image caption: ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ ਅਤੇ ਬਾਬਾ ਬੰਦਾ ਸਿੰਘ ਬਹਾਦਰ

ਹਿੰਦ ਉਤੇ 600 ਸਾਲ ਤੋਂ ਰਾਜ ਕਰਦੀ ਆ ਰਹੀ ਮੁਗਲੀਆ ਹਕੂਮਤ ਦਾ ਤੱਖਤਾ ਉਲਟਾ ਕੇ ਖਾਲਸਾ ਰਾਜ ਸਥਾਪਤ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਲੇਖ

   12 ਮਈ 1710 ਨੂੰ ਚੱਪੜ ਚਿੜੀ ਦੇ ਮੈਦਾਨ ਵਿੱਚ ਸਰਹੰਦ ਦੇ ਸੂਬੇਦਾਰ ਵਜੀਦ ਖਾਨ ਦੀਆਂ ਫੌਜਾਂ ਨਾਲ ਬੰਦਾ ਸਿੰਘ ਬਹਾਦਰ ਦੀ ਜਰਨੈਲੀ ਹੇਠ ਖਾਲਸੇ ਨੇ ਲਹੂ ਡੋਲ੍ਹਵੀਂ ਲੜਾਈ ਲੜੀ, ਇਸ ਲੜਾਈ ਵਿੱਚ ਸੂਬਾ ਸਰਹੰਦ ਵਜੀਦ ਖਾਨ ਮਾਰਿਆ ਗਿਆ ਅਤੇ ਖਾਲਸਾ ਪੰਥ ਦੀ ਜਿੱਤ ਹੋਈ। 14 ਮਈ 1710 ਨੂੰ ਹਿੰਦ ਉੱਤੇ ਸਦੀਆਂ ਤੋਂ ਰਾਜ ਕਰਦੀ ਆ ਰਹੀ ਮੁਗਲ ਹਕੂਮਤ ਦਾ ਬੰਦਾ ਸਿੰਘ ਬਹਾਦਰ ਨੇ ਤੱਖਤਾ ਉਲਟਾ ਕੇ ਖਾਲਸਾ ਰਾਜ ਸਥਾਪਿਤ ਕਰ ਲਿਆ ਸੀ, ਹੁਣ ਖਾਲਸੇ ਕੋਲ ਮੁਗਲਾਂ ਵਾਂਗ ਸਭ ਕੁਝ ਆਪਣਾ ਸੀ, ਮੁਲਕ, ਤੱਖਤ, ਰਾਜਧਾਨੀ, ਸਿੱਕਾ, ਮੋਹਰ, ਝੰਡਾ, ਬਾਦਸ਼ਾਹ, ਫਰਕ ਸਿਰਫ ਇੰਨਾ ਸੀ ਕਿ ਮੁਗਲਾਂ ਕੋਲ ਸਭ ਕੁਝਮੁਗਲ ਹਕੂਮਤ ਦੇ ਨਾਂ ਥੱਲੇ ਸੀ ਅਤੇ ਮੁਗਲ ਬਾਦਸ਼ਾਹ ਦਾ ਰਾਜ, ਸਿੱਕੇ ਅਤੇ ਮੋਹਰਾਂ ਉਨ੍ਹਾਂ ਦੇ ਨਿੱਜੀ ਨਾਉਂ ਉੱਤੇ ਚੱਲਦੇ ਸਨ, ਪਰ ਖਾਲਸੇ ਦਾ ਰਾਜਸੀ ਨੇਤਾ ਬੰਦਾ ਸਿੰਘ ਆਪਣੇ ਨਿੱਜੀ ਨਾਉਂ ਉੱਤੇ ਕੁਝ ਨਹੀਂ ਸੀ ਕਰਦਾ, ਉਹ ਰਾਜ ਦੀ ਪ੍ਰਾਪਤੀ ਸੱਚੇ ਸਾਹਿਬ ਵਾਹਿਗੁਰੂ ਦੀ ਮਿਹਰ ਨਾਲ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਤੋਂ ਪ੍ਰਾਪਤ ਹੋਈ ਕਹਿੰਦਾ ਹੈ ਅਤੇ ਆਪ ਦੇਗ ਅਤੇ ਤੇਗ ਰਾਹੀਂ ਕੇਵਲ ਸੇਵਾਦਾਰ ਹੈ। ਉਸ ਲਈ ਬਖਸ਼ਿਸ਼ ਗੁਰੂ ਨਾਨਕ ਦੀ ਹੈ, ਫਤਹਿ ਗੁਰੂ ਗੋਬਿੰਦ ਸਿੰਘ ਦੀ ਅਤੇ ਪਾਤਿਸ਼ਾਹੀ ਅਕਾਲ ਪੁਰਖ ਵਾਹਿਗੁਰੂ ਦੀ। ਇਹ ਸੰਸਾਰ ਦੇ ਇਤਿਹਾਸ ਵਿੱਚ ਸਿੱਖ ਇਨਕਲਾਬ ਦੀ ਅਦੁੱਤੀ ਮਿਸਾਲ ਹੈ। ਖਾਲਸੇ ਦੀ ਸ਼ਾਹੀ ਮੋਹਰ ਤੇ 'ਦੇਗੋ ਤੇਗੋ ਫਤਹਿ ਓ ਨੁਸਰਤਿ ਬੇ-ਦਰੰਗ, ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ' = ਦੇਗ ਤੇਗ ਜਿੱਤ ਸੇਵ ਨਿਰਾਲਮ, ਗੁਰੂ ਨਾਨਕ-ਗੋਬਿੰਦ ਸਿੰਘ ਤੋਂ ਪਾਈ। ਬੰਦਾ ਸਿੰਘ ਬਹਾਦਰ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਖਾਲਸਾ ਰਾਜ ਦਾ ਜੋ ਮਾਡਲ ਪੇਸ਼ ਕੀਤਾ ਸੀ ਉਹ ਦੁਨੀਆਂ ਦੇ ਪੂਰੇ ਇਤਿਹਾਸ ਵਿੱਚ ਨਾ ਤਾਂ ਪਹਿਲਾਂ ਕਦੇ ਵਾਪਰਿਆ ਤੇ ਨਾ ਹੀ ਬਾਅਦ ਵਿੱਚ ਵਾਪਰਿਆ।
