image caption: ਲੇਖਕ - ਦਰਬਾਰਾ ਸਿੰਘ ਕਾਹਲੋਂ

ਸਾਕਾ ਨੀਲਾ ਤਾਰਾ ਦੀ ਸਥਿਤੀ ਸਪੱਸ਼ਟ ਹੋਣੀ ਚਾਹੀਦੀ ਹੈ

ਲੇਖਕ - ਦਰਬਾਰਾ ਸਿੰਘ ਕਾਹਲੋਂ

   ਕੌਮਾਂ ਦੇ ਜੀਵਨ ਵਿਚ ਕੁੱਝ ਦੁਖਾਂਤਮਈ ਘਟਨਾਵਾਂ ਐਸੀਆਂ ਵਾਪਰਦੀਆਂ ਹਨ ਜਿੰਨਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਖ਼ੁਦਾ ਨਖਾਸਤਾ ਜੋ ਕੌਮਾਂ ਐਸੀਆਂ ਘਟਨਾਵਾਂ ਭੁੱਲ ਜਾਂਦੀਆਂ ਹਨ, ਸਮਾਂ ਪਾ ਕੇ ਉਨਾਂ ਦਾ ਮੂਲੋਂ ਨਾਸ਼ ਹੋ ਜਾਂਦਾ ਹੈ। ਕੁੱਝ ਸਮਾ ਪਹਿਲਾਂ ਪੰਜਾਬ ਦੇ ਪ੍ਰੋਢ ਸਿਆਸਤਦਾਨ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਨੇ ਰਾਜਨੀਤਕ ਨੁੱਕਤਾ ਨਜ਼ਰ ਨੂੰ ਪ੍ਰੋੜਤਾ ਦਿੰਦੇ ਇੱਕ ਅਤਿ ਭੁਲੇਖਾ ਪਾਊ ਬਿਆਨ ਦਿਤਾ ਕਿ ਪੰਜਾਬੀ ਅਤੇ ਖਾਸ ਕਰਕੇ ਸਿੱਖ ਕੌਮ ਸ਼੍ਰੀ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ ਕਾਂਡ (ਗੋਲੀ ਕਾਂਡ) ਨੂੰ ਭੁੱਲ ਚੁੱਕੇ ਹਨ। ਚੇਤਨ ਪੰਜਾਬੀਆ ਅਤੇ ਸਿੱਖ ਵਿਦਵਾਨਾਂ ਨੂੰ ਐਸੀ ਪ੍ਰੌਢ ਸਖਸ਼ੀਅਤ ਮੁੱਖੋਂ ਐਸੇ ਸ਼ਬਦ ਬਿਲਕੁਲ ਚੰਗੇ ਨਹੀਂ ਲੱਗੇ।

      ਇਸ ਦੇ ਪ੍ਰਤੀਕਰਮ ਵਿਚ ਸਿੱਖ ਅਤੇ ਮਿਲਟਰੀ ਇਤਿਹਾਸਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਹੀ ਸਟੀਕ ਅਤੇ ਮਹੱਤਵਪੂਰਨ ਜਵਾਬ ਦਿਤਾ ਕਿ ਪੰਜਾਬੀ ਅਤੇ ਖਾਸ ਕਰਕੇ ਸਿੱਖ ਕੌਮ ਤਾਂ ਅਜੇ ਤੱਕ ਸਿੱਖ ਘੱਲੂਘਾਰੇ, ਗੁਰਦੁਵਾਰਾ ਸਾਹਿਬ ਅਜ਼ਾਦ ਕਰਾਉਣ ਲਈ ਨਨਕਾਣਾ ਸਾਹਿਬ, ਗੁਰੂ ਕਾ ਬਾਗ, ਜੈਤੋ ਆਦਿ ਦੇ ਮੋਰਚੇ ਨਹੀਂ ਭੁੱਲ ਸਕੇ ਫਿਰ ਇਹ ਕਾਂਡ ਭੁੱਲਣੇ ਕਿਵੇਂ ਸੰਭਵ ਹੋ ਸਕਦੇ ਹਨ।
