image caption: ਤਸਵੀਰ: ਪੰਜਾਬ ਯੂਨਾਈਟਡ ਫੁੱਟਬਾਲ ਕਲੱਬ ਗ੍ਰੇਵਜ਼ੈਂਡ ਦੇ ਪ੍ਰਬੰਧ ਗੁਰਦੁਆਰਾ ਗ੍ਰੇਵਜ਼ੈਂਡ ਵਿਖੇ ਸ਼ੁਕਰਾਨਾ ਸਮਾਗਮ ਮੌਕੇ

ਪੰਜਾਬ ਯੂਨਾਈਟਡ ਫੁੱਟਬਾਲ ਕਲੱਬ ਗ੍ਰੇਵਜ਼ੈਂਡ ਨੇ ਆਪਣੀ 15ਵੀਂ ਵਰ੍ਹੇ ਗੰਢ ਮਨਾਈ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਪੰਜਾਬ ਯੁਨਾਈਟਡ ਫੁਟਬਾਲ ਕਲੱਬ ਗ੍ਰੇਵਜ਼ੈਂਡ ਨੇ ਆਪਣੀ 15ਵੀਂ ਵਰ੍ਹੇ ਗੰਢ ਗੁਰੂ ਨਾਨਕ ਗੁਰਦੁਆਰਾ ਗ੍ਰੇਵਜ਼ੈਂਡ ਵਿਖੇ ਮਨਾਈ। ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਗੁਰਬਾਣੀ ਸ਼ਬਦ ਕੀਰਤਨ ਰਾਹੀਂ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਫੁਟਬਾਲ ਕਲੱਬ ਦੇ ਖਿਡਾਰੀਆਂ, ਸਹਿਯੋਗੀਆਂ ਅਤੇ ਭਾਈਚਾਰੇ ਦੇ ਲੋਕਾਂ ਨੇ ਹਾਜ਼ਰੀ ਭਰੀ।

   ਇਸ ਕਲੱਬ ਦੀ ਸ਼ੁਰੂਆਤ 2003 ਵਿੱਚ ਜਗਜੀਤ ਚਿੱਪੀ ਸੀਆਨ, ਜਿੰਦੀ ਬਨਵੈਤ, ਅਜੀਤ ਸੋਨੀ ਸਿਆਨ ਅਤੇ ਨਵੀਨ ਪਾਲ ਦੀ ਅਗਵਾਈ ਵਿੱਚ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕੀਤੀ ਗਈ ਸੀ। ਪੰਜਾਬ ਯੁਨਾਈਟਡ ਫੁਟਬਾਲ ਕਲੱਬ ਵਿੱਚ ਹਰ ਉਮਰ, ਧਰਮ ਅਤੇ ਹਰ ਵਰਗ ਦੇ ਲੋਕ ਬਿਨ੍ਹਾ ਕਿਸੇ ਭੇਦ ਭਾਵ ਦੇ ਸ਼ਾਮਿਲ ਹਨ। ਪੀ ਯੂ ਐਫ ਕਲੱਬ ਨੇ 2016/17 ਵਿੱਚ ਕੈਂਟ ਕਾਊਂਟੀ ਲੀਗ ਪ੍ਰੀਮੀਅਰ ਡਵੀਜ਼ਨ ਵਿੱਚ ਹਿੱਸਾ ਲਿਆ, ਜਿੱਥੇ ਉਹਨਾਂ ਕੈਂਟ ਇੰਟਰਮਿਡੀਏਟ ਚੈਲੰਜ਼ ਕੱਪ ਜਿੱਤਿਆ, ਕੈਂਟ ਕਾਊਂਟੀ ਲੀਗ ਕੱਪ ਦੇ ਫਾਈਨਲ ਵਿੱਚ ਆਏ ਅਤੇ 2016/17 ਦੀ ਚੈਂਪੀਅਨਸ਼ਿਪ ਦਾ ਤਾਜ਼ ਸਜਾਇਆ। ਕਲੱਬ ਵੱਲੋਂ ਲਗਾਤਾਰ ਸਖ਼ਤ ਮੇਹਨਤ ਕੀਤੀ ਜਾ ਰਹੀ ਹੈ, ਤਾਂ ਕਿ ਭਵਿੱਖ ਵਿੱਚ ਦੇਸ਼ ਦੀਆਂ ਪ੍ਰਮੁੱਖ ਟੀਮਾਂ ਵਿੱਚ ਸਥਾਨ ਹਾਸਿਲ ਕੀਤਾ ਜਾ ਸਕੇ। ਪੀ ਯੂ ਕਲੱਬ ਦੇ ਚੇਅਰਮੈਨ ਜਗਜੀਤ ਸਿਆਨ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਕਲੱਬ ਅੱਗੇ ਵੱਲ ਵੱਧ ਰਿਹਾ ਹੈ। ਜੇ ਦੇਸ਼ ਭਰ ਵਿੱਚ ਵੇਖਿਆ ਜਾਵੇ ਤਾਂ ਬਹੁਤ ਹੀ ਘੱਟ ਏਸ਼ੀਅਨ ਮੂਲ ਦੀਆਂ ਟੀਮਾਂ ਹਨ ਜੋ ਇਸ ਮੁਕਾਮ ਤੱਕ ਪਹੁੰਚੀਆਂ ਹਨ। ਮੈਨੂੰ ਖੁਸ਼ੀ ਹੈ ਕਿ ਸਾਡੇ ਖਿਡਾਰੀ ਚੰਗੀ ਖੇਡ ਵਿਖਾ ਰਹੇ ਹਨ ਅਤੇ ਗ੍ਰੇਵਜ਼ੈਂਡ ਦੇ ਭਾਈਚਾਰੇ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ। ਕੈਂਟ ਇਕੁਆਲਿਟੀ ਕੋਹੇਜ਼ਨ ਕੌਂਸਲ ਦੇ ਸੀ ਈ ਓ ਗੁਰਵਿੰਦਰ ਸੰਧਰ ਨੇ ਕਿਹਾ ਕਿ ਪੰਜਾਬ ਯੁਨਾਈਟਡ ਇੱਕ ਫੁਟਬਾਲ ਕਲੱਬ ਦੀ ਵਧੀਆ ਮਿਸਾਲ ਹੈ ਜੋ ਸਥਾਨਿਕ ਭਾਈਚਾਰੇ ਨੂੰ ਸਮਰਥਨ ਕਰਦਾ ਹੈ। ਜੋ ਖੇਡ ਮੈਦਾਨ ਵਿੱਚ ਸਫਲਤਾ ਦੇ ਨਾਲ ਨਾਲ ਸੇਵਾ ਅਤੇ ਭਾਈਚਾਰੇ ਦੀ ਮਦਦ ਲਈ ਵੀ ਪਹਿਲਕਦਮੀਆਂ ਕਰਦਾ ਹੈ। ਇਹ ਕਲੱਬ ਸਿੱਖ ਕਦਰਾਂ ਕੀਮਤਾਂ ਦੀ ਮਿਸਾਲ ਹੈ, ਜੋ ਹਰ ਤਰ੍ਹਾਂ ਦੀ ਸੇਵਾ ਵਿੱਚ ਵੀ ਹਿੱਸਾ ਲੈਂਦਾ ਹੈ।