image caption: ਰਜਿੰਦਰ ਸਿੰਘ ਪੁਰੇਵਾਲ

ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ

     ਹੁਣੇ ਜਿਹੇ ਸ਼੍ਰੋਮਣੀ ਕਮੇਟੀ ਨੇ ਅੱਜ ਅਕਾਲ ਤਖ਼ਤ ਦਾ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਸਥਾਪਨਾ ਦਿਵਸ 'ਤੇ ਵਧਾਈ ਦਿੰਦਿਆਂ ਕਿਹਾ ਕਿ ਸਿੱਖ ਵਿਰੋਧੀਆਂ ਵੱਲੋਂ ਸਿੱਖ ਮਨਾਂ ਵਿਚ ਅਕਾਲ ਤਖ਼ਤ ਦਾ ਮਾਣ-ਸਨਮਾਨ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਅਕਾਲ ਤਖ਼ਤ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸੀ ਕਿ ਵੱਖ ਵੱਖ ਸਮਿਆਂ ਦੀਆਂ ਸਰਕਾਰਾਂ ਨੇ ਸਿੱਧੇ-ਅਸਿੱਧੇ ਤੌਰ 'ਤੇ ਅਕਾਲ ਤਖ਼ਤ ਨੂੰ ਢਾਹ ਲਾਉਣ ਦਾ ਯਤਨ ਕੀਤਾ ਹੈ ਪਰ ਅਕਾਲ ਤਖ਼ਤ ਨੇ ਹਮੇਸ਼ਾਂ ਹੀ ਦਮਨਕਾਰੀ ਨੀਤੀਆਂ ਦਾ ਮੋੜਵਾਂ ਜਵਾਬ ਦਿੱਤਾ ਹੈ। ਇਸ ਲਈ ਲੋੜ ਹੈ ਕਿ ਸਮੁੱਚੀ ਕੌਮ ਅਕਾਲ ਤਖ਼ਤ ਨੂੰ ਸਮਰਪਿਤ ਹੋ ਕੇ ਕੌਮੀ ਤੌਰ 'ਤੇ ਵਿਚਰੇ ਅਤੇ ਸਮੁੱਚੀ ਮਨੁੱਖਤਾ ਵਿਚ ਗੁਰੂ ਸਾਹਿਬ ਦੇ ਫਲਸਫੇ ਦਾ ਪ੍ਰਚਾਰ ਪ੍ਰਸਾਰ ਕਰੇ। ਦੂਜੇ ਪਾਸੇ ਅਕਾਲ ਤਖ਼ਤ ਦੀ ਸਥਾਪਨਾ ਦਿਵਸ ਮੌਕੇ ਜੇਲ੍ਹ ਵਿਚ ਬੰਦ ਸਰਬੱਤ ਖਾਲਸਾ ਵਲੋਂ ਚੁਣੇ ਗਏ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਨੇ ਵੀ ਜਥੇਦਾਰ ਵਜੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਕੇ ਕਿਹਾ ਕਿ ਸਿੱਖ ਕੌਮ ਕਦੇ ਆਪਣੇ ਉੱਪਰ ਗ਼ੁਲਾਮ ਮਾਨਸਿਕਤਾ ਭਾਰੂ ਨਾ ਹੋਣ ਦੇਵੇ। ਉਨ੍ਹਾਂ ਆਖਿਆ ਕਿ ਸਿੱਖ ਕੌਮ ਇਸ ਗੱਲ ਦੀ ਪੀੜ ਮਹਿਸੂਸ ਕਰਦੀ ਹੈ ਕਿ ਰਾਜਸੀ ਆਗੂਆਂ ਦੇ ਇੱਕ ਹਿੱਸੇ ਨੇ ਆਪਣੇ ਸਵਾਰਥੀ ਮੰਤਵਾਂ ਖ਼ਾਤਰ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਨੂੰ ਢਾਹ ਲਾਈ ਹੈ। 

