image caption: ਰਜਿੰਦਰ ਸਿੰਘ ਪੁਰੇਵਾਲ

ਭਾਰਤ 'ਚ ਹੋ ਰਿਹਾ ਹਿੰਦੂ ਰਾਸ਼ਟਰਵਾਦ ਦਾ ਵਿਰੋਧ

   ਆਪਣੇ 5 ਸਾਲਾਂ ਦੇ ਰਾਜ ਦੌਰਾਨ ਨਰਿੰਦਰ ਮੋਦੀ ਦੀ ਸਰਕਾਰ ਅਧੀਨ ਭਾਜਪਾ ਨੇ ਦੇਸ ਦੀ ਹਰ ਸੰਵਿਧਾਨਕ ਸੰਸਥਾ, ਮੀਡੀਆ ਨੂੰ ਭਗਵੇਂ ਰੰਗ ਵਿੱਚ ਰੰਗਿਆ। ਕੇਂਦਰ ਵਿਚ ਨਵੀਂ ਸਰਕਾਰ ਬਣਾਉਣ ਲਈ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹਨ। ਲੋੜ ਤਾਂ ਇਹ ਸੀ ਕਿ ਰਾਜ ਭਾਗ ਵਾਲੀ ਪਾਰਟੀ ਦੀ ਪਿਛਲੇ 5 ਸਾਲਾਂ ਦੀ ਕਾਰਗੁਜ਼ਾਰੀ ਦੀ ਪੁਣਛਾਣ ਹੁੰਦੀ ਜਾਂ ਹਰ ਪਾਰਟੀ ਦੇ ਖਾਸੇ ਨੂੰ ਸਮਝ ਕੇ ਭਵਿੱਖ ਦੀਆਂ ਨੀਤੀਆਂ ਉੱਤੇ ਚਰਚਾ ਹੁੰਦੀ। ਦੇਸ਼ ਦਾ ਅੰਨਦਾਤਾ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਬੇਰੁਜ਼ਗਾਰੀ ਨੇ ਨਵੀਂ ਪੀੜ੍ਹੀ ਨੂੰ ਨਿਰਾਸ਼ ਏਨਾ ਕਰ ਦਿੱਤਾ ਹੈ ਕਿ ਉਹ ਦੇਸ਼ ਵਿਚੋਂ ਹਿਜਰਤ ਕਰ ਰਹੇ ਹਨ ਜਾਂ ਉਹ ਨਸ਼ਈ ਹੋ ਰਹੇ ਹਨ। ਭ੍ਰਿਸ਼ਟ ਸਰਕਾਰੀ ਤੰਤਰ ਵਿਕਾਸ ਅੱਗੇ ਰੁਕਾਵਟ ਹੈ ਪਰ ਚਰਚਾ ਵਿਚ ਰਾਸ਼ਟਰਵਾਦ ਦੀ, ਪੁਲਵਾਮਾ ਅਤੇ ਬਾਲਾਕੋਟ ਦੀ, ਅੰਦਰ ਘੁਸ ਕੇ ਮਾਰਾਂਗੇ, ਅਲੀ ਜਾਂ ਬਜਰੰਗ ਬਲੀ, ਹਿੰਦੂ ਮੁਸਲਿਮ, ਜਾਤੀਵਾਦ ਜਾਂ ਤਿੰਨ ਤਲਾਕ ਵਰਗੇ ਬੇਤੁਕੇ ਮੁੱਦੇ ਹਨ। ਭਾਰਤ ਦੀ ਆਰਥਿਕਤਾ ਦਾ ਧੁਰਾ ਖੇਤੀਬਾੜੀ ਬੇਹੱਦ ਬੁਰੀ ਤਰ੍ਹਾਂ ਉਜਾੜੇ ਵਲ ਹੈ। ਭਾਰਤ ਵਿਚ 1995 ਤੋਂ 2015 ਤੱਕ ਆਰਥਿਕ ਮੰਦਹਾਲੀ ਕਾਰਨ 3,18,528 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। 