image caption: ਲੇਖਕ-ਸ਼ੰਗਾਰਾ ਸਿੰਘ ਭੁੱਲਰ ਅਤੇ ਕੇਜਰੀਵਾਲ

ਆਮ ਆਦਮੀ ਪਾਰਟੀ (ਆਪ) ਦੀ ਹੋਂਦ ਨੂੰ ਖ਼ਤਰਾ !

   ਪਹਿਲੀ ਗੱਲ: ਐਤਕੀ ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਗਰਾਫ਼ ਜਿੰਨੀ ਤੇਜ਼ੀ ਨਾਲ ਅਤੇ ਜਿਵੇਂ ਕਿਵੇਂ ਡਿੱਗਾ ਹੈ, ਉਸ ਤੋਂ ਤਾਂ ਇਸ ਦੀ ਹੋਂਦ ਨੂੰ ਖ਼ਤਰਾ ਮਹਿਸੂਸ ਹੋਣ ਲੱਗਾ ਹੈ। ਦਿੱਲੀ ਦੀਆਂ ਸੱਤੇ ਦੀਆਂ ਸੱਤੇ ਸੀਟਾਂ ਬੁਰੀ ਤਰ੍ਹਾਂ ਹਾਰ ਜਾਣਾ ਅਤੇ ਉਹ ਵੀ ਬਾਵਜੂਦ ਦਿੱਲੀ ਵਿੱਚ ਕੰਮ ਕਰ ਰਹੀ ਕੇਜਰੀਵਾਲ ਸਰਕਾਰ ਦੇ ਮਾਡਲ ਦੇ, ਜੇ ਇਹ ਇਸ ਦੀ ਹੋਂਦ ਨੂੰ ਖ਼ਤਰੇ ਦੀ ਨਿਸ਼ਾਨੀ ਨਹੀਂ ਤਾਂ ਹੋਰ ਕੀ ਹੈ ਪਿਛਲੀਆਂ ਚੋਣਾਂ ਵਿੱਚ ਪੰਜਾਬ ਦੀ ਧਰਤੀ 'ਤੇ ਇਸ ਦੇ ਇਕੱਠੇ ਚਾਰ ਐਮ।ਪੀਆਂ ਨੇ ਜਿੱਤ ਕੇ ਦੇਸ਼ ਵਿੱਚ ਭਲੇ ਹੀ ਪਾਰਟੀ ਦਾ ਝੰਡਾ ਗੱਡ ਦਿੱਤਾ ਸੀ ਪਰ ਐਤਕੀਂ ਸਿਰਫ਼ ਇਕ ਸੀਟ ਹੀ ਜਿੱਤ ਸਕੀ ਹੈ ਅਤੇ ਉਹ ਵੀ ਆਪਣੇ ਪਹਿਲੇ ਐਮ।ਪੀ। ਭਗਵੰਤ ਮਾਨ ਦੀ ਲੋਕ ਸਭਾ ਦੇ ਅੰਦਰ ਅਤੇ ਬਾਹਰ ਵਿਖਾਈ ਗਈ ਚੰਗੀ ਕਾਰਗੁਜ਼ਾਰੀ ਕਰਕੇ। ਇਕ ਗੱਲ ਹੋਰ ਵੀ ਕਿ ਦੇਸ਼ ਦੇ ਬਾਕੀ ਕਿਸੇ ਹੋਰ ਸੂਬੇ ਤੋਂ ਵੀ ਇਸ ਨੂੰ ਜੇ ਰੱਤਾ ਭਰ ਹੁੰਗਾਰਾ ਨਹੀਂ ਮਿਲਿਆ ਤਾਂ ਵਜ੍ਹਾ ਸਪੱਸ਼ਟ ਹੈ ਕਿ ਪਾਰਟੀ ਹਾਈਕਮਾਂਡ ਖ਼ਾਸ ਕਰਕੇ ਇਸ ਵਿੱਚ ਕੇਜਰੀਵਾਲ ਅਤੇ ਸਭ ਨੂੰ ਮਿਲ ਕੇ ਗੰਭੀਰ ਆਤਮ ਮੰਥਨ ਦੀ ਲੋੜ ਹੈ। ਇਕ ਹੋਰ ਜ਼ਿਕਰਯੋਗ ਅਹਿਮ ਪਹਿਲੂ ਇਹ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿਥੇ ਤਾਂ ਇਹ ਸਰਕਾਰ ਬਣਾਉਣ ਦੇ ਨੇੜੇ ਤੇੜੇ ਪੁੱਜੀ ਹੋਈ ਲੱਗਦੀ ਸੀ ਜਿਸ ਨੇ ਸੂਬੇ ਦੀਆਂ ਦੋਹਾਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੰਬਣੀ ਛੇੜ ਦਿੱਤੀ ਸੀ। ਪਰ ਕਿਥੇ ਪਾਰਟੀ ਦੇ ਨੇਤਾ ਅਤੇ ਖ਼ੁਦ ਕੇਜਰੀਵਾਲ ਆਪਣੀਆਂ ਮਨਮਾਨੀਆਂ, ਆਪਹੁਦਰੀਆਂ ਅਤੇ ਗ਼ਲਤ ਬਿਆਨੀਆਂ ਕਰਕੇ ਜਿੱਤੀ ਹੋਈ ਬਾਜ਼ੀ ਹਾਰ ਗਏ ਸਨ ਅਤੇ ਪਾਰਟੀ ਬੜੀ ਮੁਸ਼ਕਿਲ ਨਾਲ ਵੀਹ ਸੀਟਾਂ ਜਿੱਤ ਸਕੀ ਸੀ। ਪਾਰਟੀ ਦੀਆਂ ਜੜ੍ਹਾਂ ਵਿੱਚ ਤੇਲ ਦਿੱਤਾ ਜਾਣ ਵਾਲਾ ਅਗਲਾ ਦੁਖਾਂਤ ਇਹ ਵਾਪਰਿਆ ਕਿ ਇਕ ਤਾਂ ਛੇਤੀ ਹੀ ਇਸ ਵਿੱਚ ਵੱਡੇ ਪੱਧਰ 'ਤੇ ਧੜੇਬੰਦੀ ਸ਼ੁਰੂ ਹੋ ਗਈ ਅਤੇ ਦੂਜਾ ਪੰਜਾਬ ਦੇ ਲੀਡਰਾਂ ਨੂੰ ਪਾਰਟੀ ਵਿੱਚ ਨਾ ਰੱਖਣ ਰਖਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਰਹਿੰਦੀ ਖੂੰਹਦੀ ਕਸਰ ਉਦੋਂ ਪੂਰੀ ਹੋ ਗਈ, ਜਦੋਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਅਤੇ ਉਹ ਗੁੱਸੇ ਵਿੱਚ ਪਾਰਟੀ ਦੇ 7-8 ਵਿਧਾਇਕਾਂ ਨੂੰ ਲੈ ਕੇ ਅਲੱਗ ਹੋ ਗਿਆ। ਕਿਹਾ ਜਾ ਸਕਦਾ ਹੈ ਕਿ ਪਾਰਟੀ ਵੇਖਦਿਆਂ-ਵੇਖਦਿਆਂ ਖੱਖੜੀਦਰ ਖੱਖੜੀ ਹੋ ਗਈ ਅਤੇ ਜਿਸ ਸੂਬੇ ਦੇ ਲੋਕਾਂ ਅਤੇ ਬਾਹਰ ਬੈਠੇ ਪ੍ਰਵਾਸੀ ਪੰਜਾਬੀਆਂ ਦਾ ਭਰੋਸਾ ਇਸ ਪਾਰਟੀ ਵਿੱਚ ਯੱਕਦਮ ਪੈਦਾ ਹੋਇਆ ਸੀ, ਉਹ ਲੀਡਰਾਂ ਦੀਆਂ ਆਪਸੀ ਸਾਜ਼ਿਸ਼ੀ ਚਾਲਾਂ ਕਰਕੇ ਭੰਗ ਹੋ ਗਿਆ। ਦੇਸ਼ ਵਿੱਚ ਮੇਰੀ ਜਾਚੇ ਸ਼ਾਇਦ ਇਹੀਉ ਇਕ ਪਾਰਟੀ ਸੀ ਜਿਸ ਨੂੰ ਇਥੋਂ ਦਾ ਅਤੇ ਬਾਹਰ ਦਾ ਆਪਮੁਹਾਰਾ ਕਾਡਰ ਮਿਲਿਆ ਸੀ, ਪਰ ਬਦਕਿਸਮਤੀ ਪਾਰਟੀ ਦੇ ਨੇਤਾਵਾਂ ਦੀ ਜੋ ਇਸ ਨੂੰ ਸੰਭਾਲ ਨਾ ਸਕੇ। ਉਂਜ ਵੀ ਆਖਦੇ ਹਨ ਕਈ ਵਾਰ ਸਹਿਜ ਸੁਭਾਅ ਮਿਲੀ ਕੋਈ ਪ੍ਰਾਪਤੀ ਸੰਭਾਲੀ ਵੀ ਨਹੀਂ ਜਾਂਦੀ ਅਤੇ ਪਤਾ ਉਦੋਂ ਲੱਗਦਾ ਹੈ ਜਦੋਂ ਉਹ ਹੱਥੋਂ ਵਾਪਸ ਜਾਣ ਲੱਗਦੀ ਹੈ।

ਦੂਜੀ ਗੱਲ: ਇਹ ਤਾਂ ਸੱਭ ਨੂੰ ਭਲੀਭਾਂਤ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਇਕ ਸਮਾਜਕ ਬੁਰਾਈ ਭ੍ਰਿਸ਼ਟਾਚਾਰ ਵਿੱਰੁਧ ਅਰੰਭੇ ਗਏ ਦੇਸ਼ ਵਿਆਪੀ ਅੰਦੋਲਨ ਵਿੱਚੋਂ ਨਿਕਲੀ ਹੈ। ਇਸ ਲਈ ਸੁਭਾਵਿਕ ਹੀ ਲੋਕਾਂ ਦੀਆਂ ਵਹੀਰਾਂ ਆਪ ਮੁਹਾਰੇ ਇਸ ਵੱਲ ਹੋ ਤੁਰੀਆਂ। ਦੇਸ਼ ਵਿੱਚ ਜਿੰਨੀਆਂ ਵੀ ਸਿਆਸੀ ਪਾਰਟੀਆਂ ਸਮੇਂ-ਸਮੇਂ ਹੋਂਦ ਵਿੱਚ ਆਈਆਂ ਉਨ੍ਹਾਂ ਵਿੱਚੋਂ ਸ਼ਾਇਦ ਇਹੀਉ ਪਾਰਟੀ ਸੀ ਜਿਹੜੀ ਧੁੱਸ ਦੇ ਕੇ ਅੱਗੇ ਵੱਲ ਵਧੀ ਅਤੇ ਏਨੀ ਤੇਜ਼ੀ ਨਾਲ ਵਧੀ ਕਿ ਸਵਾ ਸਾਲ ਵਿੱਚ ਹੀ ਇਹ ਦਿੱਲੀ ਵਿੱਚ ਸੱਤਾਧਾਰੀ ਧਿਰ ਬਣ ਬੈਠੀ। ਹੈਰਾਨੀ ਦੀ ਗੱਲ ਇਹ ਸੀ ਕਿ ਇਸ ਨੇ ਦਿੱਲੀ ਵਿੱਚ ਨਾ ਭਾਜਪਾ ਦੇ ਪੈਰ ਲੱਗਣ ਦਿੱਤੇ ਅਤੇ ਨਾ ਉਸ ਕਾਂਗਰਸ ਦੇ ਜਿਹੜੀ ਸੱਤਰ ਸਾਲਾਂ ਵਿੱਚ ਬਹੁਤੇ ਵਰ੍ਹੇ ਇਥੇ ਕਾਬਜ਼ ਰਹੀ ਸੀ, ਬਲਕਿ ਆਖ਼ਰੀ ਵਰ੍ਹਿਆਂ ਵਿੱਚ ਤਾਂ ਸ਼ੀਲਾ ਦੀਕਸ਼ਿਤ ਤਿੰਨ ਵਾਰ ਲਗਾਤਾਰ ਦਿੱਲੀ ਦੀ ਮੁੱਖ ਮੰਤਰੀ ਰਹੀ। ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਜਾਦੂਗਿਰੀ ਨੇ ਉਨ੍ਹਾਂ ਦੇ ਪੈਰ ਉਖਾੜ ਦਿੱਤੇ ਸਨ। ਬੇਸ਼ੱਕ ਇਹ ਸਰਕਾਰ ਮੁਸ਼ਕਿਲ ਨਾਲ ਡੇਢ ਮਹੀਨਾ ਹੀ ਚੱਲ ਸਕੀ, ਪਰ ਦੂਜੀ ਵਾਰ ਫਿਰ ਲੋਕਾਂ ਨੇ ਇਸ ਦੇ ਹੱਕ ਵਿੱਚ ਫ਼ਤਵਾ ਦਿੱਤਾ, ਜੋ ਹੁਣ ਤੱਕ ਕਾਇਮ ਹੈ। ਹਾਲਾਂਕਿ ਇਸੇ ਦਿੱਲੀ ਵਿੱਚ ਅਤੇ ਪੂਰੇ ਦੇਸ਼ ਵਿੱਚੋਂ ਸਿਰਫ਼ ਤੇ ਸਿਰਫ਼ ਲੋਕ ਸਭਾ ਦੀ ਇਕ ਸੀਟ ਹੀ ਜਿੱਤ ਸਕੀ ਹੈ। ਇੰਨੀ ਤੇਜ਼ੀ ਨਾਲ ਜਿਸ ਪਾਰਟੀ ਨੇ ਲੋਕਾਂ ਦੀਆਂ ਆਸਾਂ ਉਮੰਗਾਂ ਜਗਾਈਆਂ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਯਤਨ ਵੀ ਕੀਤੇ ਪਰ ਉਨੀ ਹੀ ਤੇਜ਼ੀ ਨਾਲ ਆਪਸੀ ਧੜੇਬੰਦੀ, ਭ੍ਰਿਸ਼ਟਾਚਾਰ ਅਤੇ ਲੋਕ ਮਨਾਂ ਤੋਂ ਉਤਰਨਾ ਸ਼ੁਰੂ ਹੋਣ ਲੱਗੀ ਹੈ। ਇਸ ਪਾਰਟੀ ਲਈ ਇਕ ਵੱਡਾ ਖ਼ਤਰਾ ਹੈ। ਪਾਰਟੀ ਦੇ ਪਸਰੇ ਪੈਰ ਸੁੰਗੜਨ ਲੱਗੇ ਹਨ ਜੋ ਹਾਈ ਕਮਾਂਡ ਲਈ ਜਾਗਣ ਸੋਚਣ ਦਾ ਵੇਲਾ ਹੈ। ਉਂਜ ਵੀ ਕਿਸੇ ਪਾਰਟੀ ਦੀ ਹੋਂਦ ਨੂੰ ਏਨਾ ਭਾਰੀ ਖ਼ਤਰਾ ਪੈਦਾ ਹੋ ਜਾਵੇ ਤਾਂ ਵਿਰੋਧੀ ਧਿਰਾਂ ਲਈ ਇਹ ਭਲੇ ਹੀ ਕੱਛਾਂ ਵਜਾਉਣ ਦਾ ਸਮਾਂ ਹੋਵੇ ਪਰ ਆਮ ਲੋਕਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ।

    ਤੀਜੀ ਗੱਲ: ਪਾਰਟੀ ਨੂੰ ਪਿਛਲੇ ਵਰ੍ਹਿਆਂ ਵਿੱਚ ਜਿਸ ਆਪਸੀ ਖਿੱਚਧੂਹ, ਦੂਸ਼ਣਬਾਜ਼ੀ ਅਤੇ ਅਨੇਕਾਂ ਕਿਸਮਾਂ ਦੀਆਂ ਕਮੀਆਂ ਪੇਸ਼ੀਆਂ ਵਿੱਚੋਂ ਲੰਘਣਾ ਪਿਆ ਹੈ, ਉਸ ਦੇ ਭਾਵੇਂ ਮੋਟੇ ਮੋਟੇ ਕਾਰਨਾਂ ਦਾ ਤਕਰੀਬਨ ਉਪਰ ਜ਼ਿਕਰ ਕੀਤਾ ਗਿਆ ਹੈ ਫਿਰ ਵੀ ਹੈਰਾਨੀ ਹੈ ਕਿ ਤੇਜ਼ ਦਿਮਾਗ਼ ਅਰਵਿੰਦ ਕੇਜਰੀਵਾਲ ਨੇ ਆਪਣੇ ਭਰੋਸੇਯੋਗ ਨਜ਼ਦੀਕੀ ਸਾਥੀਆਂ 'ਤੇ ਇਸ ਨੇ ਕਾਬੂ ਪਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕੀ ਉਹ ਆਪਣੇ ਆਪ ਨੂੰ ਬੌਸ ਮਹਿਸੂਸ ਕਰ ਰਹੇ ਹਨ ਜਾਂ ਫਿਰ ਉਹ ਕਿਸੇ ਦੀ ਸੁਣਨਾ ਹੀ ਪਸੰਦ ਨਹੀਂ ਕਰਦੇ ਅੱਜ ਲੋਕਰਾਜ ਦਾ ਯੁੱਗ ਹੈ। ਹਮਖਿਆਲ ਸਾਥੀਆਂ ਦੇ ਸਹਿਯੋਗ ਨਾਲ ਲੋਕ ਮਸਲਿਆਂ 'ਤੇ ਕਾਬੂ ਪਾ ਕੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾ ਸਕਦਾ ਹੈ। ਦੇਸ਼ ਦੇ ਹਰ ਹਿੱਸੇ ਦੀ ਜਨਤਾ ਲੋਕ ਮਸਲਿਆਂ ਤੋਂ ਬਿਨਾਂ ਬੁਨਿਆਦੀ ਲੋੜਾਂ ਦੀ ਸਖ਼ਤ ਥੁੜ ਤੋਂ ਗੋਡੇ ਗੋਡੇ ਦੁਖੀ ਹੈ। ਕਿਉਂ ਨਹੀਂ ਲੋਕ-ਪੱਖੀ ਫ਼ੈਸਲੇ ਲਏ ਲੋਕ ਤਾਂ ਆਪਣੀਆਂ ਵੱਖ-ਵੱਖ ਮੁਸ਼ਕਿਲਾਂ ਦੇ ਹੱਲ ਲਈ ਅਵਾਜ਼ਾਰ ਹਨ। ਇਸ ਲਈ ਫੋਕੇ ਨਾਅਰੇ ਜਾਂ ਵਿਖਾਵਿਆਂ ਜਾਂ ਚੋਣ ਮਨੋਰਥ ਪੱਤਰ ਲਹਿਰਾਉਣ ਦੀ ਲੋੜ ਨਹੀਂ, ਸਗੋਂ ਕੁੱਝ ਕਰਕੇ ਵਿਖਾਉਣ ਦੀ ਜ਼ਰੂਰਤ ਹੈ। ਲੋਕ ਸਰਕਾਰ ਦੀ ਬਿਆਨਬਾਜ਼ੀ ਪਸੰਦ ਨਹੀਂ ਕਰਦੇ। ਅਸਲ ਵਿੱਚ ਕੰਮ ਹੋਇਆ ਵੇਖਣਾ ਲੋਚਦੇ ਹਨ। ਕੇਜਰੀਵਾਲ ਜੇ ਦਿੱਲੀ ਵਿੱਚ ਬਹੁਤ ਕੁਝ ਕਰਨ ਦੇ ਦਾਅਵੇ ਕਰਦੇ ਨਹੀਂ ਥੱਕਦੇ ਤਾਂ ਫਿਰ ਕੀ ਵਜ੍ਹਾ ਹੈ ਕਿ ਜੇ ਹੋਰ ਕਿਸੇ ਥਾਂ ਤੋਂ ਨਹੀਂ ਤਾਂ ਦਿੱਲੀ ਦੀਆਂ ਸੱਤਾਂ ਸੀਟਾਂ ਵਿੱਚੋਂ ਇਕ ਸੀਟ ਵੀ ਨਹੀਂ ਮਿਲ ਸਕੀ। ਮਤਲਬ ਸਾਫ਼ ਹੈ ਕਿ ਦਿੱਲੀ ਵਾਸੀਆਂ ਨੂੰ ਇਸ ਪਾਰਟੀ ਦੀ ਕਥਨੀ ਅਤੇ ਕਰਨੀ ਵਿੱਚ ਵੱਡਾ ਫ਼ਰਕ ਲੱਗਾ ਹੈ ਅਤੇ ਉਨ੍ਹਾਂ ਨੇ ਇਸ ਨੂੰ ਮੂੰਹ ਨਹੀਂ ਲਾਇਆ।

ਚੌਥੀ ਗੱਲ: ਮਨੁੱਖ ਗ਼ਲਤੀਆਂ ਦਾ ਪੁਤਲਾ ਮੰਨਿਆ ਜਾਂਦਾ ਹੈ। ਉਹ ਸਿਆਸਤ ਵਿੱਚ ਵਿਚਰਨਾ ਫਿਰ ਆਮ ਜੀਵਨ, ਗਾਹੇ ਬਗਾਹੇ ਉਸ ਕੋਲੋਂ ਗ਼ਲਤੀਆਂ, ਗ਼ਲਤ ਫ਼ੈਸਲੇ ਲਏ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਹ ਜੀਵਨ ਦਾ ਦਸਤੂਰ ਵੀ ਹੈ ਕਿ ਫ਼ੈਸਲਾ ਤਾਂ ਲਉ ਭਾਵੇਂ ਕਿਸੇ ਤਰ੍ਹਾਂ ਦਾ ਵੀ ਹੋਵੇ। ਅਜਿਹੀ ਪ੍ਰਣਾਲੀ ਵਿੱਚ ਜੇ ਕੇਜਰੀਵਾਲ, ਪਾਰਟੀ ਹਾਈ ਕਮਾਂਡ ਦੇ ਲੀਡਰਾਂ ਕੋਲੋਂ ਗ਼ਲਤੀਆਂ ਹੋਈਆਂ ਵੀ ਹਨ ਤਾਂ ਕੀ ਉਨ੍ਹਾਂ ਨੂੰ ਰੱਲ ਮਿਲ ਕੇ ਠੀਕ ਨਹੀਂ ਸੀ ਕੀਤਾ ਜਾ ਸਕਦਾ ਕੀਤਾ ਜਾ ਸਕਦਾ ਹੈ! ਪਾਰਟੀ ਦੇ ਸੰਗਠਨ ਵੇਲੇ ਕਾਫ਼ੀ ਮਜ਼ਬੂਤੀ ਦੀ ਲੋੜ ਹੁੰਦੀ ਹੈ, ਨਾ ਕਿ ਉਸ ਨੂੰ ਬਖੇਰਨ ਦੀ। ਅਫ਼ਸੋਸ ਕਿ ਹਾਈ ਕਮਾਂਡ ਉਸ ਨੂੰ ਆਪ ਹੀ ਬਖੇਰਨ ਦੇ ਰਾਹ ਤੁਰ ਪਈ। ਲੀਡਰਾਂ ਦੀ ਕੱਢਾ-ਕਢਾਈ ਸ਼ੁਰੂ ਹੋ ਗਈ। ਕਿਸੇ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਤੇ ਕਿਸੇ ਨੂੰ ਅੰਦਰ ਦਾ। ਫਿਰ ਜਿਸ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚੋਂ ਇਹ ਖ਼ੁਦ ਪੈਦਾ ਹੋਈ ਸੀ, ਉਸ ਉਤੇ ਹੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਲੱਗੇ। ਇਹ ਕਿਉਂ ਹੋਇਆ ਕਿਉਂ ਆਪਹੁਦਰੇ ਅਤੇ ਮਨਮਰਜ਼ੀ ਦੇ ਫ਼ੈਸਲੇ ਲੈ ਕੇ ਪਾਰਟੀ ਦੇ ਪੈਰਾਂ 'ਤੇ ਉਸ ਵੇਲੇ ਕੁਹਾੜੇ ਮਾਰੇ ਗਏ ਜਦੋਂ ਇਹ ਦਿੱਲੀਉਂ ਬਾਹਰ ਨਿਕਲ ਕੇ ਪੰਜਾਬ ਵਿੱਚ ਪੈਰ ਮਜ਼ਬੂਤ ਕਰਨ ਲੱਗੀ। ਮਾਮੂਲੀ ਗ਼ਲਤੀਆਂ ਨੇ ਪਾਰਟੀ ਨੂੰ ਪੈਲੀ ਸੱਟੇ ਬਹੁਤ ਪਿੱਛੇ ਸੁੱਟ ਦਿੱਤਾ। ਕੁੱਲ ਮਿਲਾ ਕੇ ਲੀਡਰ ਹੁਣ ਵੀ ਭਾਵੇਂ ਜਿੰਨੇ ਮਰਜ਼ੀ ਦਾਅਵੇ ਕਰਨ, ਹਾਲ ਦੀ ਘੜੀ ਇਸ ਦੀ ਹਾਲਤ ਪਾਣੀਉਂ ਪਤਲੀ ਹੋ ਗਈ ਹੈ। ਉਤੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮੁਸ਼ਕਿਲ ਨਾਲ ਛੇ ਕੁ ਮਹੀਨਿਆਂ ਦਾ ਸਮਾਂ ਰਹਿ ਗਿਆ ਹੈ। ਤੇਜ਼ੀ ਨਾਲ ਇਸ ਪਾਰਟੀ ਦੇ ਡਾਵਾਂਡੋਲ ਹੋ ਰਹੇ ਭਵਿੱਖ ਦੀ ਰਹਿੰਦੀ ਖੂੰਹਦੀ ਤਸਵੀਰ ਉਨ੍ਹਾਂ ਚੋਣਾਂ ਵਿੱਚ ਸਾਹਮਣੇ ਆ ਜਾਵੇਗੀ, ਜਦੋਂ ਨਰਿੰਦਰ ਮੋਦੀ ਨੇ ਪੂਰੇ ਦੇਸ਼ ਵਿੱਚ ਆਪ ਜਾਣ ਦਾ ਸੱਦਾ ਦਿੱਤਾ ਹੈ।

ਤੇ ਅੰਤ ਵਿੱਚ: ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਕੇਜਰੀਵਾਲ ਅਤੇ ਹਾਈ ਕਮਾਂਡ ਵੱਲੋਂ ਸੂਬੇ ਵਿੱਚ ਗੱਠਜੋੜ ਲਈ ਯਤਨ ਕੀਤੇ ਜਾ ਰਹੇ ਸਨ ਤਾਂ ਵਿੱਚ ਜਿਹੇ ਇਕ ਕੋਸ਼ਿਸ਼ ਵੀ ਹੋਈ ਕਿ ਨਵਜੋਤ ਸਿੰਘ ਸਿੱਧੂ ਨੂੰ ਅਪਣੇ ਨਾਲ ਮਿਲਾ ਲਿਆ ਜਾਵੇ। ਉਸ ਵੇਲੇ ਜੇ ਪਾਰਟੀ ਹਾਈ ਕਮਾਂਡ ਨੇ ਥੋੜ੍ਹੀ ਜਿਹੀ ਸਿਆਣਪ ਤੋਂ ਕੰਮ ਲਿਆ ਹੁੰਦਾ ਤਾਂ ਪੰਜਾਬ ਵਿੱਚ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੀ ਅਤੇ ਸਿੱਧੂ ਮੁੱਖ ਮੰਤਰੀ। ਗੱਲ ਤਾਂ ਸਹੀ ਸਮੇਂ 'ਤੇ ਸਹੀ ਨਬਜ਼ ਫੜਨ ਦੀ ਹੈ, ਜੋ ਕੇਜਰੀਵਾਲ ਤੋਂ ਨਹੀਂ ਫੜੀ ਗਈ ਅਤੇ ਪੰਜਾਬ ਇਕ ਤਰ੍ਹਾਂ ਹੁਣ ਉਸ ਦੇ ਪੰਜੇ ਵਿੱਚੋਂ ਲਗਪਗ ਨਿਕਲ ਹੀ ਗਿਆ ਹੈ।

ਲੇਖਕ-ਸ਼ੰਗਾਰਾ ਸਿੰਘ ਭੁੱਲਰ
ਫੋਨ: 0091 98141-22870

Email: shangarasinghbhullar@gmail.com