ਜੇਕਰ ਦੋਹਾਂ ਵਿਚਾਰਾਂ ਦਾ ਅਧਿਐਨ ਕਰੀਏ ਤਾਂ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੀ ਗੱਲ ਸੱਚੀ ਸੁੱਚੀ ਤੇ ਇਤਿਹਾਸਕ ਪ੍ਰਸੰਗ ਵਿਚ ਸਹੀ ਦਿਖਾਈ ਦਿੰਦੀ ਹੈ। ਅਸੀਂ ਸਮਝਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਬਹੁਤ ਵਧੀਆ ਸਿੱਖ ਸਖਸ਼ੀਅਤ ਹੋਣਗੇ ਤੇ ਸਿੱਖੀ ਬਾਰੇ ਗਿਆਨ ਵੀ ਹੋਵੇਗਾ, ਪਰ ਉਹ ਅਜ਼ਾਦ ਹਸਤੀ ਦੇ ਮਾਲਕ ਨਹੀਂ ਹਨ, ਕਿਉਂਕਿ ਇੱਥੇ ਅਕਾਲ ਤਖ਼ਤ ਸਾਹਿਬ ਦੀ ਸਰਬਉੱਚ ਹੋਂਦ ਨੂੰ ਖਤਮ ਕੀਤਾ ਜਾ ਚੁੱਕਾ ਹੈ। ਇਸ ਗੱਲ ਦੀ ਨਰਾਜ਼ਗੀ ਸੰਗਤ ਵਿਚ ਵੀ ਹੈ, ਕਿਉਂਕਿ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਜੇ ਤੱਕ ਪੰਥ ਦਾ ਪਹਿਰੀ ਨਹੀਂ ਬਣ ਸਕਿਆ। ਯਾਦ ਰਹੇ ਕਿ ਅਕਾਲ ਤਖ਼ਤ ਸਾਹਿਬ ਨੂੰ ਅਕਾਲ ਬੁੰਗੇ ਵਜੋਂ 1608 ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਸਿਰਜਿਆ ਸੀ।  31 ਦਸੰਬਰ 1612 ਨੂੰ ਜਦੋਂ ਉਹ ਦਿੱਲੀ ਗਏ, ਜਿੱਥੋਂ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਲਿਜਾਇਆ ਗਿਆ ਸੀ, ਦਿੱਲੀ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਬਾਬਾ ਬੁੱਢਾ ਜੀ ਨੂੰ ਦਰਬਾਰ ਸਾਹਿਬ ਦੀ ਸੇਵਾ ਅਤੇ ਦੇਖਭਾਲ ਲਈ ਅਤੇ ਭਾਈ ਗੁਰਦਾਸ ਜੀ ਨੂੰ ਅਕਾਲ ਤਖ਼ਤ ਦੀਆਂ ਸੇਵਾਵਾਂ ਨਿਭਾਉਣ ਲਈ ਕਿਹਾ ਸੀ।  

ਭਾਈ ਗੁਰਦਾਸ ਜੀ ਦੀ ਨਿਯੁਕਤੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਦੀ ਪਹਿਰੇਦਾਰੀ ਵਜੋਂ ਹੋਈ ਸੀ। ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਹੀਂ ਸਨ। ਇਹੀ ਪੁਜ਼ੀਸ਼ਨ ਪੰਥ ਵਿਚ ਕਾਇਮ ਹੋਣੀ ਚਾਹੀਦੀ ਹੈ। 15 ਅਪ੍ਰੈਲ 1634 ਦੀ ਲੜਾਈ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ-ਕਾ-ਚੱਕ (ਅੰਮ੍ਰਿਤਸਰ) ਛੱਡ ਦਿੱਤਾ ਅਤੇ ਕਰਤਾਰਪੁਰ (ਜਲੰਧਰ) ਵਿੱਚ ਕੁਝ ਮਹੀਨਿਆਂ ਦੀ ਗੁਜ਼ਾਰਨ ਤੋਂ ਬਾਅਦ ਮਈ 1635 ਵਿੱਚ ਉਹ ਕੀਰਤਪੁਰ ਸਾਹਿਬ ਚਲੇ ਗਏ।  1634 ਅਤੇ 1696 ਦੇ ਵਿਚਕਾਰ (ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪਿਰਥੀ ਚੰਦ ਦੇ ਪੁਤੱਰ ਹਰਜੀ ਦੀ ਮੌਤ ਤਕ), ਅੰਮ੍ਰਿਤਸਰ ਪਿਰਥੀ ਚੰਦ ਦੇ ਵੰਸ਼ ਦੇ ਅਧੀਨ ਸੀ ਅਤੇ, ਇਸ ਸਮੇਂ ਦੌਰਾਨ ਅਕਾਲ ਤਖ਼ਤ ਉਤੇ ਵੀ ਉਹਨਾਂ ਦਾ ਹੀ ਕੰਟਰੋਲ ਸੀ। 1697 ਵਿੱਚ ਹਰਜੀ ਦੇ ਤਿੰਨੇ ਪੁੱਤਰਾਂ ਨੇ ਇਸ ਸ਼ਹਿਰ ਨੂੰ ਛੱਡਣ ਦਾ ਫ਼ੈਸਲਾ ਕੀਤਾ ਅਤੇ ਉਹ ਵੱਖੋ-ਵੱਖਰੇ ਸਥਾਨਾਂ ਤੇ ਚਲੇ ਗਏ।  ਅਪ੍ਰੈਲ 1698 ਵਿੱਚ, ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਦੇ ਨਿਗਰਾਨ ਨਿਯੁਕਤ ਕੀਤਾ (ਉਹ ਵੀ ਜਥੇਦਾਰ ਨਹੀਂ ਸਨ) ਖਾਲਸਾ ਪੰਥ ਦੇ ਪਹਿਰੇਦਾਰ ਸਨ। 18ਵੀਂ ਸਦੀ ਦੌਰਾਨ ਖਾਲਸਾ ਪੰਥ ਆਪਣੇ ਸਮੁੱਚੇ ਪੰਥਕ ਫੈਸਲੇ ਇਸ ਤਖ਼ਤ ਦੇ ਰਾਹੀਂ ਲੈਂਦਾ ਰਿਹਾ ਹੈ। ਬੰਦਈ ਖਾਲਸਾ ਤੇ ਤੱਥ ਖਾਲਸਾ ਦੇ ਝਗੜੇ 18ਵੀਂ ਸਦੀ ਦੌਰਾਨ ਭਾਈ ਮਨੀ ਸਿੰਘ ਹੁਰਾਂ ਨੇ ਹੱਲ ਕੀਤੇ ਸਨ। ਭਾਈ ਮਨੀ ਸਿੰਘ ਤੋਂ ਬਾਅਦ ਸ. ਦਰਬਾਰਾ ਸਿੰਘ ਨੇ ਪੰਥਕ ਜਥੇਦਾਰ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਹਿਰੇਦਾਰੀ ਸੰਭਾਲੀ ਸੀ। ਬਾਅਦ ਵਿਚ ਇਹ ਪਹਿਰੇਦਾਰੀ ਸ਼ਹੀਦ ਮਿਸਲਾਂ ਕੋਲ ਰਹੀ। ਇਸ ਵਿਚ ਬਾਬਾ ਨੈਣਾ ਸਿੰਘ, ਬਾਬਾ ਗੁਰਬਖਸ਼ ਸਿੰਘ, ਬਾਬਾ ਸਾਹਿਬ ਸਿੰਘ ਬੇਦੀ, ਬਾਬਾ ਅਕਾਲੀ ਫੂਲਾ ਸਿੰਘ ਸ਼ਾਮਲ ਸਨ। ਸਰਬੱਤ ਖਾਲਸਾ ਰਾਹੀਂ ਪੰਥਕ ਫੈਸਲੇ ਲਏ ਜਾਂਦੇ ਸਨ ਤੇ ਇਥੋਂ ਤੱਕ ਦਿੱਲੀ ਤਖ਼ਤ 'ਤੇ 17 ਹਮਲੇ ਸਾਂਝੇ ਤੌਰ 'ਤੇ ਮਿਸਲਦਾਰਾਂ ਨੇ ਕੀਤੇ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਕਾਲੀ ਫੂਲਾ ਸਿੰਘ ਜੀ ਨੇ ਇਹ ਜ਼ਿੰਮੇਵਾਰੀ ਬਹੁਤ ਵÎਧੀਆ ਢੰਗ ਨਾਲ ਨਿਭਾਈ। ਮਹਾਰਾਜਾ ਰਣਜੀਤ ਸਿੰਘ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ। ਇਹ ਸੀ ਅਕਾਲ ਤਖ਼ਤ ਦੀ ਪਹਿਰੇਦਾਰੀ ਕਰਨ ਵਾਲੇ ਸਿੰਘਾਂ ਸੂਰਮਿਆਂ ਦਾ ਸਤਿਕਾਰ।

ਖਾਲਸਾ ਰਾਜ ਦੇ ਖਾਤਮੇ ਤੋਂ ਬਾਅਦ ਅੰਗਰੇਜ਼ ਕਾਲ ਦੌਰਾਨ ਸਰਕਾਰ ਨੇ ਆਪਣੇ ਟਾਊਟ ਇੱਥੇ ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ ਅਤੇ ਖਾਲਸਾ ਪੰਥ ਵਿਰੋਧੀ ਪੁਜ਼ੀਸ਼ਨਾਂ ਲਈਆਂ। ਅਰੂਟ ਸਿੰਘ ਸਰਬਰ੍ਹਾ ਦਾ ਜ਼ਲ੍ਹਿਆਂਵਾਲੇ ਬਾਗ ਸਾਕੇ ਦੇ ਜ਼ਿੰਮੇਵਾਰ ਦੋਸ਼ੀ ਡਾਇਰ ਨੂੰ ਸਿਰੋਪਾ ਦੇਣਾ ਇਸ ਗੱਲ ਦਾ ਸਬੂਤ ਹੈ। ਬਾਬਾ ਖੇਮ ਸਿੰਘ ਬੇਦੀ ਵੇਲੇ ਪ੍ਰੋ. ਗੁਰਮੁਖ ਸਿੰਘ ਨੂੰ ਪੰਥ ਵਿਚੋਂ ਇਸ ਲਈ ਖਾਰਜ ਕੀਤਾ ਗਿਆ, ਕਿਉਂਕਿ ਉਹਨਾਂ ਨੇ ਪੰਥ ਦੇ ਹੱਕ ਵਿਚ ਪੁਜ਼ੀਸ਼ਨਾਂ ਲਈਆਂ ਸਨ ਤੇ ਦਰਬਾਰ ਸਾਹਿਬ ਵਿਚੋਂ ਮੂਰਤੀਆਂ ਚੁਕਾਈਆਂ ਸਨ। 12 ਅਕਤੂਬਰ 1920 ਨੂੰ ਜਦੋਂ ਕੁਝ ਸ਼ੂਦਰ ਤੋਂ ਬਣੇ ਸਿੱਖ ਅਕਾਲ ਤਖ਼ਤ ਸਾਹਿਬ ਕੜਾਹ ਪ੍ਰਸ਼ਾਦ ਭੇਟ ਕਰਨ ਗਏ, ਬੁੰਗਾ ਅਕਾਲ, ਆਕਾਲ ਤਖ਼ਤ ਦਾ ਗ੍ਰੰਥੀ ਦੌੜ ਗਿਆ। ਇਸ ਤੋਂ ਬਾਅਦ ਪੰਥ ਦਾ ਇਕੱਠ ਹੋਇਆ ਤਾਂ ਤੇਜਾ ਸਿੰਘ ਭੁੱਚਰ ਨੂੰ ਸਿੱਖਾਂ ਜਥੇਦਾਰ ਨਿਯੁਕਤ ਕੀਤਾ ਗਿਆ ਸੀ ਅਤੇ ਉਸਨੂੰ ਅਕਾਲ ਤਖ਼ਤ ਦਾ ਜਥੇਦਾਰ ਕਿਹਾ ਗਿਆ।

ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਈ ਤਾਂ ਅਕਾਲ ਤਖ਼ਤ ਦਾ ਜਥੇਦਾਰ ਗੁਰਦੁਆਰਾ ਐਕਟ ਦੇ ਅਧੀਨ ਹੋ ਗਿਆ, ਇਸ ਤੋਂ ਬਾਅਦ ਅਕਾਲ ਤਖ਼ਤ ਦੀ ਪੁਜ਼ੀਸਨ ਵਧੀਆ ਤੇ ਪੰਥਕ ਸਿਧਾਂਤਾਂ ਅਨੁਸਾਰ ਨਹੀਂ ਰਹੀ। ਭਾਵੇਂ ਖਾੜਕੂਵਾਦ ਵੇਲੇ ਸਰਬੱਤ ਖਾਲਸਾ ਵੀ ਹੁੰਦੇ ਰਹੇ, ਪਰ ਖਾੜਕੂ ਲਹਿਰ ਤੋਂ ਬਾਅਦ ਇਹ ਸਭ ਖਤਮ ਹੋ ਗਿਆ। ਅਕਾਲ ਤਖ਼ਤ ਦੇ ਜਥੇਦਾਰ ਦੀ ਪੁਜ਼ੀਸ਼ਨ ਹੁਣ ਇਹ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਅਧੀਨ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਅਧੀਨ ਸ਼੍ਰੋਮਣੀ ਕਮੇਟੀ ਹੈ ਤੇ ਸ਼੍ਰੋਮਣੀ ਕਮੇਟੀ ਹੀ ਅਕਾਲ ਤਖ਼ਤ ਦੇ ਜਥੇਦਾਰ ਦੀ ਚੋਣ ਕਰਦੀ ਹੈ। ਪਰ ਅਕਾਲ ਤਖ਼ਤ ਦੇ ਜਥੇਦਾਰ ਦਾ ਅਹੁਦਾ ਅਜ਼ਾਦ ਤੇ ਖੁਦਮੁਖਤਿਆਰ ਹਸਤੀ ਵਾਲਾ ਨਹੀਂ ਹੈ। ਇਸੇ ਲਈ ਅਕਾਲ ਤਖ਼ਤ ਦਾ ਜਥੇਦਾਰ ਪੰਥ ਵਿਚ ਆਪਣਾ ਸਥਾਨ ਨਹੀਂ ਬਣਾ ਸਕਿਆ। ਸਾਨੂੰ ਅਕਾਲ ਤਖ਼ਤ ਸਾਹਿਬ ਤੇ ਸਰਬੱਤ ਖਾਲਸਾ ਬਾਰੇ ਗੁਰਮਤਿ ਰੌਸ਼ਨੀ ਵਿਚ ਖੁਦਮੁਖਤਿਆਰੀ ਵਾਲੇ ਸਿਧਾਂਤ ਲਾਗੂ ਕਰਨ ਦੀ ਲੋੜ ਹੈ। ਅਸੀਂ ਤਾਂ ਹੀ ਆਪਣੀ ਕੌਮੀਅਤ ਨੂੰ ਅੱਗੇ ਲਿਜਾ ਸਕਾਂਗੇ। ਇਸ ਗੱਲ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਜਲਦੀ ਸਮਝਣ। ਜ਼ਿਆਦਾ ਲੋੜ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਸਮਝਣ ਦੀ ਹੈ ਕਿ ਉਹ ਪੰਥ ਵਿਚ ਆਪਣੀ ਪੁਜ਼ੀਸ਼ਨ ਬਹਾਲ ਕਰਨ ਦੇ ਲਈ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਹਸਤੀ ਨੂੰ ਹੋਂਦ ਵਿਚ ਲਿਆਉਣ। ਇਸ ਨਾਲ ਹੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦਾ ਵਿਕਾਸ ਹੋ ਸਕੇਗਾ।

ਰਜਿੰਦਰ ਸਿੰਘ ਪੁਰੇਵਾਲ