੇ ਇਸ 'ਤੇ ਕੰਟਰੋਲ ਹੀ ਨਹੀਂ ਕਰਨਾ ਚਾਹੁੰਦੀ, ਕਿਉਂਕਿ ਉਹ ਅੱਗੋਂ ਇਸ਼ਤਿਹਾਰਾਂ ਰਾਹੀਂ ਇਨ੍ਹਾਂ ਦਾ ਮੂੰਹ ਬੰਦ ਕਰਕੇ ਆਪਣੀ ਮਨਮਰਜ਼ੀ ਦਾ ਰੱਜਵਾਂ ਪ੍ਰਚਾਰ ਕਰਵਾ ਰਹੀ ਹੈ। ਨਿੱਜੀ ਚੈਨਲ ਤਾਂ ਗਏ ਗੁਜ਼ਰੇ ਹਨ ਹੀ ਸਰਕਾਰੀ ਚੈਨਲ ਇਨ੍ਹਾਂ ਨਾਲੋਂ ਵੀ ਵੱਧ ਨਿਵਾਣਾਂ ਛੋਹ ਚੁੱਕੇ ਹਨ। ਕਿਸੇ ਥਾਂ 'ਤੇ ਵੀ 135 ਕਰੋੜ ਭਾਰਤੀਆਂ ਦੇ ਪਜਵਲੰਤ ਮੁੱਦਿਆਂ ਦੀ ਗੱਲ ਨਹੀਂ ਛੇੜੀ ਜਾ ਰਹੀ। ਲੱਗਦਾ ਸਿਆਸਤਦਾਨ ਅਤੇ ਚੈਨਲ ਵੀ ਲੋਕ ਮੁੱਦਿਆਂ ਨੂੰ ਭੁੱਲ ਭੁਲਾ ਗਏ ਹਨ ਅਤੇ ਉਹ ਆਪਣੀ ਕੁਰਸੀ ਸਹੀ ਸਲਾਮਤ ਰੱਖਣ ਲਈ ਇਨ੍ਹਾਂ ਦੀ ਪੂਰੀ ਓਟ ਲੈਂਦੇ ਹਨ।


    ਇਹ ਅੰਨਾ ਮੋੜ ਏਨੀ ਛੇਤੀ ਕਿਉਂ ਆਇਆ ਹੈ ਆਓ ਇਸ 'ਤੇ ਚਰਚਾ ਕਰਦੇ ਹਾਂ। ਮਹਿਜ਼ ਸੱਤਰਵਿਆਂ ਵਿੱਚ ਦਿੱਲੀ ਦੂਰਦਰਸ਼ਨ ਸ਼ੁਰੂ ਹੋਇਆ ਅਤੇ ਇਸ ਤੋਂ ਬਾਅਦ ਹੋਲੀ ਹੋਲੀ ਦੇਸ਼ ਦੇ ਦੂਜੇ ਸੂਬਿਆਂ 'ਚ ਇਸ ਦੀਆਂ ਸ਼ਾਖਾਵਾਂ ਖੁੱਲ੍ਹੀਆਂ। ਭਾਰਤ ਲਈ ਇਹ ਨਵਾਂ ਤਜਰਬਾ ਸੀ ਇਸ ਲਈ ਇਸ ਨੂੰ ਵਿਸ਼ਾਲ ਬੁਨਿਆਦੀ ਢਾਂਚੇ ਦੀ ਜ਼ਰੂਰਤ ਸੀ। ਇਸ ਨੂੰ ਉਸਾਰਨ ਵਿੱਚ ਸਮਾਂ ਲੱਗਣਾ ਹੀ ਸੀ। ਲੋਕਾਂ ਕੋਲ ਮਨੋਰੰਜਨ ਦਾ ਸਾਧਨ ਕੇਵਲ ਰੇਡਿਓ ਹੀ ਸੀ ਅਤੇ ਬਹੁਤੀ ਥਾਈਂ ਉਹ ਵੀ ਉਪਲਬੱਧ ਨਹੀਂ ਸੀ। ਫਿਰ ਵੀ ਵਿਕਾਸ ਦੀ ਦੌੜ ਵਿੱਚ ਪੈਰ ਰੱਖ ਕੇ ਇਹ ਸਾਧਨ ਪੈਦਾ ਕਰਨੇ ਜ਼ਰੂਰੀ ਸਨ। ਜਦੋਂ ਦਿੱਲੀ ਦੂਰਦਰਸ਼ਨ ਸ਼ੁਰੂ ਹੋਇਆ ਇਕ ਤਾਂ ਇਹ 24 ਘੰਟੇ ਨਹੀਂ ਸੀ ਚਲਦਾ, ਦੂਜਾ ਖਬਰਾਂ ਅਤੇ ਛੋਟੀਆਂ ਮੋਟੀਆਂ ਕੁਝ ਬਹਿਸਾਂ ਤੇ ਸਾਹਿਤਕ ਪ੍ਰੋਗਰਾਮਾਂ ਤੋਂ ਬਿਨਾਂ ਮਹਾਂਭਾਰਤ ਅਤੇ ਰਮਾਇਣ, ਹਮ ਲੋਗ ਵਰਗੇ ਸੀਰੀਅਲ ਸ਼ੁਰੂ ਹੋਏ। ਟੀ।ਵੀ। ਖਰੀਦਣਾ ਵੀ ਹਰ ਘਰ ਦੀ ਪੁੱਜਤ ਨਹੀਂ ਸੀ। ਉਪਰੋਕਤ ਸੀਰੀਅਲਾਂ ਦੇ ਸ਼ੁਰੂ ਹੋਣ ਵੇਲੇ ਜਿਸ ਘਰ ਟੀ.ਵੀ. ਹੁੰਦਾ ਦੇ ਨੇੜੇ ਤੇੜੇ ਦੇ ਲੋਕ ਉਥੇ ਵੱਡੀ ਗਿਣਤੀ ਵਿੱਚ ਪਹੁੰਚ ਜਾਂਦੇ। ਸ਼ਹਿਰਾਂ ਦੇ ਕੁਝ ਰੱਜਦੇ ਪੁੱਜਦੇ ਪਰਿਵਾਰਾਂ ਨੂੰ ਲਲਕ ਹੋਣ ਲੱਗੀ ਕਿ ਜਿਵੇਂ ਬਾਹਰਲੇ ਮੁਲਕਾਂ ਵਿੱਚ ਟੀ।ਵੀ। ਚੈਨਲ 24 ਘੰਟੇ ਚੱਲਦੇ ਹਨ ਅਤੇ ਵੱਖ ਵੱਖ ਪ੍ਰੋਗਰਾਮ ਪੇਸ਼ ਹੁੰਦੇ ਹਨ, ਇਸੇ ਤਰ੍ਹਾਂ ਦੇ ਹਿੰਦੋਸਤਾਨ ਵਿੱਚ ਕਿਉਂ ਨਹੀਂ ਅਸਲ ਵਿੱਚ ਉਹ 24 ਘੰਟਿਆਂ ਨੂੰ ਆਪਣੇ ਹੱਥ ਵਿੱਚ ਫੜੇ ਰਿਮੋਟ ਕੰਟਰੋਲ ਨਾਲ ਚਲਾਉਣਾ ਚਾਹੁੰਦੇ ਸਨ।

    ਉਹ ਸਮਾਂ ਆਉਂਦਿਆਂ ਬਹੁਤ ਵਕਤ ਨਹੀਂ ਲੱਗਾ, ਹਾਲਾਂਕਿ ਇਹ ਉਹ ਸਮਾਂ ਸੀ ਜਦੋਂ ਜਰਮਨੀ ਵਰਗੇ ਵਿਕਸਤ ਦੇਸ਼ ਦੇ ਲੋਕਾਂ ਵੱਲੋਂ 24 ਘੰਟੇ ਚਲਣ ਵਾਲੇ ਟੀ।