image caption: ਰਜਿੰਦਰ ਸਿੰਘ ਪੁਰੇਵਾਲ ਅਤੇ ਬੱਚਾ ਫ਼ਤਹਿਵੀਰ

ਬੱਚੇ ਫ਼ਤਹਿਵੀਰ ਦਾ ਦੁਖਾਂਤ ਤੇ ਪੰਜਾਬ ਸਰਕਾਰ ਬਨਾਮ ਸਿਆਸਤਦਾਨ

     ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਦੇ ਬੱਚੇ ਫ਼ਤਹਿਵੀਰ ਦੀ ਮੌਤ ਤੋਂ ਬਾਅਦ ਸਾਰਾ ਪੰਜਾਬ ਸੋਗ ਵਿਚ ਹੈ। ਫ਼ਤਹਿਵੀਰ ਸਿੰਘ, ਜਿਸ ਨੇ ਆਪਣਾ ਦੂਜਾ ਜਨਮ ਦਿਨ ਵੀ ਨਹੀਂ ਮਨਾਇਆ, ਇਸ ਦੁਨੀਆ ਤੋਂ ਪ੍ਰਸ਼ਾਸ਼ਣ ਦੀ ਅਣਗਹਿਲੀ ਕਾਰਨ ਤੁਰ ਗਿਆ ਹੈ। ਪ੍ਰਸ਼ਾਸ਼ਣ ਦੀ ਅਣਗਹਿਲੀ ਤੇ ਸਿਆਸਤਦਾਨਾਂ ਦੀ ਸਿਆਸਤ ਕਾਰਨ ਸ਼ਰਮਿੰਦਾ ਵੀ ਕਿ ਦੋ ਸਾਲਾਂ ਦੇ ਮਾਸੂਮ ਬੱਚੇ ਦੀ ਜਾਨ ਨਹੀਂ ਬਚਾਈ ਜਾ ਸਕੀ, ਜੋ ਕਿ 125 ਫੁੱਟ ਦੇ ਬੋਰ ਵਿਚ ਡਿੱਗ ਗਿਆ ਸੀ। 5 ਦਿਨ ਜ਼ਿੰਦਗੀ-ਮੌਤ ਨਾਲ ਘੁਲਦਾ ਰਿਹਾ ਅਤੇ ਅੰਤ 11 ਜੂਨ ਨੂੰ ਉਹ ਮਰਿਆ ਹੀ ਯੰਤਰ ਕੁੰਡੀ ਨਾਲ ਕੱਢਿਆ ਗਿਆ। ਪ੍ਰਸ਼ਾਸ਼ਣ ਦੀ ਹਾਜ਼ਰੀ ਵਿਚ ਉਸ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ ਲਿਜਾਇਆ ਗਿਆ ਉਥੇ ਡਾਕਟਰਾਂ ਨੇ ਫ਼ਤਹਿਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਇਹ ਵੀ ਰਿਪੋਰਟਾਂ ਆਈਆਂ ਕਿ ਬੱਚੇ ਦਾ ਸਰੀਰ ਪਹਿਲਾਂ ਹੀ ਫੁਲਿਆ ਹੋਇਆ ਸੀ ਅਤੇ ਉਸ ਵਿਚੋਂ ਬਦਬੂ ਆ ਰਹੀ ਸੀ। ਦੱਸਿਆ ਜਾਂਦਾ ਹੈ ਕਿ ਫ਼ਤਹਿਬੀਰ ਸਿੰਘ ਪੀਜੀਆਈ ਲਿਆਉਣ ਤੋਂ 2 ਕੁ ਦਿਨ ਪਹਿਲਾਂ ਹੀ ਮਰ ਚੁੱਕਾ ਸੀ। ਦੱਸਿਆ ਜਾਂਦਾ ਹੈ ਕਿ ਫ਼ਤਹਿਬੀਰ ਸਿੰਘ ਆਪਣੇ ਘਰ ਦੇ ਬਾਹਰ ਆਪਣੇ ਹੀ ਬੋਰ, ਜੋ ਲੰਮਾ ਸਮਾਂ ਪਹਿਲਾਂ ਕੰਮ ਕਰਨਾ ਬੰਦ ਕਰ ਗਿਆ ਸੀ, ਦੀ ਗਲ ਚੁੱਕੀ ਬੋਰੀ 'ਤੇ ਬੈਠਣ ਲੱਗਾ ਤਾਂ ਬੋਰ ਵੈੱਲ ਵਿਚ ਜਾ ਡਿੱਗਿਆ। ਕੌਮੀ ਰਾਹਤ ਪ੍ਰਬੰਧਨ ਬਲ ਦੇ ਮੈਂਬਰਾਂ ਅਤੇ ਡੇਰਾ ਪ੍ਰੇਮੀਆਂ ਨੇ ਬਰਾਬਰ ਟੋਆ ਪੁੱਟ ਦੇ ਬਾਹਰ ਕੱਢਣ ਦੇ ਉਦਮ ਕਰਨੇ ਸ਼ੁਰੂ ਕਰ ਦਿੱਤੇ। ਪਰ ਪ੍ਰਸ਼ਾਸਨ ਨੇ ਫ਼ੌਜ ਦੇ ਮਾਹਿਰਾਂ ਨਾ ਸੱਦਿਆ, ਜਿਸ ਕਰਕੇ ਇਹ ਦੁਖਾਂਤ ਵਾਪਰਿਆ। ਸਾਰਾ ਕੰਮ ਡੇਰੇ ਸਿਰਸਾ ਵਾਲਿਆਂ ਦੀ ਅਗਵਾਈ ਵਿਚ ਹੁੰਦਾ ਰਿਹਾ, ਜੋ ਕਿ ਆਪਣੇ ਆਪ ਵਿਚ ਇਕ ਅਪਰਾਧ ਹੈ। ਕੈਪਟਨ ਸਰਕਾਰ ਨੇ ਇਕ ਬੱਚੇ ਦੀ ਜ਼ਿੰਦਗੀ ਨੂੰ ਡੇਰਾਵਾਦ ਦੇ ਹਵਾਲੇ ਕਰ ਦਿੱਤਾ, ਜਦ ਕਿ ਇਹ ਕੰਮ ਸਾਰਾ ਪ੍ਰਸ਼ਾਸ਼ਣ ਤੇ ਫ਼ੌਜ ਦਾ ਸੀ। ਹਾਲਾਂਕਿ ਫ਼ੌਜ ਵੀ ਆ ਚੁੱਕੀ ਸੀ, ਪਰ ਉਸ ਨੂੰ ਜ਼ਿੰਮੇਵਾਰੀ ਨਹੀਂ ਸੌਂਪੀ ਗਈ।  ਪ੍ਰਸ਼ਾਸਨ ਦੀ ਢਿੱਲ ਮੱਠ ਦੀ ਨੀਤੀ ਕਾਰਨ ਮਾਸੂਮ ਫ਼ਤਹਿਬੀਰ ਸਿੰਘ 5 ਦਿਨ ਇਕ ਤੰਗ ਜਿਹੇ ਪਾਈਪ ਵਿਚ ਫਸਿਆ ਰਿਹਾ ਤੇ ਸਾਹ ਘੁੱਟਣ ਨਾਲ ਉਸ ਦੀ ਮੌਤ ਹੋ ਗਈ। ਵਿਰੋਧੀ ਧਿਰਾਂ ਨੇ ਸੁਆਲ ਖੜੇ ਕੀਤੇ ਹਨ ਕਿ ਮੁੱਖ ਮੰਤਰੀ ਮੌਕੇ 'ਤੇ ਕਿਉਂ ਨਹੀਂ ਆਏ। ਸਿਆਸਤਦਾਨਾਂ ਨੇ ਆਪਣੀ ਵੱਖਰੀ ਸਿਆਸਤ ਖੇਡਣੀ ਸ਼ੁਰੂ ਕਰ ਦਿੱਤੀ। ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀਆਂ ਲਿਖ ਕੇ ਪੰਜਾਬ ਸਰਕਾਰ ਦੀ ਜਵਾਬ ਤਲਬੀ ਦੀ ਗੱਲ ਕੀਤੀ ਗਈ। ਲੋਕਾਂ ਵਿਚ ਇਸ ਘਟਨਾ ਨੂੰ ਲੈ ਕੇ ਖਾਸਾ ਰੋਸ ਹੈ ਤੇ ਸਰਕਾਰ ਨੂੰ ਲੋਕਾਂ ਦਾ ਗੁੱਸਾ ਸਮਝਣਾ ਚਾਹੀਦਾ ਹੈ ਕਿ ਇਹੋ ਜਿਹੇ ਹਾਦਸੇ ਮੁੜ ਕੇ ਨਾ ਵਾਪਰਨ, ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਇਹ ਪੰਜਾਬ ਸਰਕਾਰ ਦਾ ਸਹੀ ਫੈਸਲਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਆਪੋ-ਆਪਣੇ ਜ਼ਿਲ੍ਹਿਆਂ ਵਿਚ ਅਜਿਹੇ ਬੋਰ ਵੈੱਲਾਂ ਬਾਰੇ ਜਾਣਕਾਰੀ 24 ਘੰਟਿਆਂ ਵਿਚ ਦਿੱਤੀ ਜਾਵੇ ਤੇ ਬੋਰ ਵੈਲ ਨੰਗੇ ਨਾ ਛੱਡੇ ਜਾਣ ਤਾਂ ਜੋ ਇਹੋ ਜਿਹੇ ਹਾਦਸੇ ਨਾ ਵਾਪਰ ਸਕਣ।