    1711 ਦੇ ਸਾਲ ਵਿੱਚ ਬੰਦਾ ਸਿੰਘ ਬਹਾਦਰ ਨੇ ਸਾਰੀਆਂ ਪਹਾੜੀ ਰਿਆਸਤਾਂ ਅਤੇ ਰਾਵੀ ਬਿਆਸ ਦਰਿਆਵਾਂ ਦੇ ਮੈਦਾਨੀ ਇਲਾਕੇ ਵਿੱਚ ਪੂਰੀ ਤਰ੍ਹਾਂ ਖਾਲਸਾ ਰਾਜ ਸਥਾਪਿਤ ਕਰ ਲਿਆ ਸੀ। 1711 ਦੀ ਤਰ੍ਹਾਂ 1712 ਸਾਲ ਵੀ ਖਾਲਸੇ ਦਾ ਸਾਲ ਸੀ ਅਤੇ ਇਨ੍ਹਾਂ ਦੋ ਸਾਲਾਂ ਦੌਰਾਨ ਰਾਵੀ ਤੋਂ ਲੈ ਕੇ ਜਮਨਾ ਤੱਕ ਦੇ ਖੇਤਰ ਉੱਪਰ ਵੀ ਖਾਲਸੇ ਦਾ ਹੀ ਰਾਜ ਸੀ, ਦਿਨ ਰਾਤ ਖਾਲਸੇ ਦੇ ਜੈਕਾਰੇ ਗੂੰਜਦੇ ਸਨ, ਦੂਜੇ ਪਾਸੇ 1712 ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ ਲਈ ਬੜਾ ਸੰਕਟ ਮਈ ਸਮਾਂ ਸੀ ਉਸ ਨੂੰ ਲਗਾਤਾਰ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਭੇਜੀਆਂ ਗਈਆਂ ਮੁਹਿੰਮਾਂ ਦੀ ਅਸਫਲਤਾਵਾਂ ਦੀਆਂ ਖਬਰਾਂ ਮਿਲ ਰਹੀਆਂ ਸਨ।
    ਦਿੱਲੀ ਦਾ ਬਾਦਸ਼ਾਹ ਬੰਦਾ ਸਿੰਘ ਬਹਾਦਰ ਦੀ ਯੁੱਧ ਨੀਤੀ ਤੋਂ ਇੰਨਾ ਭੈ-ਭੀਤ ਹੋ ਗਿਆ ਤੇ ਇੰਨਾ ਡਰ ਗਿਆ ਕਿ ਕਿਤੇ ਦਾੜੀ ਵਾਲੇ ਹਿੰਦੂਆਂ ਵਿੱਚ ਕੋਈ ਸਿੱਖ ਹੀ ਨਾ ਹੋਵੇ ਜੋ ਬੰਦਾ ਸਿੰਘ ਬਹਾਦਰ ਲਈ ਸੂਹੀਏ ਦਾ ਕੰਮ ਕਰਦਾ ਹੋਵੇ। ਬਾਦਸ਼ਾਹ ਨੇ ਹੁਕਮ ਦਿੱਤਾ ਕਿ ਬਾਦਸ਼ਾਹੀ ਦਫਤਰਾਂ ਵਿੱਚ ਜਿਤਨੇ ਭੀ ਹਿੰਦੂ ਪੇਸ਼ਕਾਰ ਨੌਕਰ ਹਨ ਉਹ ਆਪਣੀਆਂ ਦਾੜੀਆਂ ਮੁੰਨਵਾ ਦੇਣ ਤਾਂ ਕਿ ਹਿੰਦੂ ਸਿੱਖ ਦੇ ਫਰਕ ਦਾ ਪਤਾ ਲੱਗਦਾ ਰਹੇ। ਭਾਵੇਂ ਉਸ ਦੇ ਬਾਦਸ਼ਾਹੀ ਦਫਤਰ ਵਿੱਚ ਕੋਈ ਸਿੱਖ ਹੈ ਹੀ ਨਹੀਂ ਸੀ ਫਿਰ ਵੀ ਹਿੰਦੂ ਦੀਵਾਨਾ ਅਤੇ ਪੇਸ਼ਕਾਰਾਂ ਨੇ ਇਸ ਹੁਕਮ ਦੀ ਤੁਰੰਤ ਪਾਲਣਾਂ ਕਰਦੇ ਹੋਏ ਤੁਰੰਤ ਦਾੜੀਆਂ ਮੁਨਾ ਦਿੱਤੀਆਂ ਜਿਸ ਤੋਂ ਬਾਦਸ਼ਾਹ ਨੇ ਪ੍ਰਸੰਨ ਹੋ ਕੇ ਇਨ੍ਹਾਂ ਨੂੰ ਖਿੱਲਤਾਂ ਬਖਸ਼ੀਆਂ। ਹੋਰ ਬਹਾਦਰਸ਼ਾਹ ਦਿਨ-ਪਰ ਦਿਨ ਬੰਦਾ ਸਿੰਘ ਬਹਾਦਰ ਦੇ ਖੌਫ਼ ਨਾਲ ਬੇਚੈਨ ਰਹਿਣ ਲੱਗ ਪਿਆ ਤੇ ਅੰਤ ਵਿੱਚ ਇੰਨਾ ਬੇਜਾਰ ਹੋ ਗਿਆ ਕਿ ਉਹ ਆਪਣਾ ਦਿਮਾਗੀ ਸੰਤੁਲਣ ਗਵਾ ਬੈਠਾ ਤੇ ਸਿੱਟੇ ਵਜੋਂ ਬਹਾਦਰਸ਼ਾਹ ਪਾਗਲ ਹੋ ਗਿਆ। ਸੈਨਿਕ ਜਰਨੈਲਾਂ ਅਤੇ ਰਾਜ ਦਰਬਾਰੀਆਂ ਦੀਆਂ ਨਿਗਾਹਾਂ ਕਾਂ ਵਾਂਗ ਬਾਦਸ਼ਾਹ ਵੱਲ ਲੱਗੀਆਂ ਹੋਈਆਂ ਸਨ। ਦੂਜੇ ਪਾਸੇ ਬੰਦਾ ਸਿੰਘ ਬਹਾਦਰ ਪਾਸ ਇੰਨੀ ਤਾਕਤ ਸੀ ਕਿ ਉਹ ਮੁਗਲਸ਼ਾਹੀ ਦੀ ਡਾਵਾਂਡੋਲ ਹਾਲਤ ਦਾ ਫਾਇਦਾ ਉਠਾਉਣ ਲਈ ਆਪਣੀ ਪੂਰੀ ਤਾਕਤ ਨਾਲ ਪਹਾੜਾਂ ਉੱਤੋਂ ਉਤਰ ਕੇ ਮੈਦਾਨੀ ਇਲਾਕਿਆਂ ਵਿੱਚ ਆ ਗਿਆ ਸੀ। ਜਨਵਰੀ ਫਰਵਰੀ ਦੇ ਦੋਵੇਂ ਮਹੀਨੇ ਸਾਰੀ ਮੁਗਲਸ਼ਾਹੀ ਬਾਦਸ਼ਾਹ ਦੇ ਆਲੇ ਦੁਆਲੇ ਕੇਂਦਰਿਤ ਹੋਈ ਰਹੀ ਤੇ ਅਖੀਰ 27-28 ਫਰਵਰੀ, 1712 ਦੀ ਵਿੱਚਕਾਰਲੀ ਰਾਤ ਨੂੰ ਬਾਦਸ਼ਾਹ ਮਰ ਗਿਆ ਸੀ। ਇਹੀ ਸਮਾਂ ਸੀ ਜਦੋਂ ਬੰਦਾ ਸਿੰਘ ਬਹਾਦਰ ਨੇ ਪਹਾੜਾਂ ਤੋਂ ਤੂਫਾਨ ਵਾਂਗ ਮੈਦਾਨਾਂ ਵਿੱਚ ਆ ਕੇ ਪੰਜਾਬ ਵਿੱਚ ਆਪਣੇ ਅਫਸਰ ਤਿਆਨਾਤ ਕਰ ਦਿੱਤੇ ਉਹ ਫਿਰ ਤੋਂ ਲੋਹ ਗੜ੍ਹ ਦੇ ਕਿਲੇ ਵਿੱਚ ਆ ਗਿਆ ਸੀ। ਫਿਰ ਤੋਂ ਕਿਲੇ ਦੀ ਤਾਮੀਰ ਕਰਵਾਈ ਗਈ ਖਾਲਸੇ ਦੇ ਸਿੱਕੇ ਤੇ ਮੋਹਰਾਂ ਜਾਰੀ ਰੱਖੀਆਂ, ਕਲਾਨੌਰ, ਬਟਾਲਾ ਅਤੇ ਹੁਸ਼ਿਆਰਪੁਰ ਦਾ ਇਲਾਕਾ ਪਹਿਲੋਂ ਹੀ ਬੰਦਾ ਸਿੰਘ ਦੇ ਕਬਜ਼ੇ ਵਿੱਚ ਸੀ। ਜੇ ਇਉਂ ਕਹਿ ਲਿਆ ਜਾਵੇ ਕਿ ਰਾਵੀ-ਬਿਆਸ ਦੇ ਦਬਾਬ ਦਾ ਉਪਰਲਾ ਇਲਾਕਾ ਅਤੇ ਸਾਰੇ ਬਿਸ-ਦਬਾਬ ਸਮੇਤ ਪਹਾੜੀ ਰਿਆਸਤਾਂ ਦਾ ਅਤੇ ਸਤਿਲੁਜ ਤੋਂ ਜਮੁਨਾ ਤੱਕ ਦਾ ਵਿਸ਼ਾਲ ਖੇਤਰ ਖਾਲਸੇ ਦੀ ਸਲਤਨਤ ਸੀ ਤਾਂ ਵੀ ਇਸ ਵਿੱਚ ਕੋਈ ਅਤਿ ਕਥਨੀ ਨਹੀਂ ਹੋ ਸਕਦੀ।
ਬਹਾਦਰਸ਼ਾਹ ਬਾਦਸ਼ਾਹ ਕੀ ਮਰਿਆ ਕਿ ਉਸ ਦੇ ਚਾਰੇ ਪੁੱਤਰਾਂ ਵਿੱਚ ਤੱਖਤ ਪ੍ਰਾਪਤੀ ਲਈ ਜੰਗ ਛਿੜ ਪਈ, ਇਸ ਜੰਗ ਵਿੱਚ ਬਾਦਸ਼ਾਹ ਦੇ ਪੁੱਤਰ ਜਹਾਂਦਾਰ ਸ਼ਾਹ ਦੀ ਜਿੱਤ ਹੋਈ ਪਰ ਉਹ ਅਤਿ ਦਰਜੇ ਦਾ ਸ਼ਰਾਬੀ ਅਤੇ ਵਿਭਚਾਰੀ ਸੀ। ਜੋ ਜ਼ਿਆਦਾ ਦੇਰ ਰਾਜ ਪ੍ਰਬੰਧ ਨਾ ਚਲਾ ਸਕਿਆ। 31 ਜਨਵਰੀ, 1713 ਨੂੰ ਜਹਾਂਦਾਰ ਦੇ ਭਤੀਜੇ ਫਰੱਖਸੀਅਰ ਨੇ ਜਹਾਂਦਾਰ ਨੂੰ ਕਤਲ ਕਰਵਾ ਦਿੱਤਾ ਤੇ ਫਰੱਖਸੀਅਰ ਆਪ ਦਿੱਲੀ 'ਤੇ ਕਾਬਜ਼ ਹੋ ਗਿਆ। ਦੂਜੇ ਪਾਸੇ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੀਆਂ ਹੱਦਾਂ ਵਧਾਉਣ ਲਈ ਲਾਹੌਰ ਦੇ ਸੂਬੇਦਾਰ ਅਤੇ ਦਿੱਲੀ ਦੇ ਬਾਦਸ਼ਾਹ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ। ਖਾਲਸਾ ਫੌਜਾਂ ਅਤੇ ਸ਼ਾਹੀ ਸੈਨਾ ਵਿੱਚਕਾਰ ਹੋਈਆਂ ਜੰਗਾਂ ਵਿੱਚ ਮੁਗਲ ਸਾਮਰਾਜ ਦੇ ਚੋਟੀ ਦੇ 30 ਤੋਂ ਵੱਧ ਜਰਨੈਲ ਅਤੇ ਸੂਬਾ ਸਰਹੰਦ ਵਰਗੇ ਵੱਡੇ-ਵੱਡੇ ਅਹਿਲਕਾਰ ਮਾਰੇ ਜਾ ਚੁੱਕੇ ਸਨ। ਦੁਨੀਆਂ ਵਿੱਚ ਸਭ ਤੋਂ ਤਾਕਤਵਰ ਮੰਨੇ ਜਾਣ ਵਾਲੇ ਦਿੱਲੀ ਦੇ ਦੋ ਬਾਦਸ਼ਾਹ ਖਾਲਸਾ ਰਾਜ ਦੀ ਬਲੀ ਚੜ੍ਹ ਚੁੱਕੇ ਸਨ। ਫਰੱਖਸੀਅਰ ਭਾਵੇਂ ਦਿੱਲੀ ਦੇ ਤੱਖਤ 'ਤੇ ਕਾਬਜ਼ ਹੋ ਗਿਆ ਸੀ ਪਰ ਬੰਦਾ ਸਿੰਘ ਬਹਾਦਰ ਦੀ ਏਨੀ ਤਾਕਤ ਵੱਧ ਚੁੱਕੀ ਸੀ ਕਿ ਫਰੱਖਸੀਅਰ ਦਾ ਕੋਈ ਵੀ ਮੁਗਲ ਜਰਨੈਲ ਪੰਜਾਬ ਵੱਲ ਨੂੰ ਮੂੰਹ ਕਰਨ ਨੂੰ ਤਿਆਰ ਨਹੀਂ ਸੀ, ਲਾਹੌਰ ਦੇ ਸੂਬੇਦਾਰ ਨੂੰ ਤਾਂ ਫਿਕਰ ਪਿਆ ਹੋਇਆ ਸੀ ਕਿ ਖਾਲਸਾ ਫੌਜਾਂ ਕਿਤੇ ਲਾਹੌਰ ਅਤੇ ਦਿੱਲੀ ਉੱਤੇ ਹਮਲੇ ਕਰਕੇ ਲਾਹੌਰ 'ਤੇ ਕਾਬਜ ਨਾ ਹੋ ਜਾਣ ਕਿਉਂਕਿ ਬੰਦਾ ਸਿੰਘ ਬਹਾਦਰ ਨੇ ਦਿੱਲੀ ਦੇ ਬਾਦਸ਼ਾਹ ਅਤੇ ਲਾਹੌਰ ਦੇ ਸੂਬੇਦਾਰ ਦੇ ਜ਼ੁਲਮ ਅਤੇ ਅਤਿਆਚਾਰ ਰੋਕਣ ਲਈ ਅਤੇ ਖਾਲਸਾ ਰਾਜ ਦੀਆਂ ਹੱਦਾਂ ਵਧਾਉਣ ਵਾਲੀ ਲੜੀ ਜਾ ਰਹੀ ਲੜਾਈ ਨੂੰ ਧਾਰਮਿਕ ਲੜਾਈ ਨਹੀਂ ਸੀ ਬਣਨ ਦਿੱਤਾ।
ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਪੰਜ ਹਜ਼ਾਰ ਮੁਸਲਮਾਨ ਵੀ ਭਰਤੀ ਹੋ ਗਏ ਸਨ। ਬੰਦਾ ਸਿੰਘ ਬਹਾਦਰ ਨੇ ਮੁਸਲਮਾਨ ਸਿਪਾਹੀਆਂ ਨੂੰ ਨਮਾਜ਼ ਪੜ੍ਹਨ ਅਤੇ ਉਨ੍ਹਾਂ ਦੀਆਂ ਸਾਰੀਆਂ ਧਾਰਮਿਕ ਰਸਮਾਂ ਇਸਲਾਮ ਮੱਤ ਅਨੁਸਾਰ ਮਨਾਉਣ ਦੀ ਖੁੱਲ੍ਹ ਦਿੱਤੀ ਹੋਈ ਸੀ ਅਤੇ ਤਨਖਾਹ ਵੀ ਮੁਗਲ ਬਾਦਸ਼ਾਹ ਨਾਲੋਂ ਜ਼ਿਆਦਾ ਦਿੰਦਾ ਸੀ। ਇਕ ਮੁਸਲਮਾਨ ਅਹਿਲਕਾਰ ਦੀਨਦਾਰ ਖਾਂ ਅੰਮ੍ਰਿਤ ਛੱਕ ਕੇ ਦੀਨਦਾਰ ਸਿੰਘ ਬਣ ਗਿਆ ਸੀ ਅਤੇ ਇਕ ਖਬਰ ਨਬੀਸ, ਨਸੀਰ ਖਾਨ ਅੰਮ੍ਰਿਤ ਛੱਕ ਕੇ ਨਸੀਰ ਸਿੰਘ ਬਣ ਗਿਆ ਸੀ। ਬੰਦਾ ਸਿੰਘ ਬਹਾਦਰ ਦੀਆਂ ਚੜ੍ਹਦੀ ਕਲਾਂ ਵਾਲੀਆਂ ਇਹ ਖਬਰਾਂ ਸੁਣ ਕੇ ਖਾਲਸਾ ਫੌਜ ਸ਼ਾਹੀ ਫੌਜਾਂ ਨਾਲੋਂ ਜ਼ਿਆਦਾ ਤਾਕਤਵਰ ਹੋ ਰਹੀ ਹੈ, ਫਰੱਖਸੀਅਰ ਨੇ ਰਾਜ ਸੱਤਾ ਸੰਭਾਲਦਿਆਂ ਹੀ ਲਾਹੌਰ ਦੇ ਸੂਬੇਦਾਰ ਅਬੱਦੁਸ ਸਮੱਦ ਖਾਨ ਸਮੇਤ ਸਾਰੇ ਮੁਗਲ ਜਰਨੈਲਾਂ ਨੂੰ ਸੱਦ ਕੇ ਬੰਦਾ ਸਿੰਘ ਬਹਾਦਰ ਨੂੰ ਮਾਰਨ ਜਾਂ ਜਿਊਂਦਿਆਂ ਗ੍ਰਿਫਤਾਰ ਕਰਨ ਲਈ ਹੁਕਮ ਸੁਣਾ ਦਿੱਤਾ, ਪਰ ਲਾਹੌਰ ਦੇ ਸੂਬੇਦਾਰ ਸਮੇਤ ਸਾਰੇ ਮੁਗਲ ਜਰਨੈਲਾਂ ਨੇ ਇਕ ਮੱਤ ਹੁੰਦਿਆਂ ਫਰੱਖਸੀਅਰ ਬਾਦਸ਼ਾਹ ਨੂੰ ਕਿਹਾ ਕਿ ਬੰਦਾ ਸਿੰਘ ਦੀ ਅਗਵਾਈ ਵਿੱਚ ਲੜ ਰਹੀਆਂ ਖਾਲਸਾ ਫੌਜਾਂ ਨੂੰ ਮੈਦਾਨ ਵਿੱਚ ਲੜਕੇ ਹਰਾਉਣਾ ਬਹੁਤ ਔਖਾ ਹੈ, ਇਸ ਕਰਕੇ ਨੀਤੀ ਇਹ ਵਰਤੀ ਜਾਵੇ ਕਿ ਖਾਲਸਾ ਫੌਜਾਂ ਵਿੱਚ ਫੁੱਟ ਪਾ ਕੇ ਉਨ੍ਹਾਂ ਨੂੰ ਦੋ ਧੜਿਆਂ ਵਿੱਚ ਵੰਡ ਲਿਆ ਜਾਵੇ, ਪਹਿਲਾਂ ਉਨ੍ਹਾਂ ਦੇ ਇਕ ਧੜੇ ਨੂੰ ਆਪਣੇ ਨਾਲ ਜੋੜ ਕੇ ਦੂਜੇ ਧੜੇ ਨੂੰ ਖਤਮ ਕਰ ਦਿੱਤਾ ਜਾਵੇ ਅਤੇ ਬਾਅਦ ਵਿੱਚ ਦੂਜੇ ਧੜੇ ਦਾ ਵੀ ਉਹ ਹੀ ਹਸ਼ਰ ਕੀਤਾ ਜਾਵੇ।
ਫਰੱਖਸੀਅਰ ਨੂੰ ਅਬਦੁਸ ਸਮੱਦ ਖਾਨ ਅਤੇ ਉਸ ਦੇ ਸਾਥ ਜਰਨੈਲਾਂ ਦੀ ਇਹ ਸਲਾਹ ਪਸੰਦ ਆਈ ਇਸ ਕੁਟਿਲ ਨੀਤੀ ਨੂੰ ਅਮਲ ਵਿੱਚ ਲਿਆਉਣ ਲਈ ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੇ ਖਿਲਾਫ ਸਿੱਖਾਂ ਵਿੱਚੋਂ ਹੀ ਐਸੇ ਸਿੱਖ ਲੱਭਣੇ ਸ਼ੁਰੂ ਕਰ ਦਿੱਤੇ ਜਿਹੜੇ ਬੰਦਾ ਸਿੰਘ ਬਹਾਦਰ ਨੂੰ ਹਰਾਉਣ ਲਈ ਸਰਕਾਰ ਨਾਲ ਮਿਲ ਕੇ ਚੱਲ ਸਕਦੇ ਹੋਣ ਅਤੇ ਦੂਜੀ ਚਾਲ ਇਹ ਚੱਲੀ ਕਿ ਮੁਸਲਮਾਨਾਂ ਨੂੰ ਜਹਾਦ ਦੇ ਨਾਂ ਹੇਠ ਖਾਲਸਾ ਰਾਜ ਦੇ ਵਿਰੁੱਧ ਲੜਨ ਲਈ ਲਾਮਵੰਦ ਕਰਨਾ ਸ਼ੁਰੂ ਕਰ ਦਿੱਤਾ। ਸਿੱਟੇ ਵਜੋਂ ਦੋਹਾਂ ਹੀ ਮੁਹਾਜਾ ਤੋਂ ਮੁਗਲ ਸ਼ਾਹੀ ਨੇ ਬੰਦਾ ਸਿੰਘ ਬਹਾਦਰ ਅਤੇ ਖਾਲਸਾ ਰਾਜ ਦੇ ਖਿਲਾਫ ਮੁਹਿੰਮ ਛੇੜ ਦਿੱਤੀ।
ਸਿੱਖਾਂ ਵਿੱਚੋਂ ਇਕ ਮੁਤਬੰਨਾ ਪੁੱਤਰ ਕਹੇ ਜਾਣ ਵਾਲੇ ਅਜੀਤ ਸਿੰਘ ਬੰਦਾ ਸਿੰਘ ਬਹਾਦਰ ਦੇ ਖਿਲਾਫ ਸਿੱਖ ਨੇਤਾ ਦੇ ਤੌਰ 'ਤੇ ਖੜ੍ਹਾ ਗਿਆ। ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਅਸਲ ਸਾਹਿਬਜ਼ਾਦਾ ਬਣਾ ਕੇ ਪੇਸ਼ ਕੀਤਾ ਗਿਆ ਸੀ ਮਾਤਾ ਸੁੰਦਰ ਕੌਰ ਜੀ ਦਾ ਨਾਮ ਵੀ ਇਸ ਨਾਲ ਜੋੜਿਆ ਗਿਆ ਸੀ। ਹੋ ਸਕਦਾ ਹੈ ਕਿ ਮਾਤਾ ਜੀ ਨੂੰ ਇਸ ਸਾਜਿਸ਼ ਦਾ ਕੋਈ ਪਤਾ ਵੀ ਨਾ ਹੋਵੇ। ਪੰਜ ਮੈਂਬਰੀ ਖਾਲਸਾ ਦੇ ਦੋ ਮੈਂਬਰਾਂ ਬਾਵਾ ਵਿਨੋਦ ਸਿੰਘ ਅਤੇ ਬਾਵਾ ਕਾਹਨ ਸਿੰਘ ਨੂੰ ਵੀ ਤੋੜ ਲਿਆ ਗਿਆ। ਇਨ੍ਹਾਂ ਦੋਹਾਂ ਮੈਂਬਰਾਂ ਨੂੰ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੀ ਵੰਸ਼ ਵਿੱਚੋਂ ਹੋਣ ਵਾਲੇ ਤ੍ਰਿਹਣ-ਭੱਲੇ ਸਾਹਿਬਜ਼ਾਦੇ ਕਹਿ ਕੇ ਲੋਕਾਂ ਵਿੱਚ ਵਡਿਆਇਆ ਗਿਆ ਸੀ। ਇਸ ਧੜੇ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਅਸਲ ਖਾਲਸਾ (ਤੱਤ ਖਾਲਸਾ) ਕਿਹਾ ਗਿਆ, ਬੰਦਾ ਸਿੰਘ ਬਹਾਦਰ ਨੂੰ ਨਕਲੀ ਖਾਲਸਾ (ਬੰਦਈ ਖਾਲਸਾ) ਕਿਹਾ ਜਾਣ ਲੱਗ ਪਿਆ ਅਤੇ ਬੰਦਾ ਸਿੰਘ ਬਹਾਦਰ ਬਾਰੇ ਹੋਰ ਵੀ ਬਹੁਤ ਕੂੜ ਪ੍ਰਚਾਰ ਕੀਤਾ ਗਿਆ, ਰਤਨ ਸਿੰਘ ਭੰਗੂ ਦੀ ਲਿਖਤ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇਸ ਦਾ ਵਿਸਥਾਰ ਵੀ ਦਿੱਤਾ ਹੋਇਆ ਹੈ। ਰਤਨ ਸਿੰਘ ਭੰਗੂ ਦੀ ਇਹ ਲਿਖਤ ਪੜ੍ਹ ਕੇ ਕਈ ਸੱਜਣ ਟਪਲਾ ਵੀ ਖਾ ਜਾਂਦੇ ਹਨ ਕਿ ਸ਼ਾਇਦ ਰਤਨ ਸਿੰਘ ਭੰਗੂ ਨੇ ਬੰਦਾ ਸਿੰਘ ਬਹਾਦਰ ਬਾਰੇ ਜਾਣ ਬੁੱਝ ਕੇ ਗਲਤ ਬਿਆਨੀ ਕੀਤੀ ਹੈ, ਪਰ ਹਕੀਕਤ ਵਿੱਚ ਐਸਾ ਨਹੀਂ ਹੈ ਕਿਉਂਕਿ ਰਤਨ ਸਿੰਘ ਭੰਗੂ ਨੇ ਤਾਂ ਬੰਦਾ ਸਿੰਘ ਬਹਾਦਰ ਬਾਰੇ ਜੋ ਉਸ ਦੇ ਵਿਰੋਧੀਆਂ ਵੱਲੋਂ ਅਫਵਾਹਾਂ ਫੈਲਾਈਆਂ ਗਈਆਂ ਸਨ ਉਹ ਜਿਵੇਂ ਉਸ ਨੇ ਸੁਣੀਆਂ ਲਿਖ ਦਿੱਤੀਆਂ, ਪਰ ਇਸ ਦਾ ਇਹ ਭਾਵ ਨਹੀਂ ਲੈਣਾ ਚਾਹੀਦਾ ਕਿ ਰਤਨ ਸਿੰਘ ਭੰਗੂ ਬੰਦਾ ਸਿੰਘ ਬਹਾਦਰ ਬਾਰੇ ਵਿਰੋਧੀਆਂ ਵੱਲੋਂ ਉਡਾਈਆਂ ਹੋਈਆਂ ਅਫਵਾਹਾਂ ਨੂੰ ਸੱਚ ਮੰਨਦਾ ਹੈ। ਦਿੱਲੀ ਦੇ ਬਾਦਸ਼ਾਹ ਫਰੱਖਸੀਅਰ ਅਤੇ ਲਾਹੌਰ ਦੇ ਸੂਬੇਦਾਰ ਅਬਦੁਸ ਸਮੁੱਦ ਖਾਂ ਦੀ ਕੁਟਿਲ ਨੀਤੀ ਦਾ ਬੰਦਾ ਸਿੰਘ ਬਹਾਦਰ ਨੂੰ ਉਦੋਂ ਪਤਾ ਲੱਗਾ ਜਦੋਂ ਉਸ ਦੇ ਸਾਥੀ ਬਾਵਾ ਵਿਨੋਦ ਸਿੰਘ ਅਤੇ ਬਾਵਾ ਕਾਹਨ ਸਿੰਘ ਮੁਗਲੀਆ ਹਕੂਮਤ ਨਾਲ ਮਿਲ ਗਏ ਅਤੇ ਉਨ੍ਹਾਂ ਦੀ ਡਿਊਟੀ ਸੀ ਕਿ ਉਹ ਸਿੱਖ ਸੰਗਤਾਂ ਨੂੰ ਪੇਂਡੂ ਖੇਤਰਾਂ ਵਿੱਚ ਬੰਦਾ ਸਿੰਘ ਬਹਾਦਰ ਦੇ ਹੱਕ ਵਿੱਚ ਨਾ ਉੱਠਣ ਦੇਣ ਅਤੇ 30 ਦੇ ਲਗਪਗ ਹਿੰਦੂ ਰਾਜੇ ਵੀ ਬੰਦਾ ਸਿੰਘ ਦੇ ਵਿਰੁੱਧ ਮੁਗਲੀਆ ਹਕੂਮਤ ਵੱਲੋਂ ਹੋ ਕੇ ਲੜੇ। 17 ਅਪ੍ਰੈਲ, 1715 ਨੂੰ ਜੰਗ ਦੀ ਸ਼ੁਰੂਆਤ ਕੀਤੀ ਗਈ ਪਹਿਲੀ ਗਹਿਗੱਚ ਲੜਾਈ ਕੋਟ ਮਿਰਜ਼ਾ ਖਾਨ ਵਿਖੇ ਹੋਈ ਇਥੇ ਸਿੰਘ ਜਾਨਾਂ ਤੋੜ ਕੇ ਲੜੇ, ਪਰ ਪਿੱਛੇ ਹਟਨਾ ਪਿਆ ਸਾਰੇ ਪਾਸਿਓਂ ਸਿੰਘ ਜਥੇ ਜ਼ਖਮੀ ਹੋਏ ਸ਼ੇਰਾਂ ਵਾਂਗ ਪਿੱਛੇ ਹੱਟ ਗਏ ਸਨ ਆਖਿਰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਘਿਰ ਗਏ, ਗੜ੍ਹੀ ਦਾ ਘੇਰਾ ਲਗਪਗ ਅੱਠ ਮਹੀਨੇ ਰਿਹਾ, ਗੜ੍ਹੀ ਦੇ ਅੰਦਰੋਂ ਰਾਸ਼ਨ ਪਾਣੀ ਵੀ ਮੁੱਕ ਗਿਆ ਅਤੇ ਗੋਲੀ ਸਿੱਕਾ ਵੀ ਖਤਮ ਹੋ ਗਿਆ ਅਤੇ ਮੁਗਲ ਫੌਜਾਂ ਨੇ ਵੀ ਇਹ ਭਾਂਪ ਲਿਆ ਕਿ ਹੁਣ ਗੜ੍ਹੀ ਦੇ ਅੰਦਰੋਂ ਕੋਈ ਵੀ ਹਿੱਲ ਜੁਲ ਨਹੀਂ ਹੋ ਰਹੀ ਤਾਂ ਉਨ੍ਹਾਂ ਨੇ ਗੜ੍ਹੀ ਦਾ ਦਰਵਾੜਾ ਤੋੜ ਦਿੱਤਾ, ਅੱਠ ਮਹੀਨਿਆਂ ਤੋਂ ਭੁੱਖੇ ਭਾਣੇ ਬੀਮਾਰ ਸਿੰਘਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਬੰਦਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਬੰਦਾ ਸਿੰਘ ਬਹਾਦਰ ਨੇ ਗੜ੍ਹੀ ਦਾ ਦਰਵਾਜ਼ਾ ਖੋਲ੍ਹ ਕੇ ਦੁਸ਼ਮਣ ਉੱਤੇ ਹਮਲਾ ਕਰ ਦਿੱਤਾ, ਦੁਸ਼ਮਣ ਦੀ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਸੀ ਅਤੇ ਉਹ ਤਾਜ਼ਾ ਦਮ ਵੀ ਸਨ, ਦੂਜੇ ਪਾਸੇ ਬੰਦਾ ਸਿੰਘ ਬਹਾਦਰ ਦੇ ਬਹੁਤ ਥੋੜ੍ਹੇ ਜਿਹੇ ਸਾਥੀ ਹੀ ਬਚੇ ਸਨ ਅਤੇ ਉਹ ਵੀ ਭੁੱਖ ਤੇ ਬੀਮਾਰੀ ਨਾਲ ਨਿਢਾਲ ਹੋ ਚੁੱਕੇ ਸਨ ਅਤੇ ਬੰਦਾ ਸਿੰਘ ਬਹਾਦਰ ਦੇ ਗ੍ਰਿਫਤਾਰ ਹੋਣ ਦਾ ਮੁੱਖ ਕਾਰਨ ਉਸ ਦੇ ਸਾਥੀ ਬਾਵਾ ਵਿਨੋਦ ਸਿੰਘ, ਬਾਵਾ ਕਾਹਨ ਸਿੰਘ ਵੱਲੋਂ ਕੀਤੀ ਗਈ ਗੱਦਾਰੀ ਸੀ, ਉਨ੍ਹਾਂ ਦੀ ਗੱਦਾਰੀ ਕਰਕੇ ਹੀ ਬੰਦਾ ਸਿੰਘ ਬਹਾਦਰ ਆਪਣੇ ਗਿਣਤੀ ਦੇ ਸਾਥੀਆਂ ਸਮੇਤ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਘਿਰਿਆ ਸੀ।
ਦਸੰਬਰ ਦੇ ਅਖੀਰ ਵਿੱਚ ਬੰਦਾ ਸਿੰਘ ਬਹਾਦਰ ਤੇ ਉਸ ਦੇ ਦੂਸਰੇ ਕੈਦੀ ਸਾਥੀਆਂ ਨੂੰ ਲਾਹੌਰ ਲਿਆਂਦਾ ਗਿਆ, ਮੁਗਲ ਹਾਕਮਾਂ ਦੀ ਨਿਗਰਾਨੀ ਹੇਠ ਲਾਹੌਰ ਤੋਂ ਜਦੋਂ ਇਹ ਕੈਦੀਆਂ ਦਾ ਕਾਫਲਾ ਦਿੱਲੀ ਨੂੰ ਰਵਾਨਾ ਹੋਇਆ ਤਾਂ ਰਸਤੇ ਵਿੱਚੋਂ ਕਈ ਬੇਗੁਨਾਹ ਸਿੱਖ ਵੀ ਕੈਦ ਕਰਕੇ ਕਾਫਲੇ ਦੇ ਨਾਲ ਤੋਰ ਲਏ ਗਏ। ਇਹ ਸਮੁੱਚਾ ਕਾਫਲਾ ਬੜੇ ਹੀ ਸਖਤ ਫੌਜੀ ਪਹਿਰੇ ਹੇਠ 27 ਫਰਵਰੀ, 1716 ਨੂੰ ਦਿੱਲੀ ਦੇ ਆਗਰਾਬਾਦ ਦਰਵਾਜ਼ੇ ਕੋਲ ਪੁੱਜਿਆ, 27 ਫਰਵਰੀ, 1716 ਨੂੰ ਇਸ ਸਮੁੱਚੇ ਕਾਫਲੇ ਨੂੰ ਜਲੂਸ ਦੀ ਸ਼ਕਲ ਵਿੱਚ ਦਿੱਲੀ ਦੇ ਬਜ਼ਾਰਾਂ ਵਿੱਚੋਂ ਦੀ ਲਿਜਾਇਆ ਗਿਆ। ਬੰਦਾ ਸਿੰਘ ਬਹਾਦਰ ਅਤੇ ਉਸ ਦੇ 17 ਸੀਨੀਅਰ ਸਾਥੀਆਂ ਨੂੰ ਤ੍ਰਿਕੋਲੀਆ ਕਿਲੇ ਦੀ ਕੈਦ ਵਿੱਚ ਬੰਦ ਕਰ ਦਿੱਤਾ ਗਿਆ ਸੀ, ਜਦੋਂ ਕਿ ਉਸ ਦੇ ਸਾਥੀ 740 ਸਿੰਘਾਂ ਨੂੰ ਅਲੱਗ ਕਿਲੇ ਵਿੱਚ ਰੱਖਿਆ ਗਿਆ ਅਤੇ ਮਗਰੋਂ, 100 ਸਿੰਘਾਂ ਦੇ ਜਥੇ ਨੂੰ ਹਰ ਰੋਜ਼ ਕਤਲ ਕੀਤਾ ਜਾਂਦਾ। 10 ਮਾਰਚ ਨੂੰ ਦੋ ਅੰਗ੍ਰੇਜ਼ ਸਫੀਰਾਂ ਜੋਹਨ ਸਰਮਨ ਅਤੇ ਐਡਵਡ ਸਟੀਫਨਸਨ ਨੇ ਆਪਣੇ ਅੱਖੀਂ ਇਸ ਕਤਲੇਆਮ ਨੂੰ ਦੇਖਿਆ ਅਤੇ ਉਨ੍ਹਾਂ ਨੇ ਕਲਕੱਤੇ ਵਿਖੇ ਆਪਣੇ ਬੋਸ ਨੂੰ ਲਿਖੀ ਚਿੱਠੀ ਵਿੱਚ ਇਸ ਬਾਰੇ ਵਿਸਥਾਰ ਪੂਰਬਕ ਦੱਸਿਆ ਸੀ। ਉਨ੍ਹਾਂ ਕੰਪਨੀ ਨੂੰ ਲਿਖੀ ਚਿੱਠੀ ਵਿੱਚ ਅੰਕਿਤ ਕੀਤਾ ਕਿ ਜਿਸ ਧੀਰਜ ਨਾਲ ਉਹ ਆਪਣੀ ਤਕਦੀਰ ਨੂੰ ਪ੍ਰਵਾਣ ਕਰਦੇ ਸਨ ਇਹ ਵੱਡੇ ਮਾਅਰਕੇ ਦੀ ਗੱਲ ਹੈ। ਅੰਤ ਤੀਕ ਕੋਈ ਵੀ ਅਜਿਹੀ ਜਾਣਕਾਰੀ ਨਹੀਂ ਮਿਲੀ ਕਿ ਜਿਸ ਵਿੱਚ ਉਨ੍ਹਾਂ 'ਚੋਂ ਕਿਸੇ ਇਕ ਨੇ ਵੀ ਆਪਣੇ ਧਰਮ ਨੂੰ ਤਿਆਗਿਆ ਹੋਵੇ। ਇਨ੍ਹਾਂ ਕਤਲਾਂ ਵਿੱਚ ਇਕ ਸਿੱਖ ਨੌਜਵਾਨ ਦੇ ਦ੍ਰਿੜ ਇਰਾਦੇ ਦੀ ਗੱਲ ਵੀ ਅੱਖੀਂ ਦੇਖਣ ਵਾਲੇ ਲੇਖਕਾਂ ਨੇ ਲਿਖੀ ਹੈ ਕਿ ਉਸ ਸਿੱਖ ਨੌਜਵਾਨ ਦੀ ਮਾਤਾ ਨੇ ਕਿਹਾ ਹੈ ਕਿ ਮੇਰਾ ਪੁੱਤਰ ਸਿੱਖ ਨਹੀਂ ਇਸ ਕਰਕੇ ਉਸ ਨੂੰ ਛੱਡ ਦਿੱਤਾ ਜਾਵੇ। ਜਦ ਉਸ ਨੌਜਵਾਨ ਨੂੰ ਪੁੱਛਿਆ ਗਿਆ ਕਿ ਜੇ ਤੂੰ ਮੰਨ ਲਵੇਂ ਕਿ ਤੂੰ ਸਿੱਖ ਨਹੀਂ ਹਿੰਦੂ ਹੈਂ, ਤਾਂ ਤੈਨੂੰ ਛੱਡ ਦਿੱਤਾ ਜਾਵੇਗਾ, ਪਰ ਉਸ ਸਿੱਖ ਨੌਜਵਾਨ ਨੇ ਦ੍ਰਿੜ ਇਰਾਦੇ ਨਾਲ ਕਿਹਾ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ, ਹਿੰਦੂ ਨਹੀਂ, ਇਸ ਕਰਕੇ ਉਸ ਨੂੰ ਵੀ ਉਸ ਦੇ ਸਾਥੀਆਂ ਨਾਲ ਕਤਲ ਕਰ ਦਿੱਤਾ ਗਿਆ।
ਇਨ੍ਹਾਂ 740 ਸਿੰਘਾਂ ਦੇ ਕਤਲ ਤੋਂ ਬਾਅਦ ਵਾਰੀ ਆਈ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖ ਜਰਨੈਲਾਂ ਦੀ। ਬੰਦਾ ਸਿੰਘ ਬਹਾਦਰ ਦੇ ਸਾਹਮਣੇ ਹੀ ਮਹਿਰੋਲੀ ਵਿਖੇ ਖੁਆਜਾ ਕੁੱਤਬਦੀਨ ਬਖਤਿਆਰ ਕਾਕੀ ਦੀ ਮਾਜਾਰ ਦੇ ਨਜ਼ਦੀਕ ਉਸ ਦੇ ਸੀਨੀਅਰ ਸਾਥੀਆਂ ਭਾਈ ਬਾਜ ਸਿੰਘ, ਭਾਈ ਆਲੀ ਸਿੰਘ, ਭਾਈ ਮਾਲੀ ਸਿੰਘ, ਭਾਈ ਫਤਹਿ ਸਿੰਘ, ਭਾਈ ਗੁਲਾਬ ਸਿੰਘ ਆਦਿ ਨੂੰ ਸ਼ਹੀਦ ਕੀਤਾ ਗਿਆ। ਇਨ੍ਹਾਂ ਸ਼ਹਾਦਤਾਂ ਦੇ ਮਗਰੋਂ ਬੰਦਾ ਸਿੰਘ ਬਹਾਦਰ ਨੂੰ ਸਿਦਕ ਤੋਂ ਡੁਲਾਉਣ ਲਈ ਉਸ ਦੇ ਚਾਰ ਸਾਲ ਦੇ ਪੁੱਤਰ ਅਜੈ ਸਿੰਘ ਦਾ ਕਾਲਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਣ ਦੀ ਕੋਸ਼ਿਸ਼ ਕੀਤੀ ਗਈ ਅਤੇ ਬੰਦਾ ਸਿੰਘ ਬਹਾਦਰ ਦਾ ਮਾਸ ਜੰਬੂਰਾਂ ਨਾਲ ਨੋਚਿਆ ਗਿਆ, ਫਿਰ ਉਸ ਦਾ ਖੱਬਾ ਪੈਰ ਵੱਡ ਦਿੱਤਾ ਗਿਆ ਉਸ ਦੇ ਪਿੱਛੋਂ ਉਸ ਦੇ ਦੋਨੋਂ ਹੱਥ ਵੱਡ ਕੇ ਵੱਖ-ਵੱਖ ਕਰ ਦਿੱਤੇ ਗਏ ਤੇ ਅੰਤ ਵਿੱਚ ਦੋਨੋਂ ਅੱਖਾਂ ਕੱਢ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਸ਼ਹੀਦੀ 9 ਜੂਨ, 1716 ਨੂੰ ਹੋਈ। ਬੰਦਾ ਸਿੰਘ ਬਹਾਦਰ ਆਖਰੀ ਸਾਹ ਤੱਕ ਸਿੱਖੀ ਸਿਦਕ ਵਿੱਚ ਅਡੋਲ ਅਤੇ ਵਾਹਿਗੁਰੂ ਦੀ ਰਜ਼ਾ ਵਿੱਚ ਰਿਹਾ।
ਗੁਰੂ ਗੋਬਿੰਦ ਸਿੰਘ ਵੱਲੋਂ ਥਾਪਿਆ ਪੰਥ ਖਾਲਸੇ ਦਾ ਪਹਿਲਾ ਜਰਨੈਲ ਬੰਦਾ ਸਿੰਘ ਬਹਾਦਰ ਹੀ ਸੀ, ਜਿਸ ਨੇ ਸਿੰਘਾਂ ਨੂੰ ਨਿਰੋਲ ਅਤੇ ਅਡੋਲ ਕੌਮੀਅਤ ਦਾ ਸਬਕ ਪੜ੍ਹਾਇਆ ਅਤੇ ਖਾਲਸੇ ਨੂੰ ਹਸੂੰ ਹਸੂੰ ਕਰਦੇ ਆਪਾ ਵਾਰ ਦੇਣਾ ਸਿਖਾਇਆ। ਇਸ ਮਹਾਨ ਸ਼ਹਾਦਤ ਦੀ ਪਵਿੱਤਰ ਉਦਾਹਰਣ ਦਾ ਖਿਆਲ ਹੀ ਸਿੰਘਾਂ ਦੇ ਮਨਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਲਿਜਾਣ ਲਈ ਸਹਾਇਤਾ ਕਰਦਾ ਹੈ। ਇਹ ਬੰਦਾ ਸਿੰਘ ਬਹਾਦਰ ਹੀ ਸੀ, ਜਿਸ ਦੇ ਰਾਹੀਂ ਖਾਲਸੇ ਦੀਆਂ ਜਿੱਤਾਂ ਦਾ ਰਸਤਾ ਖੁੱਲ੍ਹਾ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਨਾਦੀ ਸੰਤਾਨ ਖਾਲਸੇ ਨੇ ਸੁਤੰਤਰਤਾ ਦੀ ਜੋ ਚੰਗਿਆੜੀ ਸੁਲਗਾਈ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਐਸਾ ਹਵਾ ਝੱਲੀ, ਜੋ ਬੁਝਾਈ ਨਾ ਜਾ ਸਕੀ, ਸਗੋਂ ਭਾਂਬੜ ਵਾਂਗ ਮੱਚ ਉੱਠੀ ਅਤੇ ਪੰਜਾਬ ਨੂੰ ਮੁਗਲਾਂ ਅਤੇ ਅਫਗਾਨਾਂ ਕੋਲੋਂ ਅਜ਼ਾਦ ਕਰਵਾ ਕੇ ਹੀ ਠੰਡੀ ਹੋਈ। ਖਾਲਸੇ ਦੀ ਸਾਜਨਾ 1699 ਈ। ਤੋਂ ਪੂਰੇ 100 ਸਾਲ ਖਾਲਸੇ ਨੇ ਅਣਵੰਡੇ ਪੰਜਾਬ ਨੂੰ ਅਫਗਾਨਾਂ ਦੇ ਪੰਜੇ 'ਚੋਂ ਆਜ਼ਾਦ ਕਰਵਾ ਕੇ ਲਾਹੌਰ ਦੇ ਤੱਖਤ ਉੱਤੇ ਖਾਲਸਾਈ ਨਿਸ਼ਾਨ ਝੁਲਾ ਦਿੱਤਾ ਅਤੇ ਸਤਲੁੱਜ ਤੋਂ ਲੈ ਕੇ ਦਰਰਾ ਖੈਬਰ ਤੱਕ, ਤੇ ਤਿੱਬਤ ਤੋਂ ਲੈ ਕੇ ਸਿੰਧ ਤੱਕ ਸਿੱਖ ਕੌਮ ਨੇ ਸਿੱਖ ਰਾਜ ਸਥਾਪਿਤ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਸ਼ਹਾਦਤ ਨੂੰ ਕੋਟਿ ਕੋਟ ਪ੍ਰਣਾਮ।


ਜਥੇਦਾਰ ਮਹਿੰਦਰ ਸਿੰਘ ਖਹਿਰਾ