image caption: ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ

ਸ਼ੁਹਰਤ ਨੂੰ ਤਰਸਦੀ ਮਾਨਸਿਕਤਾ ਵਾਲੇ ਆਗੂਆਂ ਕੋਲੋਂ ਪੰਥ ਨੂੰ ਸੁਚੇਤ ਰਹਿਣ ਦੀ ਲੋੜ !

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

    ਪੰਜਾਬ ਟਾਈਮਜ਼ ੧੬-੫-੨੦੧੯ ਦੇ ਪੰਨਾ ੫੪ ਉੱਤੇ ਗਿਆਨੀ ਗੁਰਬਖਸ਼ ਗੁਲਸ਼ਨ ਜੀ ਦੀ ਇਕ ਲਿਖਤ ਛਪੀ ਹੈ, ਜਿਸ ਦਾ ਸਿਰਲੇਖ ਹੈ "ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਨਾਲ ਸਿੱਖਾਂ ਨੂੰ ਭਾਰੀ ਨੁਕਸਾਨ ਦੀ ਸੰਭਾਵਨਾ" ਗਿਆਨੀ ਜੀ ਦੀ ਇਸ ਲਿਖਤ ਦਾ ਸਾਰ ਅੰਸ਼ ਹੈ । "੧੯੮੬ ਵਿੱਚ ਰਾਜੀਵ-ਲੌਂਗੋਵਾਲ ਸਮਝੌਤਾ ਜਿਸ ਕਰਕੇ ਲੌਂਗੋਵਾਲ ਜੀ ਦੀ ਜਾਨ ਗਈ ਕਰਕੇ ਮੁਕਰ ਜਾਣਾ ਕਾਂਗਰਸੀ ਕਿਰਦਾਰ ਹੈ । ਕੀ ੧੯੮੪ ਦਾ ਘੱਲੂਘਾਰਾ ਕਦੀ ਭੁਲਾਇਆ ਜਾ ਸਕਦਾ ਹੈ । ਜਿਸ ਵਿੱਚ ਹਜ਼ਾਰਾਂ ਸ਼ਹਾਦਤਾਂ ਹੋਈਆਂ, ਅਨੇਕਾਂ ਧੀਆਂ ਬੇ-ਪੱਤ ਕੀਤੀਆਂ, ਇਤਿਹਾਸਕ ਧਰਮ ਅਸਥਾਨਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਬੇ-ਅਦਬੀ ਹੋਈ ? ਕੀ ਕਾਂਗਰਸ ਦਾ ਇਹ ਕਰੂਪ ਚਿਹਰਾ ਭੁੱਲ ਸਕਦਾ ਹੈ? ਇਸ ਸਾਰੇ ਵਰਤਾਰੇ ਦੌਰਾਨ ਭਾਰਤੀ ਕਮਿਊਨਿਸਟ ਅਤੇ ਮਾਰਕਸੀ ਕਮਿਊਨਿਸਟ ਨਾਸਤਕਾਂ ਦਾ ਪੰਜਾਬ ਜਾਂ ਸਿੱਖਾਂ ਪ੍ਰਤੀ ਕੀ ਰੋਲ ਹੈ, ਜੋ ਅਕਾਲੀ ਦਲ ਨੂੰ ਢਾਹੁਣਾ ਚਾਹੁੰਦੀਆਂ ਹਨ" । ਗਿਆਨੀ ਜੀ, ਖਾਲਸਾ ਪੰਥ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੈ ਕਿ ਸੰਤ ਲੌਂਗੋਵਾਲ ਦੀ ਮੌਤ ਕਾਂਗਰਸੀ ਕਿਰਦਾਰ ਕਰਕੇ ਨਹੀਂ ਹੋਈ, ਸਗੋਂ ਸੰਤ ਲੌਂਗੋਵਾਲ ਦੀ ਖਾਲਸਾ ਪੰਥ ਨਾਲ ਕੀਤੀ ਗੱਦਾਰੀ ਕਰਕੇ ਹੋਈ ਹੈ । ਸੰਤ ਲੌਂਗੋਵਾਲ ਨੇ ੧੯੮੪ ਦੇ ਅਣਚਿਤਵੇ ਕਹਿਰ ਜੋ ਨਾ ਮੰਨਣ ਯੋਗ ਹੈ, ਨਾ ਭੁੱਲਣ ਯੋਗ ਹੈ ਤੇ ਨਾ ਬਖਸ਼ਣ ਯੋਗ ਹੈ, ਨੂੰ ਅਤੇ ਜਿਸ 'ਅਨੰਦਪੁਰ ਦੇ ਮਤੇ' ਲਈ ਧਰਮ ਯੁੱਧ ਦਾ ਮੋਰਚਾ ਲੱਗਾ ਸੀ, ਨੂੰ ਵੀ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਕੇ ਰਾਜੀਵ-ਲੌਂਗੋਵਾਲ ਸਮਝੌਤੇ ਉੱਤੇ ਦਸਖੱਤ ਕਰ ਦਿੱਤੇ । ਗਿਆਨੀ ਜੀ ਦਾਸ ਇਕ ਬੇਨਤੀ ਕਰੇ ਕਿ "ਕੌਮਾਂ ਘੱਲੂਘਾਰਿਆਂ ਵਿੱਚ ਨਹੀਂ ਮਰਦੀਆਂ, ਸੁਲ੍ਹਾ ਵਿੱਚ ਖਤਮ ਹੁੰਦੀਆਂ ਹਨ" । ਜੂਨ ੧੯੮੪ ਨੂੰ ਦਰਬਾਰ ਸਾਹਿਬ 'ਤੇ ਤੋਪਾਂ ਟੈਂਕਾਂ ਨਾਲ ਫੌਜੀ ਹਮਲਾ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਸ ਦੇ ਸਾਥੀਆਂ ਨੂੰ ਘੇਰ ਕੇ ਸ਼ਹੀਦ ਕਰਵਾਉਣ ਲਈ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤਿੰਨੇ ਪਾਰਟੀਆਂ ਹੀ ਬਰਾਬਰ ਦੀਆਂ ਭਾਈਵਾਲ ਹਨ । ਤੇ ਹੁਣ ੩੫ ਸਾਲ ਬਾਅਦ ਸੰਤ ਜਰਨੈਲ ਸਿੰਘ ਦੇ ਵਾਰਸ ਅਖਵਾਉਣ ਵਾਲੇ ਹੀ ਅਕਾਲੀ ਦਲ ਬਾਦਲ ਨਾਲ ਘਿਉ ਖਿੱਚੜੀ ਹਨ। ਅਕਾਲੀ ਦਲ ਬਾਦਲ ਦੇ ਜਿੱਤਣ ਦੀਆਂ ਅਰਦਾਸਾਂ ਕਰਦੇ ਤੇ ਪੰਥ ਕੋਲੋਂ ਕਰਵਾਉਂਦੇ ਹਨ।
   ਗੁਰਮਤਿ ਵਿਚਾਰਧਾਰਾ ਦੇ ਬਿਲਕੁੱਲ ਉਲਟ ਸੰਤ ਜਰਨੈਲ ਸਿੰਘ ਦਾ ਵਾਰਸ ਅੱਖਵਾਉਣ ਵਾਲਾ ਬਿਪਰਨ ਦੀ ਰਹੁ ਰੀਤ ਅਨੁਸਾਰ ਕੁੰਭ ਦੇ ਮੇਲੇ 'ਤੇ ਭਗਵਾਂਧਾਰੀਆਂ ਨਾਲ ਡੁਬਕੀਆਂ ਵੀ ਲਾਉਂਦਾ ਹੈ । ਹੋਲੀ ਵਾਲੇ ਦਿਨ ਤਖ਼ਤ ਸ੍ਰੀ ਕੇਸਗੜ੍ਹ ਉੱਤੇ ਹਿੰਦੂ ਰਹੁ ਰੀਤਾਂ ਅਨੁਸਾਰ ਹੋਲੇ ਦੀ ਥਾਂ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦੀ ਦਸਤਾਰ 'ਤੇ ਰੰਗ ਸੁੱਟਕੇ ਹੋਲੀ ਵੀ ਖੇਲਦਾ ਹੈ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਲਾਗੇ ਨੀਵੀਂ ਪਾਈ ਬੈਠਾ ਹੈ, ਸ਼ਰੇਆਮ ਗੁਰੂ ਨਾਨਕ ਦੀ ਸਿੱਖੀ ਵਿਚਾਰਧਾਰਾ ਦਾ ਭਗਵਾਂ ਕਰਨ ਹੋ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਿਗੂਣੀਆਂ ਵੋਟਾਂ ਖਾਤਰ ਹਿੰਦੂਆਂ ਨੂੰ ਖੁਸ਼ ਕਰਨ ਲਈ ਨੰਗੇ ਸਿਰ ਹੋਲੀ ਖੇਲਕੇ ਸਿੱਖੀ ਪਰੰਪਰਾ ਦਾ ਘਾਣ ਕਰਦਾ ਰਿਹਾ ਹੈ, ਪਰ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀਆਂ ਇਨ੍ਹਾਂ ਸ਼ਰਮਨਾਕ ਕਰਤੂਤਾਂ ਬਾਰੇ ਕਦੇ ਜ਼ੁਬਾਨ ਨਹੀਂ ਖੋਲ੍ਹੀ।
 ਇਸ ਹਫ਼ਤੇ ੩੦-੫-੨੦੧੯ ਦੇ ਪੰਜਾਬ ਟਾਈਮਜ਼ ਦੇ ਪੰਨਾ Ext-D ਉੱਤੇ ਤਾਂ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਫ਼ਤਾਂ ਕਰਦਿਆਂ ਸਾਰੇ ਹੱਦਾਂ ਬੰਨੇ ਹੀ ਟੱਪ ਗਏ । ਗਿਆਨੀ ਜੀ ਲਿਖਦੇ ਹਨ, "ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ॥ ਪੋਖਰਿ ਪੋਖਰਿ ਢੂਡਤੇ ਭਲੋ ਨ ਕਹਿ ਹੈ ਕੋਇ॥"  ਅਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਸਾਡੀ ਸੁਰੱਖਿਆ ਦੀ ਗਰੰਟੀ ਹੈ । ਗੁਰੂ ਵਾਕ ਹੈ ਕਿ ਸਰਬ ਸ਼ਕਤੀਮਾਨ ਕਰਤਾਰ ਸਮੁੰਦਰ ਨੂੰ ਛੱਡ ਕੇ ਦੇਵਤਿਆਂ ਦੀ ਸ਼ਰਨ ਵਿੱਚ ਜਾਣਾ ਛਪੜਾਂ ਵਿੱਚ ਚਿੱਕੜ ਫਰੋਲਣ ਤੁੱਲ ਹੈ । ਜਿਥੋਂ ਮਿਲਦਾ ਕੁਝ ਨਹੀਂ ਲੋਕ ਮਾੜਾ ਹੀ ਆਖਦੇ ਹਨ ਅਤੇ ਗਿਆਨੀ ਜੀ ਲਿਖਦੇ ਹਨ ਕਿ ਇਥੇ ਮੇਰਾ ਭਾਵ ਸ਼੍ਰੋਮਣੀ ਅਕਾਲੀ ਦਲ ਤੋਂ ਹੈ ਜਿਸ ਦਾ ਸਥਾਨ ਸਿੱਖੀ ਮੰਡਲ ਵਿੱਚ ਅੱਜ ਵੀ ਸਮੁੰਦਰ ਜੈਸਾ ਹੀ ਹੈ ਅਰ ਬਾਕੀ ਟੋਲਿਆਂ ਦੀ ਮਹੱਤਤਾ ਛਪੜਾਂ ਤੋਂ ਵੱਧ ਕੁਝ ਨਹੀਂ ਹੈ । ਇਹੀ ਇਕ ਪਾਰਟੀ ਹੈ ਜਿਸ ਨੇ ਸਦਾ ਪੰਥ ਲਈ ਕੁਰਬਾਨੀਆਂ ਕੀਤੀਆਂ ਹਨ, ਗੁਰਦੁਆਰਿਆਂ ਦਾ ਪ੍ਰਬੰਧ ਪੰਥਕ ਹੱਥਾਂ ਵਿੱਚ ਲੈਣ ਲਈ ਅਤੇ ਪੰਜਾਬ ਦੇ ਹਿੱਤਾਂ ਦੀ ਸੁਰੱਖਿਆ ਲਈ ਸਦਾ ਅਗਵਾਈ ਕੀਤੀ ਹੈ ।"
  ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਵਰਗੇ ਮੰਨੇ ਪ੍ਰਮੰਨੇ ਸਿੱਖ ਵਿਦਵਾਨ ਵੱਲੋਂ ਪੰਜਾਬੀ ਪਾਰਟੀ, ਅਕਾਲੀ ਦਲ ਬਾਦਲ (ਸਾਬਕਾ ਸ਼੍ਰੋਮਣੀ ਅਕਾਲੀ ਦਲ) ਦੀ ਤੁਲਨਾ "ਸਰਬ ਸ਼ਕਤੀਮਾਨ ਕਰਤਾਰ ਸਮੁੰਦਰ" ਨਾਲ ਕਰਨੀ ਜਿਥੇ ਹੈਰਾਨੀ ਜਨਕ ਹੈ, ਉਥੇ ਚਿੰਤਾ ਦਾ ਵਿਸ਼ਾ ਵੀ ਹੈ ਅਤੇ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜੀ ਦੀ ਆਪਣੀ ਹੀ ਕੀਤੀ ਹੋਈ ਸਿੱਖ ਰਹਿਤ ਮਰਿਯਾਦਾ ਦੀ ਵਿਆਖਿਆ ਦਾ ਖੰਡਨ ਹੈ। ਦਾਸ ਕੇਵਲ ਇਨ੍ਹਾਂ ਦੋ ਨੁਕਤਿਆਂ ਬਾਰੇ ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰੇਗਾ (੧) ਅਕਾਲੀ ਦਲ ਬਾਦਲ ਜੋ ਕਿ ਪੰਥਕ ਏਜੰਡਾ ਛੱਡ ਕੇ, ਪੰਥਕ ਖਾਸਾ ਸਿੱਖ ਕੌਮ ਦੀ ਅੱਡਰੀ, ਵਿਲੱਖਣ ਤੇ ਸੁਤੰਤਰ ਹੋਂਦ ਹਸਤੀ ਨੂੰ ਬੇ-ਦਾਵਾ ਦੇ ਕੇ ਪੰਜਾਬੀ ਪਾਰਟੀ ਬਣ ਚੁੱਕਾ ਹੈ ਉਹ ਆਪਣੇ ਨਾਂਅ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਨਾਂਅ ਵਰਤ ਕੇ ਸਿੱਖ ਪੰਥ ਨੂੰ ਗੁੰਮਰਾਹ ਕਰ ਰਿਹਾ ਹੈ ।
(੨) ਸਿੱਖ ਰਹਿਤ ਮਰਿਯਾਦਾ ਅਨੁਸਾਰ ਅਕਾਲੀ ਦਲ ਦਾ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਥ ਅਤੇ ਸਿੱਖ ਧਰਮ ਦਾ ਅੰਗ ਨਹੀਂ ਰਹੇ ।
 "ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤੱਤਕਾਲੀਨ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਾਬਜ ਅਕਾਲੀ ਧੜੇ ਨੂੰ ਹੁਕਮ ਕੀਤਾ ਸੀ ਕਿ ਉਹ ਆਪਣੇ ਨਾਂਅ ਨਾਲ ਅਕਾਲੀ ਸ਼ਬਦ ਦੀ ਵਰਤੋਂ ਨਾ ਕਰੇ ਕਿਉਂਕਿ ਮੋਗਾ ਕਾਨਫਰੰਸ ਤੋਂ ਬਾਅਦ ਉਸ ਨੇ ਆਪਣੇ ਧੜੇ ਵੱਲੋਂ ਅਕਾਲੀ ਹੋਣ ਅਤੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੋਣ ਦਾ ਦਾਅਵਾ ਛੱਡ ਦਿੱਤਾ ਹੈ ਅਤੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਵਿੱਚ ਤਬਦੀਲ ਕਰ ਲਿਆ ਹੈ। ਇਸ ਸਬੰਧੀ ਅੰਗ੍ਰੇਜ਼ੀ ਟ੍ਰਿਬਿਊਨ ਵਿੱਚ ਖਬਰ ਦੀ ਸੁਰਖੀ ਸੀ &ldquoSAD must Akali from its name&rdquo Vedanti.&rdquo - ਸਬੂਤ ਵਜੋਂ ਪੂਰੀ ਖਬਰ ਦੀ ਕਾਪੀ ਨਾਲ ਭੇਜ ਰਿਹਾ ਹਾਂ । "ਪੰਜਾਬੀ ਪਾਰਟੀ ਦਾ ਵਿਸ਼ਲੇਸ਼ਣ ਕਰਦਿਆਂ ਇਉਂ ਜਾਪਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਿੱਖ ਖਾਸੇ ਨੂੰ ਤਿਲਾਂਜਲੀ ਸੁੱਤੇ ਸਿੱਧ ਹੀ ਨਹੀਂ ਦਿੱਤੀ ਗਈ, ਬਲਕਿ ਸਿੱਖ ਸਿਧਾਂਤਾਂ ਦੀ ਦੁਸ਼ਮਣ ਜਮਾਤ ਭਾਜਪਾ ਨਾਲ ਸਿਆਸੀ ਸਾਂਝ ਦੀ ਗੁਰੂ-ਦਕਸ਼ਣਾਂ ਦੇ ਰੂਪ ਵਿੱਚ ਦਿੱਤੀ ਗਈ ਸੀ । ਏਕਲੱਵਯ ਦੀ ਕਹਾਣੀ ਤੋਂ ਤਾਂ ਆਪ ਸਾਰੇ ਜਾਣੂ ਹਾਂ । ਸਿੱਖਾਂ ਨੂੰ ਸਿਆਸੀ ਤੌਰ 'ਤੇ ਬਿਲਕੁੱਲ ਬੇਜੁਬਾਨ ਕਰਨ ਦਾ ਇਹ ਨਿਰਣਾ ਸਿੱਖ ਕੌਮ ਨਾਲ ਕੀਤਾ ਗਿਆ ਵੱਡਾ ਵਿਸਾਹਘਾਤ ਸੀ, ਸਿੱਖ ਕੌਮ ਦੇ ਦਿਲ ਉੱਤੇ ਘਾਤਕ ਵਾਰ ਸੀ । ਇਹ ਮਾੜੇ ਮੋਟੇ ਲਾਭ ਲਈ ਨਹੀਂ ਸੀ ਕੀਤਾ ਜਾ ਸਕਦਾ । ਜਾਪਦਾ ਇਹ ਹੈ ਕਿ ਇਹ ਕੇਵਲ ਸਿੱਖ ਸਿਆਸਤ ਨੂੰ ਤਿਲਾਂਜਲੀ ਨਹੀਂ ਸੀ, ਬਲਕਿ ਸਿੱਖ ਧਰਮ ਨੂੰ ਵੀ ਤਿਲਾਂਜਲੀ ਸੀ" (ਪ੍ਰਮਾਣ ਹਨ ਕਿ ਖਾਲਸਾ ਪੰਥ ਦਾ ਅੰਮ੍ਰਿਤਧਾਰੀ ਸਰੂਪ ਸਭ ਤੋਂ ਵੱਧ ਹਿੰਦੂਤਵੀ ਸ਼ਕਤੀਆਂ ਨੂੰ ਚੁੱਭਦਾ ਹੈ । ਹਵਾਲਾ - ਕੂੜ ਨਿਖੁਟੇ ਨਾਨਕਾ, ਓੜਕਿ ਸਚਿ ਰਹੀ" ਪੰਨਾ ੫੭) ਦੂਸਰਾ ਨੁਕਤਾ ਸਿੱਖ ਰਹਿਤ ਮਰਿਯਾਦਾ ਬਾਰੇ ਹੈ । ਸਿੱਖ ਰਹਿਤ ਮਰਿਯਾਦਾ ਦੇ ਆਰੰਭ ਵਿੱਚ ਹੀ ਸਿੱਖ ਦੀ ਤਾਰੀਫ, ਭਾਵ ਸਿੱਖ ਦੀ ਪਛਾਣ ਹੇਠ ਲਿਖੇ ਅਨੁਸਾਰ ਦਰਜ ਹੈ, 'ਸਿੱਖ ਦੀ ਤਾਰੀਫ' "ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦੱਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ" । ਹੁਣ ਵਿਚਾਰਨ ਯੋਗ ਤੱਥ ਇਹ ਹੈ ਅਕਾਲੀ ਦਲ ਬਾਦਲ ਦੇ ਪ੍ਰਧਾਨ ਦਾ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਸਮੇਤ ਦੁਰਗਿਆਨਾ ਮੰਦਿਰ ਮਥਾ ਟੇਕਣ ਜਾਣਾ, ਉਸ ਦੇ ਪਰਿਵਾਰ ਵੱਲੋਂ ਸ਼ਿਵ-ਲਿੰਗ ਦੀ ਪੂਜਾ ਕਰਨੀ, ਹਵਨ ਕਰਨੇ ਤੇ ਕਰਵਾਉਣੇ ਅਤੇ ਉਸ ਦੇ ਸਿਆਸੀ ਨਜ਼ਦੀਕੀਆਂ ਵੱਲੋਂ ਰਮਾਇਣ, ਗੀਤਾ ਦੇ ਪਾਠ ਕਰਨੇ ਕਰਵਾਉਣੇ । ਦੇਹਧਾਰੀਆਂ ਦੇ ਪੈਰਾਂ ਵਿੱਚ ਬੈਠਣਾ, ਚੋਣ ਸਮੇਂ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਦੀ ਪੜਤਾਲ ਦੇ ਵਾਅਦੇ ਨੂੰ ਤਜ ਦੇਣਾ, ਅੰਮ੍ਰਿਤ ਦੀ ਰਹਿਤ ਦੀ ਸ਼ਰੇਆਮ ਖਿੱਲੀ ਉਡਾਉਣਾ । ਉਕਤ ਪ੍ਰਮਾਣ ਸਿੱਧ ਕਰਦੇ ਹਨ, ਅਕਾਲੀ ਦਲ ਬਾਦਲ ਦਾ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਪੰਜਾਬੀ ਪਾਰਟੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਰਮਾਇਣ, ਗੀਤਾ ਦੇ ਅਖੰਡ ਪਾਠ ਕਰਾਉਣ ਵਾਲੇ, ਹਵਨ ਕਰਨ ਵਾਲੇ ਉਨ੍ਹਾਂ ਦੇ ਸਿਆਸੀ ਨਜ਼ਦੀਕੀ ਵੀ ਹਿੰਦੂ ਧਰਮ ਨੂੰ ਵੀ ਮੰਨਦੇ ਹਨ, ਇਸ ਕਰਕੇ ਉਹ ਸਿੱਖ ਹੀ ਨਹੀਂ ਹਨ, ਕਿਉਂਕਿ ਗਿਆਨੀ ਜੀ ਨੇ ਸਿੱਖ ਰਹਿਤ ਮਰਿਯਾਦਾ ਦੀ ਵਿਆਖਿਆ ਕਰਦਿਆਂ ਇਹ ਸਵੀਕਾਰ ਕੀਤਾ ਹੈ ਕਿ "ਜਿਹੜਾ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ", ਅਰਥਾਤ ਜਿਹੜਾ ਹਿੰਦੂ ਧਰਮ ਨੂੰ ਮੰਨਦਾ ਹੈ ਉਹ ਸਿੱਖ ਨਹੀਂ ਹੈ । ਇਸੇ ਤਰ੍ਹਾਂ ਪੰਜਾਬ ਟਾਈਮਜ਼ ਦੇ ਪਾਠਕਾਂ ਦੇ ਪੱਤਰ ਵਿੱਚ ਛੱਪਣ ਵਾਲੀ ਇਕ ਬੀਬੀ ਨੇ ੧੮-੪-੨੦੧੯ ਵਿਸਾਖੀ ਵਿਸ਼ੇਸ਼ ਅੰਕ ਦੇ ਪੰਨਾ ੮੫ 'ਤੇ ਲਿਖਿਆ ਸੀ, "ਕਿ ਮੈਂ ਤਾਂ ਅਕਾਲੀ ਦਲ ਨੂੰ ਸਿੱਖਾਂ ਦੀ ਜਮਾਤ ਮੰਨਦੀ ਹਾਂ, ਅਤੇ ਆਪਣਾ ਮਾਰੂ ਤਾਂ ਛਾਂਵੇ ਸੁੱਟੂ" ਹੁਣ ਜਦ ਅਕਾਲੀ ਦਲ ਬਾਦਲ ਸਿੱਖ ਰਹਿਤ ਮਰਿਯਾਦਾ ਅਨੁਸਾਰ ਆਪ ਹੀ ਸਿੱਖ ਨਾ ਰਿਹਾ ਤਾਂ ਉਸ ਨੂੰ ਸਿੱਖਾਂ ਦੀ ਜਮਾਤ ਕਿਵੇਂ ਮੰਨਿਆ ਜਾ ਸਕਦਾ ਹੈ   ਇਹ ਬੀਬੀ ਅਕਾਲੀ ਦਲ ਦੇ ਹੱਕ ਵਿੱਚ ਹੱਠ ਅਧੀਨ ਲਿਖਦੀ ਹੈ, ਹੱਠ-ਅਧੀਨ ਲਿਖੀ ਹੋਈ ਲਿਖਤ ਸੱਚਾਈ ਤੋਂ ਕੋਹਾਂ ਦੂਰ ਹੁੰਦੀ ਹੈ ।
 ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜੀ ਇਹ ਵੀ ਲਿਖਦੇ ਹਨ ਕਿ "ਇਸ ਗੱਲ ਤੋਂ ਸ਼੍ਰੋਮਣੀ ਅਕਾਲੀ ਦਲ ਸੁਚੇਤ ਹੈ ਕਿ ਭਾਜਪਾ ਆਰ।ਐੱਸ।ਐੱਸ। ਦਾ ਸਿਆਸੀ ਵਿੰਗ ਹੈ, ਕਈ ਸਿਆਸੀ ਏਜੰਡੇ ਸਾਡੇ ਨਾਲੋਂ ਅਲੱਗ ਹਨ, ਅਰ ਇਸ ਦੇ ਮੁਖੀਆਂ ਨੇ ਬਲੂ ਸਟਾਰ ਐਕਸ਼ਨ ਲਈ ਕਾਂਗਰਸ ਸਰਕਾਰ ਨੂੰ ਉਕਸਾਇਆ ਤੇ ਸਲਾਹਿਆ ਵੀ" ਗਿਆਨੀ ਜੀ ਦੀਆਂ ਉਕਤ ਸਤਰਾਂ ਵਿੱਚੋਂ ਦੋ ਨੁਕਤੇ ਸਪੱਸ਼ਟ ਹੋ ਜਾਂਦੇ ਹਨ। ਪਹਿਲਾ ਸ੍ਰੀ ਦਬਰਾਰ ਸਾਹਿਬ ਉੱਤੇ ਜੂਨ ੧੯੮੪ ਨੂੰ ਤੋਪਾਂ ਟੈਂਕਾਂ ਨਾਲ ਫੌਜੀ ਹਮਲਾ, ਕਾਂਗਰਸ ਅਤੇ ਭਾਜਪਾ ਦੀ ਮਿਲੀਭੁਗਤ ਨਾਲ ਹੋਇਆ। ਇਥੇ ਦਾਸ ਗਿਆਨੀ ਜੀ ਨੂੰ ਨਿਮਰਤਾ ਸਹਿਤ ਦੱਸਣਾ ਚਾਹੁੰਦਾ ਹੈ ਕਿ ੧੯੯੯ ਤੋਂ ਬਾਅਦ ਅਕਾਲੀ ਦਲ ਬਾਦਲ ਤੇ ਭਾਜਪਾ ਦੇ ਸਿੱਖ ਵਿਰੋਧੀ ਏਜੰਡੇ ਅਲੱਗ ਅਲੱਗ ਨਹੀਂ ਹਨ । ਸਗੋਂ ਸਾਂਝੇ ਹਨ । ਅਨੰਦਪੁਰ ਦਾ ਮਤਾ ਜਿਸ ਕਰਕੇ ਧਰਮ ਯੁੱਧ ਮੋਰਚਾ ਲੱਗਾ ਸੀ, ਉਸ ਮਤੇ ਨੂੰ ਭਾਜਪਾ ਨੇ ਵੱਖਵਾਦੀ ਤੇ ਦੇਸ਼ ਨੂੰ ਤੋੜਨ ਵਾਲਾ ਮਤਾ ਦੱਸਿਆ । ਪੰਜਾਬ ਅਸੈਂਬਲੀ ਵਿੱਚ ਅਕਾਲੀ ਦਲ ਬਾਦਲ ਦੀ ਬਹੁਮੱਤ ਹੁੰਦਿਆਂ ਹੋਇਆਂ ਵੀ ਭਾਜਪਾ ਦੇ ਦਬਾਅ ਹੇਠ ਆ ਕੇ ਬਾਦਲ ਨੇ ਅਨੰਦਪੁਰ ਦਾ ਮਤਾ ਠੰਡੇ ਬਸਤੇ ਵਿੱਚ ਪਾ ਦਿੱਤਾ । ਦੂਸਰਾ ਇਹ ਕਿ 'ਸਿੱਖ ਵੀ ਹਿੰਦੂ ਹੀ ਹਨ' ਦਾ ਏਜੰਡਾ ਵੀ ਅਕਾਲੀ ਦਲ ਬਾਦਲ ਤੇ ਭਾਜਪਾ ਦਾ ਸਾਂਝਾ ਹੈ । ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਦਾ ਵਾਅਦਾ ਵੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਗੱਠਜੋੜ ਨੇ ਸਾਂਝੇ ਤੌਰ 'ਤੇ ਹਿੰਦੂ ਰਾਸ਼ਟਰ ਦੇ ਅਕਾਵਾਂ ਨਾਲ ਕੀਤਾ ਵੀ ਹੈ ਤੇ ਨਿਭਾਇਆ ਵੀ ਹੈ। ਅੰਤ ਵਿੱਚ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜੀ ਲਿਖਦੇ ਹਨ ਕਿ "ਮੈਂ ਗੁਰੂ ਗ੍ਰੰਥ-ਪੰਥ ਪ੍ਰਤੀ ਮੁਕੰਮਲ ਤੌਰ 'ਤੇ ਸਮਰਪਿਤ ਹਾਂ, ਤਮਾਸ਼ਬੀਨ ਨਹੀਂ ।" ਪਰ ਗਿਆਨੀ ਜੀ ਜਿਸ ਅਕਾਲੀ ਦਲ ਬਾਦਲ ਦੀ ਵਕਾਲਤ ਕਰ ਰਹੇ ਹਨ, ਉਹ ਤਾਂ ਸੰਪੂਰਨ, ਵਿਲੱਖਣ ਤੇ ਸੁਤੰਤਰ ਸਿੱਖ ਧਰਮ ਦੇ 'ਜੋਤਿ ਜੁਗਤਿ' ਦੇ ਵਿਧਾਨ ਗੁਰੂ ਗ੍ਰੰਥ, ਗੁਰੂ ਪੰਥ ਦੀ ਹੋ ਰਹੀ ਬੇ-ਅਦਬੀ ਅਤੇ ਸਿੱਖ ਕੌਮ ਦੀ ਹੋਈ ਨਸਲਕੁਸ਼ੀ ਦਾ ਸ਼ਰੇਆਮ ਤਮਾਸ਼ਾ ਵੇਖ ਰਹੇ ਹਨ, ਉਨ੍ਹਾਂ ਪਾਸੋਂ ਸਿੱਖਾਂ ਦੀ ਸੁਰੱਖਿਆ ਦੀ ਗਰੰਟੀ ਦੀ ਆਸ ਸੁਪਨੇ ਵਿੱਚ ਵੀ ਨਹੀਂ ਕੀਤੀ ਜਾ ਸਕਦੀ । ਸ਼ੁਹਰਤ ਨੂੰ ਤਰਸਦੀ ਮਾਨਸਿਕਤਾ ਵਾਲੇ ਸਿੱਖ ਵਿਦਵਾਨਾਂ ਕੋਲੋਂ ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ ।


ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