ਲੋਕਾਂ ਵਿਚ ਪੰਜਾਬ ਸਰਕਾਰ ਦੇ ਖਿਲਾਫ਼ ਕਾਫੀ ਗੁੱਸਾ ਹੈ। ਇਸੇ ਕਾਰਨ ਮਾਲਵੇ ਵਿਚ ਲੋਕ ਧਰਨੇ ਤੇ ਮੁਜ਼ਾਹਰੇ ਕਰ ਰਹੇ ਹਨ। ਫ਼ਤਹਿਵੀਰ ਦੀ ਮੌਤ ਦੇ ਬਾਅਦ ਸਰਕਾਰ ਵਿਰੁੱਧ ਲੋਕਾਂ ਦਾ ਗੁੱਸਾ 7ਵੇਂ ਅਸਮਾਨ 'ਤੇ ਹੈ। ਗੁੱਸੇ ਵਿਚ ਆਏ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਸਿੱਧਾ ਮੋਰਚਾ ਖੋਲ੍ਹਦਿਆਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਧਰਨਾ ਦਿੱਤਾ ਹੋਇਆ ਹੈ। ਸੰਗਰੂਰ ਤੇ ਸੁਨਾਮ ਵੀ ਲੋਕ ਰੋਸ ਕਾਰਨ ਪੂਰੀ ਤਰ੍ਹਾਂ ਬੰਦ ਹੈ। ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੇ ਡੀਸੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਫਤਿਹਵੀਰ ਮੌਤ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਨਾ ਮਹਿੰਗਾ ਸਾਬਤ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੇਸਬੁੱਕ ਪੇਜ਼ ਤੇ ਟਵਿੱਟਰ 'ਤੇ ਜਿਵੇਂ ਹੀ ਅਫਸੋਸ ਦਾ ਸੁਨੇਹਾ ਪਾਇਆ ਤਾਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਹੀ ਮੁੱਖ ਮੰਤਰੀ ਨੂੰ ਘੇਰ ਲਿਆ। ਫੇਸਬੁੱਕ ਪੇਜ਼ 'ਤੇ ਤਾਂ ਸ਼ਾਮ ਤੱਕ 8500 ਤੋਂ ਵੱਧ ਕੁਮੈਂਟ ਆ ਚੁੱਕੇ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਕੁਮੈਂਟ ਕਾਂਗਰਸ ਸਰਕਾਰ ਦੇ ਖ਼ਿਲਾਫ਼ ਸਨ, ਲੋਕਾਂ ਨੇ ਕੁਮੈਂਟ ਕਰਕੇ ਸਰਕਾਰ ਨੂੰ ਘੇਰਿਆ ਤੇ ਸਰਕਾਰ ਦੀ ਲਾਪ੍ਰਵਾਹੀ ਦੀ ਨਿੰਦਾ ਕੀਤੀ। ਕੁਮੈਂਟਾਂ ਵਿੱਚ ਜ਼ਿਆਦਾਤਰ ਲੋਕਾਂ ਨੇ ਲਿਖਿਆ ਕਿ ਮੁੱਖ ਮੰਤਰੀ ਪਹਾੜਾਂ ਵਿੱਚ ਛੁੱਟੀਆਂ ਮਨਾ ਰਹੇ ਹਨ ਤੇ ਬੱਚੇ ਬੋਰਵੈਲਾਂ ਵਿੱਚ ਡਿੱਗ ਰਹੇ ਹਨ। ਕਿਸੇ ਨੇ ਲਿਖਿਆ ਕਿ ਮੁੱਖ ਮੰਤਰੀ ਨੇ ਕੁੱਝ ਨਹੀਂ ਕੀਤਾ। ਕੁਝ ਲੋਕਾਂ ਨੇ ਡੀਸੀ ਤੇ ਐਸਡੀਐਮ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਉਧਰ, ਟਵਿੱਟਰ ਪੇਜ਼ 'ਤੇ ਵੀ ਮੁੱਖ ਮੰਤਰੀ ਨੂੰ ਲੋਕਾਂ ਦੀਆਂ ਖ਼ਰੀਆਂ ਖੋਟੀਆਂ ਸੁਣਨੀਆਂ ਪਈਆਂ। ਟਵਿੱਟਰ 'ਤੇ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੇ ਕੁਮੈਂਟ ਕੀਤੇ ਹੋਏ ਸਨ। ਦੱਸ ਦੇਈਏ ਇਹ ਮਾਮਲਾ ਹਾਈਕੋਰਟ ਵੀ ਪਹੁੰਚ ਚੁੱਕਾ ਹੈ। ਇਸ ਸਬੰਧੀ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਲਾਈ ਗਈ ਹੈ। ਦੂਜੇ ਪਾਸੇ ਡੀਸੀ ਦਫ਼ਤਰ ਵੱਲੋਂ ਇਸ ਬਾਰੇ ਸਫ਼ਾਈ ਵੀ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਕਿਹਾ ਕਿ ਫ਼ਤਹਿ ਦੇ ਬਚਾਅ ਕਾਰਜ ਵਿੱਚ ਨਾ ਤਾਂ ਕੋਈ ਢਿੱਲ ਵਰਤੀ ਗਈ ਤੇ ਨਾ ਹੀ ਕੋਈ ਕਮੀ ਛੱਡੀ ਗਈ ਸੀ। ਪਿੰਡ ਮੰਗਵਾਲ ਦੇ ਗਰਿੰਦਰ ਸਿੰਘ ਗਿੰਦੀ ਨੇ ਫ਼ਤਹਿਵੀਰ ਨੂੰ ਕੱਢਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਦਾ ਕਹਿਣਾ ਹੈ ਕਿ ਉਹ 1998 ਤੋਂ ਸਬਮਰਸੀਬਲ ਮੋਟਰਾਂ ਕੱਢਣ ਦਾ ਕੰਮ ਕਰ ਰਿਹਾ ਹੈ। ਉਸ ਦਾ ਦਾਅਵਾ ਹੈ ਕਿ 7 ਜੂਨ ਦੀ ਸਵੇਰ ਹੀ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਇਹ ਕੰਮ ਦੋ ਘੰਟਿਆਂ ਵਿਚ ਕਰ ਸਕਦਾ ਹੈ ਪਰ ਉਸ ਦੀ ਗੱਲ ਕਿਸੇ ਨਾ ਸੁਣੀ। ਲੋਕਾਂ ਦਾ ਕਹਿਣਾ ਹੈ ਕਿ ਜਦ ਫ਼ੌਜ ਮੌਜੂਦ ਸੀ ਤਾਂ ਪ੍ਰਸ਼ਾਸਣ ਨੇ ਬੱਚੇ ਦੀ ਜਾਨ ਬਚਾਉਣ ਦੇ ਲਈ ਫ਼ੌਜ ਦੀ ਮਦਦ ਕਿਉਂ ਨਹੀਂ ਲਈ? ਪਿੰਡ ਭਗਵਾਨਪੁਰਾ ਦਾ ਇਹ ਦੁਖਾਂਤ ਸਾਰੇ ਪੰਜਾਬ ਨੂੰ ਸ਼ਰਮਸਾਰ ਕਰਨ ਵਾਲਾ ਹੈ। ਇਸ ਹਾਦਸੇ ਦਾ ਜ਼ਿੰਮੇਵਾਰ ਡਿਪਟੀ ਕਮਿਸ਼ਨਰ ਹੈ, ਜਿਸ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਆਪਣੀ ਅਣਗਹਿਲੀ ਕਾਰਨ ਬੱਚੇ ਦੀ ਬਲੀ ਲੈ ਲਈ। ਇਸ ਸੰਬੰਧ ਵਿਚ ਕੈਪਟਨ ਸਰਕਾਰ ਨੂੰ ਕਰੜੀ ਕਾਰਵਾਈ ਕਰਨੀ ਚਾਹੀਦੀ ਹੈ।

ਰਜਿੰਦਰ ਸਿੰਘ ਪੁਰੇਵਾਲ