image caption: ਰਜਿੰਦਰ ਸਿੰਘ ਪੁਰੇਵਾਲ

ਮੋਦੀ ਦੀ ਜਿੱਤ ਤੇ ਘੱਟ ਗਿਣਤੀਆਂ, ਦਲਿਤਾਂ 'ਤੇ ਫਾਸ਼ੀਵਾਦੀ ਹਿੰਸਕ ਹਮਲੇ

    ਬੀਤੇ ਹਫਤੇ ਦੀ ਸੰਪਾਦਕੀ ਵਿਚ ਜ਼ਿਕਰ ਕੀਤਾ ਸੀ ਕਿ ਮੋਦੀ ਦੀ ਜਿੱਤ ਹੋਵੇਗੀ, ਪਰ ਜੋ ਚੋਣ ਵਿਸ਼ਲੇਸ਼ਣ ਮੀਡੀਆ ਵਲੋਂ ਘੜੇ ਜਾ ਰਹੇ ਨੇ, ਸਭ ਇਕਸਾਰ ਹਨ। ਨਤੀਜੇ ਇਸ ਅਨੁਸਾਰ ਆਉਣਗੇ ਇਸ ਗੱਲ ਦਾ ਲਗਭਗ ਅੰਦਾਜ਼ਾ ਸੀ। ਪਰ ਮੀਡੀਏ ਦੇ ਇਕਸਾਰ ਨਤੀਜੇ ਕਿਵੇਂ ਪੇਸ਼ ਹੋਏ ਇਹ ਰਹੱਸ ਦਾ ਵਿਸ਼ਾ ਹੈ। ਏਨਾ ਅੰਦਾਜ਼ਾ ਤਾਂ ਕਾਲੇ ਇਲਮ ਵਾਲਾ ਜੋਤਸ਼ੀ ਤੇ ਬਾਬਾ ਵੀ ਨਹੀਂ ਲਗਾ ਸਕਦਾ, ਜਿਸ ਤਰ੍ਹਾਂ ਭਾਰਤੀ ਮੀਡੀਏ ਨੇ ਲਗਾਇਆ ਹੈ। ਕੀ ਭਾਰਤੀ ਮੀਡੀਆ ਕਿਸੇ ਹੋਰ ਦੇਸ ਦੇ ਨਤੀਜਿਆਂ ਦਾ ਇੰਝ ਅੰਦਾਜ਼ਾ ਲਗਾ ਸਕਦਾ ਹੈ, ਬਿਲਕੁਲ ਨਹੀਂ। ਕੀ ਇਹ ਸਰਕਾਰੀ ਮਸ਼ੀਨਰੀ ਦੀ ਕਰਾਮਾਤ ਹੈ? ਇਹ ਸੁਆਲ ਭਵਿੱਖ ਦੇ ਗਰਭ ਵਿਚ ਹੀ ਲੁਕਿਆ ਹੋਇਆ ਹੈ। ਪਰ ਕਹਿਣਾ ਬਣਦਾ ਹੈ ਕਿ ਇਹ ਚਮਤਕਾਰੀ ਨਤੀਜੇ ਹਨ, ਭਾਜਪਾ ਲਈ। ਭਾਜਪਾ ਇਕੱਲਿਆਂ 300 ਤੋਂ ਵਧੇਰੇ ਸੀਟਾਂ ਲੈ ਗਈ ਅਤੇ ਸਹਿਯੋਗੀ ਪਾਰਟੀਆਂ ਸਮੇਤ 350 ਦਾ ਅੰਕੜਾ ਪ੍ਰਾਪਤ ਕਰ ਲਿਆ। ਇਹ ਗੱਲ ਮੰਨਣੀ ਪਵੇਗੀ ਕਿ ਇਸ ਪਿੱਛੇ ਆਰ ਐਸ ਐਸ ਦੀ ਗੰਭੀਰ ਸੋਚ ਤੇ ਲੰਬੇ ਸਮੇਂ ਦੀ ਤਪੱਸਿਆ ਹੈ। ਸਾਵਰਕਰ, ਗੋਲਵਲਕਰ, ਭਾਗਵਤ ਤੱਕ ਤੁਸੀਂ ਇਤਿਹਾਸ ਪੜ੍ਹ ਲਵੋ ਕਿ ਉਹ ਭਗਵਾਂ ਰਾਸ਼ਟਰ ਸਿਰਜਣ ਦੀ ਤਿਆਰੀ ਕਰ ਰਹੇ ਹਨ। ਉਹਨਾਂ ਨੇ ਇਕ ਕੌਮੀਅਤ 'ਤੇ ਆਪਣਾ ਵਜੂਦ ਸਿਰਜ ਲਿਆ ਹੈ।