ਵੀ। ਪ੍ਰੋਗਰਾਮ ਉੱਤੇ ਪਾਬੰਦੀ ਲਾਉਣ ਦੀ ਜ਼ੋਰਦਾਰ ਮੰਗ ਆਰੰਭੀ ਗਈ ਅਤੇ ਇਸ ਵਿੱਚ ਉਹ ਕਾਮਯਾਬ ਵੀ ਹੋਏ। ਇਨ੍ਹਾਂ ਲੋਕਾਂ ਦੀ ਦਲੀਲ ਇਹ ਸੀ ਕਿ ਇਕ ਤਾਂ ਚੌਵੀ ਘੰਟੇ ਚੱਲਣ ਵਾਲੇ ਪ੍ਰੋਗਰਾਮ ਖਾਸ ਕਰਕੇ ਬੱਚਿਆਂ ਉੱਤੇ ਮਾੜਾ ਅਸਰ ਪਾਉਣ ਵਾਲੇ ਪ੍ਰੋਗਰਾਮ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਹਨ। ਉਹ ਪੜ੍ਹਾਈ ਵੱਲ ਧਿਆਨ ਹੀ ਨਹੀਂ ਦਿੰਦੇ ਅਤੇ ਵੱਧ ਤੋਂ ਵੱਧ ਸਮਾਂ ਟੀ।ਵੀ। ਵਿੱਚ ਸਿਰ ਦੇਈ ਰੱਖਦੇ ਹਨ। ਜਾਪਦੈ ਉਹ ਸਮਾਂ ਹੁਣ ਭਾਰਤ ਵਿੱਚ ਵੀ ਆ ਗਿਆ ਹੈ। ਬੱਚਿਆਂ ਦੇ ਇਸ ਵਤੀਰੇ ਤੋਂ ਮਾਪੇ ਬਹੁਤ ਦੁੱਖੀ ਹਨ। ਦੋ ਸਾਲ ਦਾ ਬੱਚਾ ਰਿਮੋਟ ਲੈ ਕੇ ਟੀ.ਵੀ. ਅੱਗੇ ਬੈਠ ਬਟਨ ਬਦਲਣ ਲੱਗਦਾ ਹੈ। ਰਹਿੰਦੀ ਖੂੰਹਦੀ ਕਸਰ ਸੋਸ਼ਲ ਮੀਡੀਆ ਨੇ ਪੂਰੀ ਕਰ ਦਿੱਤੀ ਹੈ। ਭਲੇ ਹੀ ਇਸ ਵਿੱਚ ਕੁਝ ਕੰਮ ਦੀਆਂ ਗੱਲਾਂ ਵੀ ਹੁੰਦੀਆਂ ਹਨ, ਬਹੁਤੀਆਂ ਗੱਲਾਂ ਆਪਣੇ ਮਤਲਬ ਦੀਆਂ ਨਹੀਂ ਹੁੰਦੀਆਂ। ਇਸ ਵਿੱਚਲੀਆਂ ਅਸ਼ਲੀਲ ਵੀਡੀਓ ਅਤੇ ਤਸਵੀਰਾਂ ਅਤੇ ਕਈ ਵਾਰ ਇਬਾਰਤਾਂ ਵੀ ਬੱਚਿਆਂ ਅਤੇ ਯੁਵਕ ਪੀੜੀ ਖਾਸ ਕਰਕੇ ਲੜਕੀਆਂ ਉੱਤੇ ਬਹੁਤ ਬੁਰਾ ਪ੍ਰ੍ਰ੍ਰ੍ਰ੍ਰ੍ਰ੍ਰ੍ਭਾਵ ਪਾਉਂਦੀਆਂ ਹਨ।