ਇਵੇਂ ਹੀ ਸਾਕਾ ਨੀਲਾ ਤਾਰਾ ਸਿੱਖ ਕੌਮ ਦੇ ਨਸਲਘਾਤ ਅਤੇ ਮੁਕੱਦਮ ਅਸਥਾਨਾਂ ਦੀ ਬੇਅਦਬੀ ਸਬੰਧੀ ਉਸ ਦੇ ਸੀਨੇ ਤੇ ਇੱਕ ਐਸਾ ਜਖ਼ਮ ਹੈ ਜੋ ਕਦੇ ਥੋੜੀ ਕੀਤੇ ਭਰਨ ਵਾਲਾ ਨਹੀਂ। ਜੇ ਕੋਈ ਇਹ ਸਮਝੇ ਕਿ ਸਿੱਖ ਕੌਮ ਇਸ ਨੂੰ ਭੁੱਲ ਜਾਏ ਤਾਂ ਇਸ ਤੋਂ ਵੱਡਾ ਮੁਰਖਾਨਾ ਜਾਂ ਭੁਲੇਖਾ ਪਾਊ ਹੋਰ ਕੋਈ ਕਥਨ ਨਹੀਂ ਹੋ ਸਕਦਾ।
ਇਤਿਹਾਸ ਵਿਚ ਇਸ ਜੂਨ ਮਹੀਨੇ ਵਿਸ਼ਵ ਅੰਦਰ ਕੁੱਝ ਕੌਮਾਂ ਨੂੰ ਐਸੇ ਅਭੁੱਲ, ਮਾਰੂ, ਨਸਲਘਾਤੀ, ਬਰਬਰਤਾਪੂਰਨ, ਲੂੰ-ਕੰਡੇ ਖੜੇ ਕਰਨ ਵਾਲੇ ਐਸੇ ਜਖ਼ਮ ਦਿਤੇ ਗਏ ਹਨ ਜਿੰਨਾਂ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ। ਉਹ ਕੌਮਾਂ ਐਸੀਆਂ ਘਟਨਾਵਾਂ ਦੀ ਯਾਦ ਵਿਚ ਆਏ ਸਾਲ ਬਰਸੀਆਂ ਮਨਾਉਂਦੀਆਂ ਹਨ ਤਾਂ ਕਿ ਉਹ ਭਵਿੱਖ ਵਿਚ ਆਪਣੇ ਆਪ ਨੂੰ ਇਸ ਸਮਰੱਥ ਬਣਾ ਸਕਣ ਕਿ ਉਨਾਂ ਦੇ ਜੀਵਨ ਵਿਚ ਮੁੜ ਐਸੇ ਮਾਰੂ, ਅਣਮਨੁੱਖੀ ਬਰਬਰਤਾਪੂਰਵਕ ਨਸਲਘਾਤੀ ਸਾਕੇ ਨਾ ਵਾਪਰ ਸਕਣ।
ਭਾਰਤ ਅੰਦਰ ੩ ਜੂਨ, ੧੯੮੪ ਨੂੰ ਸਿੱਖ ਖਾੜਕੂਆਂ ਦੀ ਆੜ ਵਿਚ ਸਿੱਖ ਕੌਮ ਦੇ ਨਸਲਘਾਤ ਅਤੇ ਇਸ ਨੂੰ ਇਬਰਤਨਾਕ ਸਬਕ ਸਿਖਾaਣ ਦੀ ਘਿਨਾਉਣੀ ਮਨਸ਼ਾ ਨਾਲ ਤੱਤਕਾਲੀ ਕਾਂਗਰਸ ਸਰਕਾਰ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਉਸ ਦੇ ਮੁਕੱਦਸ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਸਮੇਤ ਵੱਖ-ਵੱਖ ਥਾਈਂ ਕਰੀਬ ੪੦ ਗੁਰਦਵਾਰਿਆਂ 'ਤੇ ਸਾਕਾ ਤਾਰਾ ਅਧੀਨ ਸਿੱਧੀ ਫ਼ੌਜੀ ਕਾਰਵਾਈ ਕੀਤੀ। ਤਿੰਨ ਜੂਨ ਨੂੰ ਸਮੁੱਚਾ ਪੰਜਾਬ ਕਰਫਿਊ ਦੀਆਂ ਜੰਜ਼ੀਰਾਂ ਵਿਚ ਜਖ਼ੜ ਕੇ ਰਖ ਦਿਤਾ। ਹਜ਼ਾਰਾ ਹਥਿਆਰਬੰਦ ਖਾੜਕੂਆਂ ਸਮੇਤ ਨਿਹੱਥੇ ਬੇਗੁਨਾਹ ਸਿੰਖ ਬੱਚੇ, ਬੁੱਢੇ, ਨੌਜਵਾਨ ਔਰਤਾਂ ਅਤੇ ਮਰਦ ਮੌਤ ਦੇ ਘਾਟ ਉਤਾਰ ਦਿਤੇ।