2014 ਦੀਆਂ ਚੋਣਾਂ ਸਮੇਂ ਨਰਿੰਦਰ ਮੋਦੀ ਦੀ ਭਾਜਪਾ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਭਾਅ ਮਿੱਥਣ ਦਾ ਵਾਅਦਾ ਕੀਤਾ ਸੀ। ਪਰ ਇਸ ਤੋਂ ਮੋਦੀ ਸਰਕਾਰ ਭੱਜ ਗਈ। ਭਾਰਤ ਵਾਸੀਆਂ ਨੂੰ ਮੋਦੀ ਨੇ ਖੁਦ 'ਅੱਛੇ ਦਿਨ ਆਨੇ ਵਾਲੇ ਹੈ' ਦਾ ਨਾਅਰਾ ਦਿੱਤਾ। ਲੋਕਾਂ ਦੇ ਤਾਂ ਅੱਛੇ ਦਿਨ ਆਏ ਨਹੀਂ ਅਤੇ ਨਾ ਕਿਸੇ ਦੇ ਖਾਤੇ ਵਿਚ 15 ਲੱਖ, ਪਰ ਦੇਸ਼ ਦੇ 36 ਅਮੀਰਜ਼ਾਦੇ ਨੀਰਵ ਮੋਦੀ, ਵਿਜੈ ਮਾਲੀਆ ਆਦਿ ਦੇਸ਼ ਦਾ ਅਰਬਾਂ ਖਰਬਾਂ ਦਾ ਧਨ ਬੈਂਕਾਂ ਤੋਂ ਲੈ ਕੇ ਫਰਾਰ ਹੋ ਗਏ ਹਨ। ਮੋਦੀ ਜੀ ਦੀ ਕ੍ਰਿਪਾ ਕਰਕੇ ਭਾਰਤ ਦੇ 9 ਅਮੀਰ ਘਰਾਣਿਆਂ ਕੋਲ ਸਾਰੇ ਭਾਰਤ ਦੀ ਅੱਧੀ ਦੌਲਤ ਮੌਜੂਦ ਹੈ। ਇਹ ਦੌਲਤ ਕਿਵੇਂ ਪੈਦਾ ਹੋਈ, ਇਸ ਦੀ ਜਾਂਚ ਕੌਣ ਕਰੇਗਾ? ਭਾਰਤ ਵਿਚ ਕਾਲਾ ਧਨ ਵਾਪਸ ਕਿਉਂ ਨਹੀਂ ਆਇਆ?

   ਮੋਦੀ ਦੀ ਸਰਕਾਰ ਨੇ ਸਭ ਲੋਕਤੰਤਰ ਸੰਸਥਾਵਾਂ ਨੂੰ ਅੰਗਹੀਣ ਕਰ ਦਿੱਤਾ। ਸਿੱਖਿਆ ਖੇਤਰ ਦਾ ਭਗਵਾਂਕਰਨ ਕੀਤਾ ਗਿਆ ਤੇ ਨਵੀਂ ਪੀੜੀ ਨੂੰ ਹਿੰਦੂਤਵੀ ਜ਼ਹਿਰ ਦੇ ਬੌਧਿਕ ਟੀਕੇ ਲਾਏ ਗਏ। ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਉਹ ਹਿੱਸੇ ਖਾਰਜ ਕਰ ਦਿੱਤੇ ਗਏ, ਜਿਹੜੇ ਹਿੰਦੂ ਰਾਜਿਆਂ ਦੇ ਜ਼ੁਲਮਾਂ ਦੀਆਂ ਕਹਾਣੀਆਂ ਸਾਹਮਣੇ ਲਿਆਉਂਦੇ ਸਨ। ਇਤਿਹਾਸ ਬਦਲ ਗਏ ਸਾਵਰਕਰ ਵਰਗੇ ਗੱਦਾਰ ਹਿੰਦੂਤਵੀ ਆਗੂਆਂ ਨੂੰ ਦੇਸ਼ ਭਗਤ ਸਾਬਤ ਕੀਤਾ ਗਿਆ। ਰਾਜਸਥਾਨ ਦੇ ਸਿੱਖਿਆ ਮੰਤਰੀ ਗੋਵਿੰਦ ਦੋਤਾਸਰਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸਿੱਖਿਆ ਵਿਭਾਗ ਨੂੰ ਇੱਕ ਭਗਵੀਂ ਪ੍ਰਯੋਗਸ਼ਾਲਾ ਬਣਾ ਦਿੱਤਾ ਸੀ। ਆਰ ਐੱਸ ਐੱਸ ਦੇ ਸਿਆਸੀ ਹਿੱਤਾਂ ਲਈ ਪਾਠਕ੍ਰਮ ਵਿੱਚ ਤਬਦੀਲੀਆਂ ਕਰ ਦਿੱਤੀਆਂ ਗਈਆਂ ਸਨ। ਪਿਛਲੀ ਸਰਕਾਰ ਵੱਲੋਂ ਸਾਵਰਕਰ ਦੀ ਜਿਹੜੀ ਜੀਵਨੀ ਪਾਠਕ੍ਰਮ ਵਿੱਚ ਸ਼ਾਮਲ ਕੀਤੀ ਗਈ, ਉਹ ਤੱਥਾਂ ਅਨੁਸਾਰ ਨਹੀਂ ਸੀ। ਹੁਣ ਨਵੀਂ ਸਰਕਾਰ ਆਉਣ ਤੋਂ ਬਾਅਦ 10ਵੀਂ ਜਮਾਤ ਲਈ ਇਤਿਹਾਸ ਦੀ ਪੁਸਤਕ ਦੇ, ''ਅੰਗਰੇਜ਼ੀ ਸਾਮਰਾਜ ਦਾ ਵਿਰੋਧ ਤੇ ਸੰਘਰਸ਼'' ਅਧਿਆਏ ਨੂੰ ਕਮੇਟੀ ਦੇ ਸੁਝਾਵਾਂ ਮੁਤਾਬਕ ਦੁਬਾਰਾ ਲਿਖਿਆ ਗਿਆ ਹੈ। ਪਹਿਲਾਂ ਸਾਵਰਕਰ ਦੀ ਜੀਵਨੀ ਵਿੱਚ ਲਿਖਿਆ ਗਿਆ ਸੀ ਕਿ ਵੀਰ ਸਾਵਰਕਾਰ ਮਹਾਨ ਕ੍ਰਾਂਤੀਕਾਰੀ, ਮਹਾਨ ਦੇਸ਼ ਭਗਤ ਅਤੇ ਮਹਾਨ ਜਥੇਬੰਦਕ ਸਨ। ਹੁਣ ਸ਼ਾਮਲ ਕੀਤੀ ਗਈ ਸਾਵਰਕਰ ਦੀ ਜੀਵਨੀ ਵਿੱਚ ਦੱਸਿਆ ਹੈ ਕਿ ਜੇਲ੍ਹ ਦੇ ਕਸ਼ਟਾਂ ਤੋਂ ਤੰਗ ਆ ਕੇ ਸਾਵਰਕਰ ਨੇ ਅੰਗਰੇਜ਼ੀ ਸਰਕਾਰ ਨੂੰ ਚਾਰ ਵਾਰ ਖਿਮਾਂ ਦੀਆਂ ਅਪੀਲਾਂ ਭੇਜੀਆਂ ਤੇ ਸਰਕਾਰ ਦੇ ਹੁਕਮ ਅਨੁਸਾਰ ਕੰਮ ਕਰਨ ਦਾ ਵਾਅਦਾ ਕੀਤਾ ਸੀ। ਇਸੇ ਕਰਕੇ ਅੰਗਰੇਜ਼ੀ ਸਰਕਾਰ ਨੇ ਸਾਵਰਕਾਰ ਨੂੰ 1921 ਵਿੱਚ ਰਿਹਾਅ ਕਰ ਦਿੱਤਾ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਹਿੰਦੂ ਮਹਾਂ ਸਭਾ ਵਿੱਚ ਸ਼ਾਮਲ ਹੋ ਗਏ ਤੇ ਹਿੰਦੂ ਰਾਸ਼ਟਰ ਬਣਾਉਣ ਦਾ ਕਾਰਜ ਕਰਨ ਲੱਗੇ। ਦੂਜੇ ਵਿਸ਼ਵ ਯੁੱਧ ਵਿੱਚ ਸਾਵਰਕਰ ਨੇ ਗੋਰੀ ਸਰਕਾਰ ਦਾ ਸਾਥ ਦਿੱਤਾ ਅਤੇ 1942 ਦੇ ਭਾਰਤ ਛੱਡੋ ਅੰਦੋਲਨ ਦਾ ਵਿਰੋਧ ਕੀਤਾ। ਗਾਂਧੀ ਦੀ ਹੱਤਿਆ ਤੋਂ ਬਾਅਦ ਉਨ੍ਹਾ ਉੱਤੇ ਗੋਂਡਸੇ ਦੀ ਮਦਦ ਕਰਨ ਦਾ ਵੀ ਕਰਨ ਦਾ ਵੀ ਦੋਸ਼ ਲੱਗਿਆ ਸੀ। ਇਹ ਦੋਸ਼ ਕਿਸੇ ਹੋਰ ਨੇ ਨਹੀਂ, ਭਾਰਤ ਦੇ ਗ੍ਰਹਿ ਮੰਤਰੀ ਪਟੇਲ ਨੇ ਵੀ ਲਗਾਏ ਸਨ।
ਮੋਦੀ ਸਰਕਾਰ ਦੌਰਾਨ ਜਮਹੂਰੀਅਤ ਦੀ ਰਾਖੀ ਕਰਨ ਵਾਲੇ, ਸੱਚ ਪੇਸ਼ ਕਰਨ ਵਾਲੇ ਪੱਤਰਕਾਰਾਂ ਨੂੰ ਗੁੰਡਿਆਂ ਦੀ ਫ਼ੌਜ ਰਾਹੀਂ ਗਾਲ੍ਹਾਂ ਪ੍ਰੋਸ ਕੇ ਮਾਨਸਿਕ ਤਸੀਹੇ ਦਿੱਤੇ ਗਏ ਤੇ ਕਈ ਕਤਲ ਕੀਤੇ ਗਏ। ਬੁੱਧੀਜੀਵੀਆਂ ਲਈ ਅਰਬਨ ਨਕਸਲਵਾਦ ਨਾਲ ਜੋੜ ਕੇ ਉਹਨਾਂ ਨੂੰ ਦੇਸ਼ਧ੍ਰੋਹ ਦੇ ਨਾਮ 'ਤੇ ਜੇਲ੍ਹਾਂ ਵਿਚ ਧੱਕਿਆ ਗਿਆ। ਇਸ ਸਮੇਂ ਭਾਜਪਾ ਇਕ ਤਰ੍ਹਾਂ ਹਿੰਦੂ ਰਾਸ਼ਟਰਵਾਦ ਦੇ ਮੁੱਦੇ 'ਤੇ ਹੀ ਚੋਣਾਂ ਲੜ ਰਹੀ ਹੈ। ਭਾਰਤ ਦੀ ਅਰਥ-ਵਿਵਸਥਾ ਕੀ ਹੈ, ਲੋਕਾਂ ਦੇ ਮੁੱਦੇ ਕੀ ਹਨ, ਇਸ ਬਾਰੇ ਕੋਈ ਖਿਆਲ ਨਹੀਂ।  ਹੁਣੇ ਜਿਹੇ ਟਾਈਮ ਮੈਗਜ਼ੀਨ ਨੇ ਮੋਦੀ ਦੀ ਡੂੰਘੀ ਆਲੋਚਨਾ ਕੀਤੀ ਹੈ ਤੇ ਭਾਰਤੀ ਜਮਹੂਰੀਅਤ 'ਤੇ ਪ੍ਰਸ਼ਨ ਚਿੰਨ੍ਹ ਲਗਾਇਆ ਹੈ। ਅਮਰੀਕਾ ਦੀ ਮਸ਼ਹੂਰ ਟਾਈਮ ਮੈਗ਼ਜ਼ੀਨ ਨੇ ਆਪਣੇ ਤਾਜ਼ਾ ਅੰਕ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਕਵਰ ਸਟੋਰੀ ਕੀਤੀ ਹੈ। ਮੈਗ਼ਜ਼ੀਨ ਦੇ ਕਵਰ ਉੱਤੇ ਨਰਿੰਦਰ ਮੋਦੀ ਦੀ ਇਲੈਸਟ੍ਰੇਟ ਤਸਵੀਰ ਦੇ ਨਾਲ ਲਿਖਿਆ ਗਿਆ ਹੈ ,  &lsquoIndia's Divider in Chief&rsquo  ''ਟਾਈਮਜ਼ ਦਾ ਨਵਾਂ ਇੰਟਰਨੈਸ਼ਨਲ ਕਵਰ : ਕੀ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਮੋਦੀ ਸਰਕਾਰ ਨੂੰ ਆਉਣ ਵਾਲੇ 5 ਹੋਰ ਸਾਲ ਬਰਦਾਸ਼ਤ ਕਰ ਸਕਦਾ ਹੈ।'' ਟਾਈਮ ਦੀ ਵੈਬਸਾਈਟ ਉੱਪਰ ਜੋ ਸਟੋਰੀ ਪ੍ਰਕਾਸ਼ਿਤ ਕੀਤੀ ਗਈ ਹੈ ਉਸ ਵਿੱਚ ਨਰਿੰਦਰ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦਾ ਜ਼ਿਕਰ ਹੈ। ਇਹ ਲੇਖ ਪੱਤਰਕਾਰ ਆਤਿਸ਼ ਤਾਸੀਰ ਦਾ ਲਿਖਿਆ ਹੋਇਆ ਹੈ ਜੋ ਕੇ ਆਪਣੇ ਲੇਖ &lsquoCan the World's largest democracy endure another five years of a Modi government?&rsquo (ਕੀ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਮੋਦੀ ਸਰਕਾਰ ਦੇ ਹੋਰ ਪੰਜ ਸਾਲ ਸਹਿਣ ਕਰ ਸਕੇਗਾ?) ਇਸ ਤੋਂ ਸਪੱਸ਼ਟ ਹੈ ਕਿ ਭਗਵੇਂ ਰਾਸ਼ਟਰਵਾਦ ਦੇ ਨਾਮ 'ਤੇ ਨਫ਼ਰਤ ਦੇ ਬੀਜ ਸਮਾਜ ਵਿਚ ਬਹੁਤ ਡੂੰਘੇ ਬੀਜੇ ਗਏ ਹਨ ਜਿਸ ਦੀ ਫ਼ਸਲ ਅੱਜ ਸਮਾਜ ਵਿਚ ਵੱਡੀ ਪੱਧਰ 'ਤੇ ਫੈਲੀ ਹੋਈ ਹੈ। ਜਦੋਂ ਰਾਜਨੀਤੀ ਰਾਹੀਂ ਨਫ਼ਰਤ ਪ੍ਰਗਟ ਹੋਵੇਗੀ ਤਾਂ ਵਿਕਾਸ ਦਾ ਸੁਪਨਾ ਨਹੀਂ ਦੇਖਿਆ ਜਾ ਸਕੇਗਾ।