     ਭਾਰਤ ਦੀ 50 ਫ਼ੀਸਦੀ ਹਿੰਦੂ ਵੋਟ ਵੱਖ-ਵੱਖ ਪਾਰਟੀਆਂ ਤੋਂ ਕਿਨਾਰਾ ਕਰਕੇ ਭਾਜਪਾ ਦੀ ਝੋਲੀ ਵਿਚ ਪੈ ਚੁੱਕੀ ਹੈ। ਇਸ ਵਾਰ ਭਾਜਪਾ ਨੇ 106 ਕਮਜ਼ੋਰ ਸੰਸਦ ਮੈਂਬਰਾਂ ਉੱਪਰ ਕਾਟਾ ਫੇਰ ਕੇ ਨਵੇਂ ਚਿਹਰੇ ਉਤਾਰੇ ਗਏ। ਜਿਨ੍ਹਾਂ ਵਿਚੋਂ 100 ਨੇ ਜਿੱਤ ਪ੍ਰਾਪਤ ਕੀਤੀ। ਹਾਰੀਆਂ ਹੋਈਆਂ 120 ਸੀਟਾਂ ਲਈ ਲੰਬੇ ਸਮੇਂ ਤੋਂ ਮਿਹਨਤ ਕੀਤੀ ਗਈ। ਉਨ੍ਹਾਂ 7 ਰਾਜਾਂ ਵਿਚ ਜੰਗੀ ਪੱਧਰ 'ਤੇ ਸਰਗਰਮੀਆਂ ਕੀਤੀਆਂ ਤੇ ਭਾਜਪਾ ਦਾ ਆਧਾਰ ਸਿਰਜਿਆ। ਇਕ ਵਾਰ ਫਿਰ ਮੋਦੀ ਨੂੰ ਕੇਂਦਰ ਬਣਾਇਆ ਗਿਆ। ਆਰ ਐਸ ਐਸ ਵਲੋਂ ਪਿੰਡ-ਪਿੰਡ, ਸ਼ਹਿਰ-ਸ਼ਹਿਰ ਅਤੇ ਬੂਥ ਪੱਧਰ 'ਤੇ ਦੋ ਕਰੋੜ ਸੱਤਰ ਲੱਖ ਮੈਂਬਰਾਂ ਦੀ ਫ਼ੌਜ ਤਿਆਰ ਕੀਤੀ। ਸਹਿਯੋਗੀ ਪਾਰਟੀਆਂ ਨਾਲ ਮਜ਼ਬੂਤ ਗੱਠਜੋੜ ਉਸਾਰ ਕੇ ਏਨੀ ਵੱਡੀ ਸੱਤਾ ਸਿਰਜੀ ਗਈ। ਮਹਾਰਾਸ਼ਟਰ ਵਿਚ ਭਾਜਪਾ-ਸ਼ਿਵ ਸੈਨਾ ਨੇ ਸਾਰੀਆਂ 41 ਸੀਟਾਂ ਜਿੱਤ ਪ੍ਰਾਪਤ ਕੀਤੀ। ਬਿਹਾਰ ਵਿਚ ਭਾਜਪਾ-ਜਦਯੂ ਗੱਠਜੋੜ ਨੇ 38 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ। ਓਡੀਸ਼ਾ ਵਿਚ 8 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ। ਪੁਲਵਾਮਾ ਹਮਲੇ ਦਾ ਜ਼ਿਕਰ ਕਰਕੇ ਰਾਸ਼ਟਰਵਾਦ ਤਹਿਤ ਭਾਜਪਾ ਨੂੰ ਕਾਮਯਾਬ ਕੀਤਾ ਗਿਆ। ਬੰਗਾਲ ਵਿਚ ਵੀ ਚੰਗਾ ਹੁੰਗਾਰਾ ਮਿਲਿਆ।

     ਪੰਜਾਬ ਵਿਚ ਕਾਂਗਰਸ ਨੂੰ ਸਰਕਾਰ ਹੋਣ ਦਾ ਲਾਭ ਮਿਲਿਆ ਤੇ ਅਕਾਲੀ ਦਲ, ਬੇਅਦਬੀਆਂ ਪ੍ਰਤੀ ਨਾਰਾਜ਼ਗੀ ਕਾਰਨ ਬਾਦਲ ਦਲ ਫਿਰੋਜ਼ਪੁਰ ਤੇ ਬਠਿੰਡਾ ਸੀਟ ਜਿੱਤ ਸਕਿਆ ਤੇ ਭਾਜਪਾ ਹੁਸ਼ਿਆਰਪੁਰ ਤੇ ਗੁਰਦਾਸਪੁਰ ਤੋਂ। ਅਕਾਲੀ ਦਲ ਨੂੰ ਹਿੰਦੂ ਵੋਟ ਵੱਧ ਪਈ, ਸ਼ਹਿਰੀ ਸੀਟਾਂ 'ਤੇ ਵੋਟ ਵਧ ਪੈਣ ਦਾ ਕਾਰਨ ਇਹੀ ਹੈ। ਪੇਂਡੂ ਹਲਕਿਆਂ ਵਿਚ ਅਕਾਲੀ ਦਲ ਬੁਰੀ ਤਰ੍ਹਾਂ ਪਛੜਿਆ। ਇਹ ਰੁਝਾਨ ਬਾਦਲ ਦਲ ਲਈ ਖ਼ਤਰੇ ਦੀ ਘੰਟੀ ਹੈ। ਇਸ ਰੁਝਾਨ ਨੂੰ ਹੁਣੇ ਜਿਹੇ ਬਾਦਲ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਿਆ ਗਿਆ ਤੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਦਿਹਾਤੀ ਖੇਤਰ ਵਿੱਚ ਅਧਾਰ ਮਜ਼ਬੂਤ ਕਰਨ ਲਈ ਕਦਮ ਚੁੱਕਣ 'ਤੇ ਜ਼ੋਰ ਦਿੱਤਾ। ਫਤਿਹਗੜ੍ਹ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਰਹੇ ਦਰਬਾਰਾ ਸਿੰਘ ਗੁਰੂ, ਫ਼ਰੀਦਕੋਟ ਤੋਂ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ, ਲੁਧਿਆਣਾ ਤੋਂ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਹੋਰਨਾਂ ਹਾਰੇ ਹੋਏ ਉਮੀਦਵਾਰਾਂ ਦਾ ਮੰਨਣਾ ਸੀ ਕਿ ਸੰਸਦੀ ਚੋਣਾਂ ਦੇ ਨਤੀਜਿਆਂ ਅਨੁਸਾਰ ਪਾਰਟੀ ਨੂੰ ਪੰਜਾਬ ਦੇ ਪਿੰਡਾਂ ਵਿੱਚੋਂ ਵੋਟ ਸ਼ਹਿਰਾਂ ਦੇ ਮੁਕਾਬਲੇ ਘੱਟ ਪਈ ਹੈ। ਮੀਟਿੰਗ ਦੌਰਾਨ ਕੁੱਝ ਅਕਾਲੀ ਆਗੂਆਂ ਨੇ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਕਿ ਸ਼ਹਿਰਾਂ ਵਿੱਚੋਂ ਗੱਠਜੋੜ ਪਾਰਟੀਆਂ ਦੇ ਉਮੀਦਵਾਰਾਂ ਨੂੰ ਜੋ ਵੋਟ ਮਿਲੀ ਹੈ ਉਹ ਪ੍ਰਧਾਨ ਮੰਤਰੀ ਮੋਦੀ ਦੇ ਨਾਂ 'ਤੇ ਹੀ ਪਈ ਹੈ।