ਇਸੇ ਮਹੀਨੇ ੪ ਜੂਨ, ੧੯੮੦ ਨੂੰ ਚੀਨ ਦੀ ਰਾਜਧਾਨੀ ਬੀਜਿੰਗ ਵਿਚ ਤਿਆਨਾਨਮੈਨ ਚੌਂਕ ਵਿਚ ਲੋਕਤੰਤਰ ਦੀ ਦੇਵੀ ਦੀ ਮੂਰਤੀ ਸਥਾਪਿਤ ਕਰਕੇ ਦੇਸ਼ ਅੰਦਰ ਲੋਕਤੰਤਰੀ ਵਿਵਸਥਾ ਲਾਗੂ ਕਰਨ ਦੀ ਮੰਗ ਕਰ ਰਹੇ ਹਜ਼ਾਰਾਂ ਨੌਜਵਾਨਾਂ ਨੂੰ ਚੀਨੀ ਕਮਿਊਨਿਸਟ ਸਾਸ਼ਨ ਨੇ ਟੈਂਕ, ਤੋਪਾਂ ਅਤੇ ਬਖ਼ਤਰਬੰਦ ਗੱਡੀਆਂ ਨਾਲ ਕਾਰਵਾਈ ਕਰਦੇ ਕਰੀਬ ੧੦੦੦ ਨੌਜਵਾਨ ਮੌਤ ਦੇ ਘਾਟ ਉਤਾਰ ਦਿਤੇ।
ਹਰ ਸਾਲ ੬ ਜੂਨ ਡੀ.ਡੇਅ ਕੈਨੇਡਾ ਦੀ ਕੌਮ ਮਨਾਉਂਦੀ ਹੈ। ਇਸ ਦਿਨ ਦੂਸਰੀ ਵਿਸ਼ਵ ਜੰਗ ਵਿਚ ਫਰਾਂਸ ਅੰਦਰ ਨਾਰਮੰਡੀ ਦੇ ਸਥਾਨ 'ਤੇ ਸੰਨ ੧੯੪੪ ਵਿਚ ਜਰਮਨੀ ਦੀ ਨਾਜ਼ੀ ਅਤੇ ਉਸ ਦੀਆ ਇਤਿਹਾਦੀ ਫ਼ੌਜਾਂ ਨਾਲ ਲੜਦਿਆਂ ੩੫੦ ਕੈਨੇਡੀਅਨ ਫ਼ੌਜੀ ਮਾਰੇ ਗਏ, ੫੭੪ ਜਖ਼ਮੀ ਹੋਏ ਅਤੇ ੪੭ ਪਕੜੇ ਗਏ। ੬ ਜੂਨ ਤੋਂ ੨੧ ਅਗਸਤ, ੧੯੪੪ ਵਿਚ ਚਲੀ ਇਸ ਭਿਆਨਕ ਜੰਗ ਨੇ ਨਾਜ਼ੀ ਜਰਮਨੀ ਅਤੇ ਉਸਦੀ ਦੂਸਰੀ ਵਿਸਵ ਜੰਗ ਵਿਚ ਹਾਰ ਦੀ ਇਬਾਰਤ ਲਿੱਖ ਦਿਤੀ। ਇਸ ਜੰਗ ਵਿਚ ੪੫੦,੦੦੦ ਜਰਮਨ ਫ਼ੌਜੀ ਅਤੇ ੨੧੦,੦੦੦ ਮਿੱਤਰ ਦੇਸ਼ਾਂ ਦੇ ਫ਼ੌਜੀ ਮਾਰੇ ਗਏ। ਕੈਨੇਡਾ ਦੇ ੫੦੦੦ ਫ਼ੌਜੀ ਮਾਰੇ ਗਏ, ੧੩੦੦੦ ਜਖ਼ਮੀ ਹੋਏ।
ਹੁਣ ਤਿੰਨ ਸਾਲ ਬਾਅਦ ਸੰਨ ੧੯੮੦ ਤੋਂ ਸੰਨ ੨੦੧੨ ਦਰਮਿਆਨ ਕੈਨੇਡੀਅਨ ਮੂਲ ਨਿਵਾਸੀ ੧੧੮੧ ਦੇ ਕਰੀਬ ਸਾਰੀਆਂ ਜਾਂ ਗਵਾਚੀਆਂ ਔਰਤਾਂ ਅਤੇ ਲੜਕੀਆਂ ਬਾਰੇ ੩ ਜੂਨ, ੨੦੧੯ ਨੂੰ ਐਮ.ਐਮ.ਆਈ. ਡਬਲਯੂ ਕਮਿਸ਼ਨ ਵਲੋਂ ਜਸਟਿਨ ਟਰੂਡੋ ਲਿਬਰਲ ਪਾਰਟੀ ਸਰਕਾਰ ਨੂੰ ਪੇਸ਼ ਕੀਤੀ ਗਈ ਹੈ। ਰਾਜਨੀਤਕ ਅਤੇ ਮੂਲ ਨਿਵਾਸੀਅ ਕੌਮਾਂ ਸਬੰਧੀ ਹਲਕੇ ਇਸ ਨੂੰ 'ਨਸਲਘਾਤ' ਕਰਾਰ ਦੇ ਰਹੇ ਹਨ। ਕੀ ਇਸ ਨਸਲਘਾਤ ਨੂੰ ਕੈਨੇਡੀਅਨ ਮੂਲ ਨਿਵਾਸੀ ਕੌਮਾਂ ਕਦੇ ਭੁੱਲ ਸਕਣਗੀਆਂ? ਇਸ ਸਬੰਧੀ ੨੩੧ ਸਿਫਾਰਸ਼ਾਂ ਕਮਿਸ਼ਨ ਵਲੋਂ ਦਿਤੀਆਂ ਹਨ ਤਾਂ ਕਿ ਅਜਿਹੇ ਅਣ ਮਨੁੱਖੀ, ਜਾਲਮਾਨਾ ਨਸਲਘਾਤੀ ਕਾਰਨਾਮੇ ਕੈਨੇਡਾ ਵਰਗੇ ਵਿਕਸਤ ਦੇਸ਼ ਵਿਚ ਮੁੜ ਨਾ ਵਾਪਰਨ। ਪਰ ਲੱਖ ਟੱਕੇ ਦਾ ਸਵਾਲ ਤਾਂ ਇਹ ਇਨਾਂ ਸ਼ਿਫਾਰਸ਼ਾਂ 'ਤੇ ਅਮਲ ਕਦੋਂ ਤੇ ਕੌਣ ਕਰੇਗਾ ਭਾਵੇਂ ਪ੍ਰਧਾਨ ਮੰਤਰੀ ਟਰੂਡੋ ਨੇ ਇਸ ਸਬੰਧੀ ਕਾਰਵਾਈ ਦਾ ਭਰੋਸਾ ਦਿਤਾ ਹੈ।
ਜੇਕਰ ਵਿਸ਼ਵ ਦੇ ਇਤਿਹਾਸ 'ਤੇ ਗਹੁ ਨਾਲ ਝਾਤ ਮਾਰੀ ਜਾਏ ਤਾਂ ਹਰ ਰਾਸ਼ਟਰ, ਕੌਮ, ਫਿਰਕੇ ਅਤੇ ਨਸਲ ਦੇ ਜੀਵਨ ਵਿਚ ਐਸੀਆਂ ਦੁਖਾਂਤਮਈ ਘਟਨਾਵਾਂ ਮਿਲਦੀਆਂ ਹਨ। ਲੇਕਿਨ ਵੱਡੇ ਪੱਧਰ 'ਤੇ ਜ਼ੋਰਾਵਰਾਂ, ਸੱਤਾਧਾਰੀਆਂ, ਬਹੁਗਿਣਤੀਵਾਦੀਆਂ, ਕੱਟੜਵਾਦੀਆਂ ਅਤੇ ਏਕਾਧਿਕਾਰਵਾਦੀਆਂ ਐਸੀਆਂ ਨਸਲਘਾਤੀ, ਇਤਿਹਾਸਿਕ ਸਤੰਭਾਂ ਅਤੇ ਚਿੰਨਾਂ ਨੂੰ ਮਲੀਆਮੇਟ ਕਰ ਰਖਿਆ ਹੈ। ਆਪਣੀ ਤਾਕਤ, ਸੱਤਾ, ਕੱਟੜਵਾਦ ਅਤੇ ਏਕਾਧਿਕਾਰ ਬਲਬੂਤੇ ਇਤਿਹਾਸ ਵਿਗਾੜ ਕੇ ਰਖ ਦਿਤਾ ਹੋਇਆ ਹੈ। ਉਲਟਾ ਤਕੱਬਰ ਭਰ ਦਿਤਾ ਜਾਂਦਾ ਹੈ।
ਸੱਚਾਈ, ਤੱਥ, ਹਕੀਕਤ ਕਿਵੇਂ ਨੇਸਤੇ ਨਾਬੂਦ ਹੁੰਦੀ ਹੈ ਇਸ ਦੀ ਇੱਕ ਬਹੁਤ ਛੋਟੇ ਪੱਧਰ ਦੀ ਘਟਨਾ ਦੀ ਮਿਸਾਲ ਵੇਖੋ। ਸੂਚਨਾ ਦਾ ਅਧਿਕਾਰ ਐਕਟ ਭਾਰਤੀ ਪਾਰਲੀਮੈਂਟ ਨੇ ਅੰਗਰੇਜ਼ੀ ਵਿਚ ਘੜਿਆ। ਲੇਖਕ ਨੇ ਪੰਜਾਬ ਵਿਚ ਰਾਜ ਸੂਚਨਾ ਕਮਿਸ਼ਨਰ ਹੁੰਦੇ ਪੰਜਾਬੀਆਂ ਮੁਸ਼ਕਲਾਂ ਮਦੇ ਨਜ਼ਰ ਮੁੱਖ ਸੂਚਨਾ ਕਮਿਸ਼ਨਰ ਸ: ਰਮੇਸ਼ਇੰਦਰ ਸਿੰਘ ਨੂੰ ਇਸ ਦਾ ਅਨੁਵਾਦ ਪੰਜਾਬੀ ਵਿਚ ਕਰਨ ਦੀ ਸਲਾਹ ਦਿਤੀ। ਉਨਾਂ ਤੁਰੰਤ ਮੰਨਦਿਆਂ ਇਸ ਲਈ ਲੇਖਕ ਦੀ ਡਿਉਟੀ ਲਗਾਈ। ਲੇਖਕ ਨੇ ਮਹਿਰਮ ਮੈਗਜ਼ੀਨ ਦੇ ਮਰਹੂਮ ਸੰਪਾਦਕ ਸ: ਬੀ.ਐਸ. ਬੀਰ ਅਤੇ ਉਨਾਂ ਦੀ ਟੀਮ ਨਾਲ ਮਿਲ ਕੇ ਇਹ ਕਾਰਜ ਅੰਜਾਮ ਦਿਤਾ, ਉਨਾਂ ਤੋਂ ਮੁਫ਼ਤ ੧੦੦੦ ਕਾਫ਼ੀ ਛਪਵਾਈ ਜਿਸ ਦੀ ਘੁੰਡ ਚੁਕਾਈ ਤੱਤਕਾਲੀ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਨੇ ਪੰਜਾਬ ਭਵਨ, ਚੰਡੀਗੜ ਵਿਖੇ ਕੀਤੀ ਜਿਸ ਵਿਚ ਉਨਾਂ ਸ : ਬੀ.ਐਸ.ਬੀਰ ਅਤੇ ਲੇਖਕ ਨੂੰ ਇਸ ਕਾਰਜ ਲਈ ਸਨਮਾਨਤ ਕੀਤਾ। ਆਰ.ਟੀ.ਆਈ. ਕੇਸਾਂ ਸਬੰਧੀ ਲੇਖਕ ਵਲੋਂ ਸਭ ਫੈਸਲੇ ਪੰਜਾਬੀ ਵਿਚ ਅੱਜ ਵੀ ਕਮਿਸ਼ਨ ਦੀ ਵੈਬ ਸਾਈਟ 'ਤੇ ਮੌਜੂਦ ਹਨ।
ਪਰ ਇਸ ਸੱਚਾਈ ਨੂੰ ਦਬਾਉਣ ਅਤੇ ਆਪਣੇ ਨਾਂਅ ਕਰਨ ਦਾ ਕੋਰਾ ਝੂਠ ਇੱਕ ਸਾਬਕਾ ਸੂਚਨਾ ਕਮਿਸ਼ਨਰ ਵੱਲੋਂ ਇੱਕ ਉੱਘੇ ਕਵੀ ਤੇ ਲੇਖਕ ਤੋਂ ਲਿਖਵਾ ਕੇ ਅਖ਼ਬਾਰ ਵਿਚ ਛਪਵਾ ਲਿਆ। ਮਾਣਯੋਗ ਸੰਪਾਦਕ ਨੇ ਵੀ ਤੱਥ ਜਾਨਣ ਦੀ ਜ਼ਹਿਮਤ ਨਾ ਕੀਤੀ।
ਇਹ ਤਾਂ ਕੁੱਝ ਵੀ ਨਹੀਂ। ਨੀਲਾ ਤਾਰਾ ਸਾਕਾ ਦਾ ਸੱਚ ਅਜੇ ਤੱਕ ਕਿਸੇ ਸਰਕਾਰ ਨੇ ਸਾਹਮਣੇ ਨਹੀਂ ਆਾਉਣ ਦਿਤਾ। ਇਸ ਬਾਰੇ ਭਾਵੇਂ ਹੁਣ ਤੱਕ ਦਰਜਨਾਂ ਕਿਤਾਬਾਂ, ਸੈਂਕੜੇ ਲੇਖ ਅਤੇ ਟੀ.ਵੀ. ਅੇਤ ਰੇਡੀਓ ਡਾਕੂਮੈਂਟਰੀਆਂ ਸਾਹਮਣੇ ਆ ਚੁੱਕੀਆਂ ਹਨ। ਤਤਕਾਲੀ ਡਿਪਟੀ ਕਮਿਸ਼ਨਰ ਸ : ਗੁਰਦੇਵ ਸਿੰਘ ਨੂੰ ਅੰਮ੍ਰਿਤਸਰ ਜ਼ਿਲੇ ਅਤੇ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਫ਼ੌਜੀ ਦਖ਼ਲ ਦੇ ਹੁਕਮਾਂ 'ਤੇ ਨਾਂਅ ਕਰਨ ਅਤੇ ਛੁੱਟੀ 'ਤੇ ਚਲੇ ਜਾਣ ਲਈ ਹੀਰੋ ਅਤੇ ਤਤਕਾਲ ਸ: ਰਮੇਸ਼ਇੰਦਰ ਸਿੰਘ ਨੂੰ ਬਾਹਰਲੇ ਸੂਬੇ ਤੋਂ ਕਰਨ ਲਈ ਖਲਨਾਇਕ ਦਰਸਾਉਣ ਦੇ ਤਕੱਬਰੀ ਅਤੇ ਝੂਠੇ ਕਿੱਸੇ, ਲਿਖਤਾਂ, ਸੋਸ਼ਲ ਮੀਡੀਆ ਤੇ ਇੰਕਸਾਫ਼ ਮਸ਼ਹੂਰ ਹਨ। ਸ: ਰਮੇਸ਼ਇੰਦਰ ਸਿੰਘ ਨੂੰ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ ਨਜ਼ਦੀਕੀ ਰਿਸ਼ਤੇਦਾਰ ਲਿਖਣ ਦਾ ਝੂਠ ਮੌਜੂਦ ਹੈ। ਅਹਿਮ ਅਹੁੱਦਿਆਂ 'ਤੇ ਤਾਇਨਾਤ ਜੁਮੇਂਵਾਰ ਅਫਸਰਸ਼ਾਹ ਇਸ ਝੂਠ ਨੂੰ ਸੱਚ ਮੰਨਦੇ ਸਨ।
ਮਿਸਾਲ ਵਜੋਂ ਲੇਖਕ ਦੇ ਤਾਏ ਦਾ ਲੜਕਾ ਕਰਨਲ ਰਘਬੀਰ ਸਿੰਘ ਕਾਹਲੋਂ ਅਤੇ ਨਜ਼ਦੀਕੀ ਮਿੱਤਰ ਐਸ.ਪੀ. ਸ: ਗੁਰਜੀਤ ਸਿੰਘ ਰੋਮਾਣਾ ਵਗੈਰਾ ਸੱਚ ਮੰਨਣ ਲਈ ਤਿਆਰ ਨਹੀਂ ਸਨ। ਹੁਣ ਸ: ਰਮੇਸ਼ਇੰਦਰ ਸਿੰਘ ਨੇ ਖ਼ੁਦ ਟੀ.ਵੀ. 'ਤੇ ਆ ਕੇ ਅਤੇ ਇਕ ਲਿਖ਼ਤ ਰਾਹੀਂ ਸੱਚ ਦਰਸਾਇਆ ਹੈ। ਉਨਾਂ ਵੱਲੋਂ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਵਿਚ ਨੀਲਾ ਤਾਰਾ ਸਾਕਾ ਦੀ ਹਕੀਕਤਨ ਸਥਿੱਤੀ ਸਪਸ਼ਟ ਕਰਨ ਲਈ ਅੱਜ ੩੫ ਸਾਲ ਬੀਤਣ ਬਾਅਦ ਇਕ 'ਸੱਚ ਕਮਿਸ਼ਨ' (ਟਰੂਥ ਕਮਿਸ਼ਨ) ਸਥਾਪਿਤ ਕਰਨ ਦੀ ਮੰਗ ਭਾਰਤੀ ਰਾਜ ਅਤੇ ਸਰਕਾਰਾਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ। ਉਨਾਂ ਦਾ ਮਕਸਦ ਸਿੱਖ ਕੌਮ ਦੇ ਹਿਰਦੇ ਠਾਰੇ ਜਾਣ, ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ 'ਤੇ ਖੜਾ ਕਰਨ ਜੋ ਪ੍ਰਤੀ ਜੀਅ ਆਮਦਨ ਦੇ ਖੇਤਰ 'ਚ ਨੰਬਰ ਇੰਕ ਤੋਂ ਨੰਬਰ ੬ਵੇਂ, ਜੀ.ਡੀ.ਪੀ. ਵਿਕਾਸ ਦਰ ਵਿਚ ਨੰਬਰ ਇੱਕ ਤੋਂ ੧੭ਵੇਂ ਸਥਾਨ 'ਤੇ ਜਾਪਿਆ ਹੈ। ਖੇਤੀ ਅਤੇ ਸਨਅਤ ਤਬਾਹ ਹੋਣ ਕਰਕੇ, ਬੇਰੁਜ਼ਗਾਰ ਨੌਜਵਾਨ ਜਾਂ ਤਾਂ ਨਸ਼ੇ ਦੇ ਸ਼ਿਕਾਰ ਹੋਣ ਜਾਂ ਰੁਜ਼ਗਾਰ ਹਿੱਤ ਵਿਦੇਸ਼ਾਂ ਵੱਲ ਵਹੀਰਾਂ ਘੱਤਣ ਕਰਕੇ ਰਾਜ ਲਗਾਤਾਰ ਬਰਬਾਦੀ ਵੱਲ ਵੱਧ ਰਿਹਾ ਹੈ। ਇਸ ਦੀ ਸ਼ੁਰੂਆਤ ਲਈ ਨੀਲਾ ਤਾਰਾ ਸਾਕਾ ਕਾਰਵਾਈ ਪ੍ਰਮੁੱਖ ਤੌਰ 'ਤੇ ਜੁਮੇਂਵਾਰ ਹੈ। ਇਸ ਸਬੰਧੀ ਰਾਜਨੀਤੀਵਾਨਾਂ, ਖਾੜਕੂਆਂ, ਫ਼ੌਜ, ਧਾਰਮਿਕ ਆਗੂਆਂ, ਵਿਦੇਸ਼ੀ ਸਰਕਾਰਾਂ ਦੇ ਰੋਲ ਬਾਰੇ ਜਾਨਣ ਦੀ ਲੋੜ ਹੈ।
ਇਸ ਨਸਲਘਾਤੀ ਦੁਖ਼ਦਾਈ ਘਟਨਾ ਬਾਰੇ ਸਾਬਕਾ ਬੁੱਢੀ ਅਫਸਰਸ਼ਾਹੀ ਵੱਲੋਂ ਕੁੱਝ ਸੱਚਾਈਆਂ ਦਾ ਇੰਕਸਾਫ਼ ਦਰਸਾਉਂਦਾ ਹੈ ਕਿ ਸੱਤਾ ਸ਼ਕਤੀ ਅੱਗੇ ਅਫਸਰ ਸ਼ਾਹੀ ਕਿੰਨੀ ਨਿੰਪੁਸਕ ਅਤੇ ਕਮਜ਼ੋਰ ਹੁੰਦੀ ਹੈ। ਦਰਅਸਲ ਸਾਡੇ ਸੰਵਿਧਾਨ ਵਿਚ ਕਿੱਧਰੇ ਐਸਾ ਪ੍ਰਬੰਧ ਨਹੀਂ ਜੋ ਸੱਤਾ ਸ਼ਕਤੀ ਦੀ ਕੁਵਰਤੋਂ ਨੂੰ ਲਗਾਮ ਦੇਵੇ। ਅਫਸਰਸ਼ਾਹੀ ਨੂੰ ਗੈਰ-ਸੰਵਿਧਾਨਿਕ ਹੁੱਕਮ ਮੰਨਣੋਂ ਸਮਰਥ ਬਣਾਵੇ।
ਸਾਬਕਾ ਮੁੱਖ ਸਕੱਤਰ ਪੰਜਾਬ ਸ: ਸੁਰੈਣ ਸਿੰਘ ਧਨੋਆ ਕੇਂਦਰ ਸਰਕਾਰ ਦੀ ਕਾਰਵਾਈ ਗੈਰ-ਕਾਨੂੰਨੀ ਮੰਨਦੇ ਹਨ। ਇਹੀ ਸਾਬਕਾ ਮੁੱਖ ਸਕੱਤਰ ਕੇ.ਡੀ.ਵਾਸੁਦੇਵਾ, ਐਨ.ਐਸ.ਰਤਨ, ਗੁਰਦੇਵ ਸਿੰਘ, ਬਿਰਗੇਡੀਅਰ ਓਕਾਰ ਸਿੰਘ, ਡੀ.ਆਈ.ਜੀ. ਗੁਰਦਿਆਲ ਸਿੰਘ, ਚੌ: ਸੂਬੇ ਸਿੰਘ ਤਤਕਾਲ ਐਮ.ਐਸ. ਅੰਮ੍ਰਿਤਸਰ ਆਦਿ ਦਾ ਮੰਨਣਾ ਹੈ।
ਸ: ਦਰਬਾਰਾ ਸਿੰਘ ਦੀ ਕਾਂਗਰਸ ਸਰਕਾਰ ਨੂੰ ਲਾਂਭੇ ਕਰਕੇ ਅਕਤੂਬਰ, ੧੯੮੩ ਰਾਸ਼ਟਰਪਤੀ ਰਾਜ ਪੰਜਾਬ ਵਿਚ ਠੋਕ ਕੇ ਸਾਬਕਾ ਅਫਸਰਸ਼ਾਹ ਕੇਂਦਰ 'ਚ ਕੈਬਨਿਟ ਸਕੱਤਰ ਰਿਹਾ ਬੀ.ਡੀ. ਪਾਂਡੇ ਰਾਜਪਾਲ ਲਾਇਆ। ਪੰਜਾਬ ਨੂੰ ਗੜਬੜ ਵਾਲਾ ਖੇਤਰ ਘੋਸ਼ਿਤ ਕਰ ਸੀ.ਆਰ.ਪੀ.ਐਫ., ਬੀ.ਐਸ.ਐਫ. ਨੂੰ ਅਸੀਮ ਸ਼ਕਤੀਆਂ ਦੇ ਦਿਤੀਆਂ। ਪੰਜਾਬ ਵਿਚ ਫ਼ੌਜ ੨੯ ਮਈ ਨੂੰ ਘੱਲ ਦਿਤੀ ਜਦ ਕਿ ਰਾਜਪਾਲ ਨੇ ਤਤਕਾਲੀ ਗ੍ਰਹਿ ਸਕੱਤਰ ਸ: ਅਮਰੀਕ ਸਿੰਘ ਪੂਨੀ ਦੀ ਧੋਣ 'ਤੇ ਗੋਡਾ ਰਖ ਕੇ ਫ਼ੌਜ ਬੁਲਾਉਣ ਲਈ ਰਾਜ ਭਵਨ ਮੁੱਖ ਸਕਤਰ ਕੇ. ਡੀ. ਵਾਸੂਦੇਵਾ ਦੀ ਹਾਜ਼ਰੀ ਵਿਚ ਲਿਖਵਾ ਕੇ ਪੱਛਮੀ ਫ਼ੌਜੀ ਕਮਾਨ ਦੇ ਮੁੱਖੀ ਲੈਫ: ਜਨਰਲ ਕੇ.ਸੁੰਦਰਜੀ ਹੱਥ ਫੜਾਇਆ। ਇਸ ਪੱਤਰ ਦੀ ਅਬਾਰਤ ਸੀ, ''ਮੈਨੂੰ ਇਹ ਕਹਿਣ ਲਈ ਹੁੱਕਮ ਹੋਇਆ ਹੈ ਕਿ ਪੰਜਾਬ ਸਰਕਾਰ ਇਹ ਜ਼ਰੂਰੀ ਸਮਝਦੀ ਹੈ ਕਿ ਰਾਜ ਵਿਚ ਅਮਨ-ਕਾਨੂੰਨ  ਦੀ ਵਿਗੜਦੀ ਹਾਲਤ ਮਦੇਨਜ਼ਰ ਸਿਵਲ ਪ੍ਰਸਾਸ਼ਨ ਦੀ ਸਹਾਇਤਾ ਲਈ ਫੌਜ ਸੱਦੀ ਜਾਏ। ਇਸ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਏ।'' ਸੋ ਇਨਾਂ ਹੁੱਕਮਾਂ ਬਾਅਦ ਰਾਜ ਅੰਦਰ ਵੱਖ-ਵੱਖ ਗੁਰਦਵਾਰਿਆਂ 'ਤੇ ਕਾਰਵਾਈ ਤੇ ਕਿਸੇ ਜ਼ਿਲਾ ਮਜਿਸਟ੍ਰੇਟ ਤੋਂ ਫ਼ੌਜ ਨੇ ਆਗਿਆ ਲੈਣੀ ਨਾ ਸਮਝੀ।
ਸ: ਗੁਰਦੇਵ ਸਿੰਘ ਡਿਪਟੀ ਕਮਿਸ਼ਨਰ ਨੇ ਅਮਰੀਕਾ ਆਪਣੇ ਪੁੱਤਰ ਪਾਸ ਜਾਣ ਲਈ ਸਰਕਾਰ ਨੂੰ ਛੁੱਟ ਲਈ ਅਪ੍ਰੈਲ ਵਿਚ ਲਿਖਿਆ ਸੀ। ੮ ਜੂਨ ਦੀਆਂ ਹਵਾਈ ਟਿਕਟਾਂ ਬੁੱਕ ਸਨ ਉਹ ਚਾਰ ਜੂਨ ਨੂੰ ਅੰਮ੍ਰਿਤਸਰ ਤੋਂ ਦਿੱਲੀ ਰਵਾਨਾ ਹੋਏ ਸਨ। ਇਸੇ ਦਿਨ ਰਮੇਸ਼ਇੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਦਾ ਚਾਰਜ ਲਿਆ ਸੀ। ਉਹ ਪੱਛਮੀ ਬੰਗਾਲ ਕਾਡਰ ਦੇ ਆਈ.ਏ.ਐਸ. ਅਫਸਰ ਸੰਨ ਜੋ ੧੯੭੮ ਚ ਕਾਡਰ ਬਦਲ ਕੇ ਪੰਜਾਬ ਆ ਗਏ ਸਨ। ੨ ਜੂਨ ਨੂੰ ਸ: ਗੁਰਦੇਵ ਸਿੰਘ ਤੇ ਕੇਂਦਰ ਸਰਕਾਰ ਨੇ ਅੰਮ੍ਰਿਤਸਰ ਵਿਚ ਕਰਫਿਊ ਲਾਉਣ ਲਈ ਦਬਾਅ ਪਾਇਆ।
ਪੰਜਾਬ ਵਿਚ ਫ਼ੌਜੀ ਕਾਰਵਾਈ ਸਬੰਧੀ ਸਿੱਧੇ ਹੁੱਕਮ ਸ਼੍ਰੀ ਮਤੀ ਇੰਦਰਾ ਗਾਂਧੀ ਦੇ ਸਨ। ਉਨਾਂ 'ਤੇ ਅਜਿਹਾ ਕਰਨ ਲਈ ਸਿੱਖ ਕੌਮ ਦੇ ਘੋਰ ਵਿਰੋਧੀ ਅੰਦਰੂਨੀ ਸੁਰੱਖਿਆ ਦੇ ਰਾਜ ਮੰਤਰੀ ਅਰੁਣ ਨਹਿਰੂ, ਸੰਜੈ ਸਿੰਘ ਅਤੇ ਰਾਜੀਵ ਗਾਂਧੀ ਨੇ ਦਬਾਅ ਪਾਇਆ ਹੋਇਆ ਸੀ। ਮੁੱਖ ਮੁੱਦਾ ਅਗਲੀਆਂ ਲੋਕ ਸਭਾ ਚੋਣਾਂ ਸਨ।
੫ ਜੂਨ ਨੂੰ ਫ਼ੌਜ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਦਾਖਲ ਹੋਈ। ਲਾਸ਼ਾਂ ਕਢਣ ਦਾ ਕੰਮ ੬-੭-੮ ਜੂਨ ਨੂੰ ਹੋਇਆ। ਸ: ਰਮੇਸਇੰਦਰ ਸਿੰਘ ਅਨੁਸਾਰ ਇਨਾਂ ਦੀ ਗਿਣਤੀ ੭੧੭ ਤੋਂ ੭੮੩ ਸੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਸ ਸਾਕੇ 'ਚ ਸ਼ਹੀਦਾਂ ਦੇ ੭੪੧ ਪਰਿਵਾਰਾਂ ਨੂੰ ਮਦਦ ਦਿਤੀ ਗਈ ਸੀ
ਦਰਅਸਲ ਅਜੋਕੇ ਪੰਜਾਬ ਦੀ ਆਰਥਿਕ, ਰਾਜਨੀਤਕ, ਧਾਰਮਿਕ, ਸਮਾਜਿਕ, ਸਭਿਆਚਾਰਕ ਬਰਬਾਦੀ ਦਾ ਲਿਖਾਇਕ ਇਹ ਅਣ ਮਨੁੱਖ, ਨਸਲਘਾਤੀ, ਬਰਬਰਤਾਪੂਰਵਕ, ਗੈਰ-ਸੰਵਿਧਾਨਿਕ, ਗੇਰ-ਕਾਨੂੰਨੀ ਨੀਲਾ ਤਾਰਾ ਸਾਕਾ ਹੈ। ਇਸ ਦੇ ਦੋਸ਼ੀਆਂ ਦੀ ਨਿਸ਼ਾਨ ਦੇ ਹੀ ਕਰਨ, ਸਜ਼ਾਵਾਂ ਦੇਣ, ਪੰਜਾਬ ਅਤੇ ਸਿੱਖ ਕੌਮ ਦੀ ਮੁੜ ਸਥਾਪਤੀ ਲਈ ਇਸ ਸਬੰਧੀ 'ਸੱਚ ਕਮਿਸ਼ਨਰ' ਬੈਠਾਇਆ ਜਾਣਾ ਚਾਹੀਦਾ ਹੈ।

 

ਲੇਖਕ - ਦਰਬਾਰਾ ਸਿੰਘ ਕਾਹਲੋਂ

ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
੦੧+ ੩੪੩ ੮੮੯ ੨੫੫੦