     ਮੋਟੇ ਤੌਰ 'ਤੇ ਭਾਰਤ ਦੇ ਹਰ ਘਰ ਵਿੱਚ ਮੋਬਾਈਲ ਵੱਖਰੇਂਵੇ ਦਾ ਕਾਰਨ ਬਣਨ ਲੱਗੇ ਹਨ। ਕੀ ਛੋਟਾ ਕੀ ਵੱਡਾ ਕੀ ਬੱਚਾ ਕੀ ਬਜ਼ੁਰਗ ਅਤੇ ਕੀ ਔਰਤ ਅਤੇ ਲੜਕਾ ਲੜਕੀ ਹਰੇਕ ਦੇ ਹੱਥ ਵਿੱੱਚ ਮੋਬਾਈਲ ਹੈ। ਘਰਾਂ ਵਿੱਚ ਕੰਮ ਕਰਨ ਵਾਲੀਆਂ ਨੌਕਰਾਣੀਆਂ ਕੋਲ ਵੀ ਮਹਿੰਗੇ ਤੋਂ ਮਹਿੰਗੇ ਮੋਬਾਈਲ ਫੋਨ ਹਨ। ਰਿਕਸ਼ਾ ਚਲਾਉਣ ਅਤੇ ਰੇਹੜੀ 'ਤੇ ਸਬਜ਼ੀਆਂ ਫੱਲ ਵੇਚਣ ਵਾਲੇ ਦੁਕਾਨਦਾਰਾਂ ਕੋਲ ਵੀ। ਇਕ ਰਿਪੋਰਟ ਮੁਤਾਬਕ ਭਾਰਤ ਦੀ ਜਿੰਨੀ ਆਬਾਦੀ ਹੈ ਉਸ ਤੋਂ ਵੱਧ ਇਥੇ ਲੋਕਾਂ ਕੋਲ ਮੋਬਾਈਲ ਫੋਨ ਹਨ। ਕਈਆਂ ਕੋਲ ਦੋ-ਦੋ ਤਿੰਨ-ਤਿੰਨ ਵੀ। ਕੌੜਾ ਸੱਚ ਇਹ ਵੀ ਕਿ ਅੱਸੀਵਿਆਂ ਨੱਬੇਵਿਆਂ ਤੱਕ ਘਰ ਵਿੱਚ ਟੈਲੀਫੋਨ ਹੋਣਾ ਇਕ ਸਟੇਟਸ ਸੀ। ਮੋਬਾਈਲ ਤਾਂ ਨਬੇਵਿਆਂ ਤੋਂ ਰਤਾ ਪਿੱਛੇ ਸ਼ੁਰੂ ਹੋਇਆ। ਇਸ ਮੋਬਾਈਲ ਨੇ ਹਰ ਵੱਡੇ ਛੋਟੇ ਨੂੰ ਆਪਣੇ ਕੰਮ ਲਾ ਦਿੱਤਾ ਹੈ ਅਤੇ ਉਸ ਨੂੰ ਨਾਲ ਬੈਠੇ ਮਾਂ ਪਿਓ, ਭੈਣ ਭਰਾ ਜਾਂ ਹੋਰ ਕਿਸੇ ਰਿਸ਼ਤੇਦਾਰ ਦਾ ਵੀ ਅਹਿਸਾਸ ਨਹੀਂ ਰਹਿਣ ਦਿੱਤਾ। ਕੀ ਘਰ ਕੀ ਬਾਹਰ, ਰੇਲ ਗੱਡੀਆਂ, ਬੱਸਾਂ, ਹਵਾਈ ਜਹਾਜ਼, ਸਿਨੇਮਾਂ ਜਾਂ ਹੋਰ ਥਾਂਵਾਂ 'ਤੇ ਹਰ ਕੋਈ ਮੋਬਾਈਲ ਵਿੱਚ ਸਿਰ ਦੇਈ ਬੈਠਾ ਹੈ। ਚਿੱਠੀਆਂ ਦਾ ਯੁੱਗ ਤਾਂ ਪਹਿਲਾਂ ਹੀ ਸਮਾਪਤ ਹੋ ਗਿਆ ਸੀ ਹੁਣ ਟੈਲੀਫੋਨ 'ਤੇ ਗੱਲ ਕਰਨਾ ਵੀ ਲਗਪਗ ਖਤਮ, ਸਭ ਕੁਝ ਵਟਸਐੱਪ, ਫੇਸਬੁੱਕ, ਇੰਸਟਾਗਾਮ ਅਤੇ ਯੂ ਟਿਊਬ 'ਤੇ। ਜੋ ਕੁਝ ਇਨ੍ਹਾਂ ਸਭ 'ਤੇ ਪਰੋਸਿਆ ਜਾ ਰਿਹਾ ਹੈ ਉਸ ਨੂੰ ਵੇਖ ਕੇ ਕਈ ਵਾਰੀ ਬੜੀ ਕੋਫ਼ਤ ਹੁੰਦੀ ਹੈ। ਕੋਈ ਨਵੀਂ ਕਾਢ, ਖੋਜ ਹੁੰਦੀ ਤਾਂ ਸਮਾਜ ਦੇ ਭਲੇ ਲਈ ਹੈ ਅਤੇ ਇਨ੍ਹਾਂ ਟੀ।ਵੀ। ਚੈਨਲਾਂ ਅਤੇ ਸੋਸ਼ਲ ਮੀਡੀਆ ਨੇ ਸਾਡਾ ਸਵਾਰਿਆ ਘੱਟ ਹੈ ਵਿਗਾੜ ਜ਼ਿਆਦਾ ਰਿਹਾ ਹੈ। ਜਿਸ ਤਰ੍ਹਾਂ ਦੀ ਖੁੱਲ੍ਹ ਟੀ।ਵੀ। ਚੈਨਲਾਂ 'ਤੇ ਦਿਖਾਈ ਜਾ ਰਹੀ ਹੈ ਉਸ ਨੂੰ ਨਵੀਂ ਪੀੜੀ ਅਪਨਾ ਵੀ ਰਹੀ ਹੈ, ਜਿਸ ਨੇ ਸਮਾਜ ਵਿੱਚ ਕਈ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਆਪਸੀ ਰਿਸ਼ਤਿਆਂ ਦੀ ਪੀਡੀ ਤੰਦ ਨੂੰ ਇਹ ਗਲੋਟੇ ਵਾਂਗ ਉਧੇੜ ਉਧੇੜ ਕੇ ਸੁੱਟ ਰਿਹਾ ਹੈ। ਚੰਗੇ ਭਲੇ ਸੁੱਖੀ ਸਾਂਦੀ ਵੱਸਦੇ ਪਰਿਵਾਰ ਵੇਖਦਿਆਂ ਵੇਖਦਿਆਂ ਕਲ੍ਹਾ ਕਲੇਸ਼ ਵੱਲ ਧੱਕਣੇ ਸ਼ੁਰੂ ਹੋ ਜਾਂਦੇ ਹਨ। ਸਾਡੇ ਵੱਡੇ ਵਡੇਰਿਆਂ, ਗੁਰੂਆਂ ਪੀਰਾਂ ਫ਼ਕੀਰਾਂ ਨੇ ਅੰਧਵਿਸ਼ਵਾਸਾਂ ਨੂੰ ਵੱਡੇ ਯਤਨਾਂ ਨਾਲ ਲੋਕਾਂ ਦੇ ਮਨਾਂ ਵਿੱਚੋਂ ਦੂਰ ਕੀਤਾ ਸੀ। ਅੱਜ ਤੇਜ਼ੀ ਅਤੇ ਪੜ੍ਹਾਈ ਦੇ ਦੌਰ ਵਿੱਚ ਵੀ ਅਸੀਂ ਮੁੜ ਇਨ੍ਹਾਂ ਅੰਧਵਿਸ਼ਵਾਸਾਂ ਵਿੱਚ ਬੁਰੀ ਤਰ੍ਹਾਂ ਫੱਸਦੇ ਜਾ ਰਹੇ ਹਾਂ। ਸੀਰੀਅਲਾਂ ਵਿੱਚ ਜਿਵੇਂ ਦੋ ਦੋ ਤਿੰਨ ਤਿੰਨ ਵਿਆਹ ਹੋ ਰਹੇ ਹਨ, ਵਿਆਹ ਦੇ ਪਵਿੱਤਰ ਬੰਧਨ ਕੱਚ ਦੇ ਧਾਗੇ ਵਾਂਗ ਤੋੜ ਦਿੱਤੇ ਜਾਂਦੇ ਹਨ ਅਤੇ ਔਰਤ ਨੂੰ ਅੱਜ ਵੀ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ ਇਹ ਸਭ ਕੀ ਹੈ ਕਿਥੇ ਹਨ ਸਾਡੇ ਗੁਰੂਆਂ ਦੀਆਂ ਸਿੱਖਿਆਵਾਂ ਕਿ ਔਰਤ ਜੋ ਜੱਗ ਜਨਨੀ ਹੈ, ਬੜੀ ਮਹਾਨ ਹੈ। ਔਰਤ ਨੂੰ ਭੋਗ ਦੀ ਵਸਤੂ ਬਣਾ ਕੇ ਮੰਡੀ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਉਂਜ ਉਹ ਆਰਥਿਕ ਪਾੜੇ ਦੀ ਪੂਰਤੀ ਅਤੇ ਸ਼ੋਹਰਤ ਲਈ ਖੁਦ ਵਿੱਕ ਵੀ ਰਹੀ ਹੈ। ਕੀ ਸਾਡੇ ਚੈਨਲਾਂ ਨੇ ਸਾਡੇ ਲਈ ਸਿਰਫ਼ ਇਹੀਓ ਕੁਝ ਪੇਸ਼ ਕਰਨਾ ਹੈ ਇਸ ਦੇਸ਼ ਦੇ ਬੁਲੰਦ ਸੱਭਿਆਚਾਰ ਨੂੰ ਕਦੋਂ ਪੇਸ਼ ਕਰਨਾ ਹੈ ਘਰ ਦੇ ਹਰ ਜੀਆਂ ਲਈ ਕਦੋਂ ਉਹਦੀ ਲੋੜ ਮੁਤਾਬਕ ਪ੍ਰੋਗਰਾਮ ਦੇਣੇ ਹਨ, ਜਿਸ ਨਾਲ ਸਮਾਜ ਦਾ ਸੁਧਾਰ ਹੋਵੇ। ਸਭ ਮਾਇਆ ਦੀ ਦੌੜ ਵਿੱਚ ਲੱਗੇ ਹੋਏ ਹਨ। ਇਹ ਅਸਲੋਂ ਬੜਾ ਖਤਰਨਾਕ ਮੋੜ ਹੈ। ਸਰਕਾਰਾਂ ਨੂੰ ਤਾਂ ਚਿੰਤਤ ਹੋਣਾ ਹੀ ਪਵੇਗਾ, ਲੋਕਾਂ ਨੂੰ ਵੀ ਖਾਸ ਕਰਕੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਹੁਣ ਤੋਂ ਨਵੇਂ ਤੇ ਸਿੱਧੇ ਰਾਹ ਪਾਉਣ ਲਈ ਚੈਨਲਾਂ ਦੇ ਸੀਰੀਅਲਾਂ ਦਾ ਸੈਂਸਰ ਸਖਤ ਹੋਣਾ ਚਾਹੀਦਾ ਹੈ। ਸੋਸ਼ਲ ਮੀਡੀਆ ਉੱਤੇ ਵੀ ਲਗਾਮ ਕੱਸਣ ਦੀ ਜ਼ਰੂਰਤ ਹੈ।

ਲੇਖਕ - ਸ਼ੰਗਾਰਾ ਸਿੰਘ ਭੁੱਲਰ