      ਬੀਤੇ ਦਿਨੀਂ ਫ਼ਿਲਮੀ ਅਦਾਕਾਰ ਅਤੇ ਮੱਕਲ ਨਿਧੀ ਮਾਇਯਮ ਪਾਰਟੀ ਦੇ ਕਮਲ ਹਾਸਨ ਨੇ ਮਹਾਤਮਾ ਗਾਂਧੀ ਦੇ ਹੱਤਿਆਰੇ ਨੱਥੂ ਰਾਮ ਗੋਡਸੇ ਨੂੰ ਆਜ਼ਾਦ ਭਾਰਤ ਦਾ ਪਹਿਲਾ ਹਿੰਦੂਵਾਦੀ ਅਤਿਵਾਦੀ ਦੱਸਿਆ ਸੀ। ਕਮਲ ਹਾਸਨ ਕਿੱਥੋਂ ਤੱਕ ਠੀਕ ਆਖਦੇ ਹਨ, ਪਰ ਸੁਆਲ ਉਹਨਾਂ 'ਤੇ ਹੈ, ਜੋ ਫਿਰਕਾਪ੍ਰਸਤੀ ਦੀ ਸਿੱਖਾਂ, ਮੁਸਲਮਾਨਾਂ ਤੇ ਜੰਗਲਾਂ ਵਿਚ ਆਪਣੇ ਹੱਕਾਂ ਲਈ ਲੜ ਰਹੇ ਆਦਿਵਾਸੀਆਂ ਨੂੰ ਅਤਿਵਾਦੀ ਆਖਦੇ ਹਨ। ਇਹਨਾਂ ਨੂੰ ਹਿੰਦੂ ਅੱਤਵਾਦੀ ਨਹੀਂ ਆਖਣਾ ਚਾਹੀਦਾ, ਇਹ ਭਗਵੇਂ ਅੱਤਵਾਦੀ ਹਨ, ਜਿਸ ਦਾ ਹਿੰਦੂ ਧਰਮ ਨਾਲ ਕੋਈ ਵਾਸਤਾ ਨਹੀਂ, ਕਿਉਂਕਿ ਵੇਦਾਂ ਵਿਚ ਬ੍ਰਹਮ ਨੂੰ ਸਰਵਉੱਤਮ ਆਖ ਕੇ ਸਭ ਜੀਆ ਨੂੰ ਰੱਬ ਦੀ ਔਲਾਦ ਦੱਸਿਆ ਹੈ ਤੇ ਕੁਦਰਤ ਵਿਚ ਬ੍ਰਹਮ ਦੇ ਰਹੱਸ ਨੂੰ ਮੰਨਿਆ ਹੈ। ਇਸ ਸੰਦਰਭ ਵਿਚ ਅੱਤਵਾਦ ਲਈ ਹਿੰਦੂ ਸ਼ਬਦ ਵਰਤਣਾ ਗਲਤ ਹੈ। ਸਿੱਖਾਂ, ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਅੱਤਵਾਦ ਵਰਤਿਆ ਜਾਂਦਾ ਹੈ, ਉਹ ਵੀ ਗਲਤ ਹੈ।


ਭਗਵੇਂ ਅੱਤਵਾਦ ਦਾ ਇਤਿਹਾਸ ਇਹ ਹੈ ਕਿ ਇਹ ਸਮਝੌਤਾ ਐਕਸਪ੍ਰੈਸ, ਮਾਲਾਗਾਉਂ ਅਤੇ ਅਜਮੇਰ ਸ਼ਰੀਫ਼ ਵਿਚ ਹੋਈਆਂ ਦਹਿਸ਼ਤਗਰਦ ਕਾਰਵਾਈਆਂ ਦੌਰਾਨ ਹੋਂਦ ਵਿਚ ਆਇਆ। ਜਿੱਥੋਂ ਤਕ ਨੱਥੂ ਰਾਮ ਗੋਡਸੇ ਦਾ ਸਵਾਲ ਹੈ, ਉਹ ਫਿਰਕੂ ਦਹਿਸ਼ਤਗਰਦ ਸੀ, ਜਿਸ ਨੇ ਗਾਂਧੀ ਦਾ ਕਤਲ ਕੀਤਾ ਸੀ। ਉਸ ਨੂੰ ਗਾਂਧੀ ਦੀ ਹਿੰਦੂ-ਮੁਸਲਮਾਨ ਏਕਤਾ ਵਾਲੀ ਗੱਲ ਪਸੰਦ ਨਹੀਂ ਸੀ ਤੇ ਗਾਂਧੀ ਨੇ ਦੇਸ਼ ਦੀ ਵੰਡ ਹੋਣ ਦਾ ਵੱਡਾ ਵਿਰੋਧ ਕੀਤਾ ਸੀ। ਸਿੱਖ ਪੰਥ ਤੇ ਪੰਜਾਬੀਆਂ ਦੇ ਗਾਂਧੀ ਨਾਲ ਜਿੰਨੇ ਮਰਜ਼ੀ ਮਤਭੇਦ ਹੋਣ ਪਰ ਗਾਂਧੀ ਦਾ ਇਹ ਵਰਤਾਰਾ ਉਸ ਸਮੇਂ ਠੀਕ ਸੀ। ਇਹ ਉਸ ਸਮੇਂ ਦੇ ਭਗਵੇਂ ਕੱਟੜਪੰਥੀ ਤੱਤਾਂ ਨੂੰ ਨਹੀਂ ਪਚਿਆ ਸੀ। ਭਾਜਪਾਈ ਨੱਥੂ ਰਾਮ ਗੋਡਸੇ ਨੂੰ ਪੂਜਦੇ ਹਨ ਤੇ ਆਪਣਾ ਨਾਇਕ ਮੰਨਦੇ ਹਨ। ਭਾਜਪਾ ਦੀਆਂ ਅਨੇਕਾਂ ਫੋਟੋਆਂ ਗੋਡਸੇ ਦੀ ਪੂਜਾ ਕਰਦੇ ਦੇਖ ਸਕਦੇ ਹੋ। ਕਹਿੰਦੇ ਹਨ ਕਿ ਗੋਡਸੇ ਦਾ ਭਾਰਤ ਵਿਚ ਮੰਦਰ ਵੀ ਬਣਿਆ ਹੋਇਆ ਹੈ। ਭਾਜਪਾ ਕਮਲ ਹਾਸਨ ਦੇ ਬਿਆਨ ਤੋਂ ਦੁੱਖੀ ਹੈ। ਉਸ ਨੇ ਹਾਸਨ ਉੱਤੇ ਦੋਸ਼ ਲਾਇਆ ਹੈ ਕਿ ਉਸ ਨੂੰ ਦਹਿਸ਼ਤਗਰਦ ਤੇ ਕਾਤਲ ਦੇ ਫ਼ਰਕ ਦਾ ਨਹੀਂ ਪਤਾ। ਮਹਾਤਮਾ ਗਾਂਧੀ ਦੇ ਕਤਲ ਨੂੰ ਇਕ ਨਿੱਜੀ ਬਦਲੇ ਦੀ ਕਾਰਵਾਈ ਵਜੋਂ ਨਹੀਂ ਵੇਖਿਆ ਜਾ ਸਕਦਾ ਸਗੋਂ ਉਹ ਇਕ ਐਸੇ ਗੁੱਟ ਦੀ ਕਾਰਵਾਈ ਸੀ ਜਿਸ ਦਾ ਆਧਾਰ ਫਿਰਕੂ ਦਹਿਸ਼ਤਗਰਦੀ ਸੀ। ਇਸ ਲਈ ਨੱਥੂ ਰਾਮ ਗੋਡਸੇ ਨੂੰ ਭਗਵਾਂ ਦਹਿਸ਼ਤਗਰਦ ਹੀ ਕਿਹਾ ਜਾ ਸਕਦਾ ਹੈ, ਭਾਵੇਂ ਭਗਵੇਂਵਾਦੀ ਉਸ ਨੂੰ ਆਪਣਾ ਸ਼ਹੀਦ ਮੰਨਣ। ਜੋ ਮਨੁੱਖਤਾ ਦੇ ਹੱਕ ਵਿਚ ਖਲੌਣਗੇ ਉਹ ਕਦੇ ਵੀ ਨੱਥੂ ਰਾਮ ਗੋਡਸੇ ਦੀ ਕਾਰਵਾਈ ਪਸੰਦ ਨਹੀਂ ਕਰਨਗੇ। ਸਾਡੇ ਕਹਿਣ ਦਾ ਮਤਲਬ ਇਹੀ ਹੈ ਕਿ ਭਾਰਤ ਦੇ ਲੋਕ ਵਿਕਾਸ ਚਾਹੁੰਦੇ ਹਨ, ਹਿੰਦੂ ਰਾਸ਼ਟਰਵਾਦ ਨਹੀਂ।


ਰਜਿੰਦਰ ਸਿੰਘ ਪੁਰੇਵਾਲ