   ਕਾਂਗਰਸ ਨੇ 8 ਸੀਟਾਂ ਪ੍ਰਾਪਤ ਕਰਕੇ ਕਾਂਗਰਸ ਦੀ ਇਜ਼ਤ ਕਾਇਮ ਰੱਖ ਲਈ। 'ਆਪ' ਦਾ ਭਗਵੰਤ ਮਾਨ ਆਪਣੇ ਉੱਦਮ ਸਦਕਾ ਜਿੱਤਿਆ। ਇਸ ਵਿਚ 'ਆਪ' ਦੀ ਕੋਈ ਪ੍ਰਾਪਤੀ ਨਹੀਂ। ਸੰਨੀ ਦਿਓਲ ਦਾ ਫ਼ਿਲਮੀ ਹੀਰੋ ਹੋਣ ਕਰਕੇ ਦਾਅ ਲੱਗ ਗਿਆ, ਜਦ ਕਿ ਸੁਨੀਲ ਜਾਖੜ ਕਾਫੀ ਮਿਹਨਤੀ ਵਰਕਰ ਸਨ। ਇਸ ਨਾਲ ਕਾਂਗਰਸ ਨੂੰ ਵੱਡਾ ਧੱਕਾ ਲੱਗਾ ਹੈ। ਬੀਬੀ ਪਰਮਜੀਤ ਕੌਰ ਖਾਲੜਾ ਦੀ ਹਾਰ ਪੰਥ ਲਈ ਨਮੋਸ਼ੀਜਨਕ ਹੈ। ਕਾਰਨ ਇਹੀ ਹੈ ਕਿ ਇਸ ਸੀਟ 'ਤੇ ਮਿਹਨਤ ਨਹੀਂ ਹੋਈ। ਜੇਕਰ ਆਰ ਐਸ ਐਸ ਵਾਂਗ ਮਿਹਨਤ ਕੀਤੀ ਜਾਂਦੀ ਤੇ ਅਕਾਲੀ ਦਲ ਨੂੰ ਇਸ ਸੀਟ ਨੂੰ ਛੱਡਣ ਲਈ ਮਨਾਇਆ ਜਾਂਦਾ, ਪੰਜਾਬ ਪੱਖੀ ਤੇ ਮਨੁੱਖੀ ਅਧਿਕਾਰਾਂ ਦੀ ਲਹਿਰ ਉਸਾਰੀ ਜਾਂਦੀ ਤਾਂ ਇਹ ਸੀਟ ਕੱਢੀ ਜਾ ਸਕਦੀ ਹੈ। ਬਸਪਾ ਦਾ ਬਲਵਿੰਦਰ ਅੰਬੇਡਕਰ ਵੀ ਆਪਣੀ ਮਿਹਨਤ ਸਦਕਾ ਦੋ ਲੱਖ ਤੋਂ ਵਧ ਵੋਟਾਂ ਲੈ ਗਿਆ। ਅਨੰਦਪੁਰ ਤੇ ਹੁਸ਼ਿਆਰਪੁਰ ਤੋਂ ਵੀ ਬਸਪਾ ਲੱਖ ਤੋਂ ਉੱਪਰ ਵੋਟਾਂ ਲੈ ਗਈ। ਇਹ ਗੱਲ ਬਿਲਕੁਲ ਸਮਝਣੀ ਜ਼ਰੂਰੀ ਹੈ ਕਿ ਪੰਜਾਬ ਦੀ ਹੋਂਦ ਕਾਇਮ ਰੱਖਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਸਰੂਪ ਕਾਇਮ ਰੱਖਣਾ ਅਤਿਅੰਤ ਜ਼ਰੂਰੀ ਹੈ। ਪਰਿਵਾਰ ਤੱਕ ਜਾਂ ਕੇਂਦਰੀ ਰਾਜਨੀਤੀ ਤੱਕ ਅਕਾਲੀ ਦਲ ਨੂੰ ਸੀਮਤ ਕੀਤਾ ਗਿਆ ਤਾਂ ਅਕਾਲੀ ਦਲ ਦਾ ਹੋਰ ਨੁਕਸਾਨ ਹੋਵੇਗਾ। ਅਕਾਲੀ ਦਲ ਦਾ ਮੁਖ ਆਧਾਰ ਤੇ ਸ਼ਕਤੀ ਪੰਜਾਬ ਤੇ ਪੰਥ ਹੈ।
ਲੋਕ ਸਭਾ ਚੋਣਾਂ ਵਿਚ ਮੋਦੀ ਦੀ ਵੱਡੀ ਜਿੱਤ ਉਪਰੰਤ ਭਗਵੇਂਵਾਦੀਆਂ ਦੇ ਹਿੰਸਕ ਗਰੁੱਪਾਂ ਵਲੋਂ ਥਾਂ-ਥਾਂ 'ਤੇ ਮੁਸਲਮਾਨਾਂ ਤੇ ਦਲਿਤਾਂ ਵਿਰੁਧ ਹਿੰਸਾ ਫੈਲਾਈ ਜਾ ਰਹੀ ਹੈ। ਿਤ੍ਰਪੁਰਾ ਵਿਚ ਕਾਂਗਰਸ ਤੇ ਸੀਪੀਆਈ (ਐੱਮ) ਦਾ ਮੰਨਣਾ ਹੈ ਕਿ ਹਿੰਸਾ ਭਾਜਪਾ ਦੇ ਕਾਰਕੁਨ ਕਰ ਰਹੇ ਹਨ। ਤ੍ਰਿਪੁਰਾ ਵਿਚ ਸੀਪੀਆਈ (ਐੱਮ) ਦੇ ਸੈਕਟਰੀ ਤੇ ਪੱਤਰਕਾਰਾਂ ਦੇ ਘਰ 'ਤੇ ਹਮਲੇ ਹੋਏ ਅਤੇ ਪੱਥਰ ਮਾਰੇ ਗਏ। 22 ਮਈ ਨੂੰ ਮੱਧ ਪ੍ਰਦੇਸ਼ ਦੇ ਸਿਓਨੀ ਜ਼ਿਲ੍ਹੇ ਵਿਚ ਕਥਿਤ ਤੌਰ 'ਤੇ ਗਊ-ਮਾਸ ਲਿਜਾ ਰਹੇ ਦੋ ਮੁਸਲਮਾਨਾਂ ਦੀ ਕੁੱਟਮਾਰ ਕੀਤੀ ਗਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਅਨੁਸਾਰ ਇਕ ਵਿਅਕਤੀ ਨੂੰ ਔਰਤ ਦੀ ਕੁੱਟਮਾਰ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਉਸ ਤੋਂ ''ਜੈ ਸ੍ਰੀਰਾਮ'' ਦੇ ਨਾਅਰੇ ਲਗਵਾਏ ਗਏ। ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਵਿਚ ਇਕ ਵਿਅਕਤੀ ਤੋਂ ਉਹਦਾ ਨਾਂ ਪੁੱਛਿਆ ਗਿਆ ਅਤੇ ਇਹ ਪਤਾ ਲੱਗਣ ਤੋਂ ਬਾਅਦ ਕਿ ਉਹ ਇਕ ਮੁਸਲਮਾਨ ਹੈ, ਤਾਂ ਉਸ ਨੂੰ ਪਾਕਿਸਤਾਨ ਜਾਣ ਲਈ ਕਿਹਾ ਗਿਆ ਤੇ ਉਸ 'ਤੇ ਗੋਲੀ ਚਲਾਈ ਗਈ। ਬੀਤੇ ਸ਼ਨਿਚਰਵਾਰ ਨੂੰ ਗੁੜਗਾਉਂ ਵਿਚ ਵੀ ਘੱਟਗਿਣਤੀ ਨਾਲ ਸਬੰਧਿਤ ਮੁਸਲਮਾਨ ਦੀ ਟੋਪੀ ਉਤਰਾ ਕੇ ਜ਼ਲੀਲ ਕੀਤਾ ਗਿਆ ਅਤੇ ਉਸ ਤੋਂ ''ਜੈ ਸ੍ਰੀਰਾਮ'' ਦੇ ਨਾਅਰੇ ਲਗਵਾਏ ਗਏ।
ਯੂ ਪੀ ਵਿਚ ਗੋਵਰਧਨ ਖੇਤਰ ਵਿਚ ਬੀਤੇ ਮੰਗਲਵਾਰ ਨੂੰ ਪਰਿਕਰਮਾ ਮਾਰਗ 'ਤੇ ਇੱਕ ਭਗਵੇਂਵਾਦੀ ਨੇ ਵਿਦੇਸ਼ੀ ਸ਼ਰਧਾਲੂ ਲਾਤਵਿਆਈ ਨਾਗਰਿਕ ਜੇਮਿਤ੍ਰਿਜ਼ ਦੀ ਗਰਦਨ 'ਤੇ ਚਾਕੂ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਹ ਭਾਰਤ ਘੁੰਮਣ ਆਇਆ ਸੀ। ਹਮਲਾਵਰ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਤਾ ਚੱਲਿਆ ਕਿ ਹਮਲਾਵਰ ਨੇ ਵਿਦੇਸ਼ੀ ਸ਼ਰਧਾਲੂ ਨੂੰ ਰਾਮ-ਰਾਮ ਕਿਹਾ, ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਦੱਸਿਆ ਜਾਦਾ ਹੈ ਕਿ ਦੋਸ਼ੀ ਦੇ ਦੁਬਾਰਾ ਰਾਮ ਕਹਿਣ 'ਤੇ ਵਿਦੇਸ਼ੀ ਨਾਗਰਿਕ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਕਾਰਨ ਗੁੱਸੇ ਵਿਚ ਆਏ ਨੌਜਵਾਨ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਮਸ਼ਹੂਰ ਡਾਕਟਰ ਅਤੇ ਲੇਖਕ ਡਾ. ਅਰੁਣ ਗਡਰੇ 'ਤੇ ਵੀ ਰਾਜਧਾਨੀ ਦਿੱਲੀ ਦੇ ਪਾਸ਼ ਇਲਾਕੇ ਕਨਾਟ ਪਲੇਸ ਵਿਚ ਭਗਵੇਂਵਾਦੀ ਗੁੰਡਿਆਂ ਨੇ ਜ਼ਬਰਦਸਤੀ ਜੈ ਸ੍ਰੀ ਰਾਮ ਦੇ ਨਾਅਰੇ ਲਾਉਣ ਦਾ ਦਬਾਅ ਪਾਇਆ। ਇਹ ਘਟਨਾ ਤਾਂ 26 ਮਈ ਦੀ ਹੈ, ਪਰ ਲਗਾਤਾਰ ਸੋਸ਼ਲ ਮੀਡੀਆ 'ਤੇ ਇਸ ਉਪਰ ਚਰਚਾ ਜਾਰੀ ਹੈ। ਹਾਲਾਂਕਿ ਉਨ੍ਹਾਂ ਇਸ ਘਟਨਾ ਨੂੰ ਲੈ ਕੇ ਅਧਿਕਾਰਤ ਰੂਪ ਵਿਚ ਪੁਲਸ ਕੋਲ ਰਿਪੋਰਟ ਦਰਜ ਨਹੀਂ ਕਰਾਈ।
ਜੇ ਇਸੇ ਤਰ੍ਹਾਂ ਭਗਵੇਂ ਗੁੰਡਿਆਂ ਦੀ ਹਿੰਸਾ ਨੂੰ ਸੱਤਾ ਦਾ ਥਾਪੜਾ ਮਿਲਦਾ ਰਿਹਾ ਤਾਂ ਭਾਰਤ ਦੇ ਹਾਲਾਤ ਸਾਹਮਣੇ ਬਹੁਤ ਮੁਸ਼ਕਲ ਹੋ ਜਾਣਗੇ। ਮੋਦੀ ਦੀ ਅਗਵਾਈ ਵਿਚ ਭਾਜਪਾ ਨੂੰ ਏਨਾ ਵੱਡਾ ਬਹੁਮਤ ਮਿਲਿਆ ਹੈ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਭਾਰਤ ਦੀਆਂ ਅਸਲ ਮੁਸ਼ਕਲਾਂ ਗਰੀਬੀ, ਰੁਜ਼ਗਾਰ, ਵਿਦਿਆ, ਸਿਹਤ, ਵਾਤਾਵਰਨ ਤੇ ਵਿਕਾਸ ਵਲ ਧਿਆਨ ਦੇਣ। ਇਹ ਭਗਵੀਂ ਹਿੰਸਾ ਮੋਦੀ ਦੀ ਸੱਤਾ ਲਈ ਚੈਲਿੰਜ ਬਣ ਸਕਦੀ ਹੈ, ਜੇਕਰ ਇਸ ਨੂੰ ਕੰਟਰੋਲ ਨਾ ਕੀਤਾ ਗਿਆ।

ਰਜਿੰਦਰ ਸਿੰਘ ਪੁਰੇਵਾਲ